ਜਿਗਰ ਦੇਦ ਇਕਲਾਪੇ ਦੀ ਆਦੀ ਹੈ। ਉਹ ਸ਼੍ਰੀਨਗਰ ਦੀ ਡਲ ਝੀਲ ਦੇ ਇੱਕ ਘਾਟ 'ਤੇ ਆਪਣੀ ਹਾਊਸਬੋਟ ਦੇ ਕੋਲ ਇੱਕ ਲੱਕੜ ਦੀ ਝੌਂਪੜੀ ਵਿੱਚ ਇਕੱਲੀ ਰਹਿੰਦੀ ਹੈ। ਉਸ ਨੂੰ ਆਪਣੇ ਪਤੀ ਅਤੇ ਫਿਰ ਆਪਣੇ ਪੁੱਤਰ ਨੂੰ ਗੁਆਇਆਂ ਤਿੰਨ ਦਹਾਕੇ ਹੋ ਗਏ ਨੇ, ਇਸ ਲੰਮੇ ਅਰਸੇ ਦੌਰਾਨ ਉਸ ਨੇ ਇਕੱਲਿਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।
ਫਿਰ ਵੀ, ਉਹ ਆਖਦੀ ਹੈ, “ਭਾਵੇਂ ਇਸ ਜ਼ਿੰਦਗੀ ਵਿਚ ਮੈਂ 30 ਸਾਲਾਂ ਤੋਂ ਇਕੱਲੀ ਰਹਿ ਰਹੀ ਹਾਂ, ਬਾਵਜੂਦ ਇਹਦੇ ਮੈਂ ਇਸ ਪਿਛਲੇ ਸਾਲ ਜਿੰਨੀ ਮੁਸ਼ਕਲ ਕਦੇ ਨਹੀਂ ਹੰਢਾਈ। ਬੰਦ ਤੋਂ ਬਾਅਦ, ਜਿਉਂ ਹੀ ਸੈਲਾਨੀ ਆਉਣੇ ਸ਼ੁਰੂ ਹੋਏ ਸਨ, ਇਹ ਕੋਰੋਨਾ ਆਇਆ ਅਤੇ ਫਿਰ ਲਾਕਡਾਊਨ, ਜਿਸ ਨੇ ਸਾਨੂੰ ਸਾਰਿਆਂ ਨੂੰ ਪਿੰਜਰੇ ਪਾਈ ਰੱਖਿਆ।”
ਜਦੋਂ ਸਰਕਾਰ ਨੇ 5 ਅਗਸਤ, 2019 ਨੂੰ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੀ, ਤਾਂ ਉਸ ਤੋਂ ਬਾਅਦ ਹੋਏ ਬੰਦ ਨੇ ਬਹੁਤ ਵੱਡਾ ਨੁਕਸਾਨ ਕੀਤਾ। “ਮੈਂ ਉਦੋਂ ਤੋਂ ਇੱਕ ਵੀ ਗਾਹਕ ਨਹੀਂ ਦੇਖਿਆ,” ਜਿਗਰ ਕਹਿੰਦੀ ਹੈ। ਉਸ ਵੇਲੇ ਸਾਰੇ ਗ਼ੈਰ-ਸਥਾਨਕ ਲੋਕਾਂ ਨੂੰ ਇੱਥੋਂ ਚਲੇ ਜਾਣ ਦੀ ਅਧਿਕਾਰਤ ਸਲਾਹ ਦਾ ਮਤਲਬ ਸੀ ਕਿ ਸਾਰੇ ਸੈਲਾਨੀ ਵੀ ਘਾਟੀ ਛੱਡ ਦੇਣ। “ਇਹਨੇ ਸਾਨੂੰ ਭੁੰਜੇ ਲਾ ਦਿੱਤਾ,” ਉਹ ਜੋੜਦੀ ਹੈ। “ਇਸ ਨੇ ਸਾਡੇ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ। ਇਹਨੇ ਮੇਰੀ ਪਹਿਲਾਂ ਹੀ ਉੱਜੜੀ ਹੋਈ ਜ਼ਿੰਦਗੀ ਵਿੱਚ ਹੋਰ ਤਬਾਹੀ ਲਿਆਂਦੀ।”
