ਸੋਹਣ ਸਿੰਘ ਟੀਟਾ ਦਾ ਕਦੇ ਹਾਰ ਨਾ ਮੰਨਣ ਵਾਲਾ ਰਵੱਈਆ ਧਰਤੀ ਉੱਤੇ ਅਤੇ ਪਾਣੀ ਵਿਚ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਕਰਦਾ ਹੈ। ਪਿੰਡ ਭੁੱਲੇ ਚੱਕ ਅਤੇ ਇਸਦੇ ਨੇੜੇ-ਤੇੜੇ ਦੀਆਂ ਸੜਕਾਂ ਉੱਤੇ, ਜਦੋਂ ਉਹ ਪੌਸ਼ਟਿਕ ਸਬਜ਼ੀਆਂ ਵੇਚਣ ਲਈ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਉਂਦੇ ਹਨ ਤਾਂ ਉਹ ਧੂੰਏ ਅਤੇ ਧੂੜ ਦੇ ਬੱਦਲਾਂ ਵਿਚੋਂ ਆ ਰਹੇ ਕਿਸੇ ਦੇਵਤੇ ਵਾਂਗ ਦਿਖਾਈ ਦਿੰਦੇ ਹਨ। ਪਰ ਉਹ ਆਪਣੀ ਗੋਤਾਖੋਰੀ ਦੀ ਮੁਹਾਰਤ ਦੇ ਕਾਰਨ ਇੱਥੇ ਪ੍ਰਸਿੱਧ ਹਨ। ਸੋਹਣ ਅਕਸਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਆਪਣੇ ਪਿੰਡ ਦੇ ਕੋਲ ਵਗਦੀਆਂ ਸਿੰਚਾਈ ਨਹਿਰਾਂ ਵਿਚ ਗੋਤਾ ਲਗਾ ਕੇ ਡੁੱਬਦੇ ਲੋਕਾਂ ਨੂੰ ਸੁਰੱਖਿਅਤ ਕੰਢੇ ਤੱਕ ਲਿਆਉਣ ਦਾ ਕੰਮ ਕਰਦੇ ਹਨ।

“ਲੋਕਾਂ ਨੂੰ ਡੁੱਬਣ ਤੋਂ ਬਚਾਉਣਾ ਅਸਲ ਵਿਚ ਮੇਰਾ ਕੰਮ ਨਹੀਂ ਹੈ। ਮੈਂ ਤਾਂ ਬੱਸ ਉਂਝ ਹੀ ਇਹ ਕੰਮ ਕਰਦਾ ਹਾਂ।” 42 ਵਰ੍ਹਿਆਂ ਦੇ ਸੋਹਣ ਕਹਿੰਦੇ ਹਨ, ਜੋ ਪਿਛਲੇ 20 ਵਰ੍ਹਿਆਂ ਤੋਂ ਇਹ ਕੰਮ ਕਰ ਰਹੇ ਹਨ। ਏਨੇ ਵਰ੍ਹਿਆਂ ਦੌਰਾਨ ਉਨ੍ਹਾਂ ਦੁਆਰਾ ਪਾਣੀ ਵਿਚੋਂ ਕੱਢੀਆਂ ਗਈਆਂ ਲਾਸ਼ਾਂ ਬਾਰੇ ਗੱਲ ਕਰਦਿਆਂ ਸੋਹਣ ਆਖਦੇ ਹਨ, “ਤੁਹਾਨੂੰ ਲੱਗਦਾ ਹੈ ਕਿ ‘ਪਾਣੀ ਹੀ ਜ਼ਿੰਦਗੀ ਹੈ’। ਪਰ ਮੈਂ ਹਜ਼ਾਰਾਂ ਵਾਰ ਉਹ ਮੰਜ਼ਰ ਵੀ ਦੇਖੇ ਹਨ ਜਦੋਂ ਅਸਲ ਵਿਚ ਪਾਣੀ ਦਾ ਮਤਲਬ ਮੌਤ ਸੀ।”

ਗੁਰਦਾਸਪੁਰ ਅਤੇ ਇਸਦੇ ਗੁਆਂਢੀ ਜ਼ਿਲ੍ਹੇ ਪਠਾਨਕੋਟ ਵਿਚ ਸੋਹਣ ਉਨ੍ਹਾਂ ਸ਼ੁਰੂਆਤੀ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਨਹਿਰ ਵਿਚ ਡਿੱਗੇ ਕਿਸੇ ਵਿਅਕਤੀ ਨੂੰ ਬਚਾਉਣ ਜਾਂ ਕੋਈ ਲਾਸ਼ ਨਹਿਰ ਵਿਚੋਂ ਬਾਹਰ ਕੱਢਣ ਲਈ ਬੁਲਾਇਆ ਜਾਂਦਾ ਹੈ। ਇਹ ਜਾਣਨ ਦੀ ਉਡੀਕ ਕੀਤੇ ਬਿਨਾਂ ਕਿ ਉਹ ਵਿਅਕਤੀ ਦੁਰਘਟਨਾ ਦੌਰਾਨ ਨਹਿਰ ਵਿਚ ਡਿੱਗਿਆ ਜਾਂ ਖ਼ੁਦਕੁਸ਼ੀ ਕਰਨ ਲਈ ਡਿੱਗਿਆ ਹੈ, ਸੋਹਣ ਕਹਿੰਦੇ ਹਨ, “ਜਿਉਂ ਹੀ ਮੈਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਨਹਿਰ ਵਿਚ ਡਿੱਗ ਗਿਆ ਹੈ, ਤਾਂ ਮੈਂ ਤੁਰੰਤ ਪਾਣੀ ਵਿਚ ਗੋਤਾ ਲਗਾ ਦਿੰਦਾ ਹਾਂ। ਮੈਂ ਸਿਰਫ਼ ਇਹ ਚਾਹੁੰਦਾ ਹੁੰਦਾ ਹਾਂ ਕਿ ਵਿਅਕਤੀ ਨੂੰ ਜਿਉਂਦਾ ਲੱਭ ਲਿਆ ਜਾਵੇ।” ਪਰ ਜੇਕਰ ਉਨ੍ਹਾਂ ਨੂੰ ਵਿਅਕਤੀ ਦੀ ਮ੍ਰਿਤਕ ਦੇਹ ਮਿਲਦੀ ਹੈ, “ਮੈਂ ਬੱਸ ਇਹੀ ਚਾਹੁੰਦਾ ਹੁੰਦਾ ਹਾਂ ਕਿ ਉਸ ਵਿਅਕਤੀ ਦੇ ਰਿਸ਼ਤੇਦਾਰ ਆਖ਼ਰੀ ਵਾਰ ਉਸਦਾ ਚਿਹਰਾ ਦੇਖ ਲੈਣ,” ਉਹ ਸ਼ਾਂਤੀ ਨਾਲ ਕਹਿੰਦੇ ਹਨ। ਉਨ੍ਹਾਂ ਦੀ ਇਸ ਗੱਲ ਵਿਚ ਹਜ਼ਾਰਾਂ ਮ੍ਰਿਤਕਾਂ ਦਾ ਦੁੱਖ ਨਜ਼ਰ ਆ ਰਿਹਾ ਹੁੰਦਾ ਹੈ।

ਸੋਹਣ ਹਰ ਮਹੀਨੇ ਨਹਿਰਾਂ ਵਿਚੋਂ ਘੱਟੋ-ਘੱਟ 2-3 ਲਾਸ਼ਾਂ ਬਾਹਰ ਕੱਢਦੇ ਹਨ। ਉਹ ਆਪਣੇ ਅਨੁਭਵ ਨੂੰ ਦਾਰਸ਼ਨਿਕ ਤਰੀਕੇ ਨਾਲ ਸਾਂਝਾ ਕਰਦੇ ਹਨ। ਉਹ ਕਹਿੰਦੇ ਹਨ, “ਜ਼ਿੰਦਗੀ ਇਕ ਤੇਜ਼ ਤੁਫ਼ਾਨ ਵਾਂਗ ਹੈ। ਇਹ ਕਿਸੇ ਚੱਕਰ ਵਾਂਗ ਹੈ ਜੋ ਇਕੋ ਸਮੇਂ ਸ਼ੁਰੂ ਅਤੇ ਖ਼ਤਮ ਹੁੰਦਾ ਹੈ।”

PHOTO • Amir Malik

ਸੋਹਣ ਸਿੰਘ ਟੀਟਾਸਬਜ਼ੀ ਵਾਲੀ ਰੇਹੜੀ ਨੂੰ ਆਪਣੇ ਮੋਟਰਸਾਈਕਲ ਨਾਲ ਜੋੜ ਲੈਂਦੇ ਹਨ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਭੁੱਲੇ ਚੱਕ ਪਿੰਡ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਬਜ਼ੀਆਂ ਵੇਚਦੇ ਹਨ

ਭੁੱਲੇ ਚੱਕ ਨੇੜੇ ਮੌਜੂਦ ਨਹਿਰਾਂ ਅੱਪਰ ਬਾਰੀ ਦੁਆਬ ਨਹਿਰ ਦੀਆਂ 247 ਸਹਾਇਕ ਨਹਿਰਾਂ ਦਾ ਹਿੱਸਾ ਹਨ। ਅੱਪਰ ਬਾਰੀ ਦੁਆਬ ਨਹਿਰ ਰਾਵੀ ਦਰਿਆ ਦੇ ਪਾਣੀ ਨੂੰ ਗੁਰਦਾਸਪੁਰ ਤੇ ਪਠਾਨਕੋਟ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਿਜਾਂਦੀ ਹੈ। ਇਤਿਹਾਸਕ ਤੌਰ ’ਤੇ ਮਹੱਤਵਪੂਰਨ ਇਹ ਨਹਿਰ ਉਸ ਨਹਿਰੀ ਪ੍ਰਬੰਧ ਦਾ ਹਿੱਸਾ ਹੈ ਜੋ ਰਾਵੀ ਅਤੇ ਬਿਆਸ ਦਰਿਆ ਦੇ ਵਿਚਾਲੇ ਪੈਣ ਵਾਲੇ ਬਾਰੀ ਦੁਆਬ ਖੇਤਰ ਨੂੰ ਪਾਣੀ ਪਹੁੰਚਾਉਂਦਾ ਹੈ (ਦੁਆਬ ਦਾ ਅਰਥ ਹੈ ਦੋ ਦਰਿਆਵਾਂ ਵਿਚਕਾਰਲਾ ਖੇਤਰ)।

ਵਰਤਮਾਨ ਨਹਿਰ ਦੀ ਉਤਪਤੀ ਆਪਣੇ ਪੁਰਾਣੇ ਰੂਪ ਭਾਵ ਉਸ ਪੁਰਾਣੀ ਨਹਿਰ ਵਿਚੋਂ ਹੋਈ ਹੈ ਜੋ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵੱਲੋਂ 17ਵੀਂ ਸਦੀ ਵਿਚ ਬਣਵਾਈ ਗਈ ਸੀ। ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ-ਕਾਲ ਵਿਚ ਇਸ ਨਹਿਰ ਦਾ ਵਿਸਤਾਰ ਕੀਤਾ ਗਿਆ, ਅਤੇ ਫਿਰ ਬਰਤਾਨਵੀ ਰਾਜ ਦੁਆਰਾ 19ਵੀਂ ਸਦੀ ਵਿਚ ਇਸਨੂੰ ਇਕ ਸਿੰਚਾਈ ਨਹਿਰ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ। ਅੱਜ-ਕੱਲ੍ਹ ਅੱਪਰ ਬਾਰੀ ਦੁਆਬ ਨਹਿਰ ਦੁਆਬਾ ਦੇ ਜ਼ਿਲ੍ਹਿਆਂ ਵਿਚੋਂ ਗੁਜ਼ਰਦੀ ਹੈ ਅਤੇ ਇਸ ਨਾਲ ਲਗਭਗ 5.73 ਲੱਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ ਹੈ।

ਭੁੱਲੇ ਚੱਕ ਪਿੰਡ ਦੇ ਲੋਕ ਇਸਨੂੰ ‘ਵੱਡੀ ਨਹਿਰ’ ਆਖਦੇ ਹਨ। ਇਸ ਨਹਿਰ ਨੇੜੇ ਹੀ ਪਲੇ-ਵਧੇ ਹੋਣ ਕਾਰਨ ਸੋਹਣ ਲਈ ਇਨ੍ਹਾਂ ਨਹਿਰਾਂ ਦੇ ਆਲੇ-ਦੁਆਲੇ ਸਮਾਂ ਗੁਜ਼ਾਰਨਾ ਸੁਭਾਵਿਕ ਹੀ ਸੀ। ਉਹ ਕਹਿੰਦੇ ਹਨ, “ਮੈਂ ਆਪਣੇ ਦੋਸਤਾਂ ਨਾਲ ਇਨ੍ਹਾਂ ਨਹਿਰਾਂ ਵਿਚ ਤੈਰਦਾ ਹੁੰਦਾ ਸਾਂ। ਅਸੀਂ ਬੱਚੇ ਸੀ ਅਤੇ ਸਾਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਨਹਿਰਾਂ ਤੇ ਪਾਣੀ ਦਾ ਵਹਿਣ ਕਿੰਨੇ ਜਾਨਲੇਵਾ ਹਨ।”

2002 ਵਿਚ ਉਹ ਪਹਿਲੀ ਵਾਰ ਇਕ ਲਾਸ਼ ਲੱਭਣ ਲਈ ਨਹਿਰ ਵਿਚ ਉੱਤਰੇ। ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਨਹਿਰ ਵਿਚ ਡੁੱਬੇ ਕਿਸੇ ਵਿਅਕਤੀ ਨੂੰ ਲੱਭਣ ਲਈ ਕਿਹਾ ਸੀ। ਉਹ ਕਹਿੰਦੇ ਹਨ, “ਮੈਂ ਲਾਸ਼ ਲੱਭ ਲਈ ਅਤੇ ਇਸਨੂੰ ਕਿਨਾਰੇ ਤੱਕ ਲਿਆਇਆ। ਇਹ ਲਾਸ਼ ਇਕ ਮੁੰਡੇ ਦੀ ਸੀ। ਜਿਉਂ ਹੀ ਮੈਂ ਉਸਦੀ ਲਾਸ਼ ਨੂੰ ਆਪਣੇ ਹੱਥਾਂ ਨਾਲ ਫੜਿਆ, ਤਾਂ ਪਾਣੀ ਨਾਲ ਮੇਰਾ ਰਿਸ਼ਤਾ ਹਮੇਸ਼ਾ ਲਈ ਹੀ ਬਦਲ ਗਿਆ। ਹੁਣ ਮੈਨੂੰ ਪਾਣੀ ਅਤੇ ਆਪਣਾ ਦਿਲ ਭਾਰੀ-ਭਾਰੀ ਮਹਿਸੂਸ ਹੋ ਰਿਹਾ ਸੀ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਪਾਣੀ ਦਾ ਹਰੇਕ ਸ੍ਰੋਤ – ਨਦੀ, ਨਹਿਰ, ਸਮੁੰਦਰ, ਮਹਾਂਸਾਗਰ– ਕੁਰਬਾਨੀ ਮੰਗਦਾ ਹੈ। ਇਹ ਜ਼ਿੰਦਗੀ ਦੀ ਕੁਰਬਾਨੀ ਮੰਗਦਾ ਹੈ। ਕੀ ਤੁਹਾਨੂੰ ਨਹੀਂ ਇੰਜ ਲੱਗਦਾ?”

