ਨਹੀਂ, ਕਿਸ਼ਨਜੀ ਨੇ ਲਾਰੀ ਦੇ ਡਾਲੇ ਥਾਣੀ ਅੰਦਰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਖ਼ੈਰ, ਟਰੱਕ ਪੂਰੀ ਤਰ੍ਹਾਂ ਖਾਲੀ ਸੀ, ਜਿਹਨੇ ਹੁਣੇ ਹੀ ਮੋਰਾਦਾਬਾਦ ਸ਼ਹਿਰ ਦੀ ਛੋਟੀ ਬਸਤੀ ਦੇ ਗੁਦਾਮ ਵਿੱਚ ਕੋਈ ਸਮਾਨ ਲਾਹਿਆ ਸੀ।

ਕਿਸ਼ਨਜੀ, ਆਪਣੀ ਉਮਰ ਦੇ 70ਵੇਂ ਵਰ੍ਹੇ ਵਿੱਚ, ਗਲੀਓ-ਗਲੀਏ ਮੂੰਗਫਲੀ ਅਤੇ ਘਰੇ ਬਣਾਏ ਬਿਸਕੁਟ ਵੇਚਣ ਵਾਲ਼ਾ ਛੋਟਾ ਜਿਹਾ ਫੇਰੀ ਵਾਲ਼ਾ ਸੀ। ''ਮੈਂ ਬੱਸ ਥੋੜ੍ਹੇ ਸਮੇਂ ਲਈ ਕੋਈ ਭੁੱਲਿਆ ਸਮਾਨ ਲੈਣ ਘਰ ਗਿਆ ਸਾਂ । ਜਦੋਂ ਮੈਂ ਵਾਪਸ ਮੁੜਿਆਂ ਤਾਂ ਦੇਖਿਆ ਕਿ ਇੱਕ ਵੱਡੀ ਸਾਰੀ ਲਾਰੀ ਮੇਰੇ ਠੇਲ੍ਹੇ 'ਤੇ ਚੜ੍ਹੀ ਹੋਈ ਸੀ,'' ਕਿਸ਼ਨਜੀ ਨੇ ਕਿਹਾ।

ਦਰਅਸਲ ਲਾਰੀ ਚਾਲਕ ਨੇ ਆਪਣੀ ਲਾਰੀ ਨੂੰ ਪਾਰਕ ਕਰਨ ਲਈ ਜਿਓਂ ਹੀ ਪਿਛਾਂਹ ਕੀਤਾ ਤਾਂ ਉਹ ਕਿਸ਼ਨਜੀ ਦੇ ਠੇਲ੍ਹੇ 'ਤੇ ਜਾ ਚੜ੍ਹੀ, ਲਾਰੀ ਚਾਲਕ ਨੇ ਇਹ ਦੇਖਣ ਦੀ ਜ਼ਹਿਮਤ ਨਾ ਚੁੱਕੀ ਕਿ ਪਿੱਛੇ-ਪਿੱਛੇ ਕਰਦੇ ਕਦੋਂ ਲਾਰੀ ਠੇਲ੍ਹੇ ਦੇ ਐਨ ਨੇੜੇ ਚਲੀ ਗਈ। ਬੱਸ ਫਿਰ ਕੀ ਸੀ ਲਾਰੀ ਚਾਲਕ ਅਤੇ ਉਹਦਾ ਸਹਾਇਕ ਕਿਸੇ ਨੂੰ ਮਿਲ਼ਣ ਜਾਂ ਸ਼ਾਇਦ ਦੁਪਹਿਰ ਦੀ ਰੋਟੀ ਖਾਣ ਚਲੇ ਗਏ। ਲਾਰੀ ਦਾ ਪਿਛਲਾ ਡਾਲਾ ਕਿਸ਼ਨਜੀ ਦੇ ਠੇਲ੍ਹੇ 'ਤੇ ਚੜ੍ਹਿਆ ਹੋਇਆ ਸੀ ਅਤੇ ਉਹ ਠੇਲ੍ਹੇ ਨੂੰ ਪਿਛਾਂਹ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਸ਼ਨਜੀ ਜਿਹਦੀ ਨਜ਼ਰ ਕਮਜ਼ੋਰ ਸੀ, ਲਾਰੀ ਵੱਲ ਘੂਰ ਰਿਹਾ ਸੀ ਇਹ ਦੇਖਣ ਲਈ ਕਿ ਉਹਦੇ ਠੇਲ੍ਹੇ ਦਾ ਕਿਹੜਾ ਹਿੱਸਾ ਲਾਰੀ ਨਾਲ਼ ਅੜਿਆ ਹੋਇਆ ਸੀ।