ਉਹ ਆਪਣੀ ਉਸ ਤਬਾਹੀ ਨੂੰ ਚੇਤੇ ਕਰਦੀ ਹੈ ਜਿਹਨੇ ਉਹਨੂੰ ਇੰਨੀ ਲੰਬੀ ਇਕੱਲਤਾ ਵਿੱਚ ਵਗਾਹ ਮਾਰਿਆ: "ਮੇਰੀ ਭੈਣ ਦੀ ਕੁੜਮਾਈ ਦੀ ਰਸਮ ਸੀ ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਏ ਸਨ, ਖੁਸ਼ੀ ਵਿੱਚ ਗਾ ਤੇ ਨੱਚ ਰਹੇ ਸਨ," ਜਿਗਰ ਦੱਸਦੀ ਹਨ, ਜਿਨ੍ਹਾਂ ਦੇ ਅੰਦਾਜ਼ੇ ਮੁਤਾਬਕ ਉਹ ਆਪਣੀ ਉਮਰ ਦੇ 80ਵਿਆਂ ਵਿੱਚ ਹੈ। “ਮੇਰਾ ਪਤੀ, ਅਲੀ ਮੁਹੰਮਦ ਠੁੱਲਾ, ਮੇਰੇ ਕੋਲ ਆਇਆ ਅਤੇ ਆਪਣੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਅਤੇ ਫਿਰ, ਜਦੋਂ ਮੈਂ ਉਹਨੂੰ ਆਪਣੀ ਗੋਦੀ ਵਿੱਚ ਲਿਟਾਇਆ ਤਾਂ ਮੈਨੂੰ ਉਹਦਾ ਸਰੀਰ ਠੰਡਾ ਹੁੰਦਾ ਜਾਪਿਆ… ਉਸ ਪਲ ਮੈਨੂੰ ਮਹਿਸੂਸ ਹੋਇਆ ਜਿਵੇਂ ਸਾਰਾ ਅਸਮਾਨ ਮੇਰੇ ਉੱਤੇ ਡਿੱਗ ਪਿਆ ਹੋਵੇ।”
ਅਲੀ ਮੁਹੰਮਦ, ਜੋ ਆਪਣੇ 50ਵਿਆਂ ਵਿਚ ਸੀ, ਆਪਣੇ ਪਿੱਛੇ ਜਿਗਰ ਅਤੇ ਆਪਣੇ ਇਕਲੌਤੇ ਬੱਚੇ, ਮਨਜ਼ੂਰ ਨੂੰ, "ਦੁੱਖਾਂ ਸੰਗ ਜਿਉਣ ਲਈ" ਨੂੰ ਛੱਡ ਗਿਆ। ਜਿਗਰ ਆਪਣੇ ਬੇਟੇ ਨੂੰ ਮੰਨਾ ਕਹਿ ਬੁਲਾਉਂਦੀ ਸੀ, ਜੋ ਉਸ ਵੇਲ਼ੇ ਮਹਿਜ਼ 17 ਵਰ੍ਹਿਆਂ ਦਾ ਸੀ। ਅਤੇ ਉਨ੍ਹਾਂ ਕੋਲ ਪਰਿਵਾਰਕ ਹਾਊਸਬੋਟ ਸੀ, ਜਿਸ 'ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨਿਰਭਰ ਸੀ, ਚਾਰ ਕਮਰਿਆਂ ਵਾਲੀ ਇੰਦੌਰਾ (Indoora), ਉਨ੍ਹਾਂ ਦੀ ਝੌਂਪੜੀ ਕੋਲ਼ ਨਿੱਕੇ ਜਿਹੇ ਪੁਲ ਦੇ ਪਾਰ ਖੜ੍ਹੀ ਸੀ।