ਬਟਾਲਾ, ਮੁਕੇਰੀਆਂ, ਪਠਾਨਕੋਟ ਅਤੇ ਤਿਬੜੀ, ਸਾਰੇ ਉਨ੍ਹਾਂ ਦੇ ਪਿੰਡ ਦੇ ਲਗਭਗ 50 ਕਿਲੋਮੀਟਰ ਦੇ ਦਾਇਰੇ ਵਿਚ ਹਨ ਅਤੇ ਇੱਥੋਂ ਦੇ ਲੋਕ ਉਨ੍ਹਾਂ ਕੋਲ ਮਦਦ ਲੈਣ ਲਈ ਪਹੁੰਚਦੇ ਹਨ। ਜੇਕਰ ਸੋਹਣ ਨੂੰ ਕਿਸੇ ਦੂਰ-ਦੁਰਾਡੇ ਦੀਆਂ ਥਾਂਵਾਂ ਉੱਤੇ ਬੁਲਾਇਆ ਜਾਂਦਾ ਹੈ ਤਾਂ ਲੋਕ ਉਨ੍ਹਾਂ ਨੂੰ ਕਿਸੇ ਦੋ-ਪਹੀਆ ਸਾਧਨ ਉੱਤੇ ਲੈ ਜਾਂਦੇ ਹਨ। ਨਹੀਂ ਤਾਂ ਉਹ ਸਬਜ਼ੀ ਵਾਲੀ ਰੇਹੜੀ ਨਾਲ ਆਪਣੇ ਮੋਟਰਸਾਇਕਲ ਉੱਤੇ ਹੀ ਘਟਨਾ ਵਾਲੀ ਥਾਂ ਪਹੁੰਚ ਜਾਂਦੇ ਹਨ।

PHOTO • Amir Malik
PHOTO • Amir Malik

ਖੱਬੇ: ਸੋਹਣ ਦੀ ਆਮਦਨ ਦਾ ਇਕਲੌਤਾ ਸਰੋਤ ਸਬਜ਼ੀਆਂ ਵੇਚਣਾ ਹੈ। ਸੱਜੇ : ਭੁੱਲੇ ਚੱਕ ਪਿੰਡ ਤੋਂ ਲਗਭਗ ਦੋ ਕਿਲੋਮੀਟਰ ਦੂਰ ਤਿਬੜੀ ਵਿਚ ਅੱਪਰ ਬਾਰੀ ਦੁਆਬ ਨਹਿਰ

ਸੋਹਣ ਦੱਸਦੇ ਹਨ ਕਿ ਕਈ ਵਾਰ ਡੁੱਬਣ ਤੋਂ ਬਚਾਏ ਗਏ ਵਿਅਕਤੀ ਜਾਂ ਮ੍ਰਿਤਕ ਦੇ ਰਿਸ਼ਤੇਦਾਰ ਮੈਨੂੰ 5,000-7,000 ਰੁਪਏ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਰ ਸੋਹਣ ਪੈਸੇ ਲੈਣਾ ਪਸੰਦ ਨਹੀਂ ਕਰਦੇ। ਪੂਰਾ ਦਿਨ ਸਬਜ਼ੀਆਂ ਵੇਚ ਕੇ ਉਹ 200 ਤੋਂ ਲੈ ਕੇ 400 ਰੁਪਏ ਤੱਕ ਕਮਾਉਂਦੇ ਹਨ, ਇਹੀ ਉਨ੍ਹਾਂ ਦੀ ਇਕੋ-ਇਕ ਆਮਦਨ ਹੈ। ਉਨ੍ਹਾਂ ਕੋਲ ਜ਼ਮੀਨ ਵੀ ਨਹੀਂ ਹੈ। ਅੱਠ ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹੁਣ ਉਹ ਆਪਣੀ 13 ਵਰ੍ਹਿਆਂ ਦੀ ਧੀ ਨਾਲ ਰਹਿੰਦੇ ਹਨ, ਅਤੇ ਆਪਣੀ 62 ਵਰ੍ਹਿਆਂ ਦੀ ਮਾਂ ਦੀ ਦੇਖ-ਭਾਲ ਵੀ ਕਰਦੇ ਹਨ।

ਸੋਹਣ ਕਹਿੰਦੇ ਹਨ ਕਿ ਕਦੇ-ਕਦੇ ਤਾਂ ਅਜਿਹਾ ਖ਼ਤਰਾ ਪੈਦਾ ਹੋ ਜਾਂਦਾ ਹੈ ਜਿਸਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਉਹ ਤਿੰਨ ਸਾਲ ਪਹਿਲਾਂ ਹੋਈ ਇਕ ਘਟਨਾ ਨੂੰ ਯਾਦ ਕਰਦੇ ਹਨ, ਜਦੋਂ ਤਿਬੜੀ (ਭੁੱਲੇ ਚੱਕ ਤੋਂ ਲਗਭਗ ਦੋ ਕਿਲੋਮੀਟਰ ਦੂਰ) ਵਿਚ ਇਕ ਔਰਤ ਨੂੰ ਨਹਿਰ ਵਿਚ ਛਾਲ ਮਾਰਦੀ ਦੇਖ ਉਨ੍ਹਾਂ ਨੇ ਖ਼ੁਦ ਵੀ ਤੁਰੰਤ ਨਹਿਰ ਵਿਚ ਛਾਲ ਮਾਰ ਦਿੱਤੀ। ਸੋਹਣ ਦੱਸਦੇ ਹਨ, “ਉਸ ਔਰਤ ਦੀ ਉਮਰ 40 ਵਰ੍ਹਿਆਂ ਤੋਂ ਵੱਧ ਸੀ। ਉਹ ਮੈਨੂੰ ਖ਼ੁਦ ਨੂੰ ਬਚਾਉਣਨਹੀਂ ਦੇ ਰਹੀ ਸੀ। ਉਸ ਔਰਤ ਨੇ ਮੈਨੂੰ ਫੜਿਆ ਅਤੇ ਹੇਠਾਂ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।” ਜਾਨ ਬਚਾਉਣ ਦੇ ਸੰਘਰਸ਼ ਦੇ ਉਨ੍ਹਾਂ 15-20 ਮਿੰਟਾਂ ਦੌਰਾਨ ਆਖ਼ਰ ਸੋਹਣ ਨੇ ਉਸ ਔਰਤ ਨੂੰ ਵਾਲਾਂ ਤੋਂ ਫੜਿਆਅਤੇ ਬਾਹਰ ਖਿੱਚ ਲਿਆਂਦਾ। “ਉਦੋਂ ਤੱਕ, ਉਹ ਬੇਹੋਸ਼ ਹੋ ਗਈ ਸੀ।”

