ਪਟ-ਚਿੱਤਰਕਾਰੀ ਬਣਾਉਣ ਦਾ ਪਲੇਠਾ ਕਦਮ ਹੁੰਦਾ ਹੈ ਇੱਕ ਗੀਤ ਤਿਆਰ ਕਰਨਾ। ਮਾਮੋਨੀ ਚਿੱਤਰਕਾਰ ਕਹਿੰਦੀ ਹਨ,“ਚਿੱਤਰਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇੱਕ ਗੀਤ ਦੀਆਂ ਸਤਰਾਂ ਤਿਆਰ ਕਰਨੀਆਂ ਪੈਂਦੀਆਂ ਹਨ... ਇਸ ਦੀ ਚਾਲ ਇਹਦੀ ਲੈਅ ਹੀ ਚਿੱਤਰਕਾਰੀ ਦੇ ਕਾਰਜ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗੀ।” ਆਪਣੇ ਘਰੇ ਬੈਠੀ ਅੱਠਵੀਂ ਪੀੜ੍ਹੀ ਦੀ ਇਹ ਕਲਾਕਾਰ ਪੱਛਮੀ ਬੰਗਾਲ ਦੇ ਪੂਰਬੀ ਕਲਕੱਤੇ ਦੇ ਸੇਮ (Wetland) ਇਲਾਕਿਆਂ ਨੂੰ ਦਰਸਾਉਂਦਾ ਇੱਕ ਪਟਚਿੱਤਰ ਤਿਆਰ ਕਰ ਰਹੀ ਹਨ।
ਇਸ ਕਲਾ ਦਾ ਨਾਮ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਪੱਟ’ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਕੱਪੜੇ ਦਾ ਟੁਕੜਾ ਅਤੇ ‘ਚਿੱਤਰ’ ਤੋਂ ਭਾਵ ਹੈ ਚਿਤਰਨ ਕਲਾ। ਮਾਮੋਨੀ, ਸੇਮ ਦੁਆਰਾ ਤਿਆਰ ਗੁੰਝਲਦਾਰ ਵਾਤਾਵਰਨੀ/ਵਾਤਾਵਰਣਕ ਚੱਕਰ ਦੇ ਚਿੱਤਰ ਵਾਹੁੰਦੇ ਸਮੇਂ ਉਹ ਪਾਤਰ-ਗੀਤ ਗਾਉਂਦੀ ਹਨ ਜੋ ਇਸ ਪਟਚਿੱਤਰ ਦੀ ਵਿਆਖਿਆ ਕਰਦਾ ਹੈ। ਇਹ ਗੀਤ ਜੋ ਕਿ ਮਾਮੋਨੀ ਦੁਆਰਾ ਹੀ ਲਿਖ਼ਿਆ ਅਤੇ ਸੰਗੀਤਬੱਧ ਕੀਤਾ ਗਿਆ ਹੈ, ਇਕ ਸੱਦੇ ਨਾਲ ਸ਼ੁਰੂ ਹੁੰਦਾ ਹੈ: “ਸੁਣੋ, ਸਾਰੇ ਸੁਣੋ, ਧਿਆਨ ਨਾਲ ਸੁਣੋ।”
ਇਹ ਗੀਤ ਪੂਰਬੀ ਕਲਕੱਤੇ ਦੇ ਸੇਮ ਇਲਾਕਿਆਂ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ ਜੋ “ਬਹੁਤ ਸਾਰੇ ਲੋਕਾਂ ਦੀ ਜੀਵਨ ਰੇਖਾ ਹਨ।” ਮਛੇਰਿਆਂ, ਕਿਸਾਨਾਂ ਅਤੇ ਵਿਸ਼ਾਲ ਸਜੀਵ ਖ਼ੇਤਾਂ ਦੇ ਚਿੱਤਰ ਕੱਪੜੇ ‘ਤੇ ਚਿਪਕਾਏ ਗਏ ਕਾਗ਼ਜ਼ ’ਤੇ ਚਿੱਤਰਿਤ ਕੀਤਾ ਜਾਂਦਾ ਹੈ। ਜਦੋਂ ਪ੍ਰਦਰਸ਼ਨੀ ਦੇ ਲਈ ਤਿਆਰ ਅੰਤਮ ਪਟ ਖ਼ੋਲ੍ਹਿਆ ਜਾਂਦਾ ਹੈ, ਤਾਂ ਇਸ ਚਿੱਤਰ ਦੇ ਹਿੱਸੇ ਗੀਤ ਦੀਆਂ ਸਤਰਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਇਸ ਤਰ੍ਹਾਂ ਮਾਮੋਨੀ ਦੀ ਕਲਾ ਚਿੱਤਰਾਂ ਅਤੇ ਸੰਗੀਤ ਜ਼ਰੀਏ ਹੀ ਸੇਮ ਇਲਾਕਿਆਂ ਦੀ ਕਹਾਣੀ ਬਿਆਨ ਕਰਦੀ ਹੈ।
ਮਾਮੋਨੀ ਦੇ ਅੰਦਾਜ਼ੇ ਅਨੁਸਾਰ, ਪੱਛਮੀ ਮੇਦਿਨੀਪੁਰ ਦੇ ਪਿੰਗਲਾ ਤਾਲੁਕਾ ਵਿੱਚ ਪੈਂਦਾ ਉਹਨਾਂ ਦਾ ਨਯਾ ਪਿੰਡ ਲਗਭਗ 400 ਕਾਰੀਗਰਾਂ ਦਾ ਘਰ ਹੈ। ਇਸ ਤਾਲੁਕਾ ਦੇ ਹੋਰ ਕਿਸੇ ਪਿੰਡ ਵਿੱਚ ਅਜਿਹੇ ਕਲਾਕਾਰਾਂ ਦੀ ਇੰਨੀ ਵੱਡੀ ਗਿਣਤੀ ਨਹੀਂ ਹੈ ਜੋ ਪਟ-ਚਿੱਤਰ ਕਲਾ ਦਾ ਅਭਿਆਸ ਕਰਦੇ ਹੋਣ। “ਪਿੰਡ ਦੇ ਲਗਭਗ ਸਾਰੇ 85 ਘਰਾਂ ਦੀਆ ਕੰਧਾਂ ’ਤੇ ਚਿੱਤਰ ਬਣੇ ਹੋਏ ਹਨ।” 32 ਸਾਲਾ ਮਾਮੋਨੀ ਪੱਤਿਆਂ, ਜੰਗਲੀ ਜਾਨਵਰਾਂ ਅਤੇ ਫੁੱਲਾਂ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹਨ। “ਸਾਡਾ ਸਾਰਾ ਪਿੰਡ ਸੋਹਣਾ ਜਾਪਦਾ ਹੈ।”