“ਜਦੋਂ ਵੀ ਮੇਰਾ ਮੁੰਡਾ ਸੈਲਾਨੀਆਂ ਨੂੰ ਸਾਡੀ ਕਿਸ਼ਤੀ ਵਿੱਚ ਠਹਿਰਾਉਣ ਲਈ ਲੈਣ ਜਾਂਦਾ ਸੀ, ਤਾਂ ਉਹ ਸਾਡੇ ਗੁਆਂਢੀਆਂ ਨੂੰ ਮੇਰੀ ਦੇਖਭਾਲ ਕਰਨ ਲਈ ਆਖ ਜਾਂਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਮੈਂ ਉਹਦੇ ਪਿਉ ਨੂੰ ਯਾਦ ਕਰ ਰੋਵਾਂਗੀ,” ਇੱਕ ਕਮਰੇ ਦੀ ਝੌਂਪੜੀ ਵਿੱਚ ਬਿਸਤਰੇ 'ਤੇ ਬੈਠੀ, ਦਰਵਾਜੇ ਦੇ ਬਾਹਰ ਝਾਕਦੀ ਹੋਈ, ਜਿਗਰ ਕਹਿੰਦੀ ਹੈ। ਉਹਦੇ ਘਰਵਾਲੇ ਤੇ ਮੁੰਡੇ ਦੀਆਂ ਫੋਟੋਆਂ ਲੱਕੜ ਦੀਆਂ ਕੰਧਾਂ ਦਾ ਸ਼ਿੰਗਾਰ ਹਨ।
ਉਹ ਹਾਲੇ ਅਲੀ ਨੂੰ ਗੁਆਉਣ ਦੇ ਦੁੱਖ ਨਾਲ ਜੂਝ ਹੀ ਰਹੀ ਸੀ ਕਿ ਸੱਤ ਮਹੀਨਿਆਂ ਬਾਅਦ ਮਨਜ਼ੂਰ ਦਾ ਵੀ ਦਿਹਾਂਤ ਹੋ ਗਿਆ। ਜਿਗਰ ਨੂੰ ਤਾਰੀਖ ਜਾਂ ਵਜ੍ਹਾ ਤਾਂ ਯਾਦ ਨਹੀਂ, ਪਰ ਉਹਦਾ ਮੰਨਣਾ ਹੈ ਕਿ ਇਹ ਉਹਦੇ ਆਪਣੇ ਪਿਉ ਨੂੰ ਗੁਆਉਣ ਦਾ ਦਰਦ ਸੀ ਜੋ ਉਸਦੇ ਜਵਾਨ ਮੁੰਡੇ ਨੂੰ ਵੀ ਲੈ ਗਿਆ।
“ਮੇਰੀਆਂ ਅੱਖਾਂ ਸਾਹਮਣੇ ਮੇਰੀ ਪੂਰੀ ਦੁਨੀਆ ਉਲਟ-ਪੁਲਟ ਹੋ ਗਈ,” ਉਹ ਕਹਿੰਦੀ ਹੈ। “ਮੇਰੀ ਜ਼ਿੰਦਗੀ ਦੇ ਦੋ ਨਾਇਕਾਂ ਨੇ ਮੈਨੂੰ ਉਨ੍ਹਾਂ ਦੀਆਂ ਯਾਦਾਂ ਨਾਲ ਭਰੀ ਹਾਊਸਬੋਟ ਨਾਲ ਇਕੱਲੀ ਛੱਡ ਦਿੱਤਾ।” ਉਹ ਅੱਗੇ ਕਹਿੰਦੀ ਹੈ, “ਇਹ ਯਾਦਾਂ ਹਰ ਵੇਲੇ ਮੈਨੂੰ ਤੰਗ ਕਰਦੀਆਂ ਨੇ। ਮੇਰੀ ਬਿਮਾਰੀਆਂ ਦੇ ਕਾਰਨ, ਮੇਰੀਆਂ ਬਹੁਤੀਆਂ ਯਾਦਾਂ ਧੁੰਦਲੀਆਂ ਪੈ ਗਈਆਂ ਨੇ, ਪਰ ਮੈਨੂੰ ਹਰ ਰੋਜ਼ ਸਤਾਉਣ ਵਾਲ਼ੀਆਂ ਯਾਦਾਂ ਹਰ ਬੀਤਦੇ ਦਿਨ ਤਾਜ਼ਾ ਹੋ ਜਾਂਦੀਆਂ ਨੇ।”