ਸੋਹਣ ਦੀ ਮੁਹਾਰਤ ਇਹ ਹੈ ਕਿ ਉਹ ਲੰਮੇ ਸਮੇਂ ਤੱਕ ਪਾਣੀ ਵਿਚ ਆਪਣਾ ਸਾਹ ਰੋਕ ਕੇ ਰੱਖ ਸਕਦੇ ਹਨ। “ਵੀਹ-ਤੀਹ ਸਾਲ ਦੀ ਉਮਰ ਵਿਚ ਮੈਂ ਪਾਣੀ ਅੰਦਰ ਚਾਰ ਮਿੰਟ ਤੱਕ ਵੀ ਆਪਣਾ ਸਾਹ ਰੋਕ ਕੇ ਰੱਖ ਸਕਦਾ ਸੀ। ਹੁਣ ਇਹ ਘਟ ਕੇ ਤਿੰਨ ਮਿੰਟ ਤੱਕ ਰਹਿ ਗਿਆ ਹੈ।” ਪਰ ਉਹ ਆਕਸੀਜਨ ਸਲੰਡਰ ਦੀ ਵਰਤੋਂ ਨਹੀਂ ਕਰਦੇ। “ਇਹ ਮੈਨੂੰ ਕਿੱਥੇ ਮਿਲੇਗਾ? ਉਹ ਵੀ ਐਮਰਜੈਂਸੀ ਵਿਚ?” ਉਹ ਪੁੱਛਦੇ ਹਨ।

ਜ਼ਿਲ੍ਹਾ ਅਪਰਾਧ ਰਿਕਾਰਡ ਬਿਊਰੋ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰਰਜਿੰਦਰ ਕੁਮਾਰ ਕਹਿੰਦੇ ਹਨ ਕਿ 2020 ਵਿਚ ਗੁਰਦਾਸਪੁਰ ਵਿਚ ਅੱਪਰ ਬਾਰੀ ਦੁਆਬ ਨਹਿਰ ਵਿਚੋਂ ਚਾਰ ਲਾਸ਼ਾਂ ਬਰਾਮਦ ਕਰਨ ਲਈ ਪੁਲਿਸ ਨੂੰ ਗੋਤਾਖੋਰਾਂ ਦੀ ਮਦਦ ਲੈਣੀ ਪਈ। 2021 ਵਿਚ, ਗੋਤਾਖੋਰਾਂ ਨੇ ਪੁਲਿਸ ਦੀ ਮਦਦ ਕਰਦਿਆਂ ਪੰਜ ਲਾਸ਼ਾਂ ਨਹਿਰ ਵਿਚੋਂ ਕੱਢੀਆਂ ਸਨ। ਇਨ੍ਹਾਂ ਮਾਮਲਿਆਂ ਵਿਚ, ਦੰਡ ਪ੍ਰਕਿਰਿਆ ਸੰਹਿਤਾ (ਸੀਆਰਪੀਸੀ) ਦੀ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਤਹਿਤ ਪੁਲਿਸ ਇਹ ਜਾਂਚ ਕਰਦੀ ਹੈ ਕਿ ਮੌਤ ਖ਼ੁਦਕੁਸ਼ੀ ਜਾਂ ਕਤਲ ਦੇ ਕਾਰਨ ਹੋਈ ਸੀ, ਜਾਂ ਇਹ ਦੁਰਘਟਨਾ ਸੀ, ਜਾਂ ਕੋਈ ਸ਼ੱਕੀ ਹਾਲਾਤ ਸਨ।

ਸਬ-ਇੰਸਪੈਕਟਰ ਕਹਿੰਦੇ ਹਨ, “ਲੋਕ ਖ਼ੁਦਕੁਸ਼ੀ ਕਰਨ ਲਈ ਦਰਿਆਵਾਂ ਅਤੇ ਨਹਿਰਾਂ ਵਿਚ ਛਾਲ ਮਾਰ ਦਿੰਦੇ ਹਨ। ਕਈ ਵਾਰ, ਉਹ ਨਹਾਉਣ ਲਈ ਚਲੇ ਜਾਂਦੇ ਹਨ ਪਰ ਤੈਰਨਾ ਨਹੀਂ ਜਾਣਦੇ ਹੁੰਦੇ ਅਤੇ ਇਸੇ ਦੌਰਾਨ ਜਾਨ ਗੁਆ ਦਿੰਦੇ ਹਨ। ਕਈ ਵਾਰ ਉਹ ਕਿਨਾਰੇ ਤੋਂ ਤਿਲਕ ਜਾਂਦੇ ਹਨ ਅਤੇ ਡੁੱਬ ਜਾਂਦੇ ਹਨ। ਸਾਡੇ ਕੋਲ ਹਾਲ ਹੀ ਦੇ ਦਿਨਾਂ ਵਿਚ ਡੋਬ ਕੇ ਮਾਰੇ ਗਏ ਕਿਸੇ ਵਿਅਕਤੀ ਦਾ ਕੋਈ ਰਿਕਾਰਡ ਨਹੀਂ ਹੈ,”ਰਜਿੰਦਰ ਕੁਮਾਰ ਕਹਿੰਦੇ ਹਨ।

PHOTO • Amir Malik

ਹਿੰਦੀ ਦੇ ਇਕ ਅਖ਼ਬਾਰ ਵਿਚ ਸੋਹਣ ਸਿੰਘ ਟੀਟਾ ਦੀ ਪ੍ਰੋਫਾਈਲ (ਰੇਖਾ-ਚਿੱਤਰ)। ਉਹ ਕਹਿੰਦੇ ਹਨ ਕਿ ਉਸਦੇ ਕੰਮ ਬਾਰੇ ਪਤਾ ਹੋਣ ਦੇ ਬਾਵਜੂਦ, ਸਰਕਾਰ ਨੇ ਹੁਣ ਤੱਕ ਗੋਤਾਖੋਰਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਹੈ

2020 ਵਿਚ ਗੁਰਦਾਸਪੁਰ ਵਿਚ ਅੱਪਰ ਬਾਰੀ ਦੁਆਬ ਨਹਿਰ ਵਿਚੋਂ ਚਾਰ ਲਾਸ਼ਾਂ ਬਰਾਮਦ ਕਰਨ ਲਈ ਪੁਲਿਸ ਨੂੰ ਗੋਤਾਖੋਰਾਂ ਦੀ ਮਦਦ ਲੈਣੀ ਪਈ

ਸੋਹਣ ਦੱਸਦੇ ਹਨ ਕਿ ਇਨ੍ਹਾਂ ਨਹਿਰਾਂ ਵਿਚ ਸਭ ਤੋਂ ਵੱਧ ਮੌਤਾਂ ਗਰਮੀਆਂ ਵਿਚ ਹੁੰਦੀਆਂ ਹਨ। ਉਹ ਕਹਿੰਦੇ ਹਨ, “ਪਿੰਡਾਂ ਦੇ ਲੋਕ ਤਿੱਖੀ ਗਰਮੀ ਤੋਂ ਬਚਣ ਲਈ ਨਹਿਰਾਂ ਵਿਚ ਨਹਾਉਣ ਜਾਂਦੇ ਹਨ ਅਤੇ ਗ਼ਲਤੀ ਨਾਲ ਡੁੱਬ ਜਾਂਦੇ ਹਨ। ਲਾਸ਼ ਤੈਰਦੀਆਂ ਹਨ, ਅਤੇ ਇਨ੍ਹਾਂ ਨੂੰ ਨਹਿਰ ਵਿਚ ਲੱਭਣਾ ਮੁਸ਼ਕਲ ਹੁੰਦਾ ਹੈ। ਇਸ ਲਈ, ਮੈਨੂੰ ਪਾਣੀ ਦੇ ਵਹਿਣ ਮੁਤਾਬਕ ਵੱਖ-ਵੱਖ ਥਾਂ ’ਤੇ ਨਜ਼ਰ ਰੱਖਣੀ ਪੈਂਦੀ ਹੈ। ਇਹ ਇਕ ਜੋਖ਼ਮ ਭਰਿਆ ਕੰਮ ਹੈ ਜਿੱਥੇ ਮੈਂ ਆਪਣੀ ਜਾਨ ਖ਼ਤਰੇ ਵਿਚ ਪਾ ਦਿੰਦਾ ਹਾਂ।”

