“ਮੈਂ...ਮੈਂ...” ਅਮਨ ਮੁਹੰਮਦ ਬਾਕੀ ਬੱਚਿਆਂ ਵਿੱਚੋਂ ਸਭ ਤੋਂ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇਣ ਲਈ ਉਤਾਵਲਾ ਸੀ। ਮੈਂ 12 ਕੁ ਬੱਚਿਆਂ ਦੇ ਇੱਕ ਗਰੁੱਪ ਨੂੰ ਇਸ ਸਾਲ ਦੇ ਵਿਨਾਇਕ ਚਵਿਥੀ ਤਿਉਹਾਰ ਲਈ ਪੰਡਾਲ ਦੇ ਮੁੱਖ ਕਰਤਾ-ਧਰਤਾ (ਪ੍ਰਬੰਧਕ) ਬਾਰੇ ਪੁੱਛਿਆ ਸੀ। “ਉਹਨੇ ਇਕੱਲੇ ਨੇ ਹੀ 2,000 ਰੁਪਏ ਇਕੱਠੇ ਕੀਤੇ,” ਗਰੁੱਪ ਵਿੱਚ ਸਭ ਤੋਂ ਵੱਡੀ ਟੀ. ਰਾਗਿਨੀ ਨੇ ਕਿਹਾ। ਇਸਲਈ ਕਿਸੇ ਨੇ ਵੀ ਅਮਨ ਦੇ ਇਸ ਦਾਅਵੇ ’ਤੇ ਇਤਰਾਜ਼ ਨਾ ਕੀਤਾ।
ਇਸ ਸਾਲ ਉਸ ਵੱਲੋਂ ਇਕੱਠਾ ਕੀਤਾ ਗਿਆ ਚੰਦਾ ਸਭ ਤੋਂ ਵੱਧ ਸੀ ਭਾਵ ਪੰਡਾਲ ਪ੍ਰਬੰਧਕਾਂ ਦੇ ਇਸ ਸਮੂਹ ਵੱਲੋਂ ਇਕੱਠੇ ਕੀਤੇ 3,000 ਰੁਪਏ ਵਿੱਚੋਂ ਦੋ ਤਿਹਾਈ ਯੋਗਦਾਨ ਉਸ ਇਕੱਲੇ ਦਾ ਸੀ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਕਸਬੇ ਦੇ ਸਾਈਂਨਗਰ ਇਲਾਕੇ ਵਿੱਚ ਆਪਣੀ ਗਲੀ ਵਿੱਚੋਂ ਲੰਘ ਰਹੇ ਵਾਹਨਾਂ ਤੋਂ ਚੰਦਾ ਇਕੱਠਾ ਕੀਤਾ ਸੀ।
ਇਹ ਉਹਦਾ ਪਸੰਦੀਦਾ ਤਿਉਹਾਰ ਹੈ, ਅਮਨ ਨੇ ਮੈਨੂੰ ਦੱਸਿਆ। ਮੈਨੂੰ ਹੈਰਾਨੀ ਨਹੀਂ ਹੋਈ।
2018 ਦੇ ਇੱਕ ਐਤਵਾਰ ਨੂੰ, ਸਾਈਂਨਗਰ ਵਿੱਚ ਵਿਨਾਇਕ ਚਵਿਥੀ ਦੇ ਜਸ਼ਨ ਖਤਮ ਹੋਣ ਤੋਂ ਕੁਝ ਹਫ਼ਤਿਆਂ ਬਾਅਦ, ਮੈਂ ਚਾਰ ਬੱਚਿਆਂ ਨੂੰ ਮੇਕ-ਬਿਲੀਵ (ਝੂਠਾ-ਮੂਠਾ ਖੇਡ) ਖੇਡਦੇ ਦੇਖਿਆ। ਇਸ ਲਈ ਮੈਂ ਫੋਟੋਆਂ ਖਿੱਚੀਆਂ। ਇਹ ਖੇਡ ਬੱਚਿਆਂ ਦੀ ਪਸੰਦੀਦਾ 'ਅਵਾ ਅਪਾਚੀ' ਖੇਡ ਦਾ ਤੋੜਿਆ-ਮਰੋੜਿਆ ਰੂਪ ਸੀ। ਉਹ ਮੁੰਡਾ ਗਣੇਸ਼ ਬਣਿਆ ਹੋਇਆ ਸੀ, ਇੱਕ ਹਿੰਦੂ ਦੇਵਤਾ ਜਿਸਦਾ ਜਨਮ ਦਿਨ ਵਿਨਾਇਕ ਚਵਿਥੀ ਵਜੋਂ ਮਨਾਇਆ ਜਾਂਦਾ ਹੈ। ਦੋ ਹੋਰ ਬੱਚੇ ਉਸ ਮੁੰਡੇ ਦੇ ਦੁਆਲ਼ੇ ਹੱਥ ਪਾ ਕੇ ਉਹਨੂੰ ਚੁੱਕੀ ਲਿਜਾ ਰਹੇ ਸਨ ਤੇ ਫਿਰ ਇੱਕ ਥਾਵੇਂ ਉਹਨੂੰ ਭੁੰਜੇ ਰੱਖ ਦਿੱਤਾ। ਇਹ ਹੋਰ ਕੁਝ ਨਹੀਂ ਦਰਅਸਲ ਗਣੇਸ਼ ਨਿਮਰਜਨਮ ਸੀ- ਭਾਵ ਉਹ ਦੇਵਤਾ ਦੀ ਮੂਰਤੀ ਦਾ ਵਿਸਰਜਨ ਕਰਨ ਦਾ ਨਾਟਕ ਕਰ ਰਹੇ ਸਨ।
ਉਹ ਛੋਟਾ ਗਣੇਸ਼ ਅਮਨ ਮੁਹੰਮਦ ਸੀ। ਉੱਪਰਲੀ ਕਵਰ ਫੋਟੋ ਵਿੱਚ, ਗਿਆਰਾਂ ਜਣਿਆਂ ਵਿੱਚ ਉਹ ਮੂਹਰਲੀ ਕਤਾਰ ਵਿੱਚ (ਬਿਲਕੁਲ ਖੱਬੇ ਪਾਸੇ) ਖੜਾ ਹੈ।
ਇਸ ਸਾਲ ਅਗਸਤ ਵਿੱਚ ਵਿਨਾਇਕ ਚਵਿਥੀ ਦੇ ਜਸ਼ਨਾਂ ਲਈ, ਅਮਨ ਅਤੇ ਉਸਦੇ ਦੋਸਤਾਂ ਨੇ 2x2 ਫੁੱਟ ਦੇ ਪੰਡਾਲ ਵਿੱਚ ਭਗਵਾਨ ਦੀ ਮੂਰਤੀ ਸਥਾਪਤ ਕੀਤੀ - ਸ਼ਾਇਦ ਇਹ ਅਨੰਤਪੁਰ ਵਿੱਚ ਸਭ ਤੋਂ ਛੋਟੀ ਸੀ। ਉਨ੍ਹਾਂ ਦਾ ਪੰਡਾਲ ਮੇਰੇ ਫੋਟੋ ਖਿੱਚਣ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ। ਬੱਚਿਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਮੂਰਤੀ 1000 ਰੁਪਏ ਵਿੱਚ ਖਰੀਦੀ ਸੀ। 2,000 ਰੁਪਏ ਦੀ ਰਕਮ ਪੰਡਾਲ ਵਗੈਰਾ ਗੱਡਣ ਅਤੇ ਇਸ ਦੀ ਸਜਾਵਟ 'ਤੇ ਖਰਚ ਕੀਤੀ ਗਈ ਸੀ। ਇਹ ਪੰਡਾਲ ਸਾਈਂਨਗਰ ਦੇ ਤੀਜੇ ਮੋੜ ਦੇ ਨੇੜੇ ਸਥਿਤ ਦਰਗਾਹ ਦੇ ਬਿਲਕੁਲ ਕੋਲ ਸਥਾਪਿਤ ਕੀਤਾ ਗਿਆ ਸੀ।
ਇੱਥੋਂ ਦੇ ਮਜ਼ਦੂਰ ਵਰਗ ਦੇ ਬੱਚੇ ਇਸ ਤਿਓਹਾਰ ਨੂੰ ਆਪਣੇ ਹੋਸ਼ ਸਾਂਭਣ ਤੋਂ ਕਿਤੇ ਪਹਿਲਾਂ ਤੋਂ ਮਨਾਉਂਦੇ ਆ ਰਹੇ ਹਨ। ਉਨ੍ਹਾਂ ਦੇ ਮਾਤਾ-ਪਿਤਾ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਿਹਾੜੀਦਾਰ ਅਤੇ ਘਰੇਲੂ ਕਰਮਚਾਰੀ ਹਨ ਜਾਂ ਕਸਬੇ ਵਿੱਚ ਮਜ਼ਦੂਰੀ ਕਰਦੇ ਹਨ - ਵੀ ਬੱਚਿਆਂ ਦੇ ਵਿਨਾਇਕ ਚਵਿਥੀ ਤਿਉਹਾਰਾਂ ਵਿੱਚ ਯੋਗਦਾਨ ਪਾਉਂਦੇ ਹਨ। ਪੰਡਾਲ ਦੇ ਪ੍ਰਬੰਧਕਾਂ ਵਿੱਚੋਂ ਸਭ ਤੋਂ ਵੱਡੀ ਉਮਰ ਵਾਲ਼ਾ ਪ੍ਰਬੰਧਕ 14 ਸਾਲਾਂ ਦਾ ਹੈ ਅਤੇ ਸਭ ਤੋਂ ਛੋਟੀ ਉਮਰ ਵਾਲ਼ਾ 5 ਸਾਲਾਂ ਦਾ ਹੈ।
14 ਸਾਲਾ ਰਾਗਿਨੀ ਕਹਿੰਦੀ ਹੈ, “ਅਸੀਂ ਵਿਨਾਇਕ ਚਵਿਥੀ ਅਤੇ ਪੀਰਲਾ ਪੰਡਗਾ [ਰਾਇਲਸੀਮਾ ਖੇਤਰ ਵਿੱਚ ਮਨਾਇਆ ਜਾਣ ਵਾਲ਼ਾ ਮੁਹੱਰਮ] ਦੋਵੇਂ ਮਨਾਉਂਦੇ ਹਾਂ। ਬੱਚਿਆਂ ਦੇ ਨਜ਼ਰੀਏ ਤੋਂ, ਮੁਹੱਰਮ ਅਤੇ ਵਿਨਾਇਕ ਚਵਿਥੀ ਬਹੁਤ ਮਿਲ਼ਦੇ-ਜੁਲਦੇ ਹਨ। ਇੱਕ ਪੰਡਾਲ ਦੋਵਾਂ ਤਿਉਹਾਰਾਂ ਦਾ ਕੇਂਦਰ ਬਿੰਦੂ ਹੈ ਅਤੇ ਬੱਚਿਆਂ ਨੂੰ ਇਸਦੇ ਲਈ ਪੈਸੇ ਇਕੱਠੇ ਕਰਨ ਦੀ ਇਜਾਜ਼ਤ ਹੈ। ਉਹ ਇਕੱਠੇ ਕੀਤੇ ਹਰ ਇੱਕ-ਇੱਕ ਪੈਸੇ ਦਾ ਇਸਤੇਮਾਲ ਕਰਦੇ ਹਨ। 11 ਸਾਲਾ ਐਸ. ਸਨਾ ਨੇ ਕਿਹਾ, “ਅਸੀਂ ਇਹ ਦੇਖਣ ਲਈ ਕਿ ਘਰ ਕਿਵੇਂ ਬਣਾਈਦਾ ਏ ਯੂ-ਟਿਊਬ ਦੀ ਮਦਦ ਲੈਂਦੇ ਆਂ।” “ਮੈਂ ਮਦਦ ਕਰਨ ਵਜੋਂ ਗਾਰਾ ਚੁੱਕ ਲਿਆਈ। ਅਸੀਂ ਪੰਡਾਲ ਨੂੰ ਡੰਡਿਆਂ ਅਤੇ ਜੂਟ ਦੀ ਰੱਸੀ ਨਾਲ ਬਣਾਇਆ। ਅਸੀਂ ਇਸ ਨੂੰ ਢੱਕਣ ਲਈ ਇੱਕ ਚਾਦਰ ਪਾ ਦਿੱਤੀ ਅਤੇ ਫਿਰ ਆਪਣੇ ਵਿਨਾਯਕੁਡੂ [ਮੂਰਤੀ] ਨੂੰ ਅੰਦਰ ਬਿਰਾਜਮਾਨ ਕੀਤਾ।”
ਸਮੂਹ ਦੇ ਬਜ਼ੁਰਗ, ਰਾਗਿਨੀ ਅਤੇ ਇਮਰਾਨ, (ਉਹ ਵੀ 14 ਸਾਲਾਂ ਦਾ ਏ), ਨੇ ਪੰਡਾਲ ਦੀ ਨਿਗਰਾਨੀ ਲਈ ਵਾਰੋ-ਵਾਰੀ ਸਮਾਂ ਕੱਢਿਆ। ਸੱਤ ਸਾਲਾ ਐਸ ਚੰਦ ਬਾਸ਼ਾ ਨੇ ਕਿਹਾ, “ਮੈਂ ਵੀ ਇਹਦੀ ਨਿਗਰਾਨੀ ਕੀਤੀ। “ਮੈਂ ਬਾਕਾਇਦਗੀ ਨਾਲ਼ ਸਕੂਲ ਨਹੀਂ ਜਾਂਦਾ। ਮੈਂ ਕੁਝ ਦਿਨ ਜਾਂਦਾ ਹਾਂ ਅਤੇ ਕੁੱਝ ਦਿਨ ਨਹੀਂ ਜਾਂਦਾ। ਇੰਝ ਮੈਂ ਇਸ ਦੀ [ਵਿਨਾਇਕ ਮੂਰਤੀ] ਦੀ ਨਿਗਰਾਨੀ ਕੀਤੀ।" ਬੱਚੇ ਪੂਜਾ ਵੀ ਕਰਦੇ ਹਨ ਅਤੇ ਪੰਡਾਲ ਆਉਣ ਵਾਲ਼ਿਆਂ ਨੂੰ ਪ੍ਰਸ਼ਾਦ ਵੀ ਦਿੰਦੇ ਹਨ। ਬੱਚਿਆਂ ਵਿੱਚੋਂ ਇੱਕ ਦੀ ਮਾਂ ਆਮ ਤੌਰ 'ਤੇ ਪ੍ਰਸਾਦਮ ਭਾਵ ਚਟਪਟੇ ਇਮਲੀ ਚੌਲ ਪਕਾਉਂਦੀ ਹੈ।
ਜਿਵੇਂ ਕਿ ਵਿਨਾਇਕ ਚਵਿਥੀ ਅਨੰਤਪੁਰ ਦੇ ਬਹੁਤ ਸਾਰੇ ਮਜ਼ਦੂਰ-ਸ਼੍ਰੇਣੀ ਦੇ ਆਂਢ-ਗੁਆਂਢ ਦੇ ਇਲਾਕਿਆਂ ਦਾ ਮਨਪਸੰਦ ਤਿਉਹਾਰ ਹੈ, ਇਹ ਮੌਜ-ਮੇਲਾ ਕੁਝ ਹੋਰ ਹਫ਼ਤਿਆਂ ਤੱਕ ਜਾਰੀ ਰਹਿੰਦਾ ਹੈ। ਬੱਚੇ ਮਿੱਟੀ ਦੇ ਦੇਵਤੇ ਬਣਾਉਂਦੇ ਹਨ ਅਤੇ ਛੋਟੇ ਪੰਡਾਲ ਬਣਾਉਣ ਲਈ ਕਦੇ ਲੱਕੜ ਅਤੇ ਬਾਂਸ ਦੇ ਟੁਕੜਿਆਂ ਦੀ ਮਦਦ ਲੈਂਦੇ ਹਨ; ਤੇ ਕਦੇ ਆਪਣੇ ਘਰੋਂ ਲਿਆਂਦੀਆਂ ਚਾਦਰਾਂ ਦੀ; ਅਤੇ ਕਦੇ ਹੱਥ-ਆਈਆਂ ਫ਼ਾਲਤੂ ਚੀਜ਼ਾਂ ਦੀ ਤੇ ਇੰਝ ਉਹ ਆਪਣੇ ਮਨਪਸੰਦ ਤਿਉਹਾਰ ਨੂੰ ਦੁਬਾਰਾ ਖੇਡਦੇ ਹਨ, ਖਾਸ ਤੌਰ 'ਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਜੋ ਚਵਿਥੀ ਤੋਂ ਬਾਅਦ ਆਉਂਦੀਆਂ ਹਨ।
ਮੇਕ-ਬਿਲੀਵ ਖੇਡਾਂ ਕਸਬੇ ਦੇ ਵਧੇਰੇ ਗਰੀਬ ਇਲਾਕਿਆਂ ਵਿੱਚ ਪ੍ਰਸਿੱਧ ਹਨ, ਜਿੱਥੇ ਬੱਚਿਆਂ ਦੀ ਕਲਪਨਾ-ਸ਼ਕਤੀ ਹੀ ਸਰੋਤਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ। ਮੈਂ ਇੱਕ ਵਾਰ ਇੱਕ ਬੱਚੇ ਨੂੰ ਇੱਕ ਡੰਡੇ ਨਾਲ 'ਰੇਲ ਫਾਟਕ' ਖੇਡਦੇ ਦੇਖਿਆ, ਹਰ ਵਾਰ ਜਦੋਂ ਕੋਈ ਵਾਹਨ ਲੰਘਦਾ ਸੀ ਤਾਂ ਉਹ ਇਸਨੂੰ ਚੁੱਕ ਦਿੰਦਾ ਸੀ। ਵਿਨਾਇਕ ਚਵਿਥੀ ਤੋਂ ਬਾਅਦ ਵੀ ਇਹ ਹਾਥੀ ਦੇਵਤਾ ਗਣੇਸ਼ ਇਹਨਾਂ ਬੱਚਿਆਂ ਦੀਆਂ ਖੇਡਾਂ ਵਿੱਚ ਬਿਰਾਜਮਾਨ ਰਹਿੰਦਾ ਹੈ।
ਤਰਜਮਾ: ਅਰਸ਼