"ਜਬ ਪਿਆਰ ਕਿਆ ਤੋ ਡਰਨਾ ਕਯਾ... ਪਿਆਰ ਕਿਆ ਕੋਈ ਚੋਰੀ ਨਹੀਂ ਕੀ... ਘੁਟ-ਘੁਟ ਕੇ ਯੂੰ ਮਰਨਾ ਕਯਾ..."
ਜੋ ਕੋਈ ਵੀ ਪਿਆਰ ਕਰਦਾ ਹੈ ਉਹਨੂੰ ਡਰਨ ਦੀ ਲੋੜ ਨਹੀਂ... ਪਿਆਰ ਕੋਈ ਅਪਰਾਧ ਨਹੀਂ... ਇੰਝ ਘੁਟ-ਘੁਟ ਕੇ ਕਿਉਂ ਮਰਨਾ..."
ਵਿਧੀ ਕਾਫ਼ੀ ਦੇਰ ਤੋਂ 60ਵਿਆਂ ਦੀ ਕਲਾਸਿਕ ਫ਼ਿਲਮ ਮੁਗ਼ਲ-ਏ - ਆਜ਼ਮ ਦਾ ਇਹ ਗੀਤ ਗੁਣਗੁਣਾ ਰਹੀ ਹੈ। ਉਹ ਸੈਂਟਰਲ ਮੁੰਬਈ ਵਿਖੇ ਸਥਿਤ ਕਿਰਾਏ ਦੇ ਆਪਣੇ ਨਵੇਂ ਕਮਰੇ ਵਿੱਚ ਮੌਜੂਦ ਹੈ। ਉਹ ਗੀਤ ਗਾਉਂਦਿਆਂ ਯਕਦਮ ਰੁਕਦੀ ਹੈ ਤੇ ਪੁੱਛਦੀ ਹੈ,"ਅਸੀਂ ਦੋਵਾਂ ਨੇ ਵੀ ਕੋਈ ਗੁਨਾਹ ਨਹੀਂ ਕੀਤਾ। ਅਸੀਂ ਡਰ ਕੇ ਕਿਉਂ ਰਹੀਏ?"
ਉਹਦਾ ਸਵਾਲ ਕੋਈ ਅਲੋਕਾਰੀ ਤਾਂ ਨਹੀਂ ਹਾਂ ਪਰ ਪਰੇਸ਼ਾਨ ਕਰਨ ਵਾਲ਼ਾ ਜ਼ਰੂਰ ਹੈ। ਉਹਦੇ ਲਈ ਮਾਰੇ ਜਾਣ ਦਾ ਡਰ ਹਕੀਕਤ ਹੈ। ਉਹ ਇਸ ਸਹਿਮ ਨਾਲ਼ ਉਦੋਂ ਤੋਂ ਜੀ ਰਹੀ ਹੈ ਜਦੋਂ ਉਹਨੇ ਆਪਣੇ ਪਰਿਵਾਰ ਦਾ ਵਿਰੋਧ ਕੀਤਾ ਤੇ ਆਪਣੇ ਪ੍ਰੇਮੀ ਨਾਲ਼ ਘਰੋਂ ਚਲੀ ਗਈ। ਉਹਦੇ ਪ੍ਰੇਮੀ ਦਾ ਨਾਮ ਅਰੂਸ਼ੀ ਹੈ ਜੋ ਉਨ੍ਹਾਂ ਦੀ ਸਹਿਪਾਠਣ ਰਹੀ ਹੈ। ਦੋਵਾਂ ਨੂੰ ਆਪਸ ਵਿੱਚ ਪਿਆਰ ਹੈ ਤੇ ਦੋਵੇਂ ਵਿਆਹ ਕਰਨਾ ਚਾਹੁੰਦੀਆਂ ਹਨ। ਪਰ ਉਨ੍ਹਾਂ ਦੇ ਇਸ ਰਿਸ਼ਤੇ ਨੂੰ ਕਨੂੰਨੀ ਮਾਨਤਾ ਮਿਲ਼ਣ ਦਾ ਰਾਹ ਬਹੁਤ ਲੰਬੇਰਾ, ਅਕਾਊ ਤੇ ਸਖ਼ਤ ਚੁਣੌਤੀਆਂ ਨਾਲ਼ ਭਰਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਨੂੰ ਕਬੂਲ ਨਹੀਂ ਕਰਨਗੇ ਅਤੇ ਨਾ ਹੀ ਉਹਦੀ ਪ੍ਰੇਮੀ ਅਰੂਸ਼ੀ ਦੇ ਜੀਵਨ ਸੰਘਰਸ਼ ਨੂੰ ਹੀ ਸਮਝਣਗੇ। ਅਰੂਸ਼ੀ ਇੱਕ ਟ੍ਰਾਂਸਮੈਨ ਵਜੋਂ ਜਾਣੀ ਜਾਂਦੀ ਹੈ ਤੇ ਹੁਣ ਆਪਣਾ ਨਾਮ ਆਰੂਸ਼ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਨੂੰ ਜਾਪਿਆ ਜਿਵੇਂ ਘਰ ਛੱਡ ਕੇ ਮਹਾਨਗਰ ਵੱਸਣ ਨਾਲ਼ ਉਹ ਆਪੋ-ਆਪਣੇ ਪਰਿਵਾਰਾਂ ਤੋਂ ਅਜ਼ਾਦ ਹੋ ਗਏ ਹਨ। ਵਿਧੀ ਦਾ ਪਰਿਵਾਰ ਠਾਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਆਰੂਸ਼ ਦਾ ਪਰਿਵਾਰ ਪਾਲਘਰ ਜ਼ਿਲ੍ਹੇ ਦੇ ਗੁਆਂਢ ਵਿੱਚ ਪੈਂਦੇ ਪਿੰਡ ਵਿੱਚ, ਦੋਵਾਂ ਪਿੰਡਾਂ ਵਿੱਚ ਮਹਿਜ 20 ਕਿਲੋਮੀਟਰ ਦੀ ਦੂਰੀ ਹੈ। 22 ਸਾਲਾ ਵਿਧੀ ਅਗਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ ਜੋ ਮਹਾਰਾਸ਼ਟਰ ਅੰਦਰ ਹੋਰ ਪਿਛੜੇ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ। 23 ਸਾਲਾ ਆਰੂਸ਼ ਕੁਨਬੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਭਾਈਚਾਰਾ ਵੀ ਵੀ ਓਬੀਸੀ ਸ਼੍ਰੇਣੀ ਹੇਠ ਆਉਂਦਾ ਹੈ ਪਰ ਉਨ੍ਹਾਂ ਦੇ ਪਿੰਡ ਅੰਦਰ ਮੌਜੂਦ ਕੱਟੜ ਜਾਤੀ ਦਰਜੇਬੰਦੀ ਤਹਿਤ ਇਸ ਭਾਈਚਾਰੇ ਨੂੰ ਅਗਰੀ ਭਾਈਚਾਰੇ ਨਾਲ਼ੋਂ 'ਨਿਮਨ' ਗਰਦਾਨਿਆ ਗਿਆ ਹੈ।
ਮੁੰਬਈ ਆਉਣ ਲਈ ਦੋਵਾਂ ਨੂੰ ਆਪੋ-ਆਪਣੇ ਘਰ ਛੱਡਿਆਂ ਇੱਕ ਸਾਲ ਬੀਤ ਚੁੱਕਿਆ ਹੈ; ਵਾਪਸ ਮੁੜਨ ਦਾ ਉਨ੍ਹਾਂ ਦਾ ਕੋਈ ਵਿਚਾਰ ਵੀ ਨਹੀਂ ਹੈ। ਪਿੰਡ ਰਹਿੰਦੇ ਆਪਣੇ ਪਰਿਵਾਰ ਬਾਰੇ ਆਰੂਸ਼ ਮਸਾਂ ਹੀ ਕੁਝ ਬੋਲਦਾ ਹੈ, ਪਰ ਇੰਨਾ ਜ਼ਰੂਰ ਕਹਿੰਦਾ ਹੈ,"ਮੈਂ ਕੱਚੇ ਘਰ ਵਿੱਚ ਰਹਿੰਦਾ ਤੇ ਇਸ ਗੱਲ ਦਾ ਮੈਨੂੰ ਸਦਾ ਮਲਾਲ ਹੀ ਰਿਹਾ। ਮੈਂ ਇਸ ਸਭ ਕਾਸੇ ਕਾਰਨ ਆਪਣੀ ਆਈ (ਮਾਂ) ਨਾਲ਼ ਲੜਦਾ ਰਹਿੰਦਾ," ਉਹ ਕਹਿੰਦਾ ਹੈ।
ਆਰੂਸ਼ ਦੀ ਮਾਂ ਆਂਡਿਆਂ ਦੀ ਫ਼ੈਕਟਰੀ ਵਿੱਚ ਕੰਮ ਕਰਦੀ ਹੈ ਤੇ ਮਹੀਨੇ ਦਾ 6,000 ਰੁਪਏ ਕਮਾਉਂਦੀ ਹੈ। ਗੱਲ ਜਾਰੀ ਰੱਖਦਿਆਂ ਆਰੂਸ਼ ਕਹਿੰਦਾ ਹੈ,"ਮੇਰੇ ਬਾਬਾ (ਪਿਤਾ) ਬਾਰੇ ਕੁਝ ਨਾ ਪੁੱਛੋ। ਉਨ੍ਹਾਂ ਨੂੰ ਜੋ ਕੰਮ ਵੀ ਮਿਲ਼ਦਾ ਕਰ ਲੈਂਦੇ। ਕਦੇ ਲੱਕੜ ਦਾ ਕੰਮ, ਕਦੇ ਖੇਤ ਮਜ਼ਦੂਰੀ ਕਰਕੇ ਜੋ ਵੀ ਪੈਸਾ ਕਮਾਉਂਦੇ ਬੱਸ ਸ਼ਰਾਬ 'ਤੇ ਉਡਾ ਦਿੰਦੇ। ਸ਼ਰਾਬੀ ਹੋ ਕੇ ਘਰ ਆਉਂਦੇ ਤੇ ਆਈ ਨੂੰ ਤੇ ਸਾਨੂੰ ਬੜਾ ਕੁੱਟਦੇ।" ਕੁਝ ਸਮੇਂ ਬਾਅਦ ਉਹਦੇ ਪਿਤਾ ਬੀਮਾਰ ਪੈ ਗਏ ਤੇ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਫਿਰ ਉਹ ਪੂਰੀ ਤਰ੍ਹਾਂ ਮਾਂ ਦੀ ਕਮਾਈ 'ਤੇ ਪਲ਼ਣ ਲੱਗੇ। ਇਹੀ ਉਹ ਦੌਰ ਸੀ ਜਦੋਂ ਆਰੂਸ਼ ਨੇ ਕਮਾਉਣਾ ਸ਼ੁਰੂ ਕੀਤਾ। ਜੋ ਕੰਮ ਮਿਲ਼ਦਾ ਉਹੀ ਕਰ ਲੈਂਦਾ। ਸਕੂਲ ਦੀਆਂ ਛੁੱਟੀਆਂ ਦੌਰਾਨ ਉਹ ਇੱਟ-ਭੱਠੇ, ਫ਼ੈਕਟਰੀਆਂ ਤੇ ਦਵਾਈ ਦੀ ਦੁਕਾਨ 'ਤੇ ਕੰਮ ਕਰਿਆ ਕਰਦਾ।
*****
ਗੱਲ 2014 ਦੀ ਹੈ ਜਦੋਂ ਆਰੂਸ਼ ਨਵੇਂ ਸਕੂਲ ਵਿਖੇ 8ਵੀਂ ਜਮਾਤ ਵਿੱਚ ਦਾਖ਼ਲ ਹੋਇਆ, ਉੱਥੇ ਉਹਦੀ ਮੁਲਾਕਾਤ ਵਿਧੀ ਨਾਲ਼ ਹੋਈ। ਉਹ ਆਪਣੇ ਘਰੋਂ 4 ਕਿਲੋਮੀਟਰ ਪੈਦਲ ਤੁਰਦਾ ਤੇ ਆਪਣੇ ਸਕੂਲ ਪਹੁੰਚਦਾ। ਉਹ ਕਹਿੰਦਾ ਹੈ,"ਮੇਰੇ ਪਿੰਡ ਦਾ ਜ਼ਿਲ੍ਹਾ ਪਰਿਸ਼ਦ ਸਕੂਲ ਸਿਰਫ਼ 7ਵੀਂ ਤੱਕ ਸੀ, ਅੱਗੇ ਪੜ੍ਹਨ ਲਈ ਸਾਨੂੰ ਨਵੇਂ ਸਕੂਲ ਦਾਖ਼ਲਾ ਲੈਣਾ ਪਿਆ।" ਨਵੇਂ ਸਕੂਲ ਦੇ ਪਹਿਲੇ ਵਰ੍ਹੇ ਦੌਰਾਨ ਦੋਵਾਂ ਨੇ ਮਸਾਂ ਹੀ ਆਪਸ ਵਿੱਚ ਕੋਈ ਗੱਲ ਕੀਤੀ ਹੋਣੀ। ਗੱਲ ਜਾਰੀ ਰੱਖਦਿਆਂ ਆਰੂਸ਼ ਕਹਿੰਦਾ ਹੈ,''ਅਗਰੀ ਬੱਚੇ ਸਾਨੂੰ ਆਪਣੇ ਨਾਲ਼ ਨਾ ਰਲ਼ਾਉਂਦੇ। ਸਕੂਲ ਵਿੱਚ ਉਨ੍ਹਾਂ ਦਾ ਵੱਖਰਾ ਝੁੰਡ ਸੀ ਤੇ ਵਿਧੀ ਵੀ ਉਸੇ ਝੁੰਡ ਦਾ ਹਿੱਸਾ ਸੀ।''
9ਵੀਂ ਜਮਾਤ ਵਿੱਚ ਆਉਂਦੇ-ਆਉਂਦੇ ਦੋਵਾਂ ਵਿਚਾਲੇ ਦੋਸਤੀ ਹੋ ਗਈ। ਆਰੂਸ਼ ਨੂੰ ਵਿਧੀ ਚੰਗੀ ਲੱਗਣ ਲੱਗ ਪਈ ਸੀ।
ਇੱਕ ਦਿਨ, ਜਦੋਂ ਉਹ ਖੇਡ ਰਹੇ ਸਨ ਤਾਂ ਆਰੂਸ਼ ਵਿਧੀ ਦੋ ਕੋਲ਼ ਗਿਆ ਤੇ ਮਸਾਂ-ਸੁਣੀਦੀਂ ਅਵਾਜ਼ ਵਿੱਚ ਉਸ ਅੱਗੇ ਆਪਣੇ ਜਜ਼ਬਾਤ ਜ਼ਾਹਰ ਕਰ ਦਿੱਤੇ। ਉਹਨੇ ਸੰਗਦੇ-ਸੰਗਦੇ ਵਿਧੀ ਨੂੰ ਕਿਹਾ ਕਿ ਉਹ ਉਹਨੂੰ ਪਸੰਦ ਕਰਦਾ ਹੈ। ਵਿਧੀ ਨੂੰ ਅੱਗਿਓਂ ਕੋਈ ਜਵਾਬ ਨਾ ਸੁੱਝਿਆ। ਉਹ ਦੁਚਿੱਤੀ ਵਿੱਚ ਪੈ ਗਈ। "ਆਰੂਸ਼ ਨੇ ਵਿਧੀ ਨੂੰ ਕਿਸੇ ਕੁੜੀ ਨਾਲ਼ ਆਪਣੇ ਬੀਤੇ ਰਿਸ਼ਤੇ ਬਾਰੇ ਵੀ ਦੱਸਿਆ। ਇਹ ਗ਼ਲਤ ਤਾਂ ਨਹੀਂ ਸੀ ਹਾਂ ਪਰ ਅਜੀਬ ਜ਼ਰੂਰ ਸੀ ਕਿ ਕਿਵੇਂ ਉਹ (ਦੋ ਕੁੜੀਆਂ) ਇੱਕੋ ਰਿਸ਼ਤੇ ਵਿੱਚ ਰਹੀਆਂ ਸਨ।"
"ਪਹਿਲਾਂ, ਮੈਂ 'ਨਾਂਹ' ਕਹਿ ਦਿੱਤਾ, ਪਰ ਕੁਝ ਚਿਰਾਂ ਬਾਅਦ ਅਖ਼ੀਰ ਮੈਂ ਸਹਿਮਤ ਹੋ ਗਈ। ਮੈਨੂੰ ਨਹੀਂ ਪਤਾ ਮੈਂ 'ਹਾਂ' ਕਿਵੇਂ ਕਹਿ ਦਿੱਤੀ। ਇਹ ਇੱਕ ਵਹਾਅ ਵਾਂਗਰ ਵਹਿੰਦਾ ਚਲਾ ਗਿਆ। ਮੈਨੂੰ ਉਹ ਚੰਗਾ ਲੱਗਦਾ ਸੀ। ਮੇਰੇ ਦਿਮਾਗ਼ ਵਿੱਚ ਗ਼ਲਤ ਜਾਂ ਸਹੀ ਦਾ ਕੋਈ ਹਿਸਾਬ-ਕਿਤਾਬ ਨਹੀਂ ਚੱਲ ਰਿਹਾ ਸੀ," ਵਿਧੀ ਕਹਿੰਦੀ ਹੈ। ਉਹ ਲੰਬਾ ਸਾਹ ਲੈਂਦਿਆਂ ਅੱਗੇ ਕਹਿੰਦੀ ਹੈ,"ਸ਼ੁਕਰ ਆ, ਸਾਡੀ ਜਮਾਤ ਵਿੱਚ ਕਿਸੇ ਨੂੰ ਸਾਡੇ ਰਿਸ਼ਤੇ ਬਾਰੇ ਕੋਈ ਭਿਣਕ ਨਾ ਪਈ। ਦੁਨੀਆ ਸਾਨੂੰ ਆਪਸ ਵਿੱਚ ਚੰਗੀਆਂ ਸਹੇਲੀਆਂ ਮੰਨ ਕੇ ਚੱਲ ਰਹੀ ਸੀ।"
ਛੇਤੀ ਹੀ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਦੋਸਤੀ ਅਤੇ ਜਾਤੀ ਵੱਖਰੇਵੇਂ ਨੂੰ ਲੈ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।"ਇੱਕ ਵਾਰੀਂ ਕਦੇ ਸਾਡੇ ਕੁਨਬੀ ਲੋਕਾਂ ਨੂੰ ਅਗਰੀ ਘਰਾਂ ਵਿੱਚ ਬਤੌਰ ਕਾਮੇ ਕੰਮ ਕਰਦੇ ਦੇਖਿਆ ਗਿਆ ਅਤੇ ਉਦੋਂ ਤੋਂ ਉਹਨੂੰ ਨੀਵੀਂ ਜਾਤੀ ਸਮਝ ਲਿਆ। ਇਹ ਬੜੀ ਪੁਰਾਣੀ ਗੱਲ਼ ਹੈ, ਪਰ ਲੋਕਾਂ ਦੇ ਦਿਮਾਗ਼ਾਂ ਵਿੱਚ ਅੱਜ ਵੀ ਤਾਜ਼ੀ ਹੀ ਹੈ," ਆਰੂਸ਼ ਦੱਸਦਾ ਹੈ। ਉਹ ਸਾਨੂੰ ਕੁਝ ਸਾਲ ਪਹਿਲਾਂ ਵਾਪਰੀ ਇੱਕ ਹੋਰ ਘਟਨਾ ਦਾ ਹਵਾਲਾ ਦਿੰਦਾ ਹੈ ਜਦੋਂ ਇੱਕ ਪ੍ਰੇਮੀ-ਜੋੜਾ (ਵਿਪਰੀਤ-ਲਿੰਗੀ/ਹੈਟਰੋਸੈਕਸੁਅਲ) ਪਿੰਡੋਂ ਭੱਜ ਗਿਆ ਸੀ। ਦੋਵਾਂ ਵਿੱਚੋਂ ਇੱਕ ਜਣਾ ਕੁਨਬੀ ਤੇ ਦੂਜਾ ਅਗਰੀ ਭਾਈਚਾਰੇ ਤੋਂ ਸੀ। ਪਰਿਵਾਰਾਂ ਨੇ ਦੋਵਾਂ ਦਾ ਪਿੱਛਾ ਕੀਤਾ ਤੇ ਬਹੁਤ ਕੁੱਟਿਆ-ਮਾਰਿਆ।
ਸ਼ੁਰੂ-ਸ਼ੁਰੂ ਵਿੱਚ ਆਰੂਸ਼ ਦੀ ਮਾਂ ਨੂੰ ਦੋਵਾਂ ਦੀ ਦੋਸਤੀ ਤੋਂ ਪਰੇਸ਼ਾਨੀ ਨਹੀਂ ਸੀ। ਉਹ ਦੀਆਂ ਨਜ਼ਰਾਂ ਵਿੱਚ ਇਹ ਦੋ ਕੁੜੀਆਂ ਵਿਚਾਲੇ ਸਹੇਲਪੁਣਾ ਹੀ ਤਾਂ ਸੀ। ਹਾਂ ਉਨ੍ਹਾਂ ਨੂੰ ਆਰੂਸ਼ ਦਾ ਰੋਜ਼-ਰੋਜ਼ ਵਿਧੀ ਘਰ ਜਾਣਾ ਥੋੜ੍ਹਾ ਚਿੰਤਤ ਜ਼ਰੂਰ ਕਰਦਾ ਸੀ ਤੇ ਮਾਂ ਨੇ ਆਰੂਸ਼ 'ਤੇ ਥੋੜ੍ਹਾ ਲਗਾਮ ਲਾਉਣ ਦੀ ਕੋਸ਼ਿਸ਼ ਵੀ ਕੀਤੀ।
