ਚਿਤਰਾ ਨਾਲ਼ ਮਿਲ਼ਣ ਤੋਂ ਤਿੰਨ ਸਾਲ ਪਹਿਲਾਂ ਮੁਥੂਰਾਜਾ ਦੀਆਂ ਦੋਵਾਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ ਸੀ। ਉਨ੍ਹਾਂ ਦੇ ਜ਼ਿਹਨ ਵਿੱਚ ਉਹ ਜ਼ਾਲਮ ਸਮਾਂ ਅਤੇ ਤਰੀਕ ਛਪੀ ਹੋਈ ਹੈ- ਉਸ ਦਿਨ 13 ਜਨਵਰੀ, 2013 ਨੂੰ ਸ਼ਾਮ ਦੇ 7 ਵੱਜੇ ਸਨ, ਇਹ ਰਾਤ ਪੋਂਗਲ ਤਿਓਹਾਰ ਤੋਂ ਪਹਿਲਾਂ ਵਾਲ਼ੀ ਰਾਤ ਸੀ। ਉਹ ਵੱਧਦੀ ਬੇਚੈਨੀ ਨੂੰ ਚੇਤੇ ਕਰਦੇ ਹਨ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਹੁਣ ਕੁਝ ਵੀ ਨਹੀਂ ਸਕਦੇ।
ਅਗਲੇ ਕੁਝ ਸਾਲ ਉਨ੍ਹਾਂ ਲਈ ਪਰੇਸ਼ਾਨ ਕਰ ਦੇਣ ਵਾਲ਼ੇ ਸਨ। ਉਹ ਜ਼ਿਆਦਾ ਸਮਾਂ ਘਰ ਦੇ ਅੰਦਰ ਰਹਿਣ ਲੱਗੇ। ਉਨ੍ਹਾਂ ਨੂੰ ਗੁੱਸਾ, ਬੇਚੈਨੀ ਅਤੇ ਹਰ ਸਮੇਂ ਰੋਣਾ ਹੀ ਆਉਂਦਾ ਰਹਿੰਦਾ ਸੀ ਅਤੇ ਉਨ੍ਹਾਂ ਦਾ ਆਤਮ-ਹੱਤਿਆ ਕਰਨ ਦਾ ਮਨ ਕਰਦਾ ਰਹਿੰਦਾ। ਪਰ, ਉਹ ਦੌਰ ਵੀ ਕਿਸੇ ਨਾ ਕਿਸੇ ਤਰ੍ਹਾਂ ਬੀਤ ਹੀ ਗਿਆ। ਚਿਤਰਾ ਨਾਲ਼ ਮਿਲ਼ਣ ਵੇਲ਼ੇ, ਉਹ 23 ਸਾਲ ਦੇ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਹ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ, ਉਹ ਚਿਤਰਾ ਹੀ ਹੈ ਜਿਹਨੇ ਉਨ੍ਹਾਂ ਨੂੰ ਜੀਵਨ ਦੇ ਨਵੇਂ ਰਾਹ ਦਿਖਾਏ ਵਰਨਾ ਉਹ ਤਾਂ ਖ਼ੁਦ ਨੂੰ ''ਇੱਕ ਲਾਸ਼ ਸਮਝਦੇ ਸਨ''।
ਲਗਾਤਾਰ ਵਾਪਰੀਆਂ ਮੰਦਭਾਗੀ ਘਟਨਾਵਾਂ ਨੇ ਮੁਥੂਰਾਜਾ ਦੇ ਪੂਰੀ ਤਰ੍ਹਾਂ ਅੰਨ੍ਹੇ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਅੱਖਾਂ ਖ਼ਰਾਬ ਕਰ ਸੁੱਟੀਆਂ ਸਨ। ਜਦੋਂ ਉਹ ਸੱਤ ਸਾਲਾਂ ਦੇ ਸਨ ਤਦ ਉਹ ਅਤੇ ਉਨ੍ਹਾਂ ਦੀ ਭੈਣ ਮਦੁਰਈ ਦੇ ਆਪਣੇ ਖੇਤ ਵਿੱਚ ਗ਼ੁਲਾਬ ਦੀਆਂ ਕਲਮਾਂ ਲਾ ਰਹੇ ਸਨ, ਜਿਨ੍ਹਾਂ ਦੇ ਫੁੱਲਾਂ ਨੂੰ ਉਹ ਵੇਚਿਆ ਕਰਦੇ। ਉਸ ਵੇਲ਼ੇ ਇੱਕ ਚੂਕ ਹੋ ਗਈ- ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਹੱਥੋਂ ਗ਼ੁਲਾਬ ਦੀ ਇੱਕ ਕਲਮ (ਟਹਿਣੀ ਕੰਢਿਆਂ ਭਰੀ) ਠੀਕ ਤਰਾਂ ਨਹੀਂ ਫੜ੍ਹੀ ਅਤੇ ਉਹ ਕਲਮ ਮੁਥੂਰਾਜਾ ਦੇ ਚਿਹਰੇ 'ਤੇ ਜਾ ਵੱਜੀ ਅਤੇ ਉਹਦੇ ਕੰਢੇ ਉਨ੍ਹਾਂ ਦੀਆਂ ਅੱਖਾਂ ਵਿੱਚ ਚੁੱਭ ਗਏ।
ਛੇ ਸਰਜਰੀਆਂ ਤੋਂ ਬਾਅਦ ਉਨ੍ਹਾਂ ਨੂੰ ਖੱਬੀ ਅੱਖ ਤੋਂ ਕੁਝ ਕੁਝ ਨਜ਼ਰ ਆਉਣਾ ਸ਼ੁਰੂ ਹੋਇਆ। ਉਨ੍ਹਾਂ ਦੇ ਪਰਿਵਾਰ ਨੂੰ ਤਿੰਨ ਸੈਂਟ (0.03ਏਕੜ) ਜ਼ਮੀਨ ਦਾ ਟੁਕੜਾ ਵੇਚਣਾ ਪਿਆ ਅਤੇ ਕਰਜ਼ੇ ਵੱਸ ਪੈ ਗਏ। ਕੁਝ ਸਮੇਂ ਬਾਅਦ, ਇੱਕ ਮੋਟਰ-ਸਾਈਕਲ ਐਕਸੀਡੈਂਟ ਵਿੱਚ ਉਨ੍ਹਾਂ ਦੀ ਸੱਜੀ ਅੱਖ (ਸਹੀ ਵਾਲ਼ੀ) ਵੀ ਜ਼ਖ਼ਮੀ ਹੋ ਗਈ। ਉਸ ਵੇਲ਼ੇ ਮੁਥੂਰਾਜਾ ਲਈ ਸਕੂਲ ਅਤੇ ਪੜ੍ਹਾਈ, ਦੋਵੇਂ ਹੀ ਚੁਣੌਤੀ ਬਣ ਗਏ- ਉਹ ਬਲੈਕ-ਬੋਰਡ 'ਤੇ ਝਰੀਟੇ ਸਫ਼ੇਦ ਅੱਖਰ ਚੰਗੀ ਤਰ੍ਹਾਂ ਪੜ੍ਹ ਨਾ ਪਾਉਂਦੇ। ਪਰ ਉਨ੍ਹਾਂ ਨੇ ਅਧਿਆਪਕਾਂ ਦੀ ਮਦਦ ਨਾਲ਼ ਕਿਸੇ ਤਰ੍ਹਾਂ 10ਵੀਂ ਦੀ ਪੜ੍ਹਾਈ ਪੂਰੀ ਕੀਤੀ।
ਮੁਥੂਰਾਜਾ ਦੀ ਦੁਨੀਆ ਪੂਰੀ ਤਰ੍ਹਾਂ ਹਨ੍ਹੇਰੀ ਖੱਡ ਵਿੱਚ ਜਾ ਡਿੱਗੀ ਜਦੋਂ ਜਨਵਰੀ 2013 ਨੂੰ ਆਪਣੇ ਘਰ ਦੇ ਸਾਹਮਣੇ ਹੀ ਉਨ੍ਹਾਂ ਦਾ ਸਿਰ ਲੋਹੇ ਦੇ ਸਰੀਏ ਨਾਲ਼ ਜਾ ਵੱਜਾ। ਚਿਤਰਾ ਨਾਲ਼ ਹੋਏ ਮਿਲਾਪ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਅਤੇ ਪਿਆਰ ਪਰਤ ਆਏ।