ਸਾਨੂੰ ਸਮਝ ਨਹੀਂ ਆਇਆ ਕਿ ਲਾਰੀ ਚਾਲਕ ਅਤੇ ਉਹਦਾ ਸਹਾਇਕ ਗਿਆ ਕਿੱਥੇ। ਕਿਸ਼ਨਜੀ, ਨੂੰ ਵੀ ਨਹੀਂ ਪਤਾ ਸੀ ਕਿ ਉਹ ਦੋਵੇਂ ਕਿੱਥੇ ਗਏ ਸਨ ਅਤੇ ਇਹ ਦੋਵੇਂ ਕੌਣ ਸਨ, ਪਰ ਉਹਨੂੰ ਉਨ੍ਹਾਂ ਦੇ ਪੁਰਖਿਆਂ ਬਾਰੇ ਜੋ ਥੋੜ੍ਹਾ ਬਹੁਤ ਪਤਾ ਸੀ ਉਹ ਖ਼ੁੱਲ੍ਹ ਕੇ ਜ਼ਰੂਰ ਦੱਸਿਆ। ਉਮਰ ਨੇ ਉਨ੍ਹਾਂ ਦੀ ਰੰਗੀਨ ਬੋਲੀ ਅਤੇ ਕੰਮ ਢੰਗ ਨੂੰ ਮਾਸਾ ਵੀ ਘੱਟ ਨਹੀਂ ਕੀਤਾ।

ਕਿਸ਼ਨਜੀ ਉਨ੍ਹਾਂ ਫੇਰੀ ਵਾਲ਼ਿਆਂ ਵਿੱਚੋਂ ਇੱਕ ਸਨ ਜੋ ਠੇਲ੍ਹੇ 'ਤੇ ਸਮਾਨ ਵੇਚਦੇ ਸਨ। ਸਾਡੇ ਦੇਸ਼ ਵਿੱਚ ਅਜਿਹੇ ਕਿੰਨੇ ਕਿਸ਼ਨਜੀ ਹਨ ਇਹਦੀ ਸਟੀਕ ਗਿਣਤੀ ਕਿਤੇ ਵੀ ਨਹੀਂ ਹੈ। ਖ਼ਾਸ ਕਰਕੇ ਉਦੋਂ ਜਦੋਂ 1998 ਵਿੱਚ ਮੈਂ ਇਹ ਫ਼ੋਟੋ ਖਿੱਚੀ ਸੀ। ''ਮੈਂ ਠੇਲ੍ਹੇ ਦੇ ਨਾਲ਼-ਨਾਲ਼ ਬਹੁਤੀ ਦੂਰ ਤੱਕ ਤੁਰਨ ਦੀ ਹਾਲਤ ਵਿੱਚ ਨਹੀਂ ਹਾਂ, ਇਸਲਈ ਮੈਂ ਸਿਰਫ਼ 3-4 ਬਸਤੀਆਂ ਵਿੱਚ ਹੀ ਗੇੜੇ ਲਾਉਂਦਾ ਹਾਂ,'' ਉਨ੍ਹਾਂ ਨੇ ਕਿਹਾ। ਉਨ੍ਹਾਂ ਨੂੰ ਲੱਗਿਆ ''ਜੇ ਅੱਜ ਉਨ੍ਹਾਂ ਨੂੰ 80 ਰੁਪਏ ਦਿਹਾੜੀ ਪੈ ਜਾਵੇ- ਤਾਂ ਇਹ ਵਧੀਆ ਦਿਨ ਹੋ ਨਿਬੜੇ।''

ਅਸੀਂ ਉਨ੍ਹਾਂ ਦੇ ਬੁਰੀ ਤਰ੍ਹਾਂ ਫਸੇ ਠੇਲ੍ਹੇ ਨੂੰ ਕੱਢਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਫਿਰ ਖੜ੍ਹੇ ਹੋ ਕੇ ਉਸ ਬਜ਼ੁਰਗ ਨੂੰ ਦੂਰ-ਦੂਰ ਜਾਂਦੇ ਦੇਖਦੇ ਰਹੇ, ਇਸੇ ਉਮੀਦ ਨਾਲ਼ ਕਿ ਅੱਜ ਉਨ੍ਹਾਂ ਦੀ 80 ਰੁਪਏ ਦਿਹਾੜੀ ਹੀ ਬਣ ਜਾਵੇ।

ਤਰਜਮਾ: ਕਮਲਜੀਤ ਕੌਰ

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।

Other stories by P. Sainath
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur