ਮੈਂ ਸਾਲ 2011 ਵਿੱਚ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਤੁਹਾਡੀ ਜੋ ਯੂਨੀਵਰਸਿਟੀ ਹੈ, ਇਹ ਇੱਕ ਅਜਿਹੇ ਪਿੰਡ ਦੀ ਹਿੱਕ 'ਤੇ ਸਥਿਤ ਹੈ ਜਿੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਹੀ ਬਾਰ ਬਾਰ ਉਜਾੜਿਆ ਜਾਂਦਾ ਰਿਹਾ। ਪਰ ਇਸ ਸਭ ਵਿੱਚ ਤੁਹਾਡੀ ਕਿਸੇ ਵੀ ਤਰ੍ਹਾਂ ਕੋਈ ਗ਼ਲਤੀ ਨਹੀਂ ਹੈ ਨਾ ਹੀ ਤੁਹਾਡੀ ਜ਼ਿੰਮੇਦਾਰੀ ਹੈ। ਪਰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਪ੍ਰਤੀ ਅਦਬ ਦੀ ਭਾਵਨਾ ਜ਼ਰੂਰ ਰੱਖੋ।
ਉਨ੍ਹਾਂ ਦੇ ਅੰਦਰ ਸਨਮਾਨ ਦਾ ਭਾਵ ਤਾਂ ਸੀ ਪਰ ਕੋਰਾਪੁਟ ਵਿੱਚ ਸਥਿਤ ਓਡੀਸਾ ਕੇਂਦਰੀ ਯੂਨੀਵਰਿਸਟੀ ਦੇ ਵਿਦਿਆਰਥੀਆਂ ਦੇ ਇੱਕ ਉਤਸੁਕ ਅਤੇ ਪੜ੍ਹਾਈ ਵੱਲ ਇਕਾਗਰ ਰਹਿਣ ਵਾਲ਼ੇ ਸਮੂਹ ਨੇ ਜਦੋਂ ਇਹ ਗੱਲ ਸੁਣੀ ਤਾਂ ਉਨ੍ਹਾਂ ਨੂੰ ਥੋੜ੍ਹਾ ਸਦਮਾ ਜਿਹਾ ਲੱਗਾ। ਉਹ ਮੁੱਖ ਰੂਪ ਵਿੱਚ ਪੱਤਰਕਾਰਤਾ ਅਤੇ ਜਨ-ਸੰਚਾਰ ਵਿਭਾਗ ਤੋਂ ਸਨ ਅਤੇ ਚਿਕਾਪਾਰ ਦੇ ਉਜਾੜੇ ਦੀ ਕਹਾਣੀ ਨੇ ਉਨ੍ਹਾਂ ਨੂੰ ਹਲ਼ੂਣ ਸੁੱਟਿਆ। ਇੱਕ ਪਿੰਡ ਜਿਹਨੂੰ ਵਿਕਾਸ... ਵਿਕਾਸ... ਕਰਦਿਆਂ ਤਿੰਨ ਵਾਰ ਉਜਾੜਿਆ ਗਿਆ।
ਮੇਰਾ ਮਨ ਸਾਲ 1993 ਦੇ ਅੰਤ ਵਿੱਚ ਅਤੇ ਸ਼ੁਰੂਆਤੀ 1994 ਵਿੱਚ ਜਾ ਪਹੁੰਚਿਆ ਜਦੋਂ ਇੱਕ ਗਡਬਾ ਆਦਿਵਾਸੀ ਔਰਤ ਮੁਕਤ ਕਦਮ (ਆਪਣੇ ਪੋਤੇ ਦੇ ਨਾਲ਼ ਮੁੱਖ ਤਸਵੀਰ ਵਿੱਚ ) ਨੇ ਮੈਨੂੰ ਦੱਸਿਆ ਕਿ ਕਿਵੇਂ 1960 ਦੇ ਦਹਾਕੇ ਵਿੱਚ, ਮਾਨਸੂਨ ਦੇ ਸੀਜ਼ਨ ਦੀ ਇੱਕ ਭਿਆਨਕ ਰਾਤ ਵਿੱਚ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਸੀ। ਮੁਕਤਾ ਦੇ ਪੰਜੋ ਬੱਚੇ ਅੱਗੇ ਚੱਲ ਰਹੇ ਸਨ, ਉਨ੍ਹਾਂ ਦੇ ਸਿਰ 'ਤੇ ਸਮਾਨ ਰੱਖਿਆ ਸੀ ਅਤੇ ਘੁੱਪ ਹਨ੍ਹੇਰੇ ਵਿੱਚ ਜੰਗਲ ਥਾਣੀਂ ਲੰਘਦੇ ਹੋਏ ਉਹ ਉਨ੍ਹਾਂ ਨੂੰ ਰਸਤਾ ਦੱਸਦੀ ਰਹੀ। ਉਸ ਸਮੇਂ ਮੀਂਹ ਵੀ ਲੱਥਾ ਹੋਇਆ ਸੀ। ''ਸਾਨੂੰ ਇਹ ਤੱਕ ਨਹੀਂ ਪਤਾ ਸੀ ਕਿ ਜਾਣਾ ਕਿੱਥੇ ਹੈ। ਅਸੀਂ ਸਿਰਫ਼ ਇਸਲਈ ਚਾਲੇ ਪਾਏ ਕਿਉਂਕਿ ਸਾਬ ਲੋਗ ਸਾਨੂੰ ਜਾਣ ਲਈ ਕਿਹਾ ਗਏ ਸਨ। ਇਹ ਸੱਚਮੁੱਚ ਬੜਾ ਡਰਾਉਣਾ ਸੀ।''
ਉਹ ਹਿੰਦੁਸਤਾਨ ਏਯਰੋਨੌਟਿਕਸ ਲਿਮਿਟਡ (ਐੱਚਏਐੱਲ) ਮਿਗ ਫ਼ਾਈਟਰ ਪ੍ਰੋਜੈਕਟ ਵਾਸਤੇ ਰਾਹ ਪੱਧਰਾ ਕਰ ਰਹੇ ਸਨ। ਇੱਕ ਅਜਿਹਾ ਪ੍ਰੋਜੈਕਟ ਜੋ ਓਡੀਸਾ ਵਿੱਚ ਨਾ ਤਾਂ ਪੂਰੀ ਤਰ੍ਹਾਂ ਅੱਪੜਿਆ ਸੀ ਨਾ ਹੀ ਵਾਪਰਿਆ ਸੀ। ਪਰ ਇਹਦੇ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਕਦੇ ਵਾਪਸ ਨਹੀਂ ਕੀਤੀ ਗਈ। ਮੁਆਵਜ਼ੇ ਦਾ ਕੀ ਬਣਿਆ? ਦਹਾਕਿਆਂ ਤੋਂ ਚਿਕਾਪਾਰ ਦੇ ਵਿਸਥਾਪਤਾਂ ਦੇ ਨਿਆ ਵਾਸਤੇ, ਸੰਘਰਸ਼ ਕਰਨ ਵਾਲ਼ੇ ਦਲਿਤ ਭਾਈਚਾਰੇ ਦੇ ਕਾਰਕੁੰਨ ਜਯੋਤਿਰਮਯ ਖੋਰਾ ਕਹਿੰਦੇ ਹਨ,''ਮੇਰੇ ਪਰਿਵਾਰ ਕੋਲ਼ 60 ਏਕੜ ਜ਼ਮੀਨ ਸੀ। ਅਤੇ ਕਾਫ਼ੀ ਅਰਸੇ ਬਾਅਦ ਸਾਨੂੰ 60 ਏਕੜ ਜ਼ਮੀਨ ਬਦਲੇ 15,000 ਰੁਪਏ ਬਤੌਰ ਮੁਆਵਜ਼ਾ ਦਿੱਤੇ ਗਏ।'' ਪਿੰਡੋਂ ਉਜਾੜੇ ਗਏ ਲੋਕਾਂ ਨੇ ਇੱਕ ਵਾਰ ਫਿਰ ਆਪਣਾ ਆਸ਼ਿਆਨਾ ਆਪਣੀ ਹੀ ਜ਼ਮੀਨ 'ਤੇ ਵਸਾਇਆ ਨਾ ਕਿ ਸਰਕਾਰ ਦੀ ਜ਼ਮੀਨ 'ਤੇ। ਇਸ ਪਿੰਡ ਨੂੰ ਵੀ ਉਹ 'ਚਿਕਾਪਾਰ' ਕਹਿੰਦੇ ਹਨ।




