ਮਹਾਰਾਸ਼ਟਰ ਦੇ ਪਿੰਡਾਂ ਦੀਆਂ ਔਰਤਾਂ ਦੁਆਰਾ ਗਾਏ ਗਏ 100,000 ਤੋਂ ਵੱਧ ਲੋਕ-ਗੀਤਾਂ ਨੂੰ ਸੁਣੋ, ਜਿਨ੍ਹਾਂ ਨੇ ਲਾਸਾਨੀ ਗ੍ਰਿੰਡਮਿਲ ਸੌਂਗਸ ਪ੍ਰਾਜੈਕਟ ਨੂੰ ਜਨਮ ਦਿੱਤਾ, ਜੋ ਪਾਰੀ ( PARI ) ' ਤੇ ਨਿਰੰਤਰ ਪ੍ਰਕਾਸ਼ਤ ਹੁੰਦੇ ਰਹਿਣਗੇ। ਇਨ੍ਹਾਂ ਵਿੱਚੋਂ 3,000 ਗਾਣੇ ਪਹਿਲਾਂ ਹੀ ਡਿਜੀਟਲ ਰੂਪ ਵਿੱਚ ਰਿਕਾਰਡ ਕੀਤੇ ਜਾ ਚੁੱਕੇ ਹਨ ਅਤੇ 40,000 ਮੂਲ਼ ਮਰਾਠੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੇ ਹਨ। ਕਾਵਿ ਸੰਗੀਤ ਦੀ ਇਸ ਵਿਰਾਸਤ ਨੂੰ ਰਿਕਾਰਡ ਕਰਨ ਦੀ ਇਸ ਵਿਲੱਖਣ ਪ੍ਰਕਿਰਿਆ ਵਿੱਚ ਇੱਕ ਹਜਾਰ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ।
ਇਸ ਸਟੋਰੀ ਵਿੱਚ ਅਸੀਂ ਗੱਲ ਕਰਾਂਗੇ 'ਗ੍ਰਾਇੰਡਮਿਲ ਸੌਂਗਸ ਪ੍ਰਾਜੈਕਟ' ਬਾਰੇ, ਜਿਸ ਪ੍ਰਾਜੈਕਟ ਤਹਿਤ ਤੁਸੀਂ 100,000 ਤੋਂ ਵੱਧ ਲੋਕਗੀਤ ਸੁਣ ਪਾਓਗੇ, ਜਿਨ੍ਹਾਂ ਮਹਾਂਰਾਸ਼ਟਰ ਦੀਆਂ ਔਰਤਾਂ ਨੇ ਹੀ ਪੀੜ੍ਹੀ-ਦਰ-ਪੀੜ੍ਹੀ ਸੁਰਾਂ ਵਿੱਚ ਪਰੋਇਆ ਹੈ ਤੇ ਇਨ੍ਹਾਂ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ। ਜਾਤੇ (English: grindmill, ਚੱਕੀ) ਚਲਾਉਣ ਦੌਰਾਨ ਜਾਂ ਘਰਾਂ ਦੇ ਹੋਰ ਕੰਮਾਂ ਦੌਰਾਨ ਗਾਏ ਗਏ ਗੀਤਾਂ ਵਿੱਚ ਇਨ੍ਹਾਂ (ਔਰਤਾਂ) ਦੀ ਸਖ਼ਤ ਮੁਸ਼ੱਕਤ ਲੁਕੀ ਹੈ।
