''ਕ੍ਰਿਪਾ ਕਰਕੇ ਉਨ੍ਹਾਂ ਦੇ ਬਹੁਤੀ ਨੇੜੇ ਨਾ ਜਾਇਓ। ਜੇ ਉਹ ਡਰ ਗਏ ਤਾਂ ਭੱਜ ਜਾਣਗੇ। ਫਿਰ ਉਨ੍ਹਾਂ ਨੂੰ ਇੰਨੀ ਖੁੱਲ੍ਹੀ ਥਾਵੇਂ ਲੱਭਣਾ ਮੇਰੀ ਜਾਨ ਦਾ ਖੋਅ ਬਣ ਜਾਣਾ- ਉਨ੍ਹਾਂ ਨੂੰ ਤਾਂ ਕਾਬੂ ਕਰਨਾ ਹੀ ਮੁਸ਼ਕਿਲ ਬਣਿਆ ਹੋਇਆ, ਫੜ੍ਹਨਾ ਅਸੰਭਵ ਹੋ ਜਾਣਾ,'' ਜੇਠਾਭਾਈ ਕਹਿੰਦੇ ਹਨ।

ਖ਼ਾਨਾਬਦੋਸ਼ ਆਜੜੀਆਂ ਦੀ ਜ਼ਿੰਦਗੀ ਜਿਊਣ ਵਾਲ਼ੇ ਜੇਠਾਭਾਈ ਜਿਨ੍ਹਾਂ ਊਠਾਂ ਦੀ ਗੱਲ ਕਰ ਰਹੇ ਹਨ, ਉਹ ਕਾਫ਼ੀ ਮਹਿੰਗੇ ਊਠ ਹਨ, ਜੋ ਚਾਰੇ ਦੀ ਭਾਲ਼ ਵਿੱਚ ਇੱਧਰ-ਉੱਧਰ ਤੈਰ ਵੀ ਲੈਂਦੇ ਹਨ।

ਊਠ? ਤੈਰ ਲੈਂਦੇ ਹਨ? ਸੱਚਿਓ ਹੀ?

ਜੀ ਬਿਲਕੁੱਲ। ਜੇਠਾਭਾਈ ਜਿਸ 'ਵੱਡੇ ਇਲਾਕੇ' ਦੀ ਗੱਲ ਕਰ ਰਹ ਹਨ, ਉਹ ਅਸਲ ਵਿੱਚ ਕੱਛ ਦੀ ਖਾੜੀ ਦੇ ਦੱਖਣੀ ਤਟ 'ਤੇ ਮੈਰੀਨ ਨੈਸ਼ਨਲ ਪਾਰਕ (ਸਮੁੰਦਰੀ ਰਾਸ਼ਟਰੀ ਪਾਰਕ) ਅਤੇ ਸੈਨਚੁਰੀ (ਐੱਮਐੱਨਪੀ ਐਂਡ ਐੱਸ) ਹੈ ਅਤੇ ਇੱਥੇ, ਖ਼ਾਨਾਬਦੋਸ਼ ਆਜੜੀਆਂ ਦੀ ਦੇਖਭਾਲ਼ ਵਿੱਚ, ਊਠਾਂ ਦੇ ਇਹ ਝੁੰਡ ਜਲੀ ਪੌਦਿਆਂ (ਏਵੀਸਨਿਆ ਮਰੀਨਾ) ਦੀ ਭਾਲ਼ ਵਿੱਚ ਇੱਕ ਦੀਪ ਤੋਂ ਦੂਜੇ ਦੀਪ ਤੈਰਦੇ ਹਨ - ਜੋ ਬੂਟੀ ਉਨ੍ਹਾਂ ਦੀ ਖ਼ੁਰਾਕ ਲਈ ਲੋੜੀਂਦੀ ਹੈ।

''ਜੇ ਇਸ ਨਸਲ ਦੇ ਊਠ ਲੰਬੇ ਸਮੇਂ ਤੱਕ ਜਲੀ ਪੌਦੇ ਨਾ ਖਾਣ ਤਾਂ ਉਹ ਬੀਮਾਰ ਪੈ ਸਕਦੇ ਹਨ, ਕਮਜ਼ੋਰ ਹੋ ਕੇ ਮਰ ਵੀ ਸਕਦੇ ਹੁੰਦੇ ਹਨ,'' ਕਾਰੂ ਮੇਰੂ ਜਾਟ ਕਹਿੰਦੇ ਹਨ। ''ਇਸਲਈ ਸਮੁੰਦਰੀ ਪਾਰਕ ਦੇ ਅੰਦਰ, ਸਾਡੇ ਊਠਾਂ ਦੇ ਝੁੰਡ ਇਨ੍ਹਾਂ ਜਲੀ ਪੌਦਿਆਂ ਦੀ ਭਾਲ਼ ਵਿੱਚ ਘੁੰਮਦੇ ਰਹਿੰਦੇ ਹਨ।''

Jethabhai Rabari looking for his herd of camels at the Marine National Park area in Khambaliya taluka of Devbhumi Dwarka district
PHOTO • Ritayan Mukherjee

ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਖੰਬਾਲਿਯਾ ਤਾਲੁਕਾ ਵਿਖੇ ਮਰੀਨ ਨੈਸ਼ਨਲ ਪਾਰਕ ਇਲਾਕੇ ਵਿੱਚ ਊਠਾਂ ਦੇ ਆਪਣੇ ਝੁੰਡ ਦੀ ਦੇਖਭਾਲ਼ ਕਰਦੇ ਜੇਠਾਭਾਈ ਰਬਾੜੀ

ਐੱਮਐੱਨਪੀ ਐਂਡ ਐੱਸ (ਮਰੀਨ ਨੈਸ਼ਨਲ ਪਾਰਕ ਅਤੇ ਸੈਨਚੁਰੀ) ਵਿੱਚ ਕੁੱਲ 42 ਦੀਪ ਸ਼ਾਮਲ ਹਨ , ਜਿਨ੍ਹਾਂ ਵਿੱਚੋਂ 37 ਦੀਪ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਬਾਕੀ ਦੇ 5 ਦੀਪ ਸੈਨਚੁਰੀ ਇਲਾਕੇ ਵਿੱਚ ਆਉਂਦੇ ਹਨ। ਪੂਰਾ ਇਲਾਕਾ ਗੁਜਰਾਤ ਦੇ ਸੌਰਾਸ਼ਟਰ ਇਲਾਕੇ ਜਾਮਨਗਰ, ਦੇਵਭੂਮੀ ਦਵਾਰਕਾ (ਜੋ 2013 ਵਿੱਚ ਜਾਮਨਗਰ ਨਾਲ਼ੋਂ ਅੱਡ ਕਰਕੇ ਬਣਾਇਆ) ਅਤੇ ਮੋਰਬੀ ਜ਼ਿਲ੍ਹਿਆਂ ਵਿੱਚ ਫ਼ੈਲਿਆ ਹੋਇਆ ਹੈ।'

