ਚੰਦਰਿਕਾ ਬੇਹੜਾ ਨੌਂ ਸਾਲਾਂ ਦੀ ਹੈ ਤੇ ਦੋ ਸਾਲਾਂ ਤੋਂ ਸਕੂਲ ਨਹੀਂ ਗਈ। ਉਹ ਬਾਰਾਬੰਕੀ ਪਿੰਡ ਦੇ ਉਨ੍ਹਾਂ 19 ਬੱਚਿਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੂੰ ਆਪੋ-ਆਪਣੀ ਉਮਰ ਦੇ ਹਿਸਾਬ ਨਾਲ਼ ਪਹਿਲੀ ਤੋਂ ਪੰਜਵੀ ਜਮਾਤ ਵਿੱਚ ਹੋਣਾ ਚਾਹੀਦਾ ਸੀ ਪਰ 2020 ਤੋਂ ਬਾਅਦ ਇਹ ਬੱਚੇ ਸਕੂਲ ਜਾਣਾ ਜਾਰੀ ਨਹੀਂ ਰੱਖ ਸਕੇ। ਉਨ੍ਹਾਂ ਦੀ ਮਾਂ ਹੀ ਉਹਨੂੰ ਸਕੂਲ ਨਹੀਂ ਭੇਜਦੀ, ਉਹ ਕਹਿੰਦੀ ਹੈ।
ਬਾਰਾਬੰਕੀ ਨੂੰ 2007 ਵਿੱਚ ਆਪਣਾ ਸਕੂਲ ਮਿਲ਼ਿਆ ਪਰ 2020 ਆਉਂਦੇ-ਆਉਂਦੇ ਓੜੀਸਾ ਸਰਕਾਰ ਵੱਲੋਂ ਬੰਦ ਵੀ ਕਰ ਦਿੱਤਾ ਗਿਆ। ਚੰਦਰਿਕਾ ਵਾਂਗਰ ਹੀ ਪਿੰਡ ਦੇ ਸੰਥਾਲ ਤੇ ਮੁੰਡਾ ਆਦਿਵਾਸੀ ਭਾਈਚਾਰਿਆਂ ਦੇ ਇਨ੍ਹਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ 3.5 ਕਿਲੋਮੀਟਰ ਦੂਰ ਜਾਮੂਪਾਸੀ ਪਿੰਡ ਦੇ ਸਕੂਲ ਦਾਖ਼ਲ ਹੋਣ ਲਈ ਕਹਿ ਦਿੱਤਾ ਗਿਆ ਸੀ।
ਚੰਦਰਿਕਾ ਦੀ ਮਾਂ ਮਾਮੀ ਬੇਹੜਾ ਕਹਿੰਦੀ ਹਨ,''ਇੰਨੇ ਛੋਟੇ ਬੱਚੇ ਰੋਜ਼-ਰੋਜ਼ ਇੰਨਾ ਨਹੀਂ ਤੁਰ ਸਕਦੇ ਅਤੇ ਇੰਨੇ ਲੰਬੇ ਰਸਤੇ 'ਤੇ ਤੁਰਦਿਆਂ ਉਹ ਸਾਰੇ ਆਪਸ ਵਿੱਚ ਲੜਨ ਵੀ ਲੱਗਦੇ ਹਨ।'' ਉਹ ਇਸ ਪਾਸੇ ਧਿਆਨ ਦਵਾਉਂਦਿਆਂ ਕਹਿੰਦੀ ਹਨ,''ਅਸੀਂ ਗ਼ਰੀਬ ਮਜ਼ਦੂਰ ਹਾਂ। ਦੱਸੋ ਅਸੀਂ ਕੰਮ ਲੱਭਣ ਜਾਈਏ ਜਾਂ ਬੱਚਿਆਂ ਨੂੰ ਰੋਜ਼-ਰੋਜ਼ ਸਕੂਲ ਛੱਡਣ ਤੇ ਲੈਣ ਜਾਈਏ? ਸਰਕਾਰ ਨੂੰ ਸਾਡਾ ਆਪਣਾ ਸਕੂਲ ਹੀ ਦੋਬਾਰਾ ਖੋਲ੍ਹਣਾ ਚਾਹੀਦਾ ਹੈ।''
ਉਹ ਲਾਚਾਰੀ ਵਿੱਚ ਮੋਢੇ ਛੰਡਦੀ ਹਨ ਕਿ ਉਦੋਂ ਤੀਕਰ ਉਨ੍ਹਾਂ ਦੀ ਛੋਟੀ ਬੱਚੇ ਵਾਂਗਰ 6 ਤੋਂ 10 ਸਾਲ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹਿਣਗੇ ਹੀ। ਇਸ ਮਾਂ ਨੂੰ ਜਾਜਪੁਰ ਜ਼ਿਲ੍ਹੇ ਦੇ ਦਾਨਾਗੜੀ ਬਲਾਕ ਦੇ ਜੰਗਲਾਂ ‘ਚੋਂ ਲੰਘ ਕੇ ਸਕੂਲ ਜਾਂਦੇ ਇਨ੍ਹਾਂ ਬੱਚਿਆਂ ਦੇ ਅਗਵਾ ਕੀਤੇ ਜਾਣ ਜਾਂ ਲੁੱਟਖੋਹ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ।
ਆਪਣੇ ਬੇਟੇ ਜੋਗੀ ਵਾਸਤੇ ਮਾਮੀ ਨੇ ਔਖ਼ਿਆਂ ਹੋ ਕੇ ਪੁਰਾਣੇ ਸਾਈਕਲ ਦਾ ਬੰਦੋਬਸਤ ਕਰ ਦਿੱਤਾ ਹੈ। ਜੋਗੀ ਨੌਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਤੇ 6 ਕਿਲੋਮੀਟਰ ਦੂਰ ਪੈਂਦੇ ਕਿਸੇ ਦੂਜੇ ਸਕੂਲ ਪੜ੍ਹਦਾ ਹੈ। ਉਨ੍ਹਾਂ ਦੀ ਵੱਡੀ ਧੀ ਮੋਨੀ ਸੱਤਵੀਂ ਵਿੱਚ ਪੜ੍ਹਦੀ ਹੈ ਤੇ ਉਹਨੂੰ ਜਾਮੂਪਾਸੀ ਸਕੂਲ ਜਾਣ ਵਾਸਤੇ ਪੈਦਲ ਹੀ ਜਾਣਾ ਪੈਂਦਾ ਹੈ। ਛੋਟੀ ਚੰਦਰਿਕਾ ਘਰੇ ਹੀ ਰਹਿੰਦੀ ਹੈ।
''ਸਾਡੀ ਪੀੜ੍ਹੀ ਦੇ ਲੋਕਾਂ ਨੇ ਬੜੇ ਪੈਂਡੇ ਮਾਰੇ, ਚੜ੍ਹਾਈ ਚੜ੍ਹੀਆਂ ਤੇ ਆਪਣੀਆਂ ਦੇਹਾਂ ਗਾਲ਼-ਗਾਲ਼ ਕੇ ਕੰਮ ਕੀਤਾ। ਕੀ ਅਸੀਂ ਆਪਣੇ ਬੱਚਿਆਂ ਕੋਲ਼ੋਂ ਇਸ ਸਭ ਕਾਸੇ ਦੀ ਉਮੀਦ ਕਰ ਸਕਦੇ ਹਾਂ?'' ਮਾਮੀ ਪੁੱਛਦੀ ਹਨ।





