ਇਹ ਡੇਟਾਬੇਸ ਕਈ ਅਜਿਹੇ ਏਂਥ੍ਰੋਪਾਲਜਿਸਟ (ਮਾਨਵ-ਵਿਗਿਆਨੀ) ਅਤ ਐਂਥਨੋਂਯੁਜਿਕਾਲਜਿਸਟ (ਸੰਗੀਤ-ਸ਼ਾਸਤਰ) ਦੀ ਮਿਹਨਤ ਨਾਲ਼ ਤਿਆਰ ਹੋਇਆ ਹੈ। ਇਸ ਪ੍ਰਾਜੈਕਟ ਦਾ ਮਕਸਦ ਅਜਿਹੇ ਲੋਕ ਗੀਤਾਂ ਨੂੰ ਸਾਂਭ ਕੇ ਰੱਖਣਾ, ਉਨ੍ਹਾਂ ਦਾ ਤਰਜਮਾ ਕਰਨਾ, ਦਸਤਾਵੇਜ ਤਿਆਰ ਕਰਨਾ ਅਤੇ ਉਨ੍ਹਾਂ ਅੰਦਰ ਦੋਬਾਰਾ ਰੂਹ ਫੂਕਣੀ ਜਿਨ੍ਹਾਂ ਨੂੰ ਔਰਤਾਂ ਚੱਕੀ (ਗ੍ਰਾਇੰਮਿਲ) ਪੀਂਹਣ ਦੌਰਾਨ ਗਾਉਂਦੀਆਂ ਸਨ। ਬੀਤੇ ਦਹਾਕਿਆਂ ਤੋਂ ਇਹ ਪਰੰਪਰਾ ਲਗਭਗ ਗਾਇਬ ਹੁੰਦੀ ਦਿੱਸ ਰਹੀ ਹੈ, ਕਿਉਂਕਿ ਬਹੁਤੇਰੀਆਂ ਥਾਵਾਂ 'ਤੇ ਹੱਥੀ-ਚੱਕੀਆਂ ਦੀ ਥਾਂ, ਹੁਣ ਮੋਟਰ ਵਾਲੀਆਂ ਚੱਕੀਆਂ ਨੇ ਲੈ ਲਈ ਹੈ।
ਇਸ ਬੇਮਿਸਾਲ ਕੰਮ ਦੀ ਰੂਹ, ਜੋ ਗ੍ਰਾਮੀਣ ਜੀਵਨ ਅਤੇ ਸੱਭਿਆਚਾਰ ਵੱਲ ਝਾਤ ਪਾਉਂਦੀ ਹੈ। ਇਨ੍ਹਾਂ ਗੀਤਾਂ ਵਿੱਚ ਲਿੰਗ, ਜਮਾਤ ਅਤੇ ਜਾਤ ਸਬੰਧੀ ਮਸਲੇ; ਧਰਮ; ਔਰਤਾਂ ਅਤੇ ਬੱਚਿਆਂ, ਪਤੀਆਂ, ਭੈਣ-ਭਰਾਵਾਂ, ਵੱਡੇ ਭਾਈਚਾਰਿਆਂ; ਦਰਮਿਆਨ ਉਨ੍ਹਾਂ ਦੇ ਆਪਸੀ ਰਿਸ਼ਤੇ ਬਾਹਰ ਝਾਕਦੇ ਹਨ। ਨਾਲ਼ ਹੀ ਸਮਾਜ ਅਤੇ ਰਾਜਨੀਤੀ ਨਾਲ਼ ਜੁੜੇ ਕਈ ਹਾਲੀਆ ਮਸਲੇ ਵੀ ਗੀਤਾਂ ਵਿੱਚ ਆਪਣੀ ਥਾਂ ਬਣਾਉਂਦੇ ਹਨ।
ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ (PARI), ਮਹਾਰਾਸ਼ਟਰ ਦੀਆਂ ਇਨ੍ਹਾਂ ਗ੍ਰਾਮੀਣ ਔਰਤਾਂ ਦੀ ਕਲਾ ਅਤੇ ਸਿਰੜ ਨੂੰ ਦਰਸਾਉਣ ਵਾਲੇ ਵਸੀਅਤਨਾਮੇ-ਨੁਮਾ ਗੀਤਾਂ ਨੂੰ ਆਪਣੀ ਵੈੱਬਸਾਈਟ 'ਤੇ ਥਾਂ ਦੇ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਹੈ। ਇਹ ਅੰਤਰ-ਰਾਸ਼ਟਰੀ ਮਹਿਲਾ ਦਿਵਸ (8 ਮਾਰਚ, 2017) ਦੇ ਦਿਨ, ਪੂਰੀ ਦੁਨੀਆ ਦੀਆਂ ਔਰਤਾਂ ਨੂੰ ਸਾਡੇ ਵੱਲੋਂ ਇੱਕ ਤੋਹਫਾ ਹੈ।
ਗ੍ਰਾਇੰਡਮਿਲ ਸੌਂਗਸ ਡੇਟਾਬੇਸ ਦਾ ਵਿਚਾਰ ਸਮਾਜਿਕ ਕਾਰਕੁੰਨ ਅਤੇ ਮਕਬੂਲ ਖੋਜਕਰਤਾ ਸਵ. ਹੇਮਾ ਰਾਇਰਕਰ ਅਤੇ ਗੀ ਪੌਇਟਵਾਂ ਦੇ ਤੁਸੱਵਰ ਤੋਂ ਉਪਜਿਆ ਸੀ, ਜਿਨ੍ਹਾਂ ਨੇ ਪੂਨੇ ਵਿੱਚ ਸੈਂਟਰ ਆਫਰ ਕੋਅਪਰੇਟਿਵ ਰਿਸਰਚ ਇਨ ਸੋਸ਼ਲ ਸਾਇੰਸੇਜ ਦੀ ਵੀ ਸਥਾਪਨਾ ਮਿਲ਼ ਕੇ ਕੀਤੀ ਸੀ। ਉਨ੍ਹਾਂ ਨੇ 20 ਵਰ੍ਹਿਆਂ ਦੇ ਇਸ ਸਮੇਂ ਤੱਕ ਰਲ਼ ਕੇ ਮਹਾਰਾਸ਼ਟਰ ਦੇ ਕਰੀਬ 110,000 ਤੋਂ ਜਿਆਦਾ ਲੋਕਗੀਤਾਂ ਨੂੰ ਟ੍ਰਾਂਸਕ੍ਰਾਇਬ ਕੀਤਾ ਸੀ।
ਫ੍ਰੈਂਚ ਨੈਸ਼ਨਲ ਸੈਂਟਰ ਫਾਰ ਸਾਇੰਟੀਫਿਕ ਰਿਸਰਚ ਦੇ ਸਾਬਕਾ ਇੰਜੀਨੀਅਰ ਅਤੇ ਕੰਪਿਊਟੇਸ਼ਨ ਸੰਗੀਤ-ਵਿਗਿਆਨੀ ਬਰਨਾਰਡ ਬੇਲ ਵੀ 1990 ਦੇ ਦਹਾਕੇ ਦੇ ਅੰਤ ਵਿੱਚ ਇਸ ਪ੍ਰਾਜੈਕਟ ਦਾ ਹਿੱਸਾ ਬਣੇ। ਜਿਨ੍ਹਾਂ ਨੇ ਬਾਅਦ ਵਿੱਚ ਟੈਕਸਟ ਅਤੇ ਟਿੱਪਣੀਆਂ ਦਾ ਇੱਕ ਡੇਟਾਬੇਸ ਬਣਾਇਆ ਅਤੇ ਇਨ੍ਹਾਂ ਨਾਲ਼ ਜੁੜੇ 120 ਘੰਟਿਆਂ ਤੋਂ ਜਿਆਦਾ ਦੇ ਆਡਿਓ ਰਿਕਾਰਡ ਕੀਤੇ। ਇਸ ਪੂਰੇ ਮੈਟੇਰਿਅਲ ਨੂੰ ਹਰਿਆਣਾ ਦੇ ਗੁੜਗਾਓਂ (ਗੁਰੂਗ੍ਰਾਮ) ਸਥਿਤ ਆਰਕਾਈਵ ਐਂਡ ਰਿਸਰਚ ਸੈਂਟਰ ਫਾਰ ਐਂਥਨੋਂਯੁਜਿਕਾਲਜੀ ਨੇ ਸੰਰਖਤ ਕੀਤਾ ਸੀ, ਅਤੇ ਬਾਅਦ ਵਿੱਚ ਪ੍ਰੋ. ਬੇਲ ਦੀ ਮਦਦ ਨਾਲ਼, ਫਰਾਂਸ ਦੇ ਐਕਸ-ਇਨ-ਪ੍ਰੋਵੈਂਸ ਵਿੱਚ ਮੌਜੂਦ ਸਪੀਚ ਐਂਡ ਲੈਂਗਵੇਜ ਡੇਟਾ ਰਿਪੌਜੀਟਰੀ ਵਿੱਚ ਭੇਜ ਦਿੱਤਾ ਗਿਆ ਸੀ। ਸਮਾਂ ਪਾ ਕੇ ਇਹ ਡੇਟਾਬੇਸ ਕਈ ਅਜਿਹੀਆਂ ਸੂਚਨਾ ਪ੍ਰਣਾਲੀਆਂ ਲਈ ਆਦਰਸ਼ ਬਣ ਗਿਆ ਜੋ ਜਨਤਕ ਤੌਰ 'ਤੇ ਆਰਕਾਈਵ ਦਾ ਕੰਮ ਕਰ ਰਹੀਆਂ ਸਨ। ਨਾਲ਼ ਹੀ ਡਿਜੀਟਲ ਹਿਊਮੈਨਿਟੀ ਵਿੱਚ ਆਉਣ ਵਾਲ਼ੇ ਬਹੁਤ ਸਾਰਿਆਂ ਲਈ ਰਾਹ ਪੱਧਰਾ ਕੀਤਾ ਹੈ।
ਸਾਲ 1993 ਤੋਂ 1998 ਦਰਮਿਆਨ, ਗ੍ਰਾਇੰਡਮਿਲ ਸੌਂਗਸ ਪ੍ਰੋਜੈਕਟ ਨੂੰ ਯੂਨੈਸਕੋ, ਨੀਦਰਲੈਂਡ ਮਿਨੀਸਟਰੀ ਫਾਰ ਡਿਵੈਲਪਮੈਂਟ ਕੋਅਪਰੇਸ਼ਨ ਅਤੇ ਸਵਿਟਜਰਲੈਂਡ ਦੇ ਚਾਰਲਸ ਲਿਓਪੋਲਡ ਮੇਅਯਰ ਫਾਊਂਡੇਸ਼ਨ ਫਾਰ ਦੀ ਪ੍ਰੋਗ੍ਰਾਮ ਆਫ਼ ਹਿਊਮਨਕਾਇੰਡ ਤੋਂ ਮਾਇਕ ਮਦਦ ਮਿਲ਼ਦੀ ਰਹੀ।
ਪ੍ਰੋ. ਬੇਲ ਕਹਿੰਦੇ ਹਨ, "ਹੇਮਾ ਰਾਇਰਕਰ ਅਤੇ ਗੀ ਪਾਇਟਵਾਂ ਦੇ ਨਾਲ਼ ਮੇਰੀ ਨਿੱਜੀ ਵਚਨਬੱਧਤਾ ਜੁੜੀ ਸੀ, ਜਿਹਦੇ ਤਹਿਤ ਮੈਨੂੰ ਗ੍ਰਾਇੰਡਮਿਲ ਰਚਨਾਵਾਂ ਦੇ ਸੰਗ੍ਰਹਿ ਦੇ ਪ੍ਰਕਾਸ਼ਨ/ਦਸਤਾਵੇਜੀਕਰਨ/ਤਰਜ਼ਮਾ ਤਿਆਰ ਕਰਨਾ ਸੀ।" "ਜਨਵਰੀ, 2015 ਵਿੱਚ, ਮੈਂ ਪੂਨੇ ਵਿੱਚ ਗ੍ਰਾਇੰਡਮਿਲ ਸੌਂਗਸ 'ਤੇ ਕੰਮ ਕਰ ਰਹੀ ਮਾਹਰਾਂ ਦੀ ਟੀਮ ਨੂੰ ਜ਼ਰੂਰੀ ਉਪਕਰਣ ਉਪਲਬਧ ਕਰਾਏ ਸਨ, ਜਿਨ੍ਹਾਂ ਨਾਲ਼ ਉਸ ਪ੍ਰਾਜੈਕਟ ਨੂੰ ਨਵੀਂ ਊਰਜਾ ਮਿਲੀ। ਅਸੀਂ ਗੀਤਾਂ ਦੇ ਪ੍ਰਕਾਸ਼ਨ ਕਰਨ ਦੇ ਇੱਕ ਸ਼ੁਰੂਆਤੀ ਖਾਕੇ (ਫਾਰਮੇਟ) 'ਤੇ ਵੀ ਕੰਮ ਕੀਤਾ ਸੀ। ਡੇਟਾਬੇਸ ਵਿੱਚ ਬਦਲਾਅ ਕਰਕੇ ਫਿਰ ਤੋਂ ਤਿਆਰ ਕਰਨ ਅਤੇ ਦੇਵਨਾਗਰੀ ਦੀ ਕਈ ਇੰਕੋਡਿੰਗ ਤੋਂ ਟੈਕਸਟ ਨੂੰ ਟ੍ਰਾਂਸਕੋਡ ਕਰਨ ਲਈ, ਵੱਡੇ ਪੱਧਰ 'ਤੇ ਨਿਵੇਸ਼ ਵਟੋਰਨ ਦੀ ਲੋੜ ਪਈ।"
ਇਸ ਮੁਹਿੰਮ ਵਿੱਚ ਪਾਰੀ (PARI) ਦੀ ਸ਼ਮੂਲੀਅਤ ਨਾਲ਼, ਪ੍ਰਾਜੈਕਟ ਵਿੱਚ ਲਗਾਤਾਰ ਨਵੇਂ ਲੋਕ ਜੁੜਦੇ ਗਏ। ਇਸ ਨਾਲ਼ ਪ੍ਰਾਜੈਕਟ ਵਿੱਚ ਨਵੀਂ ਜਾਨ ਆਈ। ਪੂਨੇ ਦੇ ਗੋਖਲੇ ਇੰਸਟੀਚਿਊਟ ਆਫ਼ ਪੌਲੀਟਿਕਸ ਐਂਡ ਇਕਨਾਮਿਕਸ ਵਿੱਚ ਸਾਬਕਾ ਦਸਤਾਵੇਜੀਕਰਨ ਅਫ਼ਸਰ ਰਹੀ ਆਸ਼ਾ ਓਗਾਲੇ ਨੇ ਆਪਣੇ ਸਹਿਯੋਗੀਆਂ, ਰਜਨੀ ਖਲਦਕਰ ਅਤੇ ਜਤਿੰਦਰ ਮੈਡ ਦੇ ਨਾਲ਼ ਰਲ਼ ਕੇ ਤਕਰੀਬਨ 70,000 ਗੀਤਾਂ ਦੇ ਤਜ਼ਰਮੇ ਦੀ ਜਿੰਮੇਦਾਰੀ ਚੁੱਕੀ ਹੈ। ਮਰਾਠੀ ਭਾਸ਼ਾ ਦੇ ਗਿਆਨ ਅਤੇ ਗ੍ਰਾਮੀਣ ਜੀਵਨ ਦੀ ਉਨ੍ਹਾਂ ਦੀ ਸਮਝ ਨੇ, ਅਨੁਵਾਦ ਦੇ ਸਾਡੇ ਯਤਨਾਂ ਵਿੱਚ ਬੇਸ਼ਕੀਮਤੀ ਮਦਦ ਕੀਤੀ ਹੈ ਅਤੇ ਨਵੇਂ ਸੰਦਰਭ ਜੋੜੇ ਹਨ।
ਸਾਲ 2016 ਵਿੱਚ, ਹਰਿਆਣਾ ਦੇ ਸੋਨੀਪਤ ਵਿੱਚ ਸਥਿਤ ਅਸ਼ੋਕ ਯੂਨੀਵਰਸਿਟੀ ਦੇ ਨਾਲ਼ ਸਾਡੀ ਸਾਂਝੇਦਾਰੀ ਕਾਇਮ ਹੋਈ। ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਜਿਲ ਵੇਰਨਿਯਰਸ ਨੇ ਇਸ ਸਾਂਝੇਦਾਰੀ ਦੀ ਅਗਵਾਈ ਕੀਤੀ ਸੀ। ਯੰਗ ਇੰਡੀਆ ਫੈਲੋਸ਼ਿਪ, 2016-17 ਦੇ ਤਿੰਨ ਫੈਲੋ, ਮੇਹੇਰਿਸ਼ ਦੇਵਕੀ, ਸਨੇਹਾ ਮਾਧੁਰੀ ਅਤੇ ਪੂਰਨਪ੍ਰਾਜਨਾ ਕੁਲਕਰਨੀ, ਅਨੁਵਾਦਾਂ ਦੀ ਸਮੀਖਿਆ ਕਰਦੇ ਹਨ ਅਤੇ ਆਰਕਾਈਵ ਲਈ ਬਣਦੀ ਵਾਧੂ ਮਦਦ ਵੀ ਕਰਦੇ ਹਨ। ਪਾਰੀ ਦੀ ਮੈਨੇਜਿੰਗ ਐਡੀਟਰ, ਨਮਿਤਾ ਵਾਈਕਰ, ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ (PARI) ਵਿੱਚ ਗ੍ਰਾਇੰਡਮਿਲ ਸੌਂਗਸ ਪ੍ਰਾਜੈਕਟਕ ਦੀ ਅਗਵਾਈ ਕਰ ਰਹੀ ਹਨ। ਉੱਥੇ ਦੂਸਰੇ ਪਾਸੇ, ਅਮੇਰੀਕਨ ਇੰਡੀਆ ਫਾਊਂਡੇਸ਼ਨ ਕਲਿੰਟਨ, ਫੈਲੋ, ਓਲੀਵੀਆ ਵਾਰਿੰਗ, ਡੇਟਾਬੇਸ ਦੀ ਦੇਖਰੇਖ ਕਰ ਰਹੀਆਂ ਹਨ।
ਇਸ ਪ੍ਰਾਜੈਕਟ ਵਿੱਚ ਜਿਨ੍ਹਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਉਨ੍ਹਾਂ ਵਿੱਚ: ਭੀਮਸੇਨ ਨਾਣੇਕਰ (ਇੰਟਰਵਿਊਅਰ), ਦੱਤਾ ਸ਼ਿੰਦੇ (ਰਿਸਰਚ ਸਹਿਯੋਗੀ/ਉਮੀਦਵਾਰ), ਮਾਲਵਿਕਾ ਤਾਲੁਕਦਰ (ਫੋਟੋਗ੍ਰਾਫਰ), ਲੱਤਾ ਭੋਰੇ (ਡੇਟਾ ਇਨਪੁੱਟ) ਅਤੇ ਗਜਰਾਬਾਈ ਦਰੇਕਰ (ਟ੍ਰਾਂਸਕਰਾਇਬ)।