ਵਿਧੀ ਦੇ ਪਿਤਾ ਘਰ ਉਸਾਰੀ ਦੇ ਲੋੜੀਂਦੇ ਸਮਾਨ ਦੀ ਸਪਲਾਈ ਕਰਦੇ ਸਨ। ਜਦੋਂ ਵਿਧੀ ਮਸਾਂ 13 ਕੁ ਵਰ੍ਵਿਆਂ ਦੀ ਸੀ ਉਨ੍ਹਾਂ ਦੇ ਮਾਪੇ ਅਲਹਿਦਾ ਹੋ ਗਏ। ਬਾਅਦ ਵਿੱਚ ਵਿਧੀ ਦੇ ਪਿਤਾ ਨੇ ਦੋਬਾਰਾ ਵਿਆਹ ਕਰ ਲਿਆ। ਉਹ ਆਪਣੇ ਪਿਤਾ, ਮਤਰੇਈ ਮਾਂ ਤੇ ਚਾਰ ਭੈਣ-ਭਰਾਵਾਂ ਨਾਲ਼ ਰਹਿੰਦੀ ਸੀ। ਭੈਣ-ਭਰਾਵਾਂ ਵਿੱਚ ਇੱਕ ਵੱਡਾ ਭਰਾ, ਦੋ ਭੈਣਾਂ ਤੇ ਇੱਕ ਮਤਰੇਆ ਭਰਾ ਸੀ। ਉਹਦੀ ਮਤਰੇਈ ਮਾਂ ਨੂੰ ਆਰੂਸ਼ ਦਾ ਘਰ ਆਉਣਾ ਚੰਗਾ ਨਾ ਲੱਗਦਾ ਤੇ ਮਾਂ-ਧੀ ਵਿਚਾਲੇ ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੋਇਆ ਕਰਦੀ। ਵਿਧੀ ਦਾ ਵੱਡਾ ਭਰਾ ਜੋ 30-32 ਸਾਲਾਂ ਦਾ ਹੈ, ਕਦੇ-ਕਦਾਈਂ ਕੰਮ ਵਿੱਚ ਪਿਤਾ ਦੀ ਮਦਦ ਕਰਿਆ ਕਰਦਾ ਸੀ ਤੇ ਪਰਿਵਾਰ 'ਤੇ ਦਬਦਬਾ ਬਣਾਈ ਰੱਖਦਾ। ਉਹ ਆਪਣੀਆਂ ਭੈਣਾਂ ਨੂੰ ਕੁੱਟਿਆ ਵੀ ਕਰਦਾ ਤੇ ਬੜਾ ਅੱਖੜ ਸੁਭਾਅ ਦਾ ਸੀ।
ਵਿਧੀ ਨੇ ਜਦੋਂ ਕਦੇ ਆਰੂਸ਼ ਦੇ ਘਰ ਜਾਣਾ ਹੁੰਦਾ ਤਾਂ ਉਹੀ ਵੱਡਾ ਉਹਨੂੰ ਆਰੂਸ਼ ਦੇ ਘਰ ਛੱਡ ਆਉਂਦਾ। ਵਿਧੀ ਚੇਤਾ ਕਰਦਿਆਂ ਕਹਿੰਦੀ ਹਨ,"ਮੇਰਾ ਵੱਡਾ ਭਰਾ ਤਰ੍ਹਾਂ-ਤਰ੍ਹਾਂ ਦੀਆਂ ਤਾਅਨੇ ਮਾਰਦਾ ਤੇ ਕਹਿੰਦਾ ਕਿ ਉਹ ਆਰੂਸ਼ ਨੂੰ ਪਸੰਦ ਕਰਦਾ ਹੈ। ਮੇਰੇ ਲਈ ਉਹ ਸਭ ਸੁਣਨਾ ਬੜਾ ਔਖ਼ਾ ਹੋ ਜਾਇਆ ਕਰਦਾ। ਅਸੀਂ ਸਮਝ ਹੀ ਨਹੀਂ ਪਾ ਰਹੇ ਸਾਂ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਆਰੂਸ਼ ਮੂਕ ਬਣ ਕੇ ਉਹਦੀਆਂ ਗੱਲਾਂ ਅਸੁਣੀਆਂ ਕਰ ਛੱਡਦਾ, ਸਿਰਫ਼ ਇਸਲਈ ਕਿ ਅਸੀਂ ਇੱਕ-ਦੂਜੇ ਨੂੰ ਮਿਲ਼ਦੇ ਰਹਿ ਸਕੀਏ।"
ਅਖ਼ੀਰ ਉਹ ਘੜੀ ਆਈ ਜਦੋਂ ਵਿਧੀ ਦੇ ਭਰਾ ਨੇ ਉਹਨੂੰ ਆਰੂਸ਼ ਦੇ ਘਰ ਆਉਣ-ਜਾਣ ਤੋਂ ਡੱਕਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੀ ਹੈ,''ਉਹਦੇ ਰਵੱਈਏ ਮਗਰਲੀ ਵਜ੍ਹਾ ਮੈਂ ਨਹੀਂ ਜਾਣਦੀ। ਹੋ ਸਕਦਾ ਹੈ ਆਰੂਸ਼ ਨੂੰ ਉਹਦੇ ਪ੍ਰਤੀ ਕੋਈ ਰੁਚੀ ਨਹੀਂ ਸੀ ਜਾਂ ਹੋ ਸਕਦਾ ਹੈ ਉਹਨੂੰ ਸਾਡੀਆਂ ਵੱਧਦੀਆਂ ਨਜ਼ਦੀਕੀਆਂ ਤੋਂ ਨਾਖ਼ੁਸ਼ੀ ਸੀ।" ਵਿਧੀ ਦੀ ਭੈਣ ਅਕਸਰ ਉਹਨੂੰ ਪੁੱਛਦੀ ਕਿ ਆਰੂਸ਼ ਉਨ੍ਹਾਂ ਘਰ ਇੰਨਾ ਜ਼ਿਆਦਾ ਕਿਉਂ ਆਉਂਦਾ-ਜਾਂਦਾ ਹੈ ਜਾਂ ਉਹ ਦੋਵੇਂ ਇੱਕ ਦੂਜੇ ਨੂੰ ਇੰਨੇ ਫ਼ੋਨ ਜਾਂ ਮੈਸੇਜ ਕਿਉਂ ਕਰਦੇ ਰਹਿੰਦੇ ਹਨ।
ਇਹੀ ਉਹ ਸਮਾਂ ਸੀ ਜਦੋਂ ਆਰੂਸ਼ ਆਪਣੀਆਂ ਲਿੰਗਕ ਤਰਜੀਹਾਂ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਲੱਗ ਪਿਆ ਸੀ ਤੇ ਖ਼ੁਦ ਨੂੰ ਇੱਕ ਪੁਰਸ਼ ਦੀ ਦੇਹ ਵਿੱਚ ਦੇਖਣ ਦਾ ਇਛੁੱਕ ਹੋ ਚੁੱਕਿਆ ਸੀ। ਵਿਧੀ ਇਕੱਲੀ ਇਨਸਾਨ ਰਹੀ ਜਿਹਦੇ ਨਾਲ਼ ਉਹ ਆਪਣੇ ਮਨ ਦੀ ਗੱਲ ਸਾਂਝੀ ਕਰ ਸਕਦਾ ਸੀ। ਆਰੂਸ਼ ਕਹਿੰਦਾ ਹੈ,''ਉਦੋਂ ਮੈਂ ਨਹੀਂ ਜਾਣਦਾ ਸਾਂ 'ਟ੍ਰਾਂਸ ਪੁਰਸ਼' ਹੋਣ ਦਾ ਕੀ ਮਤਲਬ ਸੀ। ਮੇਰੇ ਅੰਦਰ ਖ਼ੁਦ ਨੂੰ ਇੱਕ ਪੁਰਸ਼ ਦੀ ਦੇਹ ਵਿੱਚ ਦੇਖਣ ਦੀ ਡੂੰਘੀ ਤੇ ਤੀਬਰ ਇੱਛਾ ਸੀ।''
ਉਹਨੂੰ ਟ੍ਰੈਕ ਪੈਂਟ, ਕਾਰਗੋ ਪੈਂਟ ਤੇ ਟੀ-ਸ਼ਰਟ ਪਾਉਣਾ ਪਸੰਦ ਸੀ। ਕਿਸੇ ਪੁਰਸ਼ ਵਾਂਗਰ ਕੱਪੜੇ ਪਾਉਣ ਦੀ ਉਹਦੀ ਸਪੱਸ਼ਟ ਹੁੰਦੀ ਜਾਂਦੀ ਇੱਛਾ ਨੂੰ ਲੈ ਕੇ ਉਹਦੀ ਮਾਂ ਕਾਫ਼ੀ ਫ਼ਿਕਰਮੰਦ ਰਿਹਾ ਕਰਦੀ ਸੀ ਤੇ ਉਹ ਉਹਦੇ ਕੱਪੜਿਆਂ ਨੂੰ ਜਾਂ ਤਾਂ ਲੁਕਾ ਦਿਆ ਕਰਦੀ ਜਾਂ ਫਿਰ ਪਾੜ ਦਿਆ ਕਰਦੀ। ਆਰੂਸ਼ ਦੀ ਮਾਂ ਨੇ ਤਾਂ ਮੁੰਡਿਆਂ ਜਿਹੇ ਕੱਪੜੇ ਪਾਉਣ ਕਾਰਨ ਉਹਦਾ ਕੁਟਾਪਾ ਵੀ ਚਾੜ੍ਹ ਛੱਡਿਆ ਸੀ ਤੇ ਝਿੜਕਾਂ ਤਾਂ ਉਹ ਮਾਰਦੀ ਹੀ ਰਹਿੰਦੀ ਸੀ। ਉਹ ਉਹਨੂੰ ਕੁੜੀਆਂ ਦੇ ਕੱਪੜੇ ਲਿਆ ਕੇ ਦਿੰਦੀ। ਉਹ ਕਹਿੰਦਾ ਹੈ,''ਮੈਨੂੰ ਸਲਵਾਰ-ਕਮੀਜ਼ ਉੱਕਾ ਹੀ ਪਸੰਦ ਨਹੀਂ ਸੀ।'' ਸਲਵਾਰ ਕਮੀਜ਼ ਉਹ ਸਿਰਫ਼ ਸਕੂਲੇ ਜਾਣ ਲੱਗਿਆਂ ਪਾਉਂਦਾ, ਕਿਉਂਕਿ ਇਹੀ ਕੁੜੀਆਂ ਦੀ ਵਰਦੀ ਸੀ। ਇਨ੍ਹਾਂ ਕੱਪੜਿਆਂ ਵਿੱਚ ਉਹਦਾ ''ਸਾਹ ਘੁਟੀਂਦਾ'' ਮਹਿਸੂਸ ਹੁੰਦਾ, ਉਹ ਪ੍ਰਵਾਨ ਕਰਦਾ ਹੈ।
ਜਦੋਂ ਆਰੂਸ਼ ਨੂੰ ਮਾਹਵਾਰੀ ਆਉਣੀ ਸ਼ੁਰੂ ਹੋ ਗਈ ਤਾਂ ਉਹਦੀ ਮਾਂ ਨੇ ਸੁੱਖ ਦਾ ਸਾਹ ਲਿਆ। ਇਹ ਉਦੋਂ ਦੀ ਗੱਲ ਹੈ ਜਦੋਂ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਖ਼ੈਰ, ਉਹਦੀ ਮਾਂ ਨੂੰ ਬਹੁਤੀ ਦੇਰ ਚੈਨ ਨਾ ਮਿਲ਼ ਸਕਿਆ। ਸਾਲ ਬਾਅਦ ਹੀ ਆਰੂਸ਼ ਦੀ ਮਾਹਵਾਰੀ ਅਨਿਯਮਿਤ ਹੋ ਗਈ ਤੇ ਕੁਝ ਦਿਨਾਂ ਬਾਅਦ ਰੁੱਕ ਹੀ ਗਈ। ਉਹਦੀ ਮਾਂ ਉਹਨੂੰ ਲੈ ਕੇ ਕਈ ਡਾਕਟਰਾਂ ਤੇ ਵੈਦਾਂ ਕੋਲ਼ ਗਈ। ਉਨ੍ਹਾਂ ਵੱਲੋਂ ਦਿੱਤੀਆਂ ਵੰਨ-ਸੁਵੰਨੀਆਂ ਬੂਟੀਆਂ ਨਾਲ਼ ਵੀ ਕੋਈ ਫ਼ਰਕ ਨਾ ਪਿਆ।