ਖ਼ਤਰਿਆਂ ਦੇ ਬਾਵਜੂਦ, ਸੋਹਣ ਨੇ ਇਹ ਕੰਮ ਕਰਨਾ ਜਾਰੀ ਰੱਖਿਆ ਹੈ। ਉਹ ਕਹਿੰਦੇ ਹਨ, “ਜਦੋਂ ਕਦੇ ਵੀ ਮੈਂ ਲਾਸ਼ ਲੱਭਣ ਲਈ ਪਾਣੀ ਵਿਚ ਗੋਤਾ ਲਾਇਆ ਹੈ ਤਾਂ ਮੈਂ ਕਦੇ ਵੀ ਇਸ ਕੰਮ ਵਿਚ ਅਸਫਲ ਨਹੀਂ ਹੋਇਆ। ਮੈਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਵੇਗੀ ਜੋ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਦੇ ਹਨ। ਸਰਕਾਰ ਦਾ ਇਹ ਕਦਮ ਮੇਰੇ ਵਰਗੇ ਲੋਕਾਂ ਦੀ ਮਦਦ ਕਰੇਗਾ।”

“ਮੇਰੇ ਪਿੰਡ ਵਿਚ ਇਕ ਦਰਜਨ ਤੋਂ ਵੱਧ ਗੋਤਾਖੋਰ ਹਨ,” ਸੋਹਣ ਕਹਿੰਦੇ ਹਨ, ਜੋ ਲੁਬਾਣਾ ਸਿੱਖ ਬਰਾਦਰੀ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਨੂੰ ਪੰਜਾਬ ਵਿਚ ਪਛੜੀ ਸ਼੍ਰੇਣੀ ਵਜੋਂ ਸੂਚੀਬੱਧ ਕੀਤਾ ਗਿਆ ਹੈ। “ਸਰਕਾਰ ਤਾਂ ਇਸਨੂੰ ਕੰਮ ਵਜੋਂ ਹੀ ਨਹੀਂ ਦੇਖਦੀ, ਇਸ ਕੰਮ ਲਈ ਮਿਹਨਤਾਨਾ ਦੇਣਾ ਤਾਂ ਦੂਰ ਦੀ ਗੱਲ ਹੈ,” ਉਹ ਗੁੱਸੇ ਵਿਚ ਕਹਿੰਦੇ ਹਨ।

ਜਦੋਂ ਕਿਸੇ ਲਾਸ਼ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਤਾਂ ਘੱਟੋ-ਘੱਟ ਚਾਰ-ਪੰਜ ਹੋਰ ਗੋਤਾਖੋਰ ਸੋਹਣ ਦਾ ਸਾਥ ਦਿੰਦੇ ਹਨ। 23 ਵਰ੍ਹਿਆਂ ਦੇ ਗਗਨਦੀਪ ਸਿੰਘ ਇਨ੍ਹਾਂ ਵਿਚੋਂ ਇਕ ਹਨ। ਉਹ ਵੀ ਲੁਬਾਣਾ ਸਿੱਖ ਬਰਾਦਰੀ ਨਾਲ ਹੀ ਸੰਬੰਧ ਰੱਖਦੇ ਹਨ। ਉਨ੍ਹਾਂ ਨੇ ਪਹਿਲੀ ਵਾਰ 2019 ਵਿਚ ਇਕ ਲਾਸ਼ ਲੱਭਣ ਲਈ ਸੋਹਣ ਦਾ ਸਾਥ ਦਿੱਤਾ। ਗਗਨਦੀਪ ਯਾਦ ਕਰਦੇ ਹਨ, “ਜਦੋਂ ਮੈਂ ਪਹਿਲੀ ਵਾਰ ਇਕ ਲਾਸ਼ ਲੱਭਣ ਲਈ ਪਾਣੀ ਵਿਚ ਉੱਤਰਿਆ ਤਾਂ ਮੈਂ ਬਹੁਤ ਡਰਿਆ ਹੋਇਆ ਸੀ। ਮੈਂ ਆਪਣੇ ਡਰ ਦੂਰ ਕਰਨ ਲਈ ਵਾਹਿਗੁਰੂ-ਵਾਹਿਗੁਰੂ ਜਪਦਾ ਰਿਹਾ।”

PHOTO • Amir Malik
PHOTO • Amir Malik

ਖੱਬੇ : ਸੋਹਣ ਪਿਛਲੇ 20 ਵਰ੍ਹਿਆਂ ਤੋਂ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਨਹਿਰਾਂ ਵਿਚ ਗੋਤਾਖੋਰੀ ਕਰ ਰਹੇ ਹਨ। ਸੱਜੇ : ਗਗਨਦੀਪ ਨੇ 2019 ਵਿਚ ਸੋਹਣ ਦਾ ਸਾਥ ਦੇਣ ਸ਼ੁਰੂ ਕੀਤਾ

10 ਵਰ੍ਹਿਆਂ ਦੇ ਇਕ ਮੁੰਡੇ ਦੀ ਲਾਸ਼ ਨੂੰ ਲੱਭਣ ਦੇ ਕੰਮ ਨੇ ਉਨ੍ਹਾਂ ਨੂੰ ਅੰਦਰ ਤੱਕ ਡਰਾ ਦਿੱਤਾ ਸੀ। ਗਗਨਦੀਪ ਕਹਿੰਦੇ ਹਨ, “ਉਹ ਮੁੰਡਾ ਨੇੜਲੇ ਪਿੰਡ ਘੋਟ ਪੋਖਰ ਦਾ ਰਹਿਣ ਵਾਲਾ ਸੀ। ਉਸਦੀ ਮਾਂ ਨੇ ਉਸਨੂੰ ਪੱਬ-ਜੀ ਖੇਡਣ ਕਰਕੇ ਘੂਰਿਆ ਅਤੇ ਪੜ੍ਹਾਈ ਨਾ ਕਰਕੇ ਥੱਪੜ ਮਾਰ ਦਿੱਤਾ ਤਾਂ ਉਸ ਮੁੰਡੇ ਨੇ ਇੱਥੇਗਾਜ਼ੀਕੋਟ ਆ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਉਹ ਨਹਿਰ ਕੋਲ ਗਿਆ ਤੇ ਛਾਲ ਮਾਰ ਦਿੱਤੀ।”

ਉਨ੍ਹਾਂ ਨਾਲ ਦੋ ਹੋਰ ਗੋਤਾਖੋਰ ਸਨ। ਉਨ੍ਹਾਂ ਵਿਚੋਂ ਇਕ, ਜੋ ਭੁੱਲੇ ਚੱਕ ਤੋਂ ਲਗਭਗ 20 ਕਿਲੋਮੀਟਰ ਦੂਰ ਪਿੰਡ ਧਾਰੀਵਾਲ ਤੋਂ ਆਇਆ ਸੀ, ਆਕਸੀਜਨ ਸਲੰਡਰ ਨਾਲ ਲਿਆਇਆ ਸੀ। ਗਗਨਦੀਪ ਆਖਦੇ ਹਨ, “ਉਸਨੇ ਮੈਨੂੰ ਉਹ ਸਲੰਡਰ ਦਿੱਤਾ ਅਤੇ ਮੈਂ ਇਹ ਸਲੰਡਰ ਲੈ ਕੇ ਪਾਣੀ ਵਿਚ ਉੱਤਰ ਗਿਆ। ਮੈਂ ਲਗਭਗ ਦੋ ਘੰਟਿਆਂ ਤੱਕ ਪਾਣੀ ਵਿਚ ਰਿਹਾ। ਫਿਰ, ਪੂਰਾ ਦਿਨ ਲੱਭਣ ਤੋਂ ਬਾਅਦ, ਸਾਨੂੰ ਉਸ ਮੁੰਡੇ ਦੀ ਲਾਸ਼ ਪੁਲ ਹੇਠਾਂ ਫਸੀ ਹੋਈ ਮਿਲੀ, ਲਾਸ਼ ਫੁੱਲੀ ਪਈ ਸੀ... ਬਹੁਤ ਸੋਹਣਾ ਮੁੰਡਾ ਸੀ। ਉਸਦੇ ਪਰਿਵਾਰ ਵਿਚ ਉਸਦੇ ਮਾਂ-ਪਿਉ ਅਤੇ ਦੋ ਭੈਣਾਂ ਹਨ।” ਗਗਨਦੀਪ, ਜੋ ਖ਼ੁਦ ਇਹ ਆਨਲਾਈਨਗੇਮ ਖੇਡਦੇ ਸਨ, ਨੇ ਇਸ ਹਾਦਸੇ ਤੋਂ ਬਾਅਦ ਇਹ ਖੇਡਣੀ ਬੰਦ ਕਰ ਦਿੱਤੀ। “ਮੇਰੇ ਫ਼ੋਨ ਵਿਚ ਪੱਬ-ਜੀ ਹੈ ਪਰ ਮੈਂ ਹੁਣ ਇਹ ਖੇਡਦਾ ਨਹੀਂ ਹਾਂ।”

ਹੁਣ ਤੱਕ ਗਗਨਦੀਪ ਨੇ ਨਹਿਰਾਂ ਵਿਚੋਂ ਤਿੰਨ ਲਾਸ਼ਾਂ ਬਾਹਰ ਕੱਢੀਆਂ ਹਨ। ਉਹ ਕਹਿੰਦੇ ਹਨ, “ਮੈਂ ਇਸ ਕੰਮ ਲਈ ਕੋਈ ਪੈਸਾ ਨਹੀਂ ਲੈਂਦਾ। ਬੇਸ਼ੱਕ ਲੋਕ ਪੈਸਿਆਂ ਦੀ ਪੇਸ਼ਕਸ਼ ਕਰਦੇ ਹਨ, ਪਰ ਮੈਂ ਮਨ੍ਹਾਂ ਕਰ ਦਿੰਦਾ ਹਾਂ।”ਫ਼ੌਜ ਵਿਚ ਭਰਤੀ ਹੋਣ ਦੀ ਤਿਆਰੀ ਕਰਨ ਵਾਲੇ ਗਗਨਦੀਪ ਆਪਣੇ ਮਾਂ-ਪਿਉ ਨਾਲ ਦੋ ਕਮਰਿਆਂ ਦੇ ਇਕ ਘਰ ਵਿਚ ਰਹਿੰਦੇ ਹਨ। ਉਹ ਇਕ ਸਥਾਨਕ ਗੈਸ ਏਜੰਸੀ ਵਿਚ ਕੰਮ ਕਰਕੇ 6,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ, ਜਿੱਥੇ ਉਹ ਲੋਕਾਂ ਦੇ ਘਰਾਂ ਤੱਕ ਗੈਸ ਸਲੰਡਰ ਪਹੁੰਚਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਕੋਲ ਇਕ ਏਕੜ ਜ਼ਮੀਨ ਹੈ ਜਿੱਥੇ ਉਹ ਕਣਕ ਅਤੇ ਹਰਾ-ਚਾਰਾ ਉਗਾਉਂਦੇ ਹਨ, ਅਤੇ ਇਸ ਤੋਂ ਇਲਾਵਾ ਕੁਝ ਬੱਕਰੀਆਂ ਪਾਲਦੇ ਹਨ। ਉਨ੍ਹਾਂ ਦੇ ਪਿਤਾ, ਜੋ ਲਗਭਗ 60 ਵਰ੍ਹਿਆਂ ਦੇ ਹਨ, ਕੋਲ ਇਕ ਆਟੋ-ਰਿਕਸ਼ਾ ਹੈ, ਜਿਸਨੂੰ ਕਦੇ-ਕਦਾਈਂ ਗਗਨਦੀਪ ਵੀ ਚਲਾਉਂਦੇ ਹਨ।

ਇਨ੍ਹਾਂ ਗੋਤਾਖੋਰਾਂ ਨੂੰ ਨਹਿਰਾਂ ਵਿਚ ਖਿੱਲਰੇ ਕੂੜੇ ਦੇ ਢੇਰਾਂ ’ਚੋਂ ਗੁਜ਼ਰਨ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਲਾਸ਼ਾਂ ਦੀ ਤਲਾਸ਼ ਵਿਚ ਘੰਟਿਆਂ-ਬੱਧੀ ਸੰਘਰਸ਼ ਕਰਨਾ ਪੈਂਦਾ ਹੈ।

2020 ਵਿਚ ਇਕ ਵਾਰ ਪੁਲਿਸ ਨੇ ਗਗਨਦੀਪ ਨੂੰ 19 ਵਰ੍ਹਿਆਂ ਦੇ ਇਕ ਮੁੰਡੇ ਦੀ ਲਾਸ਼ ਕੱਢਣ ਲਈ ਬੁਲਾਇਆ, ਜੋ ਧਾਰੀਵਾਲ ਪਿੰਡ ਵਿਚ ਨਹਿਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਡੁੱਬ ਗਿਆ ਸੀ। ਉਹ ਯਾਦ ਕਰਦੇ ਹਨ, “ਮੈਂ ਉਸ ਦੇ ਡੁੱਬ ਜਾਣ ਤੋਂ ਕੁਝ ਘੰਟਿਆਂ ਬਾਅਦ ਉੱਥੇ ਪਹੁੰਚਿਆ। ਮੈਂ ਸਵੇਰੇ 10 ਵਜੇ ਤੋਂ ਉਸਦੀ ਲਾਸ਼ ਨੂੰ ਲੱਭਣਾ ਸ਼ੁਰੂ ਕੀਤਾ ਪਰ ਸ਼ਾਮ ਦੇ 4 ਵਜੇ ਤੱਕ ਨਹੀਂ ਲੱਭ ਸਕਿਆ।”ਫਿਰ ਗਗਨਦੀਪ ਨੂੰ ਨਹਿਰ ਦੀ ਕੰਧ ਦੇ ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਇਕ ਰੱਸੀ ਬੰਨ੍ਹਣੀ ਪਈ, ਅਤੇ ਇਸਦੇ ਨਾਲ ਹੀ ਤਿੰਨ ਬੰਦਿਆਂ ਦੀ ਇਕ ਮਨੁੱਖ ਲੜੀ ਬਣਾਈ। ਉਨ੍ਹਾਂ ਸਾਰਿਆਂ ਨੇ ਇਕੋ ਸਮੇਂ ਗੋਤਾ ਲਾਇਆ। ਗਗਨਦੀਪ ਕਹਿੰਦੇ ਹਨ, “ਉਸ ਮੁੰਡੇ ਦੀ ਲਾਸ਼ ਲੱਭਣਾ ਸਭ ਤੋਂ ਮੁਸ਼ਕਲ ਸੀ, ਕਿਉਂਕਿ ਉੱਥੇ ਬਹੁਤ ਸਾਰਾ ਕੂੜਾ ਫੈਲਿਆ ਹੋਇਆ ਸੀ। ਇਕ ਵੱਡੇ ਸਾਰੇ ਪੱਥਰ ਨੇ ਲਾਸ਼ ਨੂੰ ਹਿੱਲਣ-ਜੁੱਲਣ ਤੋਂ ਰੋਕ ਰੱਖਿਆ ਸੀ।”

PHOTO • Amir Malik

ਤਿਬੜੀ ਵਿਖੇ ਪੁਲ ’ਤੇ ਖੜ੍ਹੇ ਗਗਨਦੀਪ ਨਹਿਰ ਨੂੰ ਦੇਖਦੇ ਹੋਏ। 'ਕਦੇ-ਕਦੇ ਮੈਂ ਖ਼ੁਦ ਨੂੰ ਪੁੱਛਦਾ ਹਾਂ ਕਿ ਮੈਂ ਇਹ ਕੀ ਕਰ ਰਿਹਾ ਹਾਂ...ਪਰ ਮੈਂ ਇਹ ਕੰਮ ਛੱਡਣ ਬਾਰੇ ਨਹੀਂ ਸੋਚਦਾ'

ਉਨ੍ਹਾਂ ਨੇ ਇਸ ਕੰਮ ਰਾਹੀਂ ਭੌਤਿਕ ਵਿਗਿਆਨ ਦੇ ਕਈ ਨਿਯਮਾਂ ਨੂੰ ਸਿੱਖਿਆ ਹੈ। ਗਗਨਦੀਪ 2021 ਵਿਚ ਤਿਬੜੀ ਨਹਿਰ ’ਚੋਂ 16 ਵਰ੍ਹਿਆਂ ਦੇ ਇਕ ਮੁੰਡੇ ਦੀ ਲਾਸ਼ ਕੱਢਣ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਕਹਿੰਦੇ ਹਨ, “ਮ੍ਰਿਤਕ ਦੇਹਾਂ ਨੂੰ ਪਾਣੀ ਦੀ ਸਤ੍ਹਾ ’ਤੇ ਆਉਣ ਵਿਚ ਘੱਟੋ-ਘੱਟ 72 ਘੰਟੇ ਲੱਗਦੇ ਹਨ। ਅਤੇ ਫਿਰ ਇਹ ਲਾਸ਼ਾਂ ਅੱਗੇ ਤੈਰਨ ਲੱਗਦੀਆਂ ਹਨ। ਮੰਨ ਲਓ ਕੋਈ ਵਿਅਕਤੀ ਬਿੰਦੂ ‘ੳ’’ਤੇ ਖੜ੍ਹ ਕੇ ਪਾਣੀ ਵਿਚ ਛਾਲ ਮਾਰਦਾ ਹੈ ਤਾਂ ਉਸਦੀ ਲਾਸ਼ ਉੱਥੇ ਹੀ ਨਹੀਂ ਮਿਲੇਗੀ। ਮੈਂ ਉਸ ਮੁੰਡੇ ਦੀ ਲਾਸ਼ ਉੱਥੇ ਲੱਭਦਾ ਰਿਹਾ ਜਿੱਥੇ ਉਸਨੇ ਛਾਲ ਮਾਰੀ ਸੀ, ਪਰ ਲਾਸ਼ ਨਹੀਂ ਮਿਲੀ। ਫਿਰ ਮੈਂ ਆਪਣੇ ਨੱਕ ਵਿਚ ਇਕ ਨਲੀ (ਟਿਊਬ) ਪਾਈ ਅਤੇ ਉਸਨੂੰ ਇਕ ਨਾਲੀ (ਪਾਈਪ) ਨਾਲ ਜੋੜਿਆ, ਤਾਂ ਜੋ ਪਾਣੀ ਵਿਚ ਰਹਿੰਦੇ ਹੋਏ ਮੇਰਾ ਸਾਹ ਨਾ ਟੁੱਟੇ।”

ਆਖ਼ਰ ਦੇਰ ਸ਼ਾਮ ਤੱਕ ਉਨ੍ਹਾਂ ਨੂੰ ਲਾਸ਼ ਮਿਲੀ। ਉਹ ਯਾਦ ਕਰਦੇ ਹਨ, “ਲਾਸ਼ ਨਹਿਰ ਦੇ ਦੂਜੇ ਪਾਸੇ ਪਈ ਸੀ, ਪਾਣੀ ਵਿਚ ਤਕਰੀਬਨ 25 ਫੁੱਟ ਹੇਠਾਂ। ਸੋਹਣ ਅਤੇ ਮੈਂ ਦੋਵੇਂ ਹੀ ਉਸ ਲਾਸ਼ ਨੂੰ ਲੱਭ ਰਹੇ ਸੀ। ਜਦੋਂ ਅਸੀਂ ਲਾਸ਼ ਨੂੰ ਲੱਭ ਲਿਆ ਤਾਂ ਸੋਹਣ ਨੇ ਮੈਨੂੰ ਕਿਹਾ ਕਿ ਆਪਾਂ ਹੁਣ ਲਾਸ਼ ਨੂੰ ਬਾਹਰ ਕੱਢਣ ਲਈ ਕੱਲ੍ਹ ਨੂੰ ਵਾਪਸ ਆਵਾਂਗੇ। ਪਰ ਜਦੋਂ ਅਗਲੇ ਦਿਨ ਅਸੀਂ ਉੱਥੇ ਪਹੁੰਚੇ ਤਾਂ ਲਾਸ਼ ਉੱਥੋਂ ਗਾਇਬ ਹੋ ਚੁੱਕੀ ਸੀ। ਇਹ ਦੂਜੇ ਕਿਨਾਰੇ ’ਤੇ ਚਲੀ ਗਈ ਅਤੇ ਹੁਣ ਨਹਿਰ ਦੇ ਹੇਠਲੇ ਤਲ (ਥੱਲਾ)’ਤੇ ਪਈ ਸੀ।” ਇਸ ਲਾਸ਼ ਨੂੰ ਕੱਢਣ ਲਈ ਇਨ੍ਹਾਂ ਗੋਤਾਖੋਰਾਂ ਨੂੰ ਕਰੀਬ ਤਿੰਨ ਘੰਟੇ ਲੱਗੇ। “ਅਸੀਂ ਘੱਟੋ-ਘੱਟ 200 ਵਾਰ ਪਾਣੀ ਦੇ ਅੰਦਰ-ਬਾਹਰ ਗੋਤਾ ਲਾਇਆ ਹੋਵੇਗਾ। ਕਦੇ-ਕਦੇ ਮੈਂ ਖ਼ੁਦ ਨੂੰ ਪੁੱਛਦਾ ਹਾਂ ਕਿ ਮੈਂ ਇਹ ਕੀ ਕਰ ਰਿਹਾ ਹਾਂ...ਪਰ ਮੈਂ ਇਹ ਕੰਮ ਛੱਡਣ ਬਾਰੇ ਨਹੀਂ ਸੋਚਦਾ। ਜੇਕਰ ਮੇਰੀ ਕਿਸਮਤ ਵਿਚ ਲੋਕਾਂ ਦੀ ਸੇਵਾ ਕਰਨਾ ਹੀ ਲਿਖਿਆ ਹੋਇਆ ਹੈ ਤਾਂ ਮੈਂ ਇਹ ਕੰਮ ਕਰਦਾ ਹੀ ਰਹਾਂਗਾ।”

ਹਾਲਾਂਕਿ, ਸੋਹਣ ਪਾਣੀ ਵਿਚ ਜ਼ਿੰਦਗੀ ਦੀਆਂ ਜਟਿਲਤਾਵਾਂ ਨੂੰ ਦੇਖਦੇ ਹਨ। ਇਹ ਵੀ ਇਕ ਕਾਰਨ ਹੈ ਕਿ ਉਹ ਹਰ ਸ਼ਾਮ ਅਤੇ ਜਦੋਂ ਵੀ ਸਮਾਂ ਮਿਲਦਾ ਹੈ, ਤਿਬੜੀ ਪੁਲ ਉੱਤੇ ਜ਼ਰੂਰ ਜਾਂਦੇ ਹਨ। ਉਹ ਕਹਿੰਦੇ ਹਨ, “ਮੈਨੂੰ ਹੁਣ ਤੈਰਨਾ ਪਸੰਦ ਨਹੀਂ ਹੈ। ਮੈਂ ਹਰੇਕ [ਦੁਖਦਾਈ] ਘਟਨਾ ਦੀ ਯਾਦ ਨੂੰ ਆਪਣੇ ਦਿਲ ਵਿਚੋਂ ਕੱਢ ਦਿੰਦਾ ਹਾਂ। ਹਰ ਵਾਰ ਜਦੋਂ ਅਸੀਂ ਕਿਸੇ ਲਾਸ਼ ਨੂੰ ਉੱਪਰ ਲਿਆਉਂਦੇ ਹਾਂ, ਤਾਂ ਅਸੀਂ ਉਸ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਵੀ ਹੌਲੀ-ਹੌਲੀ ਮਰਦੇ ਦੇਖਦੇ ਹਾਂ। ਉਹ ਰੋਂਦੇ ਹਨ ਅਤੇ ਇਸ ਅਫ਼ਸੋਸ ਨਾਲ ਮ੍ਰਿਤਕ ਦੇਹ ਨੂੰ ਲੈ ਜਾਂਦੇ ਹਨ ਕਿ ਇਹ ਮਰਨ ਦਾ ਕੋਈ ਢੰਗ ਨਹੀਂ ਸੀ।”

ਸੋਹਣ ਦੀ ਮਾਨਸਿਕਤਾ ਵਿਚ ਨਹਿਰ ਅਤੇ ਇਸਦੇ ਪਾਣੀ ਦਾ ਮਹੱਤਵਪੂਰਨ ਸਥਾਨ ਹੈ। 2004 ਵਿਚ, ਜਦੋਂ ਉਨ੍ਹਾਂ ਨੂੰ ਮੋਰੱਕੋ ਵਿਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਇਸ ਉੱਤਰ ਅਫਰੀਕੀ ਦੇਸ਼ ਦੀ ਸੀਮਾ ਨਾਲ ਲੱਗਦੇ ਅਟਲਾਂਟਿਕ ਮਹਾਂਸਾਗਰ ਤੇ ਭੂ-ਮੱਧ ਸਾਗਰ ਨੂੰ ਦੇਖ ਕੇ ਉਨ੍ਹਾਂ ਉਸ ਨਹਿਰ ਦੀ ਯਾਦ ਆਉਂਦੀ ਰਹੀ, ਜਿਸਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਉਹ ਚਾਰ ਸਾਲਾਂ ਅੰਦਰ ਹੀ ਵਾਪਸ ਪਰਤ ਆਏ ਕਿਉਂਕਿ ਉੱਥੇ ਛੋਟੇ-ਮੋਟੇਕੰਮ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ। ਉਹਆਪਣਾ ਦਿਨ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਖਦੇ ਹਨ, “ਜਦੋਂ ਮੈਂ ਉੱਥੇ (ਮੋਰੱਕੋ) ਸੀ ਤਾਂ ਮੈਨੂੰ ਤਿਬੜੀ ਦੀ ਯਾਦ ਆਉਂਦੀ ਰਹਿੰਦੀ ਸੀ। ਹੁਣ ਵੀ ਮੈਂ ਆਪਣਾ ਵਿਹਲਾ ਸਮਾਂ ਨਹਿਰ ਕਿਨਾਰੇ ਹੀ ਬਿਤਾਉਂਦਾ ਹਾਂ, ਬੱਸ ਇਸਨੂੰ ਦੇਖਦਾ ਰਹਿੰਦਾ ਹਾਂ।” ਸਬਜ਼ੀਆਂ ਦੀ ਰੇਹੜੀ ਨੂੰ ਆਪਣੇ ਮੋਟਰਸਾਈਕਲ ਨਾਲ ਜੋੜ ਕੇ, ਉਹ ਸੜਕ ਦੇ ਕਿਸੇ ਅਗਲੇ ਮੋੜ ’ਤੇ ਖੜ੍ਹੇ ਗਾਹਕ ਲਈ ਆਪਣਾ ਸਫ਼ਰ ਸ਼ੁਰੂ ਕਰ ਦਿੰਦੇ ਹਨ।

ਲੇਖਕ ਇਸ ਕਹਾਣੀ ਵਿਚ ਯੋਗਦਾਨ ਦੇਣ ਲਈ ਸੁਮੇਧਾ ਮਿੱਤਲ ਦਾ ਧੰਨਵਾਦ ਕਰਦੇ ਹਨ।

ਜੇਕਰ ਤੁਹਾਡੇ ਮਨ ਵਿਚ ਖ਼ੁਦਕੁਸ਼ੀ ਕਰਨ ਦੇ ਵਿਚਾਰ ਰਹੇ ਹਨ ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਪਰੇਸ਼ਾਨੀ ਵਿਚ ਹੈ ਤਾਂ ਰਾਸ਼ਟਰੀ ਹੈਲਪਲਾਈਨ , ਕਿਰਨ , ਨੂੰ 1800-599-0019 (24 ਘੰਟੇ ਟੋਲ ਫਰੀ ) ਉੱਤੇ ਫ਼ੋਨ ਕਰੋ ਜਾਂ ਇਨ੍ਹਾਂ ਵਿਚੋਂ ਕਿਸੇ ਵੀ ਹੈਲਪਲਾਈਨਜ਼ ਉੱਤੇ ਸੰਪਰਕ ਕਰੋ। ਮਾਨਸਿਕ ਸਿਹਤ ਪੇਸ਼ਾਵਰਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਲਈ , ਕ੍ਰਿਪਾ ਕਰਕੇ ਐਸਪੀਆਈਐਫ ਦੀ ਮਾਨਸਿਕ ਸਿਹਤ ਡਾਇਰੈਕਟਰੀ ਦੇਖੋ।

ਤਰਜਮਾ: ਹਰਜੋਤ ਸਿੰਘ

Amir Malik

ਆਮਿਰ ਮਿਲਕ ਇੱਕ ਸੁਤੰਤਰ ਪੱਤਰਕਾਰ ਹਨ ਤੇ 2022 ਦੇ ਪਾਰੀ ਫੈਲੋ ਹਨ।

Other stories by Amir Malik
Editor : S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Other stories by S. Senthalir
Translator : Harjot Singh

ਪੰਜਾਬ ਦੇ ਜੰਮਪਲ ਹਰਜੋਤ ਸਿੰਘ ਇੱਕ ਸੁਤੰਤਰ ਅਨੁਵਾਦਕ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਅਨੁਵਾਦ ਕੀਤੀਆਂ ਕਾਫ਼ੀ ਕਿਤਾਬਾਂ ਛਪ ਚੁੱਕੀਆਂ ਹਨ।

Other stories by Harjot Singh