“ਇੱਕ ਸਾਲ ਦੇ ਅੰਦਰ ਅੰਦਰ ਅਸੀਂ ਆਪਣੇ ਕਈ ਜਾਨਵਰ ਨੂੰ ਚੀਤੇ ਦਾ ਨਿਵਾਲਾ ਬਣਦੇ ਦੇਖਿਆ। ਉਹ ਰਾਤ ਵੇਲ਼ੇ ਆਉਂਦੇ ਹਨ ਅਤੇ ਸਾਡੇ ਜਾਨਵਰਾਂ ਨੂੰ ਖਿੱਚ ਕੇ ਲੈ ਜਾਂਦੇ ਹਨ,” ਆਜੜੀ ਗੌਰ ਸਿੰਘ ਠਾਕੁਰ ਕਹਿੰਦੇ ਹਨ। ਇੱਥੋਂ ਤੱਕ ਕਿ ਸਾਡਾ ਭੁਟੀਆ ਕੁੱਤਾ, ਸ਼ੇਰੂ ਵੀ ਉਨ੍ਹਾਂ ਨੂੰ ਦੂਰ ਨਹੀਂ ਭਜਾ ਪਾਉਂਦਾ, ਉਹ ਗੱਲ ਪੂਰੀ ਕਰਦੇ ਹਨ।
ਅਸੀਂ ਹਿਮਾਲਿਆ ਦੀ ਪਰਬਤ ਲੜੀ ਗੰਗੋਤਰੀ ਦੀ ਟੀਸੀ ‘ਤੇ ਖੜ੍ਹੇ ਆਪਸ ਵਿੱਚ ਗੱਲ ਕਰ ਰਹੇ ਹਾਂ। ਉਨ੍ਹਾਂ ਦੇ ਇਸ ਇੱਜੜ ਵਿੱਚ ਸੱਤ ਪਰਿਵਾਰਾਂ ਦੇ ਡੰਗਰ ਸ਼ਾਮਲ ਹਨ, ਇਹ ਪਰਿਵਾਰ ਉੱਤਰਕਾਸ਼ੀ ਜ਼ਿਲ੍ਹੇ ਦੇ ਸੌਰਾ ਪਿੰਡ ਦੇ ਆਸਪਾਸ ਦੇ ਰਹਿਣ ਵਾਲ਼ੇ ਹਨ। ਗੌਰ ਸਿੰਘ ਵੀ ਇਸੇ ਪਿੰਡ ਦੇ ਵਸਨੀਕ ਹਨ ਜੋ ਇੱਥੋਂ ਕਰੀਬ 2,000 ਮੀਟਰ ਹੇਠਾਂ ਵੱਸਿਆ ਹੈ। ਉਨ੍ਹਾਂ ਨੂੰ ਡੰਗਰ ਚਰਾਉਣ ਦਾ ਠੇਕਾ ਮਿਲ਼ਿਆ ਹੋਇਆ ਹੈ ਜੋ ਸਾਲ ਦੇ 9 ਮਹੀਨਿਆਂ ਤੱਕ ਚੱਲ਼ਣਾ ਹੈ। ਮੀਂਹ ਆਵੇ ਭਾਵੇਂ ਬਰਫ਼ ਡਿੱਗੇ ਉਨ੍ਹਾਂ ਨੂੰ ਡੰਗਰ ਚਰਾਉਣ ਲਈ ਬਾਹਰ ਨਿਕਲ਼ਣਾ ਹੀ ਪੈਂਦਾ ਹੈ, ਉਨ੍ਹਾਂ ਨੂੰ ਇਕੱਠਿਆਂ ਕਰਕੇ ਗਿਣਤੀ ਵੀ ਮਾਰਨੀ ਪੈਂਦੀ ਹੈ।
“ਇੱਥੇ ਕੋਈ 400 ਭੇਡਾਂ ਅਤੇ 100 ਬੱਕਰੀਆਂ ਹਨ,” 48 ਸਾਲਾ ਇੱਕ ਦੂਜੇ ਆਜੜੀ, ਹਰਦੇਵ ਸਿੰਘ ਠਾਕੁਰ ਦਾ ਕਹਿਣਾ ਹੈ ਜੋ ਇੱਥੇ ਪਹਾੜੀ ‘ਤੇ ਖਿੰਡੇ-ਪੁੰਡੇ ਇੱਜੜ ਦਾ ਧਿਆਨ ਰੱਖ ਰਹੇ ਹਨ। “ਹੋ ਸਕਦਾ ਥੋੜ੍ਹੀਆਂ ਵੱਧ-ਘੱਟ ਹੋਣ,” ਉਹ ਜਾਨਵਰਾਂ ਦੀ ਸਟੀਕ ਗਿਣਤੀ ਬਾਰੇ ਕਹਿੰਦੇ ਹਨ। ਹਰਦੇਵ ਇੱਜੜ ਚਰਾਉਣ ਦਾ ਕੰਮ ਕੋਈ 15 ਸਾਲਾਂ ਤੋਂ ਕਰਦੇ ਆ ਰਹੇ ਹਨ। “ਕੁਝ ਆਜੜੀ ਅਤੇ ਕਾਮੇ ਦੋ ਹਫ਼ਤਿਆਂ ਲਈ ਆਉਂਦੇ ਹਨ ਤੇ ਵਾਪਸ ਚਲੇ ਜਾਂਦੇ ਹਨ, ਕੁਝ ਮੇਰੇ ਵਾਂਗਰ ਇੱਥੇ ਹੀ ਰਹਿ ਜਾਂਦੇ ਹਨ,” ਉਹ ਗੱਲ ਪੂਰੀ ਕਰਦੇ ਹਨ।
ਇਹ ਅਕਤੂਬਰ ਦਾ ਮਹੀਨਾ ਹੈ ਅਤੇ ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਦੀ ਗੰਗੋਤਰੀ ਲੜੀ ‘ਤੇ ਪੈਂਦੀ ਚਰਾਂਦ ‘ਚੂਲੀ ਟੋਪ’ ‘ਤੇ ਕਾਫ਼ੀ ਸਰਦ ਹਵਾ ਚੱਲ਼ ਰਹੀ ਹੈ ਜਿਓਂ ਘਾਹ ਨੂੰ ਚੀਰਦੀ ਹੋਵੇ। ਇੱਜੜ ਨੂੰ ਹਿੱਕਦੇ, ਚਾਰਦੇ ਇਨ੍ਹਾਂ ਬੰਦਿਆਂ ਨੇ ਕੰਬਲ ਦੀ ਬੁੱਕਲ ਮਾਰੀ ਹੋਈ ਹੈ। ਇਹ ਕਾਫ਼ੀ ਵਧੀਆ ਚਰਾਂਦ ਹੈ, ਆਜੜੀਆਂ ਦਾ ਕਹਿਣਾ ਹੈ, ਬਰਫ਼ ਦੇ ਬੰਨ੍ਹੇ-ਬੰਨ੍ਹੇ ਵਗਦੀ ਇੱਕ ਪਤਲੀ ਜਿਹੀ ਧਾਰਾ ਜਾਨਵਰਾਂ ਲਈ ਪਾਣੀ ਦਾ ਵਧੀਆ ਤੇ ਯਕੀਨੀ ਸ੍ਰੋਤ ਹੈ। ਸੱਪ ਵਾਂਗਰ ਵਲ਼ੇਵੇਂ ਖਾਂਦੀ ਇਹ ਧਾਰਾ 2,000 ਮੀਟਰ ਟੇਡੇ-ਮੇਢੇ ਰਸਤਿਓਂ ਹੇਠਾਂ ਉਤਰ ਕੇ ਭਿਲੰਗਾਨਾ ਨਦੀ ਵਿੱਚ ਮਿਲ਼ ਜਾਂਦੀ ਹੈ, ਜੋ ਖ਼ੁਦ ਵੀ ਭਾਗੀਰਥੀ ਦੀ ਇੱਕ ਸਹਾਇਕਕ ਨਦੀ ਹੈ।