ਗੁਆਂਢੀਆਂ ਤੋਂ ਲੈ ਕੇ ਅਧਿਆਪਕ ਅਤੇ ਉਹਦੇ ਨਾਲ਼ ਸਕੂਲ ਪੜ੍ਹਨ ਵਾਲ਼ੇ- ਹਰ ਕੋਈ ਉਹਨੂੰ ਤਾਅਨੇ ਮਾਰਦਾ। ''ਉਹ ਕਿਹਾ ਕਰਦੇ,'ਕੁੜੀ ਵਾਂਗਰ ਰਿਹਾ ਕਰ... ਆਪਣੀਆਂ ਹੱਦਾਂ ਨਾ ਭੁੱਲੀਂ।' ਉਹਨੂੰ ਇਹ ਵੀ ਚਿਤਾਇਆ ਜਾਂਦਾ ਸੀ ਕਿ ਹੁਣ ਉਹਦੀ ਉਮਰ ਵਿਆਹੇ ਜਾਣ ਦੀ ਹੋ ਗਈ ਸੀ।'' ਮਜ਼ਬੂਰ ਹੋ ਕੇ ਆਰੂਸ਼ ਹਰ ਵੇਲ਼ੇ ਆਪਣੇ-ਆਪ ਨੂੰ ਹੀ ਖ਼ਦਸ਼ੇ ਭਰੀਆਂ ਨਜ਼ਰਾਂ ਨਾਲ਼ ਦੇਖਣ ਲੱਗਿਆ ਤੇ ਆਪਣੇ-ਆਪ 'ਤੇ ਖਿੱਝਿਆ-ਖਿੱਝਿਆ ਰਹਿਣ ਲੱਗਿਆ। ''ਇੰਝ ਜਾਪਦਾ ਜਿਵੇਂ ਮੈਂ ਕੁਝ ਗ਼ਲਤ ਕੰਮ ਕੀਤਾ ਹੋਵੇ,'' ਉਹ ਕਹਿੰਦਾ ਹੈ।
11ਵੀਂ ਜਮਾਤ ਵਿੱਚ ਜਦੋਂ ਆਰੂਸ਼ ਨੂੰ ਫ਼ੋਨ ਮਿਲ਼ਿਆ ਤਾਂ ਉਹਨੇ ਇੰਟਰਨੈੱਟ 'ਤੇ ਘੰਟਿਆ-ਬੱਧੀ ਇਹ ਜਾਣਨ ਵਿੱਚ ਸਮਾਂ ਲੰਘਾਇਆ ਕਿ ਲਿੰਗ ਪੁਸ਼ਟੀਕਰਨ ਲਈ ਕੀਤੀ ਜਾਣ ਵਾਲ਼ੀ ਸਰਜਰੀ ਤੋਂ ਬਾਅਦ ਉਹਦੇ ਲਈ ਇਸਤਰੀ ਤੋਂ ਪੁਰਸ਼ ਬਣਨ ਦੀਆਂ ਕਿੰਨੀਆਂ ਕੁ ਸੰਭਾਵਨਾਵਾਂ ਹਨ। ਪਹਿਲਾਂ-ਪਹਿਲ ਵਿਧੀ ਨੂੰ ਇਸ ਬਾਰੇ ਗੱਲ ਕਰਨ ਵਿੱਚ ਝਿਜਕ ਮਹਿਸੂਸ ਹੋਈ। ਉਹ ਦੱਸਦੀ ਹੈ,''ਮੈਂ ਉਹਨੂੰ ਉਸੇ ਰੂਪ ਵਿੱਚ ਪਸੰਦ ਕਰਦੀ ਸਾਂ ਜਿਹੋ-ਜਿਹਾ ਉਹ ਸੀ। ਉਹ ਇਸ ਪ੍ਰਤੀ ਈਮਾਨਦਾਰ ਸੀ। ਉਹ ਆਪਣੇ-ਆਪ ਨੂੰ ਸਰੀਰਕ ਤੌਰ 'ਤੇ ਬਦਲਣਾ ਚਾਹੁੰਦਾ ਸੀ, ਪਰ ਉਹਦੇ ਸੁਭਾਅ ਦਾ ਕੀ... ਉਹ ਤਾਂ ਨਹੀਂ ਬਦਲਣਾ ਸੀ।''
*****
ਸਾਲ 2019 ਵਿੱਚ ਜਦੋਂ ਵਿਧੀ ਨੇ 12ਵੀਂ ਪਾਸ ਕਰ ਲਈ ਤਾਂ ਉਹਦੀ ਪੜ੍ਹਾਈ ਛੁੱਟ ਗਈ। ਆਰੂਸ਼, ਜੋ ਇੱਕ ਪੁਲਿਸ ਅਫ਼ਸਰ ਬਣਨਾ ਚਾਹੁੰਦਾ ਸੀ, ਨੇ ਪੁਲਿਸ ਭਰਤੀ-ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲ਼ੇ ਪਾਲਘਰ ਦੇ ਇੱਕ ਕੋਚਿੰਗ ਸੈਂਟਰ ਵਿੱਚ ਦਾਖਲਾ ਲੈ ਲਿਆ। ਉਹਨੂੰ ਇੱਕ ਮਹਿਲਾ ਉਮੀਦਵਾਰ ਵਜੋਂ ਫ਼ਾਰਮ ਭਰਨਾ ਪਿਆ। ਪਰ ਕੋਵਿਡ-19 ਕਾਰਨ ਦੇਸ਼ ਵਿਆਪੀ ਲੱਗੀ ਤਾਲਾਬੰਦੀ ਨੇ 2020 ਵਿੱਚ ਹੋਣ ਵਾਲ਼ੀ ਭਰਤੀ-ਪ੍ਰੀਖਿਆ ਰੱਦ ਕਰ ਦਿੱਤੀ। ਇਸਲਈ, ਉਹਨੇ ਪੱਤਰ-ਵਿਹਾਰ (correspondence) ਕੋਰਸ ਰਾਹੀਂ ਬੀਏ ਦੀ ਡਿਗਰੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।
ਤਾਲਾਬੰਦੀ ਆਰੂਸ਼ ਅਤੇ ਵਿਧੀ ਲਈ ਇੱਕ ਬੜਾ ਔਖ਼ਾ ਦੌਰ ਰਹੀ। ਵਿਧੀ ਦੇ ਘਰ ਵਾਲ਼ੇ ਉਹਦੇ ਵਿਆਹ ਬਾਰੇ ਸੋਚਣ ਲੱਗੇ। ਪਰ ਉਹਨੇ ਵੀ ਤੈਅ ਕਰ ਲਿਆ ਸੀ ਕਿ ਉਹਨੇ ਆਰੂਸ਼ ਨਾਲ਼ ਹੀ ਜੀਵਨ ਬਿਤਾਉਣਾ ਹੈ। ਹੁਣ ਘਰੋਂ ਭੱਜਣ ਤੋਂ ਇਲਾਵਾ ਉਨ੍ਹਾਂ ਸਾਹਮਣੇ ਕੋਈ ਚਾਰਾ ਹੀ ਨਾ ਰਿਹਾ। ਪਹਿਲਾਂ ਕਦੇ ਜਦੋਂ ਆਰੂਸ਼ ਨੇ ਵਿਧੀ ਨੂੰ ਘਰ ਛੱਡ ਕੇ ਭੱਜਣ ਲਈ ਕਹਿੰਦਾ ਤਾਂ ਵਿਧੀ ਰਾਜ਼ੀ ਨਾ ਹੁੰਦੀ। ਉਹ ਕਹਿੰਦੀ ਹੈ,''ਬੜਾ ਡਰਾਉਣਾ ਫ਼ੈਸਲਾ ਲੱਗਦਾ... ਘਰ ਛੱਡ ਕੇ ਜਾਣਾ ਕੋਈ ਸੁਖ਼ਾਲਾ ਕੰਮ ਤਾਂ ਨਹੀਂ।''
ਤਾਲਾਬੰਦੀ ਤੋਂ ਬਾਅਦ ਆਰੂਸ਼ ਨੇ ਅਗਸਤ 2020 ਨੂੰ ਇੱਕ ਦਵਾਈ ਬਣਾਉਣ ਵਾਲ਼ੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹਰ ਮਹੀਨੇ 5,000 ਰੁਪਏ ਕਮਾਉਣ ਲੱਗਿਆ। ''ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਮੈਂ ਕਿਵੇਂ ਜਿਊਣਾ ਚਾਹੁੰਦਾ ਸਾਂ। ਉਸ ਹਾਲਤ ਵਿੱਚ ਦਮ-ਘੁੱਟਦਾ ਸੀ। ਮੈਨੂੰ ਇਹ ਸਮਝ ਪੈ ਗਿਆ ਸੀ ਕਿ ਘਰੋਂ ਭੱਜ ਨਿਕਲ਼ਣਾ ਹੀ ਇੱਕੋ-ਇੱਕ ਰਾਹ ਸੀ,'' ਉਹ ਕਹਿੰਦਾ ਹੈ। ਉਹਨੇ ਕਈ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਤੇ ਸਮੂਹਾਂ ਨਾਲ਼ ਸੰਪਰਕ ਕੀਤਾ ਜੋ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਲਈ ਕੰਮ ਕਰਦੇ ਹਨ। ਦਰਅਸਲ ਆਰੂਸ਼ ਆਪਣੇ ਤੇ ਵਿਧੀ ਲਈ ਰਹਿਣ ਦੀ ਠਾਰ੍ਹ ਲੱਭਣਾ ਚਾਹੁੰਦਾ ਸੀ।
ਭਾਰਤ ਅੰਦਰ ਟ੍ਰਾਂਸਜੈਂਡਰ ਹੋਣਾ ਸਮਝੋ ਇੱਕ ਕਲੰਕ ਹੋਣਾ ਤੇ ਖ਼ਾਸ ਕਰਕੇ ਪੇਂਡੂ ਭਾਰਤ ਅੰਦਰ ਉਨ੍ਹਾਂ ਦਾ ਹੁੰਦਾ ਉਤਪੀੜਨ ਉਨ੍ਹਾਂ ਨੂੰ ਘਰ ਛੱਡ ਕੇ ਆਪਣੇ ਲਈ ਸੁਰੱਖਿਅਤ ਥਾਂ ਤਲਾਸ਼ਣ ਲਈ ਮਜ਼ਬੂਰ ਕਰਦਾ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ 2021 ਵਿੱਚ ਪੱਛਮ ਬੰਗਾਲ ਦੇ ਟ੍ਰਾਂਸਜੈਂਡਰ ਲੋਕਾਂ 'ਤੇ ਜਾਰੀ ਇੱਕ ਰਿਪੋਰਟ ਦੇ ਮੁਤਾਬਕ ''ਪਰਿਵਾਰ ਦੇ ਲੋਕ ਉਨ੍ਹਾਂ 'ਤੇ ਆਪਣੀ ਲਿੰਗਕਤਾ ਲੁਕਾਉਣ ਲਈ ਜ਼ੋਰ ਪਾਉਂਦੇ ਹਨ।'' ਇਹੀ ਕਾਰਨ ਹੈ ਕਿ ਉਨ੍ਹਾਂ ਵਿੱਚੋਂ ਤਕਰੀਬਨ ਅੱਧੇ ਟ੍ਰਾਂਸਜੈਂਡਰ ਆਪਣੇ ਘਰਵਾਲ਼ਿਆਂ, ਦੋਸਤਾਂ ਤੇ ਸਮਾਜ ਦੇ ਪੱਖਪਾਤੀ ਰਵੱਈਏ ਤੋਂ ਦੁਖੀ ਹੋ ਕੇ ਘਰ ਛੱਡ ਕੇ ਚਲੇ ਜਾਂਦੇ ਹਨ।
ਆਰੂਸ਼ ਤੇ ਵਿਧੀ ਨੂੰ ਮੁੰਬਈ ਹੀ ਆਪਣੀ ਮੰਜ਼ਲ ਜਾਪਿਆ। ਉੱਥੇ ਰਹਿੰਦਿਆਂ ਆਰੂਸ਼ ਸਰਜਰੀ ਵੀ ਕਰਾ ਸਕਦਾ ਸੀ। ਇਸਲਈ 2021 ਦੀ ਮਾਰਚ ਦੀ ਇੱਕ ਦੁਪਹਿਰ ਵਿਧੀ ਹਸਪਤਾਲ ਜਾਣ ਦਾ ਬਹਾਨਾ ਬਣਾ ਕੇ ਘਰੋਂ ਨਿਕਲ਼ੀ ਤੇ ਆਰੂਸ਼ ਕੰਮ 'ਤੇ ਜਾਣ ਦਾ ਬਹਾਨਾ ਕਰਕੇ। ਦੋਵੇਂ ਪ੍ਰੇਮੀ ਤੈਅ ਥਾਂਵੇਂ ਮਿਲ਼ੇ। ਆਰੂਸ਼ ਕੋਲ਼ 15,000 ਰੁਪਏ ਨਕਦ ਸਨ, ਜੋ ਉਹਨੇ ਆਪਣੀ ਕਮਾਈ ਤੋਂ ਬਚਾਏ ਸਨ। ਉਹਦੇ ਕੋਲ਼ ਆਪਣੀ ਮਾਂ ਦੀ ਸੋਨੇ ਦੀ ਇੱਕੋ-ਇੱਕ ਚੇਨੀ ਤੇ ਸੋਨੇ ਦੀ ਵਾਲ਼ੀਆਂ (ਇੱਕ ਜੋੜੀ) ਵੀ ਸਨ। ਉਹਨੇ 13,000 ਰੁਪਏ ਦੇ ਬਦਲੇ ਸੋਨਾ ਵੇਚਿਆ। ਉਹ ਖੁੱਲ੍ਹ ਕੇ ਦੱਸਦਿਆਂ ਕਹਿੰਦਾ ਹੈ,''ਸੋਨਾ ਵੇਚਦੇ ਸਮੇਂ ਮੈਨੂੰ ਬੜਾ ਬੁਰਾ ਲੱਗ ਰਿਹਾ ਸੀ, ਪਰ ਆਪਣੀ ਸੁਰੱਖਿਆ ਵਾਸਤੇ ਸਾਡੇ ਹੱਥ ਵਿੱਚ ਨਗਦੀ ਹੋਣਾ ਜ਼ਰੂਰੀ ਸੀ। ਮੈਂ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਸਾਂ, ਕਿਉਂਕਿ ਸਾਡੇ ਲਈ ਘਰ ਮੁੜਨਾ ਅਸੰਭਵ ਹੋ ਗਿਆ ਸੀ।''
*****
ਮੁੰਬਈ ਵਿਖੇ ਊਰਜਾ ਟਰੱਸਟ ਦੁਆਰਾ ਚਲਾਈ ਜਾਂਦੀ ਐੱਨਜੀਓ ਦੇ ਕਾਰੁਕੰਨਾਂ ਵੱਲੋਂ ਦੋਵਾਂ ਪ੍ਰੇਮੀਆਂ ਨੂੰ ਪਨਾਹ ਦੇਣ ਲਈ ਨਾਰੀ ਸੰਰਖਣ ਗ੍ਰਹਿ ਲਿਜਾਇਆ ਗਿਆ। ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ। ਮਨੁੱਖੀ ਅਧਿਕਾਰ ਤੇ ਊਰਜਾ ਟਰੱਸਟ ਦੀ ਪ੍ਰੋਗਰਾਮ ਮੈਨੇਜਰ ਅੰਕਿਤਾ ਕੋਹੀਕਰ ਕਹਿੰਦੀ ਹਨ,''ਕਿਉਂਕਿ ਦੋਵੇਂ ਬਾਲ਼ਗ ਸਨ, ਜੇ ਕਨੂੰਨ ਦੀ ਨਜ਼ਰ ਤੋਂ ਦੇਖੀਏ ਤਾਂ ਪੁਲਿਸ ਨੂੰ ਸੂਚਨਾ ਦੇਣ ਦੀ ਕੋਈ ਲੋੜ ਨਹੀਂ ਸੀ। ਪਰ ਕੁਝ ਪੇਚੀਦਾ ਮਾਮਲਿਆਂ ਵਿੱਚ, ਖ਼ਾਸ ਕਰਕੇ ਜਦੋਂ ਮਾਮਲਾ LGBTQIA+ ਦਾ ਹੋਵੇ ਤੇ ਪਰਿਵਾਰ ਵੱਲੋਂ ਕੋਈ ਨੁਕਸਾਨ ਪਹੁੰਚਾਉਣ ਦਾ ਖ਼ਦਸ਼ਾ ਬਣਿਆ ਹੋਇਆ ਹੋਵੇ ਤਾਂ ਉਨ੍ਹਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ਼ ਸਾਨੂੰ ਪੁਲਿਸ ਨੂੰ ਦੱਸ ਦੇਣਾ ਜ਼ਰੂਰੀ ਲੱਗਦਾ ਹੈ।''
ਖ਼ੈਰ, ਥੋੜ੍ਹੀ ਦਿੱਕਤ ਦਰਪੇਸ਼ ਆ ਗਈ। ਪੁਲਿਸ ਸਟੇਸ਼ਨ 'ਤੇ ਅਧਿਕਾਰੀਆਂ ਨੇ ਉਨ੍ਹਾਂ ਕੋਲ਼ੋਂ ਕਾਫ਼ੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਆਰੂਸ਼ ਚੇਤੇ ਕਰਦਿਆਂ ਕਹਿੰਦਾ ਹੈ,''ਉਹ ਬਾਰ-ਬਾਰ ਸਾਨੂੰ ਪਿੰਡ ਵਾਪਸ ਮੁੜ ਜਾਣ ਲਈ ਕਹਿੰਦੇ ਰਹੇ, ਕਿਉਂਕਿ ਉਨ੍ਹਾਂ ਮੁਤਾਬਕ ਅਜਿਹਾ ਰਿਸ਼ਤਾ ਬਹੁਤੀ ਦੇਰ ਟਿਕਦਾ ਨਹੀਂ। ਇਹ ਕੁਦਰਤੀ ਨਹੀਂ ਸੀ।'' ਪੁਲਿਸ ਨੇ ਦੋਵਾਂ ਦੇ ਘਰਵਾਲ਼ਿਆਂ ਨੂੰ ਵੀ ਸੂਚਿਤ ਕਰ ਦਿੱਤਾ, ਜੋ ਪਹਿਲਾਂ ਹੀ ਉਨ੍ਹਾਂ ਦੋਵਾਂ ਨਾਲ਼ ਸਖ਼ਤ ਨਰਾਜ਼ ਸਨ। ਉਸ ਸਮੇਂ ਤੱਕ ਆਰੂਸ਼ ਦੀ ਮਾਂ ਨੇ ਵੀ ਨਜ਼ਦੀਕੀ ਪੁਲਿਸ ਸਟੇਸ਼ਨ ਵਿਖੇ ਉਹਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਾ ਦਿੱਤੀ ਸੀ ਤੇ ਵਿਧੀ ਦੇ ਘਰ ਵਾਲ਼ੇ ਆਰੂਸ਼ ਦੇ ਘਰ ਪਹੁੰਚ ਕੇ ਉਹਦੇ ਘਰਦਿਆਂ ਨੂੰ ਧਮਕਾ ਚੁੱਕੇ ਸਨ।
ਜਿਓਂ ਹੀ ਪਰਿਵਾਰਾਂ ਨੂੰ ਉਨ੍ਹਾਂ ਦੇ ਮੁੰਬਈ ਹੋਣ ਦਾ ਪਤਾ ਚੱਲਿਆ ਉਹ ਉਸੇ ਦਿਨ ਮੁੰਬਈ ਪਹੁੰਚ ਗਏ। ਵਿਧੀ ਦੱਸਦੀ ਹੈ,'' ਭਾਈ (ਵੱਡੇ ਭਰਾ) ਨੇ ਮੈਨੂੰ ਚੁੱਪਚਾਪ ਨਾਲ਼ ਤੁਰਨ ਨੂੰ ਕਿਹਾ। ਮੈਂ ਉਹਦੇ ਸੁਭਾਅ ਦਾ ਇਹ ਪੱਖ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹ ਇਸਲਈ ਕਿ ਪੁਲਿਸ ਨਾਲ਼ ਸੀ।''
ਆਰੂਸ਼ ਦੀ ਮਾਂ ਨੇ ਉਨ੍ਹਾਂ ਨੂੰ ਬੜਾ ਸਮਝਾਇਆ। ਚੇਤੇ ਕਰਦਿਆਂ ਆਰੂਸ਼ ਕਹਿੰਦਾ ਹੈ,''ਪੁਲਿਸ ਨੇ ਆਈ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸਾਨੂੰ ਦੋਵਾਂ ਨੂੰ ਆਪਣੇ ਨਾਲ਼ ਵਾਪਸ ਲੈ ਜਾਵੇ, ਕਿਉਂਕਿ ਸੰਰਖਣ ਗ੍ਰਹਿ ਔਰਤਾਂ ਲਈ ਸੁਰੱਖਿਅਤ ਥਾਂ ਨਹੀਂ।'' ਵਢਭਾਗੀਂ ਊਰਜਾ ਦੇ ਕਾਰਕੁੰਨਾਂ ਨੇ ਵਿੱਚ ਪੈ ਕੇ ਮਾਪਿਆਂ ਨੂੰ ਦੋਵਾਂ ਨੂੰ ਜ਼ਬਰਦਸਤੀ ਵਾਪਸ ਲਿਜਾਣ ਤੋਂ ਰੋਕ ਦਿੱਤਾ। ਆਰੂਸ਼ ਨੇ ਉਹ ਪੈਸੇ ਵੀ ਆਪਣੇ ਮਾਪਿਆਂ ਨੂੰ ਮੋੜ ਦਿੱਤੇ ਜੋ ਉਹਨੇ ਮਾਂ ਦੇ ਗਹਿਣੇ ਵੇਚ ਕੇ ਵੱਟੇ ਸਨ। ਉਹ ਕਹਿੰਦਾ ਹੈ,''ਮੈਨੂੰ ਉਹ ਪੈਸੇ ਆਪਣੇ ਕੋਲ਼ ਰੱਖਣੇ ਚੰਗਾ ਨਾ ਲੱਗੇ।''
ਓਧਰ ਪਿੰਡ ਵਿਖੇ, ਵਿਧੀ ਦੇ ਪਰਿਵਾਰ ਨੇ ਆਰੂਸ਼ 'ਤੇ ਦੇਹ-ਵਪਾਰ ਕਰਾਉਣ ਲਈ ਵਿਧੀ ਨੂੰ ਜ਼ਬਰਦਸਤੀ ਆਪਣੇ ਨਾਲ਼ ਲਿਜਾਣ ਦਾ ਦੋਸ਼ ਲਾਇਆ। ਉਹਦੇ ਵੱਡੇ ਭਰਾ ਅਤੇ ਦੂਜੇ ਰਿਸ਼ਤੇਦਾਰਾਂ ਨੇ ਆਰੂਸ਼ ਦੇ ਘਰਦਿਆਂ ਨੂੰ ਡਰਾਉਣਾ-ਧਮਕਾਉਣਾ ਜਾਰੀ ਰੱਖਿਆ ਤੇ ਹਰ ਮਾੜੇ ਨਤੀਜੇ ਲਈ ਖ਼ੁਦ ਨੂੰ ਤਿਆਰ ਕਰਨ ਲਈ ਕਿਹਾ। ਆਰੂਸ਼ ਕਹਿੰਦਾ ਹੈ,''ਉਹ (ਵਿਧੀ ਦਾ ਵੱਡਾ ਭਰਾ) ਸਮੱਸਿਆ ਦਾ ਹੱਲ ਕੱਢਣ ਲਈ ਮੇਰੇ ਭਰਾ ਨੂੰ ਸੱਦਦਾ ਰਹਿੰਦਾ ਪਰ ਮੇਰਾ ਭਰਾ ਜਾਣ ਤੋਂ ਬੱਚਦਾ ਰਹਿੰਦਾ। ਉਹਨੂੰ ਡਰ ਸੀ ਕਿ ਉਹ ਕੁਝ ਵੀ ਕਰ ਸਕਦੇ ਸਨ।''
*****
ਸੈਂਟਰਲ ਮੁੰਬਈ ਦੇ ਇਸ ਸੰਰਖਣ ਗ੍ਰਹਿ ਵਿਖੇ ਰਹਿਣ ਦੇ ਬਾਵਜੂਦ ਆਰੂਸ਼ ਤੇ ਵਿਧੀ ਖ਼ੁਦ ਨੂੰ ਬੜਾ ਅਸੁਰੱਖਿਅਤ ਮਹਿਸੂਸ ਕਰਿਆ ਕਰਦੇ। ਆਰੂਸ਼ ਕਹਿੰਦਾ ਹੈ,''ਅਸੀਂ ਕਿਸੇ 'ਤੇ ਯਕੀਨ ਨਾ ਕਰ ਪਾਉਂਦੇ। ਕੌਣ ਜਾਣਦਾ ਸੀ ਕਦੋਂ ਪਿੰਡੋਂ ਕੌਣ ਆ ਧਮਕੇ।'' ਇਸਲਈ ਉਨ੍ਹਾਂ ਨੇ 10,000 ਰੁਪਏ ਜਮ੍ਹਾਂ ਕਰਕੇ ਆਪਣੇ ਲਈ ਕਿਰਾਏ ਦਾ ਕਮਰਾ ਲੈ ਲਿਆ। ਉਹ ਕਮਰੇ ਦੇ ਬਦਲੇ 5,000 ਰੁਪਿਆ ਮਹੀਨਾ ਭਰਦੇ। ਉਹ ਦੱਸਦਾ ਹੈ,''ਮਕਾਨ ਮਾਲਕ ਨੂੰ ਸਾਡੇ ਰਿਸ਼ਤੇ ਬਾਰੇ ਕੁਝ ਪਤਾ ਨਹੀਂ ਹੈ। ਸਾਡੇ ਲਈ ਵੀ ਲੁਕਾਵਾ ਕਰਨਾ ਜ਼ਰੂਰੀ ਹੈ। ਅਸੀਂ ਵੀ ਕਮਰਾ ਛੱਡਣਾ ਨਹੀਂ ਚਾਹੁੰਦੇ।''
ਹੁਣ ਆਰੂਸ਼ ਆਪਣਾ ਪੂਰਾ ਧਿਆਨ ਲਿੰਗ-ਪੁਸ਼ਟੀਕਰਨ ਸਰਜਰੀ ਅਤੇ ਇਲਾਜ ਵੱਲ ਦੇਣਾ ਚਾਹੁੰਦਾ ਹੈ। ਇਸ ਪੂਰੀ ਪ੍ਰਕਿਰਿਆ ਬਾਰੇ- ਡਾਕਟਰਾਂ ਤੇ ਇਲਾਜ ਦੇ ਖ਼ਰਚਿਆਂ ਬਾਬਤ ਉਹਦੀ ਪੂਰੀ ਜਾਣਕਾਰੀ ਦਾ ਸ੍ਰੋਤ ਗੂਗਲ ਤੇ ਕੁਝ ਕੁ ਵਟ੍ਹਸਐਪ ਗਰੁੱਪ ਹੀ ਹਨ।
ਇਸੇ ਸਿਲਸਿਲੇ ਵਿੱਚ ਉਹ ਇੱਕ ਵਾਰੀਂ ਮੁੰਬਈ ਦੇ ਇੱਕ ਸਰਕਾਰੀ ਹਸਪਤਾਲ ਵੀ ਗਿਆ, ਪਰ ਦੂਜੀ ਵਾਰ ਕਦੇ ਨਾ ਗਿਆ। ਆਰੂਸ਼ ਕਹਿੰਦਾ ਹੈ,''ਮੇਰੀ ਮਦਦ ਕਰਨ ਦੀ ਬਜਾਇ ਡਾਕਟਰ ਮੈਨੂੰ ਸਰਜਰੀ ਨਾ ਕਰਾਉਣ ਲਈ ਸਮਝਾਉਣ ਲੱਗਿਆ। ਉਹ ਮੇਰੀ ਗੱਲ਼ ਹੀ ਨਹੀਂ ਸਮਝ ਰਿਹਾ ਸੀ। ਫਿਰ ਉਹਨੇ ਸਹਿਮਤੀ ਲੈਣ ਲਈ ਮੇਰੇ ਮਾਪਿਆਂ ਨੂੰ ਬੁਲਾਉਣ ਲਈ ਕਿਹਾ। ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਵੀ ਆਇਆ। ਉਹ ਤਾਂ ਮਦਦ ਦੀ ਬਜਾਇ ਮੇਰੀਆਂ ਪਰੇਸ਼ਾਨੀਆਂ ਨੂੰ ਵਧਾ ਸਕਦਾ ਸੀ।''
ਹੁਣ ਆਰੂਸ਼ ਨੇ ਆਪਣੇ ਇਲਾਜ ਵਾਸਤੇ ਇੱਕ ਨਿੱਜੀ ਹਸਪਤਾਲ ਦੀ ਰਾਹ ਫੜ੍ਹੀ ਹੈ। ਸਲਾਹ-ਮਸ਼ਵਰੇ ਦੀ ਪ੍ਰਕਿਰਿਆਂ ਵਿੱਚੋਂ ਦੀ ਲੰਘਣ ਤੋਂ ਬਾਅਦ ਡਾਕਟਰ ਇਸ ਨਤੀਜੇ 'ਤੇ ਪੁੱਜੇ ਹਨ ਕਿ ਉਹਨੂੰ ਜੈਂਡਰ ਡਿਸਫੋਰਿਆ ਨਾਮ ਦੀ ਬੀਮਾਰੀ ਹੈ। ਇਹ ਬੀਮਾਰੀ ਵਿਅਕਤੀ ਦੇ ਜੈਵਿਕ ਲਿੰਗਕਤਾ ਤੇ ਲਿੰਗਕ ਪਛਾਣ ਵਿਚਾਲੇ ਤਾਲਮੇਲ ਦੀ ਗੜਬੜੀ ਕਾਰਨ ਹੁੰਦੀ ਹੈ। ਡਾਕਟਰਾਂ ਨੇ ਆਰੂਸ਼ ਨੂੰ ਹਾਰਮੋਨ ਇਲਾਜ ਦੇਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਲਿੰਗ-ਪੁਸ਼ਟੀਕਰਨ ਦੀ ਪ੍ਰਕਿਰਿਆ ਤੇ ਇਲਾਜ ਬੜਾ ਦੀਰਘ ਤੇ ਖ਼ਰਚੀਲਾ ਹੈ।
ਹਰ 21ਵੇਂ ਦਿਨ ਦਿੱਤੇ ਜਾਣ ਵਾਲ਼ੇ ਟੇਸਟੋਸਟੇਰੋਨ ਇੰਜੈਕਸ਼ਨ ਦੀ ਇੱਕ ਕਿੱਟ ਕੋਈ 420 ਰੁਪਏ ਦੀ ਹੈ, ਜਿਹਨੂੰ ਡਾਕਟਰ ਦੀ ਨਿਗਰਾਨੀ ਵਿੱਚ ਹੀ ਲਾਇਆ ਜਾਂਦਾ ਹੈ। ਟੀਕਾ ਲਾਉਣ ਬਦਲੇ ਡਾਕਟਰਰ ਵੀ 350 ਰੁਪਏ ਫ਼ੀਸ ਲੈਂਦਾ ਹੈ। ਖਾਣ ਵਾਲ਼ੀਆਂ ਦਵਾਈਆਂ ਵਾਸਤੇ ਹਰ ਪੰਦਰ੍ਹਾਂ ਦਿਨਾਂ ਵਿੱਚ 200 ਰੁਪਏ ਅੱਡ ਤੋਂ ਖਰਚਣੇ ਪੈਂਦੇ ਹਨ। ਹਾਰਮੋਨ ਇਲਾਜ ਦੇ ਕੁਪ੍ਰਭਾਵਾਂ 'ਤੇ ਨਜ਼ਰ ਰੱਖਣ ਲਈ ਆਰੂਸ਼ ਨੂੰ ਹਰ 2-3 ਮਹੀਨੇ ਬਾਅਦ ਖ਼ੂਨ ਦੀ ਜਾਂਚ ਕਰਾਉਣੀ ਪੈਂਦੀ ਹੈ, ਜਿਸ ਵਿੱਚ ਤਕਰੀਬਨ 5,000 ਰੁਪਏ ਦਾ ਖਰਚਾ ਆਉਂਦਾ ਹੈ। ਕਾਊਂਸਲਰ ਦੀ ਕਾਊਂਸਲਰ ਦੀ ਫੀਸ 1,500 ਰੁਪਏ ਲੱਗਦੀ ਹੈ ਤੇ ਡਾਕਟਰ ਦੀ ਫੀਸ ਹਰ ਵਾਰੀਂ 800-1,000 ਰੁਪਏ।