''ਅਸੀਂ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਾਂ,'' ਮੂਸਾ ਜਾਟ ਕਹਿੰਦੇ ਹਨ। ਕਾਰੂ ਮੇਰਾ ਵਾਂਗਰ ਉਹ ਵੀ ਮਰੀਨ ਨੈਸ਼ਨਲ ਪਾਰਕ ਦੇ ਅੰਦਰ ਰਹਿਣ ਵਾਲ਼ੀ ਫਕੀਰਾਨੀ ਜਾਟ ਕਬੀਲੇ ਦੇ ਮੈਂਬਰ ਹਨ। ਇੱਕ ਹੋਰ ਸਮੂਹ ਵੀ ਹੈ ਜੋ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨਚੁਰੀ ਦੇ ਅੰਦਰ ਰਹਿੰਦਾ ਹੈ- ਭੂਪਾ ਰਬਾੜੀ, ਜਿਸ ਨਾਲ਼ ਜੇਠਾਭਾਈ ਵੀ ਤਾਅਲੁਕ ਰੱਖਦੇ ਹਨ। ਦੋਵੇਂ ਹੀ ਸਮੂਹ ਪੀੜ੍ਹੀਆਂ ਤੋਂ ' ਮਲਧਾਰੀ ' ਨਾਮ ਨਾਲ਼ ਜਾਣੇ ਜਾਂਦੇ ਰਹੇ ਹਨ। ਗੁਜਰਾਤੀ ਵਿੱਚ 'ਮਲ' ਦਾ ਅਰਥ ਹੈ ਮਵੇਸ਼ੀ ਤੇ 'ਧਾਰੀ' ਦਾ ਅਰਥ ਹੈ ਰਾਖਾ ਜਾਂ ਮਾਲਕ। ਪੂਰੇ ਗੁਜਰਾਤ ਅੰਦਰ ਮਾਲਧਾਰੀ ਲੋਕ ਗਾਵਾਂ, ਮੱਝਾਂ, ਊਠ, ਘੋੜੇ, ਭੇਡਾਂ ਤੇ ਬੱਕਰੀਆਂ ਪਾਲ਼ਦੇ ਹਨ।

ਮੈਂ ਦੋਵਾਂ ਹੀ ਸਮੂਹਾਂ ਦੇ ਮੈਂਬਰਾਂ ਨੂੰ ਮਿਲ਼ ਰਿਹਾ ਹਾਂ ਜੋ 1,200 ਦੇ ਕਰੀਬ ਅਬਾਦੀ ਵਾਲ਼ੇ ਮਰੀਨ ਪਾਰਕ ਦੇ ਘੇਰੇ-ਘੇਰੇ ਵੱਸੇ ਪਿੰਡਾਂ ਵਿੱਚ ਰਹਿੰਦੇ ਹਨ।

''ਅਸੀਂ ਇਸ ਜ਼ਮੀਨ ਦੀ ਕਦਰ ਕਰਦੇ ਹਾਂ,'' ਮੂਸਾ ਜਾਟ ਕਹਿੰਦੇ ਹਨ। ''ਜਾਮਨਗਰ ਦੇ ਰਾਜੇ ਨੇ ਸਦੀਆਂ ਪਹਿਲਾਂ ਸਾਨੂੰ ਇਸ ਜ਼ਮੀਨ 'ਤੇ ਆ ਕੇ ਵੱਸਣ ਦਾ ਸੱਦਾ ਦਿੱਤਾ ਸੀ। ਇਹ ਗੱਲ 1982 ਵਿੱਚ ਇਸ ਥਾਂ ਨੂੰ ਮਰੀਨ ਨੈਸ਼ਨਲ ਪਾਰਕ ਵਜੋਂ ਐਲਾਨ ਜਾਣ ਤੋਂ ਬਹੁਤ ਪਹਿਲਾਂ ਦੀ ਹੈ।''

Jethabhai Rabari driving his herd out to graze in the creeks of the Gulf of Kachchh
PHOTO • Ritayan Mukherjee

ਜੇਠਾਭਾਈ ਰਬਾੜੀ ਆਪਣੇ ਊਠਾਂ ਨੂੰ ਕੱਛ ਦੀ ਖਾੜੀ ਦੇ ਪਾਣੀ ਵਿੱਚ ਚਰਨ ਲਈ ਲਿਜਾਂਦੇ ਹੋਏ

ਭੁਜ ਵਿਖੇ ਪਸ਼ੂਚਾਰਨ ਕੇਂਦਰ ਚਲਾਉਣ ਵਾਲ਼ੀ 'ਸਹਿਜੀਵਨ' ਨਾਮਕ ਐੱਨਜੀਓ ਦੀ ਰਿਤੁਜਾ ਮਿਤਰਾ ਵੀ ਇਸੇ ਦਾਅਵੇ ਦੀ ਪੁਸ਼ਟੀ ਕਰਦੀ ਹਨ। ''ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦੇ ਰਾਜਕੁਮਾਰ ਇਨ੍ਹਾਂ ਦੋਵਾਂ ਕੁਲਾਂ ਦੇ ਸਮੂਹਾਂ ਨੂੰ ਆਪਣੇ ਨਵੇਂ ਰਾਜ ਨਵਾਨਗਰ ਵਿਖੇ ਲੈ ਆਏ, ਜਿਹਨੂੰ ਬਾਅਦ ਵਿੱਚ 'ਜਾਮਨਗਰ' ਕਿਹਾ ਜਾਣ ਲੱਗਿਆ। ਉਦੋਂ ਤੋਂ ਹੀ ਇਨ੍ਹਾਂ ਆਜੜੀਆਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਇਨ੍ਹਾਂ ਜ਼ਮੀਨਾਂ 'ਤੇ ਵਾਸ ਕਰਦੇ ਆਏ ਹਨ।

''ਕੁਝ ਪਿੰਡਾਂ ਦੇ ਨਾਵਾਂ ਤੋਂ ਵੀ ਸਾਬਤ ਹੁੰਦਾ ਹੈ ਕਿ ਇਹ ਲੋਕ ਇੱਥੇ ਲੰਬੇ ਸਮੇਂ ਤੋਂ ਰਹਿੰਦੇ ਰਹੇ ਹਨ,'' ਰਿਤੁਜਾ ਕਹਿੰਦੀ ਹਨ ਜੋ ਸਹਿਜੀਵਨ ਵਿਖੇ ਜੰਗਲ ਅਧਿਕਾਰ ਐਕਟ ਦੇ ਸੂਬਾ ਕੋਆਰਡੀਨੇਟਰ ਵਜੋਂ ਕੰਮ ਕਰਦੀ ਹਨ। ''ਅਜਿਹੇ ਹੀ ਇੱਕ ਪਿੰਡ ਨੂੰ ਓਂਥਬੇਟ ਸ਼ੰਪਰ ਕਿਹਾ ਜਾਂਦਾ ਹੈ- ਮੌਟੇ ਤੌਰ 'ਤੇ ਜਿਹਦਾ ਮਤਲਬ ਹੈ 'ਊਠਾਂ ਦਾ ਦੀਪ'।

ਇਸ ਸਭ ਦੇ ਨਾਲ਼, ਇਹ ਵੀ ਦੇਖਣਾ ਬਣਦਾ ਹੈ ਕਿ ਇੱਥੇ ਲੰਬੇ ਸਮੇਂ ਤੋਂ ਰਹਿਣ ਕਾਰਨ ਊਠਾਂ ਨੇ ਤੈਰਨਾ ਸਿੱਖ ਲਿਆ ਹੋਣਾ। ਸਸੈਕਸ ਵਿਖੇ ਇੰਸਟੀਚਿਊਟ ਆਫ਼ ਡਿਵਲਪਮੈਂਟ ਸਟੱਡੀਜ਼ ਦੀ ਇੱਕ ਖੋਜਾਰਥੀ ਲੈਲਾ ਮਹਿਤਾ ਦੇ ਕਹਿਣ ਮੁਤਾਬਕ : ''ਜੇਕਰ ਊਠ ਪੀੜ੍ਹੀਆਂ ਤੋਂ ਜਲੀ ਪੌਦਿਆਂ ਦੀ ਸਹਿਹੋਂਦ ਦਾ ਹਿੱਸਾ ਨਾ ਰਹੇ ਹੁੰਦੇ ਤਾਂ ਉਹ ਤੈਰਨ ਯੋਗ ਕਿਵੇਂ ਹੋ ਗਏ?''

ਰਿਤੁਜਾ ਸਾਨੂੰ ਦੱਸਦੀ ਹਨ ਕਿ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨੁਚਰੀ ਦੇ ਅੰਦਰ 1,184 ਊਠ ਚਰ ਸਕਦੇ ਹਨ ਅਤੇ ਇਹ ਊਠ 74 ਮਾਲਧਾਰੀ ਪਰਿਵਾਰਾਂ ਦੇ ਹਨ।

ਜਾਮਨਗਰ ਦੀ ਸਥਾਪਨਾ 1540 ਵਿੱਚ ਹੋਈ ਸੀ ਜਦੋਂ ਇਹਨੂੰ ਤਤਕਾਲੀਨ ਨਵਾਨਗਰ ਰਿਆਸਤ ਦੀ ਰਾਜਧਾਨੀ ਬਣਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਮਾਲਧਾਰੀ ਲੋਕ ਪਹਿਲੀ ਵਾਰ 17ਵੀਂ ਸਦੀ ਵਿੱਚ ਇੱਥੇ ਆਏ ਸਨ ਤੇ ਉਦੋਂ ਤੋਂ ਇੱਥੋਂ ਦੇ ਹੀ ਹੋ ਕੇ ਰਹਿ ਗਏ।

The Kharai camels swim to the mangroves as the water rises with high tide
PHOTO • Ritayan Mukherjee

ਉੱਚੇ ਜਵਾਰ ਨਾਲ਼ ਪਾਣੀ ਦੇ ਵਧੇ ਪੱਧਰ ਵਿਚਾਲੇ ਵੀ ਖਾਰਾਈ ਊਠ ਤੈਰ ਲੈਂਦੇ ਹਨ

ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਹ ''ਇਸ ਜ਼ਮੀਨ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹਨ।'' ਖ਼ਾਸਕਰਕੇ ਉਦੋਂ ਜਦੋਂ ਤੁਸੀਂ ਇੱਕੋ ਹੀ ਇਲਾਕੇ ਵਿੱਚ ਰਹਿੰਦੇ ਹੋਵੋ ਅਤੇ ਇੱਥੋਂ ਦੀ ਸਮੁੰਦਰੀ ਵਿਲੱਖਣਾ ਨੂੰ ਸਮਝਦੇ ਹੋਵੋ। ਇਸ ਪਾਰਕ ਵਿੱਚ ਮੂੰਗੇ ਦੀਆਂ ਭਿੱਤੀਆਂ (ਚੱਟਾਨਨੁਮਾ), ਜਲੀ ਬਨਸਪਤੀ (ਮੈਂਗਰੋਵ ਜੰਗਲ), ਰੇਤਲੇ ਸਮੁੰਦਰੀ ਤਟ, ਚਿੱਕੜੀ-ਹਿੱਸੇ, ਸਮੁੰਦਰੀ ਨਾਲ਼ੀ (ਕਰੀਕ), ਪਥਰੀਲੀ ਤੱਟਰੇਖਾ, ਸਮੁੰਦਰੀ ਘਾਹ ਦੇ ਮੈਦਾਨ (ਬਿਸਤਰੇ) ਅਤੇ ਹੋਰ ਬਹੁਤ ਕੁਝ ਸ਼ਾਮਲ ਹੈ

ਇੰਡੋ-ਜਰਮਨ ਬਾਇਓਡਾਇਵਰਸਿਟੀ ਪ੍ਰੋਗਰਾਮ, GIZ ਵੱਲੋਂ ਪ੍ਰਕਾਸ਼ਤ 2016 ਦੇ ਇੱਕ ਖੋਜ ਪੱਤਰ ਵਿੱਚ ਇਸ ਇਕੋਰੀਜਨ ਦਾ ਚੰਗੀ ਤਰ੍ਹਾਂ ਨਾਲ਼ ਦਸਤਾਵੇਜੀਕਰਨ ਕੀਤਾ ਗਿਆ ਸੀ। ਇਸ ਇਲਾਕੇ ਵਿੱਚ ਸਮੁੰਦਰੀ ਬੂਟੀਆਂ ਦੀਆਂ 100 ਕਿਸਮਾਂ, ਜਲਸੋਖਕ ਜੀਵਾਂ ਦੀਆਂ 70 ਕਿਸਮਾਂ ਅਤੇ ਨਰਮ ਤੇ ਸਖ਼ਤ ਮੂੰਗੇ ਦੀਆਂ 70 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮੱਛੀ ਦੀਆਂ 200 ਕਿਸਮਾਂ, ਝੀਂਗਾ-ਮੱਛੀ ਦੀਆਂ 27 ਕਿਸਮਾਂ, ਕੇਕੜਿਆਂ ਦੀਆਂ 30 ਕਿਸਮਾਂ ਅਤੇ ਸਮੁੰਦਰੀ ਘਾਹ ਦੀਆਂ 4 ਕਿਸਮਾਂ ਪਾਈਆਂ ਜਾਂਦੀਆਂ ਹਨ।

ਇਹ ਸਭ ਇੱਥੇ ਹੀ ਨਹੀਂ ਰੁਕਦਾ। ਜਿਵੇਂ ਉਪਰੋਕਤ ਖੋਜ ਪੱਤਰ ਵਿੱਚ ਜ਼ਿਕਰ ਮਿਲ਼ਦਾ ਹੈ: ਇੱਥੇ ਤੁਹਾਨੂੰ ਸਮੁੰਦਰੀ ਕਛੂਏ ਤੇ ਸਮੁੰਦਰੀ ਥਣਧਾਰੀਆਂ ਦੀਆਂ ਤਿੰਨ ਕਿਸਮਾਂ, ਸੰਖ ਦੀਆਂ 200 ਤੋਂ ਵੱਧ ਕਿਸਮਾਂ, ਘੋਗਿਆਂ ਦੀਆਂ 90 ਤੋਂ ਵੱਧ ਕਿਸਮਾਂ, ਜੋਕਾਂ ਦੀਆਂ 55 ਕਿਸਮਾਂ ਅਤੇ ਪੰਛੀਆਂ ਦੀਆਂ 78 ਕਿਸਮਾਂ ਦੇਖਣ ਨੂੰ ਮਿਲ਼ਣਗੀਆਂ।

ਫਕੀਰਾਨੀ ਜਾਟ ਅਤੇ ਰਬਾੜੀ ਕਬੀਲੇ ਦੇ ਲੋਕ ਕਈ ਪੀੜ੍ਹੀਆਂ ਤੋਂ ਇਸ ਖੇਤਰ ਵਿੱਚ ਊਠਾਂ ਨੂੰ ਚਰਾਉਂਦੇ ਰਹੇ ਹਨ। ਗੁਜਰਾਤੀ ਭਾਸ਼ਾ ਵਿੱਚ ‘ਖਾਰਾਈ’ ਦਾ ਅਰਥ ਹੈ ‘ਨਮਕੀਨ’। ਖਾਰਾਈ, ਊਠ ਦੀ ਇੱਕ ਵਿਸ਼ੇਸ਼ ਨਸਲ ਹੈ ਜਿਸ ਨੇ ਆਪਣੇ ਆਪ ਨੂੰ ਇੱਕ ਵਾਤਾਵਰਣਕ ਖੇਤਰ ਦੇ ਹਾਲਾਤਾਂ ਵਿੱਚ ਢਾਲ ਲਿਆ ਹੁੰਦਾ ਹੈ, ਜੋ ਹਾਲਾਤ ਉਹਨਾਂ ਖੇਤਰਾਂ ਨਾਲੋਂ ਵੱਖਰੇ ਹੁੰਦੇ ਹਨ ਜਿੱਥੇ (ਖੇਤਰਾਂ) ਊਠ ਆਮ ਤੌਰ 'ਤੇ ਰਹਿੰਦੇ ਹਨ। ਉਹ ਕਈ ਤਰ੍ਹਾਂ ਦੇ ਪੌਦੇ ਅਤੇ ਬੂਟੇ ਖਾਂਦੇ ਹਨ, ਪਰ ਜਿਵੇਂ ਕਿ ਕਾਰੋ ਮੇਰੂ ਨੇ ਸਾਨੂੰ ਦੱਸਿਆ, ਜਲੀ-ਪੌਦੇ ਉਨ੍ਹਾਂ ਦੀ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ।

ਇਨ੍ਹਾਂ ਜਾਨਵਰਾਂ- ਤੈਰਾਕੀ ਲਈ ਜਾਣੇ ਜਾਂਦੇ ਇਕਲੌਤੇ ਕੁੱਬੜਧਾਰੀ ਜੀਵ- ਦੇ ਨਾਲ਼ ਮਾਲਧਾਰੀ ਇਕਾਈ ਜਾਂ ਕਬੀਲੇ ਦੇ ਆਜੜੀਆਂ ਦੀ ਇੱਕ ਪੂਰੀ ਟੀਮ ਹੁੰਦੀ ਹੈ ਜੋ ਇਨ੍ਹਾਂ ਦੇ ਮਾਲਕ ਹੁੰਦੇ ਹਨ। ਇਸ ਟੀਮ ਵਿੱਚ ਦੋ ਮਾਲਧਾਰੀ ਵਿਅਕਤੀ ਹੁੰਦੇ ਹਨ ਜੋ ਊਠਾਂ ਦੇ ਨਾਲ਼-ਨਾਲ਼ ਤੈਰਦੇ ਹਨ। ਕਈ ਵਾਰੀਂ, ਉਨ੍ਹਾਂ ਵਿੱਚੋਂ ਇੱਕ ਵਿਅਕਤੀ ਭੋਜਨ ਅਤੇ ਪੀਣ ਵਾਲ਼ੇ ਪਾਣੀ ਨੂੰ ਲਿਜਾਣ ਲਈ ਅਤੇ ਪਿੰਡ ਵਾਪਸ ਮੁੜਨ ਲਈ ਛੋਟੀ ਜਿਹੀ ਬੇੜੀ ਦਾ ਇਸਤੇਮਾਲ ਕਰਦਾ ਹੈ। ਦੂਸਰਾ ਆਜੜੀ ਜਾਨਵਰਾਂ ਦੇ ਨਾਲ਼ ਉਸੇ ਦੀਪ 'ਤੇ ਰੁਕਿਆ ਰਹਿੰਦਾ ਹੈ, ਜਿੱਥੇ ਉਹ ਊਠਣੀ ਦੇ ਦੁੱਧ ਨਾਲ਼ ਆਪਣੀ ਹਲਕੀ ਜਿਹੀ ਖ਼ੁਰਾਕ ਪੂਰੀ ਕਰਦਾ ਹੈ, ਇਹ ਉਨ੍ਹਾਂ ਦੇ ਭਾਈਚਾਰੇ ਦੀ ਖ਼ੁਰਾਕ ਦਾ ਲੋੜੀਂਦਾ ਹਿੱਸਾ ਹੈ।

Jethabhai Rabari (left) and Dudabhai Rabari making tea after grazing their camels in Khambaliya
PHOTO • Ritayan Mukherjee

ਖੰਬਾਲਿਯਾ ਵਿਖੇ ਆਪਣੇ ਊਠਾਂ ਨੂੰ ਚਰਾਉਣ ਤੋਂ ਬਾਅਦ ਚਾਹ ਤਿਆਰ ਕਰਦੇ ਜੇਠਾਭਾਈ ਰਬਾੜੀ (ਖੱਬੇ) ਤੇ ਦੂਦਾਭਾਈ ਰਬਾੜੀ

ਪਰ ਮਾਲਧਾਰੀਆਂ ਵਾਸਤੇ ਆਉਂਦੀ ਹਰ ਤਬਦੀਲੀ ਨਾਲ਼ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ''ਸਾਡੇ ਲਈ ਖ਼ੁਦ ਨੂੰ ਤੇ ਇਸ ਪੇਸ਼ੇ ਨੂੰ ਬਚਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ,'' ਜੇਠਾਭਾਈ ਰਬਾੜੀ ਕਹਿੰਦੇ ਹਨ। ''ਸਾਡੀਆਂ ਚਰਾਂਦਾਂ ਸੁੰਗੜ ਗਈਆਂ ਹਨ, ਕਿਉਂਕਿ ਇਸ ਖਿੱਤੇ ਦਾ ਬਹੁਤਾ ਹਿੱਸਾ ਹੁਣ ਜੰਗਾਲਤ ਵਿਭਾਗ ਦੇ ਕਬਜੇ ਹੇਠ ਆ ਗਿਆ ਹੈ। ਪਹਿਲਾਂ ਜਲੀ ਬਨਸਪਤੀ ਸਾਡੀ ਪਹੁੰਚ ਦੇ ਅੰਦਰ ਹੁੰਦੀ ਸੀ। ਪਰ 1995 ਤੋਂ ਇੱਥੇ ਜਾਨਵਰਾਂ ਦੇ ਚਰਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੂਜੀ ਦਿੱਕਤ ਹੈ ਇੱਥੇ ਮੌਜੂਦ ਲੂਣ-ਕਿਆਰੀਆਂ। ਹੁਣ ਦੂਜੀ ਥਾਵੇਂ ਪ੍ਰਵਾਸ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬੱਚਦਾ। ਸਾਰੀਆਂ ਸਮੱਸਿਆਵਾਂ ਵਿੱਚੋਂ ਸਭ ਤੋਂ ਵੱਡੀ ਦਿੱਕਤ ਜੋ ਹੈ ਉਹ ਹੈ ਸਾਡੇ 'ਤੇ ਵਿਤੋਂਵੱਧ ਚਰਾਈ ਕਰਾਉਣ ਦਾ ਦੋਸ਼ ਲੱਗਣਾ। ਦੱਸੋ ਇਹ ਗੱਲ ਸੰਭਵ ਵੀ ਕਿਵੇਂ ਹੋ ਸਕਦੀ ਹੈ?''

ਇਸ ਇਲਾਕੇ ਵਿੱਚ ਲੰਬੇ ਸਮੇਂ ਤੋਂ ਐੱਫਆਰਏ ਲਈ ਕੰਮ ਕਰ ਰਹੀ ਰਿਤੁਜਾ ਮਿਤਰਾ ਵੀ ਆਜੜੀਆਂ ਦੀ ਗੱਲ ਦਾ ਸਮਰਥਨ ਕਰਦੀ ਹਨ। ''ਜੇ ਅਸੀਂ ਊਠਾਂ ਦੇ ਚਰਨ ਦੇ ਤਰੀਕੇ 'ਤੇ ਵਿਚਾਰ ਕਰੀਏ ਤਾਂ ਅਸੀਂ ਦੇਖਾਂਗੇ ਕਿ ਉਹ ਪੌਦਿਆਂ ਦੇ ਉਪਰਲੇ ਹਿੱਸੇ ਹੀ ਖਾਂਦੇ ਹਨ, ਇਹ ਤਰੀਕਾ ਤਾਂ ਉਨ੍ਹਾਂ ਪੌਦਿਆਂ ਦੇ ਵੱਧ ਪੱਤੇ ਪੈਦਾ ਕਰਦਾ ਹੈ! ਸਮੁੰਦਰੀ ਰਾਸ਼ਟਰੀ ਪਾਰਕ ਦੇ ਦੀਪ ਲੁਪਤ ਹੋਣ ਦੀ ਕਗਾਰ 'ਤੇ ਪੁੱਜੇ ਖਾਰਾਈ ਊਠਾਂ ਲਈ ਸ਼ੁਰੂ ਤੋਂ ਪਸੰਦੀਦਾ ਟਿਕਾਣਾ ਰਹੇ ਹਨ, ਜੋ ਖ਼ੁਦ ਅਤੇ ਉਨ੍ਹਾਂ ਜਿਹੀਆਂ ਹੋਰ ਨਸਲਾਂ ਮੈਂਗ੍ਰੋਵਾਂ ਖਾ ਕੇ ਪਲ਼ਦੇ ਹਨ।

ਪਰ ਜੰਗਲਾਤ ਵਿਭਾਗ ਦਾ ਉਲਟ ਮੰਨਣਾ ਹੈ। ਉਨ੍ਹਾਂ ਦੁਆਰਾ ਲਿਖੇ ਗਏ ਅਤੇ ਕੁਝ ਕੁ ਅਕਾਦਮਿਕ ਵਿਗਿਆਨੀਆਂ ਵੱਲੋਂ ਲਿਖੇ ਪੇਪਰ ਇਹੀ ਦਾਅਵਾ ਕਰਦੇ ਹਨ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਊਠਾਂ ਦਾ ਚਰਨਾ 'ਓਵਰ ਗ੍ਰੇਜ਼ਿੰਗ' ਦਾ ਸਬਬ ਬਣਦਾ ਹੈ।

ਜਿਵੇਂ ਕਿ 2016 ਦੇ ਇੱਕ ਖੋਜ ਪੱਤਰ ਵਿੱਚ ਜ਼ਿਕਰ ਮਿਲ਼ਦਾ ਹੈ, ਮੈਂਗ੍ਰੋਵ (ਊਸ਼ਣਕਟੀਬੰਧੀ ਬਨਸਪਤੀ) ਨਾਲ਼ ਲੱਦੀ ਜਲੀ-ਜ਼ਮੀਨ ਦੇ ਘਟਦੇ ਜਾਣ ਮਗਰ ਕਈ ਕਾਰਨ ਹਨ। ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਖੇਤਰ ਉਦਯੋਗੀਕਰਨ ਹੋਰ ਕਾਰਕਾਂ ਕਾਰਨ ਵੀ ਅਲੋਪ ਹੋ ਰਹੇ ਹਨ। ਪਰ ਇਸ ਅੰਦਰ ਇਸ ਖੋਰੇ ਵਾਸਤੇ ਕਿਤੇ ਵੀ ਮਾਲਧਾਰੀਆਂ ਅਤੇ ਉਨ੍ਹਾਂ ਦੇ ਊਠਾਂ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ।

ਉਹ ਬਹੁ-ਕਾਰਕ ਕਾਫ਼ੀ ਅਹਿਮ ਹਨ।

ਖਾਰਾਈ ਊਠਾਂ- ਤੈਰਾਕੀ ਲਈ ਜਾਣੇ ਜਾਂਦੇ ਇਕਲੌਤੇ ਕੁੱਬੜਧਾਰੀ ਜੀਵ- ਦੇ ਨਾਲ਼ ਮਾਲਧਾਰੀ ਇਕਾਈ ਦੇ ਆਜੜੀਆਂ ਦੀ ਇੱਕ ਪੂਰੀ ਟੀਮ ਹੁੰਦੀ ਹੈ ਜੋ ਉਨ੍ਹਾਂ ਦੇ ਮਾਲਕ ਹੁੰਦੇ ਹਨ

ਵੀਡਿਓ ਦੇਖੋ : ਭੁੱਖ ਮਿਟਾਉਣ ਲਈ ਤੈਰਾਕ ਬਣੇ ਗੁਜਰਾਤ ਦੇ ਊਠ

ਸਾਲ 1980 ਦੇ ਦਹਾਕੇ ਬਾਅਦ ਤੋਂ  ਜਾਮਨਗਰ ਅਤੇ ਉਹਦੇ ਨੇੜਲੇ ਇਲਾਕਿਆਂ ਦਾ ਤੇਜ਼ੀ ਨਾਲ਼ ਉਦਯੋਗੀਕਰਨ ਹੋਇਆ ਹੈ। ਰਿਤੁਜਾ ਦੱਸਦੀ ਹਨ,''ਲੂਣ ਬਣਾਉਣ ਵਾਲ਼ੇ ਉਦਯੋਗ, ਤੇਲ ਦੀ ਸਪਲਾਈ ਅਤੇ ਭੰਡਾਰਨ ਕਰਨ ਦੇ ਨਾਲ਼-ਨਾਲ਼ ਹੋਰ ਕਈ ਉਦਯੋਗਾਂ ਦਾ ਤੇਜ਼ੀ ਨਾਲ਼ ਵਿਕਾਸ ਹੋਇਆ। ਇਨ੍ਹਾਂ ਉਦਯੋਗਾਂ ਦੇ ਵਪਾਰ ਅਤੇ ਵਿਕਾਸ ਦੀ ਰਾਹ ਵਿੱਚ ਭੂਮੀ-ਗ੍ਰਹਿਣ ਸਬੰਧਤ ਛੋਟੇ-ਵੱਡੇ ਅੜਿਕੇ ਹਨ। ਪਰ, ਜਦੋਂ ਰਵਾਇਤੀ ਖ਼ਾਨਾਬਦੋਸ਼ ਆਜੜੀਆਂ ਦੇ ਹਿੱਤ ਨਾਲ਼ ਜੁੜੇ ਸਵਾਲ ਉੱਠਦੇ ਹਨ ਤਦ ਵਿਭਾਗ ਦਾ ਵਤੀਰਾ ਅਣਗਹਿਲੀ ਭਰਿਆ ਤੇ ਖ਼ੁਸ਼ਕ ਹੋ ਜਾਂਦਾ ਹੈ। ਇਹ ਸੰਵਿਧਾਨ ਦੀ ਧਾਰਾ 19(ਜੀ) ਦੇ ਰੋਜ਼ੀਰੋਟੀ ਸਬੰਧੀ ਅਧਿਕਾਰ ਦੇ ਉਲਟ ਖੜ੍ਹਾ ਦਿੱਸਦਾ ਹੈ। ਇਹ ਐਕਟ ਭਾਰਤੀ ਨਾਗਰਿਕਾਂ ਨੂੰ ਕਨੂੰਨੀ ਤਰੀਕੇ ਨਾਲ਼ ਰੋਜ਼ੀਰੋਟੀ ਕਮਾਉਣ, ਵਪਾਰ ਕਰਨ ਤੇ ਪੇਸ਼ਾ ਚੁਣਨ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ।''

ਕਿਉਂਕਿ ਸਮੁੰਦਰੀ ਰਾਸ਼ਟਰੀ ਪਾਰਕ ਦੇ ਅੰਦਰੂਨੀ ਹਿੱਸਿਆਂ ਵਿੱਚ ਪਸ਼ੂਆਂ ਨੂੰ ਚਰਾਉਣ 'ਤੇ ਪਾਬੰਦੀ ਹੈ, ਤਾਂ ਕਰਕੇ ਊਠ ਆਜੜੀਆਂ ਨੂੰ ਜੰਗਲਾਤ ਵਿਭਾਗ ਦੁਆਰਾ ਅਕਸਰ ਸਤਾਇਆ ਜਾਂਦਾ ਹੈ। ਇਨ੍ਹਾਂ ਪੀੜਤ ਮਾਲਧਾਰੀਆਂ ਵਿੱਚ ਆਦਮ ਜਾਟ ਵੀ ਹਨ। ਉਹ ਦੱਸਦੇ ਹਨ,''ਕੋਈ ਦੋ ਸਾਲ ਪਹਿਲਾਂ ਮੈਨੂੰ ਇੱਥੇ ਊਠਾਂ ਨੂੰ ਚਰਾਉਣ ਦੇ ਅਪਰਾਧ ਵਿੱਚ ਜੰਗਲਾਤ ਵਿਭਾਗ ਵੱਲੋਂ ਫੜ੍ਹ ਲਿਆ ਗਿਆ ਤੇ
ਠੋਕੇ ਗਏ 20,000 ਰੁਪਏ ਦਾ ਜੁਰਮਾਨਾ ਦੇਣ ਤੋਂ ਬਾਅਦ ਰਿਹਾਈ ਹੋਈ,'' ਇੱਥੋਂ ਦੇ ਬਾਕੀ ਆਜੜੀਆਂ ਦਾ ਵੀ ਅਜਿਹਾ ਹੀ ਤਜ਼ਰਬਾ ਰਿਹਾ।

''ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ 2006 ਦੇ ਕਨੂੰਨ ਦਾ ਅਜੇ ਵੀ ਕੋਈ ਫ਼ਾਇਦਾ ਨਹੀਂ ਹੈ,'' ਰਿਤੁਜਾ ਮਿਤਰਾ ਕਹਿੰਦੀ ਹਨ। ਜੰਗਲ ਅਧਿਕਾਰ ਐਕਟ 2006 ਦੀ ਧਾਰਾ 3 (1)(ਡੀ) ਉਨ੍ਹਾਂ ਜਾਨਵਰਾਂ (ਭਾਵੇਂ ਦੇਸੀ ਜਾਂ ਖ਼ਾਨਾਬਦੋਸ਼) ਨੂੰ ਚਰਾਉਣ ਅਤੇ ਰਵਾਇਤੀ ਜਲਵਾਯੂ ਸ੍ਰੋਤਾਂ ਤੀਕ ਪਹੁੰਚਣ ਦਾ ਅਧਿਕਾਰ ਦਿੰਦੀ ਹੈ।

''ਇਸ ਦੇ ਬਾਵਜੂਦ, ਮਾਲਧਾਰੀਆਂ ਨੂੰ ਸਦਾ ਹੀ ਜੰਗਲਾਤ ਗਾਰਡਾਂ ਦੁਆਰਾ ਆਪਣੇ ਪਸ਼ੂ ਚਰਾਉਣ ਬਦਲੇ ਸਜ਼ਾ ਦਿੱਤੀ ਜਾਂਦੀ ਹੈ ਅਤੇ ਫੜ੍ਹੇ ਜਾਣ 'ਤੇ 20,000 ਤੋਂ 60,000 ਰੁਪਏ ਤੱਕ ਦਾ ਜੁਰਮਾਨਾ ਠੋਕਿਆ ਜਾਂਦਾ ਹੈ। ਉਹ ਇਹ ਵੀ ਦੱਸਦੀ ਹੈ ਕਿ ਐਫ਼ਆਰਏ ਤਹਿਤ ਕਾਗ਼ਜ਼ 'ਤੇ ਦੱਸੇ ਗਏ ਸਾਰੇ ਸੁਰੱਖਿਆ ਗਾਰਡ ਕਾਗ਼ਜ਼ੀ ਹਨ, ਜੋ ਇੱਥੇ ਕੰਮ ਨਹੀਂ ਕਰਦੇ।

ਇਨ੍ਹਾਂ ਆਜੜੀਆਂ ਨੂੰ ਨਾਲ਼ ਲਏ ਬਗ਼ੈਰ ਝੀਲਾਂ ਦਾ ਵਿਸਥਾਰ ਕਰਨ ਦਾ ਯਤਨ ਕਰਨਾ ਬੇਕਾਰ ਹੈ, ਜੋ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਨ ਅਤੇ ਇਸ ਜਟਿਲ ਇਲਾਕੇ ਨੂੰ ਕਿਸੇ ਹੋਰ ਨਾਲ਼ੋਂ ਬਿਹਤਰ ਸਮਝਦੇ ਹਨ। ''ਅਸੀਂ ਇਸ ਜ਼ਮੀਨ ਨੂੰ ਸਮਝਦੇ ਹਾਂ, ਅਸੀਂ ਇੱਥੋਂ ਦੇ ਵਾਤਾਵਰਣ ਦੇ ਮਿਜ਼ਾਜ਼ ਨੂੰ ਵੀ ਸਮਝਦੇ ਹਾਂ ਤੇ ਅਸੀਂ ਜੈਵ-ਵਿਭਿੰਨਤਾ, ਜਲੀ-ਪੌਦਿਆਂ ਨੂੰ ਬਚਾਉਣ ਲਈ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਨਹੀਂ ਹਾਂ,'' ਜਗਾਭਾਈ ਰਬਾੜੀ ਕਹਿੰਦੇ ਹਨ। ''ਸਾਡੀ ਸਿਰਫ਼ ਛੋਟੀ ਜਿਹੀ ਬੇਨਤੀ ਹੈ: ਅਤੇ ਉਹ ਹੈ ਕਿਸੇ ਵੀ ਨੀਤੀ ਨੂੰ ਬਣਾਉਣ ਤੋਂ ਪਹਿਲਾਂ ਸਾਡੀ ਗੱਲ ਇੱਕ ਵਾਰ ਜ਼ਰੂਰ ਸੁਣੀ ਜਾਵੇ। ਨਹੀਂ ਤਾਂ ਨੇੜੇ-ਤੇੜੇ ਰਹਿਣ ਵਾਲ਼ੇ ਕਰੀਬ 1,200 ਲੋਕਾਂ ਦੇ ਨਾਲ਼ ਨਾਲ਼ ਉਨ੍ਹਾਂ ਊਠਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਵੇਗੀ।''

The thick mangrove cover of the Marine National Park and Sanctuary located in northwest Saurashtra region of Gujarat
PHOTO • Ritayan Mukherjee

ਗੁਜਰਾਤ ਦੇ ਉੱਤਰ-ਪੱਛਮੀ ਸੌਰਾਸ਼ਟਰ ਇਲਾਕੇ ਦੇ ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨਚੁਰੀ ਅੰਦਰ ਫ਼ੈਲੇ ਮੈਂਗ੍ਰੋਵ


Bhikabhai Rabari accompanies his grazing camels by swimming alongside them
PHOTO • Ritayan Mukherjee

ਆਪਣੇ ਚਰਦੇ ਹੋਏ ਊਠਾਂ ਦੇ ਨਾਲ਼ ਨਾਲ਼ ਤੈਰਦੇ ਹੋਏ ਭੀਕਾਭਾਈ ਰਬਾੜੀ

Aadam Jat holding his homemade polystyrene float, which helps him when swims with his animals
PHOTO • Ritayan Mukherjee

ਆਦਮ ਜਾਟ ਆਪਣੇ ਘਰੇ ਬਣਾਈ ਪਾਲੀਸਟਰੀਨ (ਥਰਮੋਕੋਲ) ਦੀ ਬੇੜੀ ਦੇ ਨਾਲ਼, ਜੋ ਉਨ੍ਹਾਂ ਨੂੰ ਆਪਣੇ ਊਠਾਂ ਦੇ ਨਾਲ਼ ਨਾਲ਼ ਤੈਰਨ ਵਿੱਚ ਮਦਦ ਕਰਦੀ ਹੈ


Magnificent Kharai camels about to get into the water to swim to the bets (mangrove islands)
PHOTO • Ritayan Mukherjee

ਖਾਰਾਈ ਊਠਾਂ ਦਾ ਸੁੰਦਰ ਨਜ਼ਾਰਾ, ਜੋ ਨੇੜਲੇ ਟਾਪੂ ਤੱਕ ਜਾਣ ਲਈ ਤੈਰਨ ਵਾਸਤੇ ਪਾਣੀ ਵਿੱਚ ਲੱਥਦੇ ਹੋਏ


Kharai camels can swim a distance of 3 to 5 kilometres in a day
PHOTO • Ritayan Mukherjee

ਖਾਰਾਈ ਊਠ ਇੱਕ ਦਿਨ ਵਿੱਚ 3 ਤੋਂ 5 ਕਿਲੋਮੀਟਰ ਤੈਰ ਸਕਦੇ ਹਨ


The swimming camels float through the creeks in the Marine National Park in search of food
PHOTO • Ritayan Mukherjee

ਬਨਸਪਤੀਆਂ ਦੀ ਭਾਲ਼ ਵਿੱਚ ਸਮੁੰਦਰੀ ਰਾਸ਼ਟਰੀ ਪਾਰਕ ਦੇ ਨਾਲ਼ਿਆਂ ਦੇ ਦੇ ਆਰ-ਪਾਰ ਤੈਰਦੇ ਹੋਏ ਊਠ


Hari, Jethabhai Rabari's son, swimming near his camels. ‘I love to swim with the camels. It’s so much fun!’
PHOTO • Ritayan Mukherjee

ਜੇਠਾਭਾਈ ਰਬਾੜੀ ਦਾ ਬੇਟਾ ਹਰੀ ਆਪਣੇ ਊਠਾਂ ਦੇ ਨਾਲ਼-ਨਾਲ਼ ਤੈਰਦਾ ਹੋਇਆ। ' ਮੈਨੂੰ ਊਠਾਂ ਦੇ ਨਾਲ਼ ਇੰਝ ਤੈਰਨਾ ਬੜਾ ਵਧੀਆ ਲੱਗਦਾ ਹੈ। ਇਹ ਮਜ਼ੇਦਾਰ ਤਜ਼ਰਬਾ ਰਹਿੰਦਾ ਹੈ !'


The camels’ movement in the area and their feeding on plants help the mangroves regenerate
PHOTO • Ritayan Mukherjee

ਇਸ ਇਲਾਕੇ ਵਿੱਚ ਉਨ੍ਹਾਂ ਦੀ ਚਹਿਲ-ਕਦਮੀ ਨਾਲ਼ ਅਤੇ ਬਨਸਪਤੀਆਂ ਨੂੰ ਆਪਣੇ ਚਾਰੇ ਦੇ ਰੂਪ ਵਿੱਚ ਖਾਣ ਨਾਲ਼ ਮੈਂਗ੍ਰੋਵ ਤਾਂ ਸਗੋਂ ਹੋਰ ਤੇਜ਼ੀ ਨਾਲ਼ ਵੱਧਦੇ ਹਨ


A full-grown Kharai camel looking for mangrove plants
PHOTO • Ritayan Mukherjee

ਇੱਕ ਜੁਆਨ ਹੋ ਚੁੱਕਿਆ ਖਾਰਾਈ ਊਠ ਮੈਂਗ੍ਰੋਵ ਪੌਦਿਆਂ ਦੀ ਭਾਲ਼ ਵਿੱਚ


Aadam Jat (left) and a fellow herder getting on the boat to return to their village after the camels have left the shore with another herder
PHOTO • Ritayan Mukherjee

ਦੂਸਰੇ ਆਜੜੀਆਂ ਦੁਆਰਾ ਊਠਾਂ ਨੂੰ ਤਟ ' ਤੇ ਲਿਆਉਣ ਤੋਂ ਬਾਅਦ ਆਦਮ ਜਾਟ (ਖੱਬੇ) ਆਪਣੇ ਭਾਈਚਾਰੇ ਦੇ ਦੂਸਰੇ ਮੈਂਬਰਾਂ ਦੇ ਨਾਲ਼ ਆਪਣੇ ਪਿੰਡ ਮੁੜ ਰਹੇ ਹਨ


Aadam Jat, from the Fakirani Jat community, owns 70 Kharai camels and lives on the periphery of the Marine National Park in Jamnagar district
PHOTO • Ritayan Mukherjee

ਫਕੀਰਾਨੀ ਜਾਟ ਭਾਈਚਾਰੇ ਦੇ ਆਦਮ ਜਾਟ ਦੇ ਕੋਲ਼ 70 ਖਾਰਾਈ ਊਠ ਹਨ। ਆਦਮ, ਜਾਮਨਗਰ ਜ਼ਿਲ੍ਹੇ ਵਿੱਚ ਸਮੁੰਦਰ ਰਾਸ਼ਟਰੀ ਪਾਰਕ ਦੇ ਇੱਕ ਸੀਮਾਵਰਤੀ ਪਿੰਡ ਵਿੱਚ ਰਹਿੰਦੇ ਹਨ


Aadam Jat in front of his house in Balambha village of Jodiya taluka. ‘We have been here for generations. Why must we face harassment for camel grazing?’
PHOTO • Ritayan Mukherjee

ਆਦਮ ਜਾਟ ਜੋੜਿਆ ਤਾਲੁਕਾ ਦੇ ਬਾਲੰਭਾ ਪਿੰਡ ਵਿਖੇ ਸਥਿਤ ਆਪਣੇ ਘਰ ਦੇ ਸਾਹਮਣੇ ਬੈਠੇ ਹੋਏ ਹਨ। ' ਅਸੀਂ ਇੱਥੇ ਪੀੜ੍ਹੀਆਂ ਤੋਂ ਰਹਿੰਦੇ ਆਏ ਹਾਂ। ਆਪਣੇ ਊਠਾਂ ਨੂੰ ਚਰਾਉਣ ਬਦਲੇ ਅਸੀਂ ਸਜ਼ਾ ਕਿਉਂ ਭੋਗੀਏ ?'


Jethabhai's family used to own 300 Kharai camels once. ‘Many died; I am left with only 40 now. This occupation is not sustainable anymore’
PHOTO • Ritayan Mukherjee

ਕਿਸੇ ਜ਼ਮਾਨੇ ਜੇਠਾਭਾਈ ਦੇ ਪਰਿਵਾਰ ਦੇ ਕੋਲ਼ 300 ਖਾਰਾਈ ਊਠ ਹੋਇਆ ਕਰਦੇ ਸਨ। ' ਹੁਣ ਮੇਰੇ ਕੋਲ਼ ਸਿਰਫ਼ 40 ਊਠ ਹਨ। ਕਾਫ਼ੀ ਤਾਂ ਮਰ ਗਏ। ਹੁਣ ਇਹ ਮੁਨਾਫ਼ੇ ਦਾ ਕਾਰੋਬਾਰ ਨਹੀਂ ਰਿਹਾ '


Dudabhai Rabari (left) and Jethabhai Rabari in conversation. ‘We both are in trouble because of the rules imposed by the Marine National Park. But we are trying to survive through it,’ says Duda Rabari
PHOTO • Ritayan Mukherjee

ਦੁਦਾਭਾਈ ਰਬਾੜੀ (ਖੱਬੇ) ਅਤੇ ਜੇਠਾਭਾਈ ਰਬਾੜੀ ਗੱਲਬਾਤ ਕਰਦੇ ਹੋਏ। ਦੂਦਾ ਰਬਾੜੀ ਕਹਿੰਦੇ ਹਨ, ' ਸਮੁੰਦਰੀ ਰਾਸ਼ਟਰੀ ਪਾਰਕ ਦੁਆਰਾ ਥੋਪੇ ਗਏ ਕਨੂੰਨ ਕਾਰਨ ਅਸੀਂ ਦੋਵੇਂ ਹੀ ਪਰੇਸ਼ਾਨ ਹਾਂ। ਇਸ ਸਭ ਤੋਂ ਬਾਅਦ ਵੀ ਅਸੀਂ ਜਿਵੇਂ-ਕਿਵੇਂ ਗੁਜ਼ਾਰਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ '

As the low tide settles in the Gulf of Kachchh, Jethabhai gets ready to head back home
PHOTO • Ritayan Mukherjee

ਕੱਛ ਦੀ ਖਾੜੀ ਵਿੱਚ ਲਹਿਰਾਂ ਦੇ ਸ਼ਾਂਤ ਹੁੰਦਿਆਂ ਜੇਠਾਭਾਈ ਘਰ ਵਾਪਸ ਮੁੜਨ ਦੀ ਤਿਆਰ ਕੱਸ ਰਹੇ ਹਨ


Jagabhai Rabari and his wife Jiviben Khambhala own 60 camels in Beh village of Khambaliya taluka, Devbhumi Dwarka district. ‘My livelihood depends on them. If they are happy and healthy, so am I,’ Jagabhai says
PHOTO • Ritayan Mukherjee

ਜਗਾਭਾਈ ਰਬਾੜੀ ਅਤੇ ਉਨ੍ਹਾਂ ਦੀ ਪਤਨੀ ਜੀਵੀਬੇਨ ਖੰਬਾਲਾ ਦੇ ਕੋਲ਼ 60 ਊਠ ਹਨ। ਜਗਾਭਾਈ ਕਹਿੰਦੇ ਹਨ, ' ਮੇਰੀ ਰੋਜ਼ੀ-ਰੋਟੀ ਇਸੇ ' ਤੇ ਨਿਰਭਰ ਹੈ। ਜੇ ਉਹ ਤੰਦਰੁਸਤ ਅਤੇ ਖ਼ੁਸ਼ ਹੋਣ ਤਾਂ ਸਮਝੋ ਮੈਂ ਵੀ ਠੀਕ ਹਾਂ '


A maldhari child holds up a smartphone to take photos; the back is decorated with his doodles
PHOTO • Ritayan Mukherjee

ਮਾਲਧਾਰੀ ਭਾਈਚਾਰੇ ਦਾ ਇੱਕ ਬੱਚਾ ਫ਼ੋਟੋ ਲੈਣ ਲਈ ਆਪਣਾ ਫ਼ੋਨ ਫੜ੍ਹਦਾ ਹੈ ; ਫ਼ੋਨ ਦੇ ਮਗਰਲੇ ਹਿੱਸੇ ਨੂੰ ਉਹਨੇ ਵੇਲ-ਬੂਟੇ ਵਾਹ ਕੇ ਸਜਾਇਆ ਹੈ


A temple in Beh village. The deity is worshipped by Bhopa Rabaris, who believe she looks after the camels and their herders
PHOTO • Ritayan Mukherjee

ਬੇਹ ਪਿੰਡ ਵਿਖੇ ਬਣਿਆ ਇੱਕ ਮੰਦਰ। ਇੱਥੇ ਦੇਵੀ ਭੋਪਾ ਰਬਾੜੀਆਂ ਦੁਆਰਾ ਪੂਜੀ ਜਾਂਦੀ ਹੈ, ਜਿਹਦੇ ਬਾਰੇ ਮਾਨਤਾ ਹੈ ਕਿ ਉਹ ਊਠਾਂ ਤੇ ਆਜੜੀਆਂ ਦੀ ਰੱਖਿਆ ਕਰਦੀ ਹੈ


There are about 1,180 camels that graze within the Marine National Park and Sanctuary
PHOTO • Ritayan Mukherjee

ਸਮੁੰਦਰੀ ਰਾਸ਼ਟਰੀ ਪਾਰਕ ਅਤੇ ਸੈਨੁਚਰੀ ਦੇ ਇਲਾਕੇ ਦੇ ਅੰਦਰ ਕਰੀਬ 1,180 ਊਠ ਚਰਦੇ ਹਨ


ਲੇਖਕ, ਸਹਿਜੀਵਨ ਦੇ ਊਠਾਂ ਨਾਲ਼ ਜੁੜੇ ਪ੍ਰੋਗਰਾਮ ਦੇ ਸਾਬਕਾ ਕੋਆਰੀਨੇਟਰ ਰਹੇ ਮਹਿੰਦਰ ਭਨਾਨੀ ਨੂੰ ਇਸ ਸਟੋਰੀ ਦੀ ਰਿਪੋਰਟਿੰਗ ਦੌਰਾਨ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਦੇ ਹਨ।

ਰਿਤਾਇਨ ਮੁਖਰਜੀ ਪੂਰੇ ਦੇਸ਼ ਵਿੱਚ ਘੁੰਮ-ਘੁੰਮ ਕੇ ਖ਼ਾਨਾਬਦੋਸ਼ ਆਜੜੀ ਭਾਈਚਾਰਿਆਂ 'ਤੇ ਕੇਂਦਰਤ ਰਹਿ ਕੇ ਰਿਪੋਰਟਿੰਗ ਕਰਦੇ ਹਨ। ਇਹਦੇ ਲਈ ਉਨ੍ਹਾਂ ਨੂੰ ਸੈਂਟਰ ਫਾਰ ਪੇਸਟੋਰਲਿਜ਼ਮ ਵੱਲੋਂ ਇੱਕ ਸੁਤੰਤਰ ਯਾਤਰਾ ਗ੍ਰਾਂਟ ਪ੍ਰਾਪਤ ਹੋਇਆ ਹੈ। ਸੈਂਟਰ ਫਾਰ ਪੇਸਟੋਰਲਿਜ਼ਮ ਨੇ ਇਸ ਰਿਪੋਰਤਾਜ ਦੇ ਕੰਨਟੈਂਟ 'ਤੇ ਕਿਸੇ ਕਿਸਮ ਦਾ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Photos and Text : Ritayan Mukherjee

ਰਿਤਾਯਾਨ ਕੋਲਕਾਤਾ ਅਧਾਰਤ ਫੋਟੋਗ੍ਰਾਫਰ ਹਨ ਅਤੇ 2016 ਤੋਂ ਪਾਰੀ ਦਾ ਹਿੱਸਾ ਹਨ। ਉਹ ਤਿਬਤੀ-ਪਠਾਰਾਂ ਦੇ ਖਾਨਾਬਦੋਸ਼ ਆਜੜੀਆਂ ਦੀਆਂ ਜਿੰਦਗੀਆਂ ਨੂੰ ਦਰਸਾਉਂਦੇ ਦਸਤਾਵੇਜਾਂ ਦੇ ਦੀਰਘ-ਕਾਲੀਨ ਪ੍ਰੋਜੈਕਟਾਂ ਲਈ ਕੰਮ ਕਰ ਰਹੇ ਹਨ।

Other stories by Ritayan Mukherjee
Video : Urja

ਉਰਜਾ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਵੀਡੀਓ-ਸੀਨੀਅਰ ਅਸਿਸਟੈਂਟ ਐਡੀਟਰ ਹਨ। ਉਹ ਇੱਕ ਦਸਤਾਵੇਜ਼ੀ ਫਿਲਮ ਨਿਰਮਾਤਾ ਹਨ ਅਤੇ ਸ਼ਿਲਪਕਾਰੀ, ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਨੂੰ ਕਵਰ ਕਰਨ ਵਿੱਚ ਦਿਲਚਸਪੀ ਰੱਖਦੀ ਹਨ। ਊਰਜਾ ਪਾਰੀ ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਕੰਮ ਕਰਦੀ ਹਨ।

Other stories by Urja

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Photo Editor : Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Other stories by Binaifer Bharucha
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur