''ਮੈਂ ਡੰਡੇ ਨਾਲ਼ ਵਾਰ ਕੀਤਾ ਪਰ ਅੱਗਿਓਂ ਉਹਨੇ ਮੇਰੇ 'ਤੇ ਛਾਲ਼ ਮਾਰੀ ਅਤੇ ਆਪਣੇ ਮਜ਼ਬੂਤ ਪੰਜਿਆਂ ਨਾਲ਼ ਮੇਰੀ ਗਿੱਚੀ ਅਤੇ ਬਾਹਾਂ 'ਤੇ ਸ਼ਿਕੰਜਾ ਕੱਸ ਲਿਆ ਅਤੇ ਡੂੰਘੀਆਂ ਝਰੀਟਾਂ ਮਾਰ ਦਿੱਤੀਆਂ। ਮੈਂ ਕਰੀਬ 4 ਕਿਲੋਮੀਟਰ ਜੰਗਲ ਦੇ ਅੰਦਰ ਸਾਂ। ਮੇਰੇ ਕੱਪੜੇ ਲਹੂ ਨਾਲ਼ ਗੜੁੱਚ ਹੋ ਗਏ। ਮੈਂ ਬੜੀ ਘਾਲ਼ਣਾ ਘਾਲ਼ ਕੇ ਜਿਵੇਂ-ਕਿਵੇਂ ਘਰ ਅੱਪੜਿਆ।'' ਚੀਤੇ ਦੇ ਹਮਲੇ ਤੋਂ ਫੱਟੜ ਹੋਏ ਵਿਸ਼ਾਲਰਮ ਮਰਕਾਮ ਨੂੰ ਅਗਲੇ ਦੋ ਹਫ਼ਤੇ ਹਸਪਤਾਲ ਵਿੱਚ ਗੁਜ਼ਾਰਨੇ ਪਏ। ਪਰ ਉਹ ਖ਼ੁਸ਼ ਸਨ ਕਿ ਉਨ੍ਹਾਂ ਦੀ ਮੱਝਾਂ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ। ''ਚੀਤੇ ਨੇ ਤਾਂ ਮੇਰੇ ਕੁੱਤਿਆਂ 'ਤੇ ਵੀ ਹਮਲਾ ਕੀਤਾ ਸੀ ਪਰ ਉਹ ਛੂਟਾਂ (ਚੀਤੇ ਵੱਲ) ਵੱਟ ਗਏ,'' ਉਹ ਕਹਿੰਦੇ ਹਨ।
ਹਮਲੇ ਦੀ ਇਹ ਵਾਰਦਾਤ 2015 ਵਿੱਚ ਹੋਈ। ਅੱਜ ਮਰਕਾਮ ਹੱਸ ਹੱਸ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ਿਕਾਰੀਆਂ ਨੂੰ ਹਮਲੇ ਤੋਂ ਪਹਿਲਾਂ ਅਤੇ ਬਾਅਦ ਵੀ ਬੜੀ ਨੇੜਿਓ ਦੇਖਿਆ ਹੈ। ਛੱਤੀਸਗੜ੍ਹ ਦੇ ਜਬਰਾ ਦੇ ਇਨ੍ਹਾਂ ਜੰਗਲ ਵਿੱਚ ਜਿੱਥੇ ਉਹ ਆਪਣੀਆਂ ਮੱਝਾਂ ਚਰਾਉਂਦੇ ਹਨ, ਉੱਥੇ ਨਾ ਸਿਰਫ਼ ਭੁੱਖੇ ਚੀਤੇ ਹੀ ਰਹਿੰਦੇ ਹਨ ਸਗੋਂ ਭਿਆਨਕ ਬਾਘ, ਭੇੜੀਏ, ਗਿੱਦੜ, ਜੰਗਲੀ ਕੁੱਤੇ, ਲੂੰਬੜੀਆਂ ਅਤੇ ਜੰਗਲੀ ਸੂਰ ਵੀ ਮੰਡਰਾਉਂਦੇ ਰਹਿੰਦੇ ਹਨ, ਹੋਰ ਤਾਂ ਹੋਰ ਸਾਂਭਰ ਅਤੇ ਚਿਤਲ ਹਿਰਨ ਅਤੇ ਜੱਤਲ ਸਾਂਢ ਵੀ ਸ਼ਿਕਾਰ ਦੀ ਭਾਲ਼ ਵਿੱਚ ਆਮ ਹੀ ਫਿਰਦੇ ਰਹਿੰਦੇ ਹਨ। ਗਰਮੀਆਂ ਰੁੱਤੇ, ਤਿਹਾਏ ਡੰਗਰ ਜਦੋਂ ਪਾਣੀ ਪੀਣ ਲਈ ਜਾਂਦੇ ਹਨ ਤਾਂ ਘਾਤ ਲਾ ਕੇ ਬੈਠੇ ਇਨ੍ਹਾਂ ਸ਼ਿਕਾਰੀਆਂ ਦੇ ਹਮਲਾ ਕਰਨ ਦੀ ਸੰਭਾਵਨਾ ਦੋਗੁਣੀ, ਇੱਥੋਂ ਤੱਕ ਕਿ ਤਿਗੁਣੀ ਹੋ ਜਾਂਦੀ ਹੈ।
''ਜੰਗਲ ਅੰਦਰ ਮੇਰੀਆਂ ਮੱਝਾਂ ਆਪਣੀ ਮਸਤੀ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਮੈਂ ਉਨ੍ਹਾਂ ਮਗਰ ਉਦੋਂ ਹੀ ਜਾਂਦਾ ਹਾਂ ਜੇਕਰ ਉਹ ਸਮੇਂ ਸਿਰ ਘਰ ਨਾ ਮੁੜਨ,'' ਮਰਕਾਮ ਕਹਿੰਦੇ ਹਨ। ''ਕਈ ਵਾਰੀ ਤਾਂ ਮੇਰੇ ਡੰਗਰ ਤੜਕੇ 4 ਵਜੇ ਤੱਕ ਨਹੀਂ ਮੁੜਦੇ। ਫਿਰ ਮੈਨੂੰ ਦੋਗੁਣੀ ਰੌਸ਼ਨੀ ਵਾਲ਼ੀ ਟਾਰਚ ਲੈ ਕੇ ਜੰਗਲ ਵਿੱਚ ਉਨ੍ਹਾਂ ਦੀ ਭਾਲ਼ ਕਰਨੀ ਪੈਂਦੀ ਹੈ।'' ਉਹ ਸਾਨੂੰ ਆਪਣੇ ਪੈਰ ਦਿਖਾਉਂਦੇ ਹਨ ਜਿਨ੍ਹਾਂ ਦੇ ਥਾਂ ਥਾਂ ਤੋਂ ਮਾਸ ਉਖੜਿਆ ਹੋਇਆ ਹੈ ਅਤੇ ਛਾਲੇ ਪਏ ਹੋਏ ਹਨ। ਉਹ ਜੰਗਲ ਵਿੱਚ ਨੰਗੇ ਪੈਰੀਂ ਹੀ ਜਾਂਦੇ ਹਨ।
ਜੰਗਲ ਅੰਦਰ ਘੁੰਮਦੀਆਂ ਘੁੰਮਦੀਆਂ ਉਨ੍ਹਾਂ ਦੀਆਂ ਬੇਫ਼ਿਕਰ ਮੱਝਾਂ ਨਵੀਂ ਚਰਾਂਦ ਦੀ ਭਾਲ਼ ਵਿੱਚ ਹਰ ਰੋਜ਼ ਕਰੀਬ 9-10 ਕਿਲੋਮੀਟਰ ਦੂਰ ਨਿਕਲ਼ ਕੇ ਅਗਲੇ ਪਿੰਡ ਜਬਰਾ ਅੱਪੜ ਜਾਂਦੀਆਂ ਹਨ। ਇਹ ਪਿੰਡ ਧਮਤਰੀ ਜ਼ਿਲ੍ਹੇ ਦੀ ਨਾਗਰੀ ਤਹਿਸੀਲ ਵਿੱਚ ਪੈਂਦਾ ਹੈ। ''ਗਰਮੀਆਂ ਰੁੱਤੇ, ਉਹ ਭੋਜਨ ਦੀ ਭਾਲ਼ ਵਿੱਚ ਇਸ ਨਾਲ਼ੋਂ ਵੀ ਦੋਗੁਣੀ ਦੂਰੀ ਤੈਅ ਕਰਦੀਆਂ ਹਨ। ਹੁਣ ਜੰਗਲ 'ਤੇ ਹੋਰ ਇਤਬਾਰ ਨਹੀਂ ਕੀਤਾ ਜਾ ਸਕਦਾ; ਡੰਗਰ ਭੁੱਖੇ ਮਰ ਸਕਦੇ ਹਨ,'' ਮਰਕਾਮ ਕਹਿੰਦੇ ਹਨ।