ਇਲਾਜ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਆਰੂਸ਼ ਦੱਸਦਾ ਹੈ,''ਮੈਂ ਆਪਣੇ ਅੰਦਰ ਤਬਦੀਲੀ ਮਹਿਸੂਸ ਕਰ ਰਿਹਾ ਹਾਂ। ਹੁਣ ਮੇਰੀ ਅਵਾਜ਼ ਪਹਿਲਾਂ ਨਾਲ਼ੋਂ ਭਾਰੀ ਹੋਣ ਲੱਗੀ ਹੈ। ਮੈਂ ਖ਼ੁਸ਼ ਹਾਂ। ਇਲਾਜ ਦੇ ਕੁਪ੍ਰਭਾਵਾਂ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ,''ਹਾਂ ਮੈਨੂੰ ਖਿੱਝ ਮਹਿਸੂਸ ਹੁੰਦੀ ਹੈ ਤੇ ਕਦੇ-ਕਦਾਈਂ ਗੁੱਸਾ ਵੀ ਚੜ੍ਹਦਾ ਹੈ।''
ਆਰੂਸ਼ ਨੂੰ ਇਹ ਵੀ ਡਰ ਸਤਾਉਂਦਾ ਹੈ ਕਿ ਹੋ ਸਕਦਾ ਹੈ ਇੱਕ ਦਿਨ ਵਿਧੀ ਨੂੰ ਉਹਦੇ ਨਾਲ਼ ਭੱਜ ਆਉਣ ਦਾ ਪਛਤਾਵਾ ਹੋਵੇ ਤੇ ਉਹ ਉਹਨੂੰ ਚਾਹੁੰਣਾ ਹੀ ਬੰਦ ਕਰ ਦੇਵੇ। ਆਰੂਸ਼ ਕਹਿੰਦਾ ਹੈ,''ਉਹ ਇੱਕ ਚੰਗੇ ਪਰਿਵਾਰ (ਉੱਚੀ ਜਾਤੀ) ਨਾਲ਼ ਤਾਅਲੁੱਕ ਰੱਖਦੀ ਹੈ, ਪਰ ਉਹਨੇ ਮੈਨੂੰ ਕਦੇ ਵੀ ਹੀਣਾ ਮਹਿਸੂਸ ਨਹੀਂ ਹੋਣ ਦਿੱਤਾ। ਉਹ ਸਾਡੇ ਭਲ਼ੇ ਵਾਸਤੇ ਕੰਮ ਵੀ ਕਰ ਰਹੀ ਹੈ।''
ਆਰੂਸ਼ ਦੇ ਵਤੀਰੇ ਵਿੱਚ ਆਈਆਂ ਤਬਦੀਲੀਆਂ 'ਤੇ ਗੌਰ ਕਰਦਿਆਂ ਵਿਧੀ ਕਹਿੰਦੀ ਹੈ,''ਸਾਡੇ ਵਿਚਾਲੇ ਲੜਾਈਆਂ ਹੁੰਦੀਆਂ ਪਰ ਅਸੀਂ ਬਹਿ ਕੇ ਗੱਲਾਂ-ਬਾਤਾਂ ਕਰਕੇ ਹੱਲ਼ ਕੱਢ ਲੈਂਦੇ ਹਾਂ। ਇਸ ਸਭ ਦਾ ਮੇਰੇ 'ਤੇ ਅਸਰ ਪੈਂਦਾ ਹੈ ਪਰ ਮੈਂ ਉਹਦੇ ਨਾਲ਼ ਹਾਂ।'' ਉਹਨੇ ਕੰਪਿਊਟਰ ਜਾਂ ਨਰਸਿੰਗ ਵਿੱਚ ਵੋਕੇਸ਼ਨਲ ਕੋਰਸ ਕਰਨ ਦਾ ਵਿਚਾਰ ਫ਼ਿਲਹਾਲ ਟਾਲ਼ ਦਿੱਤਾ ਹੈ ਤੇ ਛੋਟੇ ਮੋਟੇ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਹਾਲ ਦੀ ਘੜੀ ਉਹ ਇੱਕ ਦੱਖਣੀ ਭਾਰਤੀ ਰੈਸਟੋਰੈਂਟ ਵਿੱਚ ਪਲੇਟਾਂ ਧੋਣ ਦਾ ਕੰਮ ਕਰਦੀ ਹੈ ਤੇ ਕੰਮ ਦੇ ਬਦਲੇ ਉਹਨੂੰ ਮਹੀਨੇ ਦੇ 10,000 ਰੁਪਏ ਮਿਲ਼ਦੇ ਹਨ। ਇਸ ਆਮਦਨੀ ਦਾ ਵੱਡਾ ਹਿੱਸਾ ਆਰੂਸ਼ ਦੇ ਇਲਾਜ 'ਤੇ ਖਰਚ ਹੋ ਜਾਂਦਾ ਹੈ।
ਆਰੂਸ਼ ਇੱਕ ਇਮਾਰਤ ਵਿਖੇ ਸਕਿਊਰਿਟੀ ਗਾਰਡ ਦੀ ਨੌਕਰੀ ਕਰਕੇ ਆਪਣੀ ਹਰ ਮਹੀਨੇ ਮਿਲ਼ਣ ਵਾਲ਼ੀ 11,000 ਰੁਪਏ ਤਨਖ਼ਾਹ ਵਿੱਚੋਂ ਕੁਝ ਬੱਚਤ ਕਰਦਾ ਹੈ। ਉੱਥੇ ਉਹਦੇ ਸਹਿਕਰਮੀ ਉਹਨੂੰ ਇੱਕ ਪੁਰਸ਼ ਵਜੋਂ ਪਛਾਣਦੇ ਹਨ। ਆਪਣੀ ਛਾਤੀ (ਉਭਾਰਾਂ) ਨੂੰ ਲੁਕਾਉਣ ਵਾਸਤੇ ਉਹ ਇੱਕ ਬਾਈਂਡਰ ਪਾਉਂਦਾ ਹੈ, ਜੋ ਇੱਕ ਸਖ਼ਤ ਜਿਹਾ ਵਸਤਰ ਹੁੰਦਾ ਹੈ ਜਿਸ ਨਾਲ਼ ਪੀੜ੍ਹ ਹੁੰਦੀ ਰਹਿੰਦੀ ਹੈ।
ਵਿਧੀ ਕਹਿੰਦੀ ਹਨ,''ਹੁਣ ਅਸੀਂ ਆਪਸ ਵਿੱਚ ਕਾਫ਼ੀ ਥੋੜ੍ਹਾ ਸਮਾਂ ਬਿਤਾਉਂਦੇ ਹਾਂ ਕਿਉਂਕਿ ਸਾਨੂੰ ਆਪੋ-ਆਪਣੇ ਕੰਮਾਂ ਵਾਸਤੇ ਛੇਤੀ ਘਰੋਂ ਨਿਕਲ਼ਣਾ ਪੈਂਦਾ ਹੈ। ਥੱਕੇ ਹਾਰੇ ਕੰਮਾਂ ਤੋਂ ਮੁੜਦੇ ਹਾਂ ਤੇ ਫਿਰ ਛੇਤੀ ਲੜ ਵੀ ਪੈਂਦੇ ਹਾਂ।''
ਸਤੰਬਰ 2022 ਤੇ ਦਸੰਬਰ 2022 ਦਰਮਿਆਨ ਆਰੂਸ਼ ਆਪਣੇ ਇਲਾਜ 'ਤੇ 25,000 ਰੁਪਏ ਖਰਚ ਚੁੱਕਿਆ ਹੈ। ਹਾਰਮੋਨ ਇਲਾਜ ਲੈਣ ਬਾਅਦ ਉਹ ਲਿੰਗ-ਪੁਸ਼ਟੀਕਰਨ ਸਰਜਰੀ (ਜਿਹਨੂੰ ਸੈਕਸ ਰਿਅਸਾਈਨਮੈਂਟ ਸਰਜਰੀ/ਐੱਸਆਰਐੱਸ ਵੀ ਕਿਹਾ ਜਾਂਦਾ ਹੈ) ਵੀ ਕਰਵਾਉਣਾ ਚਾਹੁੰਦਾ ਹੈ। ਇਸ ਸਰਜਰੀ ਨਾਲ਼ ਉਹਦੀਆਂ ਛਾਤੀਆਂ ਤੇ ਜਣਨ ਅੰਗ ਦੋਬਾਰਾ ਬਣਾਏ ਜਾਣਗੇ ਤੇ ਇਸ ਸਰਜਰੀ 'ਤੇ ਕੋਈ 5 ਲੱਖ ਤੋਂ ਲੈ ਕੇ 8 ਲੱਖ ਰੁਪਏ ਦਾ ਖਰਚਾ ਆਵੇਗਾ। ਆਰੂਸ਼ ਵਾਸਤੇ ਇਸ ਸਰਜਰੀ ਦਾ ਖਰਚਾ ਚੁੱਕ ਸਕਣਾ ਸੰਭਵ ਨਹੀਂ ਹੈ, ਕਿਉਂਕਿ ਵਿਧੀ ਤੇ ਉਹ ਦੋਵੇਂ ਰਲ਼ ਕੇ ਵੀ ਆਪਣੀ ਮੌਜੂਦਾ ਕਮਾਈ 'ਚੋਂ ਇੰਨੇ ਪੈਸੇ ਨਹੀਂ ਬਚਾ ਸਕਦੇ।
ਆਰੂਸ਼ ਨਹੀਂ ਚਾਹੁੰਦਾ ਕਿ ਉਹਦੇ ਇਲਾਜ ਮਤਲਬ ਕਿ ਸਰਜਰੀ ਤੋਂ ਪਹਿਲਾਂ ਉਹਦੇ ਮਾਪਿਆਂ ਨੂੰ ਉਹਦੇ ਇਲਾਜ ਬਾਰੇ ਕੁਝ ਵੀ ਪਤਾ ਚੱਲੇ। ਉਹਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਇੱਕ ਵਾਰੀਂ ਵਾਲ਼ ਛੋਟੇ ਕਰਾ ਲੈਣ 'ਤੇ ਹੀ ਉਹਦੀ ਮਾਂ ਨੇ ਫ਼ੋਨ 'ਤੇ ਉਹਨੂੰ ਬੜੀਆਂ ਝਿੜਕਾਂ ਮਾਰੀਆਂ ਸਨ। ਆਰੂਸ਼ ਕਹਿੰਦਾ ਹੈ,''ਮਾਂ ਨੂੰ ਲੱਗਦਾ ਹੈ ਕਿ ਮੁੰਬਈ ਵਿੱਚ ਰਹਿਣ ਵਾਲ਼ੇ ਲੋਕੀਂ ਹੀ ਮੇਰਾ ਦਿਮਾਗ਼ ਖ਼ਰਾਬ ਕਰ ਰਹੇ ਹਨ।'' ਇੱਕ ਵਾਰੀਂ ਉਹ ਆਰੂਸ਼ ਨੂੰ ਮਿੱਠੀਆਂ ਗੱਲਾਂ ਵਿੱਚ ਲਾ ਕੇ ਇੱਕ ਤਾਂਤਰਿਕ ਕੋਲ਼ ਲੈ ਗਈ। ''ਉਸ ਤਾਂਤਰਿਕ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਮੱਥੇ 'ਤੇ ਥਪੇੜੇ ਜੜ੍ਹਦਿਆਂ ਬੱਸ ਇਹੀ ਬੋਲੀ ਗਿਆ ਕਿ ਤੂੰ ਕੁੜੀ ਹੈਂ ਮੁੰਡਾ ਨਹੀਂ।'' ਡਰਿਆ-ਸਹਿਮਿਆ ਆਰੂਸ਼ ਜਿਵੇਂ-ਕਿਵੇਂ ਉੱਥੋਂ ਖਹਿੜਾ ਛੁਡਾ ਕੇ ਭੱਜਣ ਵਿੱਚ ਕਾਮਯਾਬ ਰਿਹਾ।
*****
ਆਰੂਸ਼ ਕਹਿੰਦਾ ਹੈ,''ਜੇ ਸਰਕਾਰੀ ਡਾਕਟਰ ਮੇਰੀ ਗੱਲ਼ ਸਮਝ ਗਿਆ ਹੁੰਦਾ ਤਾਂ ਮੈਨੂੰ ਇੰਨੇ ਮਹਿੰਗੇ ਇਲਾਜ 'ਤੇ ਪੈਸੇ ਨਾ ਉਜਾੜਨੇ ਪੈਂਦੇ।'' ਟ੍ਰਾਂਸਜੈਂਡਰ ਪਰਸਨਸ (ਪ੍ਰੋਟੈਕਸ਼ਨ ਆਫ਼ ਰਾਈਟਸ) ਐਕਟ, 2019 ਸਰਕਾਰ ਨੂੰ ਡਾਕਟਰੀ ਸੁਵਿਧਾ ਤੇ ਸਹਾਇਤਾ ਦੇਣ ਦਾ ਨਿਰਦੇਸ਼ ਦਿੰਦਾ ਹੈ, ਜਿਨ੍ਹਾਂ ਵਿੱਚ ਲਿੰਗ-ਪੁਸ਼ਟੀਕਰਨ ਸਰਜਰੀ ਹਾਰਮੋਨਲ ਥੈਰੇਪੀ ਦੇਣ ਦੇ ਨਾਲ਼ ਇਲਾਜ ਤੋਂ ਪਹਿਲਾਂ ਤੇ ਬਾਅਦ ਵਿੱਚ ਲੋੜੀਂਦੀ ਕਾਊਂਸਲਿੰਗ ਜਿਹੀਆਂ ਸੁਵਿਧਾਵਾਂ ਵੀ ਸ਼ਾਮਲ ਹਨ। ਇਹ ਕਨੂੰਨ ਕਹਿੰਦਾ ਹੈ ਕਿ ਇਲਾਜ ਵਿੱਚ ਹੋਣ ਵਾਲ਼ੇ ਖਰਚੇ ਸਿਹਤ ਬੀਮਾ ਯੋਜਨਾ ਜ਼ਰੀਏ ਵਸੂਲੇ ਜਾਣਗੇ। ਇਹ ਕਨੂੰਨ ਵਿਅਕਤੀ (ਮਰੀਜ਼) ਦੇ ਇਲਾਜ ਅਤੇ ਸਰਜਰੀ ਦੀ ਲੋੜ ਦੇ ਅਧਿਕਾਰ ਨੂੰ ਕਿੰਤੂ-ਪਰੰਤੂ ਨਹੀਂ ਕਰ ਸਕਦਾ।
ਇਸ ਕਨੂੰਨ ਦੇ ਬਣਨ ਤੋਂ ਬਾਅਦ ਭਾਰਤ ਸਰਕਾਰ ਦੇ ਸਮਾਜਿਕ ਨਿਆ ਤੇ ਕਲਿਆਣ ਮੰਤਰਾਲੇ ਦੁਆਰਾ 2022 ਵਿੱਚ ਟ੍ਰਾਂਸਜੈਂਡਰ ਲੋਕਾਂ ਵਾਸਤੇ ਕਈ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ। ਇਹਦੇ ਤਹਿਤ 2020 ਵਿੱਚ ਨੈਸ਼ਨਲ ਪੋਰਟਲ ਫਾਰ ਟ੍ਰਾਂਸਜੈਂਡਰ ਪਰਸਨਸ ਵੀ ਸ਼ੁਰੂ ਕੀਤਾ ਗਿਆ, ਜਿੱਥੇ ਟ੍ਰਾਂਸਜੈਂਡਰ ਵਿਅਕਤੀ ਕਿਸੇ ਵੀ ਦਫ਼ਤਰ ਦੀ ਗੇੜੀ ਲਾਏ ਬਗ਼ੈਰ ਹੀ ਆਪਣੀ ਪਛਾਣ ਦਾ ਪ੍ਰਮਾਣ-ਪੱਤਰ ਅਤੇ ਆਪਣਾ ਪਛਾਣ ਪੱਤਰ ਲੈ ਸਕਦਾ ਹੈ।
ਆਰੂਸ਼, ਜੋ ਇਨ੍ਹਾਂ ਵਿੱਚੋਂ ਬਹੁਤੇਰੀਆਂ ਯੋਜਨਾਵਾਂ ਬਾਰੇ ਨਹੀਂ ਜਾਣਦਾ ਹੈ, ਨੇ ਆਪਣੇ ਪਛਾਣ ਪੱਤਰਾਂ ਲਈ ਬਿਨੈ ਕੀਤਾ ਹੈ। ਹਾਲੇ ਤੀਕਰ ਉਹਨੂੰ ਇੱਕ ਵੀ ਦਸਤਾਵੇਜ ਨਹੀਂ ਮਿਲ਼ਿਆ ਹੈ। ਹਾਲਾਂਕਿ, ਪੋਰਟਲ ਵਿੱਚ ਇਹ ਸਾਫ਼ ਤੌਰ 'ਤੇ ਜ਼ਿਕਰ ਕੀਤਾ ਮਿਲ਼ਦਾ ਹੈ ਕਿ ''ਬਿਨੈ ਪ੍ਰਾਪਤੀ ਦੇ 30 ਦਿਨਾਂ ਦੇ ਅੰਦਰ ਜ਼ਿਲ੍ਹਾ ਦਫ਼ਤਰਾਂ ਵਾਸਤੇ ਟ੍ਰਾਂਸਜੈਂਡਰ ਪ੍ਰਮਾਣ-ਪੱਤਰ ਜਾਰੀ ਕਰਨਾ ਲਾਜ਼ਮੀ ਹੈ।'' ਬੀਤੀ 2 ਜਨਵਰੀ 2023 ਤੱਕ, ਮਹਾਰਾਸ਼ਟਰ ਰਾਜ ਨੂੰ ਪਛਾਣ-ਪੱਤਰ ਤੇ ਪ੍ਰਮਾਣ-ਪੱਤਰ ਪ੍ਰਾਪਤੀ ਲਈ 2,080 ਬਿਨੈ ਪ੍ਰਾਪਤ ਹੋ ਚੁੱਕੇ ਸਨ ਜਿਨ੍ਹਾਂ ਵਿੱਚੋਂ 452 ਮਾਮਲੇ ਹਾਲੇ ਵੀ ਮੁਲਤਵੀ ਪਏ ਹਨ।
ਆਰੂਸ਼ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਪਛਾਣ ਪ੍ਰਮਾਣ-ਪੱਤਰ ਨਾ ਮਿਲ਼ਣ 'ਤੇ ਉਹਦੀ ਬੀ.ਏ. ਦੀ ਡਿਗਰੀ ਆਰੂਸ਼ੀ ਦੇ ਨਾਮ ਤੋਂ ਜਾਰੀ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਕਾਗ਼ਜ਼ੀ ਕਾਰਵਾਈ ਦੀ ਇੱਕ ਜਟਿਲ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅੱਜ ਵੀ ਉਹਦੇ ਅੰਦਰ ਪੁਲਿਸ ਵਿੱਚ ਭਰਤੀ ਹੋਣ ਦੀ ਇੱਛਾ ਹੈ ਪਰ ਸਰਜਰੀ (ਲਿੰਗ-ਪੁਸ਼ਟੀਕਰਨ) ਤੋਂ ਬਾਅਦ ਇੱਕ ਪੁਰਸ਼ ਦੇ ਰੂਪ ਵਿੱਚ। ਬਿਹਾਰ ਦੇ ਪਹਿਲੇ ਟ੍ਰਾਂਸ ਪੁਰਸ਼ ਦੀ ਰਾਜ ਪੁਲਿਸ ਵਿੱਚ ਭਰਤੀ ਹੋਣ ਦੀ ਖ਼ਬਰ ਨੇ ਉਹਦੇ ਅੰਦਰ ਨਵੀਂ ਰੂਹ ਫ਼ੂਕ ਦਿੱਤੀ ਹੈ। ਕਮਾਈ ਕਰਕੇ ਪੈਸਾ-ਪੈਸਾ ਜੋੜਨ ਵਾਲ਼ਾ ਆਰੂਸ਼ ਕਹਿੰਦਾ ਹੈ,''ਇਸ ਖ਼ਬਰ ਤੋਂ ਮੈਂ ਬੜਾ ਖ਼ੁਸ਼ ਹਾਂ। ਮੇਰੇ ਅੰਦਰ ਉਮੀਦਾਂ ਫੁੱਟ ਪਈਆਂ ਹਨ।''
ਉਹਦੀ ਇੱਛਾ ਹੈ ਕਿ ਲੋਕਾਂ ਅੰਦਰ ਹਰ ਕਿਸੇ ਨੂੰ (ਹਰ ਲਿੰਗ ਦੇ ਵਿਅਕਤੀ ਨੂੰ) ਅਪਣਾਉਣ ਦਾ ਮਾਦਾ ਹੋਣਾ ਚਾਹੀਦਾ ਹੈ। ਬੱਸ ਉਦੋਂ ਹੀ ਕਿਸੇ ਨੂੰ ਆਪਣਾ ਘਰ ਤੇ ਆਪਣਾ ਪਿੰਡ ਛੱਡਣਾ ਨਹੀਂ ਪਵੇਗਾ ਤੇ ਨਾ ਹੀ ਕਿਸੇ ਨੂੰ ਲੁਕਵੇਂ ਰੂਪ ਵਿੱਚ ਰਹਿਣ ਦੀ ਲੋੜ ਹੀ ਬਾਕੀ ਰਹਿ ਜਾਵੇਗੀ। ਆਰੂਸ਼ ਕਹਿੰਦਾ ਹੈ,''ਮੈਂ ਬੜਾ ਰੋਇਆ ਹਾਂ ਤੇ ਇੱਕ ਸਮਾਂ ਸੀ ਜਦੋਂ ਮੈਂ ਜਿਊਣਾ ਨਹੀਂ ਸਾ ਚਾਹੁੰਦਾ। ਆਖ਼ਰਕਾਰ ਸਾਨੂੰ ਡਰ ਕੇ ਰਹਿਣ ਦੀ ਲੋੜ ਹੀ ਕਿਉਂ ਹੈ? ਕੋਈ ਦਿਨ ਅਜਿਹਾ ਵੀ ਆਉਣਾ ਚਾਹੀਦਾ ਹੈ ਜਦੋਂ ਅਸੀਂ ਬਗ਼ੈਰ ਆਪਣੇ ਨਾਮ ਲੁਕਾਏ ਆਪਣੀ ਕਹਾਣੀ ਕਹਿ ਸਕੀਏ।''
''ਮੁਗ਼ਲ-ਏ-ਆਜ਼ਮ ਫ਼ਿਲਮ ਦਾ ਅੰਤ ਬੜਾ ਉਦਾਸੀ ਭਰਿਆ ਸੀ। ਸਾਡੀ ਕਹਾਣੀ ਅਜਿਹੀ ਨਹੀਂ ਹੋਵੇਗੀ,'' ਬੁੱਲ੍ਹਾਂ 'ਤੇ ਮੁਸਕਾਨ ਲਈ ਵਿਧੀ ਕਹਿੰਦੀ ਹੈ।
ਗੁਪਤਤਾ ਤੇ ਸੁਰੱਖਿਆ ਦੇ ਲਿਹਾਜ ਤੋਂ ਵਿਧੀ ਤੇ ਆਰੂਸ਼ ਦੇ ਅਸਲੀ ਨਾਮ ਬਦਲ ਦਿੱਤੇ ਗਏ ਹਨ।
ਤਰਜਮਾ: ਕਮਲਜੀਤ ਕੌਰ