ਪ੍ਰਾਜੈਕਟ ਦੀ ਮੁੱਖ ਕਲਾਕਾਰ (ਪਰਫਾਰਮਰ) ਅਤੇ ਭਾਗੀਦਾਰ, ਗੰਗੂਬਾਈ ਅੰਬੋਰੇ ਦੀ ਸਾਰੀਆਂ ਤਸਵੀਰਾਂ ਅਤੇ ਵੀਡਿਓ, ਐਂਡ੍ਰਿਯੇਨ ਬੇਲ ਨੇ ਦਰਜ਼ ਕੀਤੀ ਹੈ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ)ਦੇ ਇਸ ਨਵੇਂ ਅਧਿਆਇ ਦੀ ਪੜਤਾਲ਼ ਕਰੋ, ਐਸਾ ਅਧਿਆਇ ਜਿਹਦਾ ਦਾਇਰਾ ਮਹੀਨੇ ਦਰ ਮਹੀਨੇ ਅਤੇ ਸਾਲ ਦਰ ਸਾਲ ਹੋਰ ਵਿਆਪਕ ਹੁੰਦਾ ਜਾਵੇਗਾ। ਪਾਰੀ ਦਿਲ ਦੀਆਂ ਡੂੰਘਾਣਾਂ ਵਿੱਚੋਂ ਗ੍ਰਾਇੰਡਮਿਲਸ ਸੌਂਗਸ ਦੇ ਸਾਰੇ ਸਾਥੀਆਂ ਦਾ ਸ਼ੁਕਰੀਆ ਅਦਾ ਕਰਦਾ ਹੈ। ਨਾਲ਼ ਹੀ, ਅਸੀਂ ਵਿਸ਼ੇਸ਼ ਰੂਪ ਨਾਲ਼ ਮਹਾਰਾਸ਼ਟਰ ਦੀਆਂ ਉਨ੍ਹਾਂ ਗ੍ਰਾਮੀਣ ਅਣਸੁਣੀਆਂ ਔਰਤਾਂ ਦੇ ਜੀਵਨ ਅਤੇ ਉਪਲਬਧੀਆਂ ਨੂੰ ਪ੍ਰਵਾਨ ਕਰਦੇ ਹਾਂ, ਪਰ ਜਿਨ੍ਹਾਂ ਲਈ ਕਿਤੇ ਵੀ ਕੋਈ ਵੀ ਗੀਤ ਅਤੇ ਕੋਈ ਡੇਟਾਬੇਸ ਨਹੀਂ ਹੁੰਦਾ।
ਕਲਾਕਾਰ/ਗਾਇਕ : ਗੰਗੂਬਾਈ ਅੰਬੋਰੇ
ਪਿੰਡ : ਤਾਡਕਲਸ
ਤਾਲੁਕਾ : ਪੂਰਨਾ
ਜਿਲ੍ਹਾ : ਪਰਭਣੀ
ਲਿੰਗ : ਔਰਤ
ਜਾਤ : ਮਰਾਠਾ
ਉਮਰ : 56
ਸਿੱਖਿਆ : ਕੁਝ ਵੀ ਨਹੀਂ
ਬੱਚੇ : 1 ਧੀ
ਪੇਸ਼ਾ : ਅਜਿਹੇ ਪਰਿਵਾਰ 'ਚੋਂ ਹਨ ਜਿਸ ਕੋਲ਼ 14 ਏਕੜ ਜ਼ਮੀਨ ਸੀ; ਗੰਗੂਬਾਈ ਨੂੰ ਘਰੋਂ ਬੇਦਖ਼ਲ ਕਰ ਦਿੱਤਾ ਗਿਆ ਸੀ, ਜੋ ਬਾਦ ਵਿੱਚ ਪਿੰਡ ਦੇ ਮੰਦਰ ਵਿੱਚ ਰਹਿੰਦੀ ਰਹੀ।
ਮਿਤੀ : ਉਹਦੀ ਇੰਟਰਵਿਊ ਅਤੇ ਗੀਤਾਂ ਨੂੰ 7 ਅਪ੍ਰੈਲ, 1996 ਅਤੇ 5 ਫਰਵਰੀ, 1997 ਵਿੱਚ ਰਿਕਾਰਡ ਕੀਤਾ ਗਿਆ।
ਜੰਗਲਾਂ ਵਿੱਚ ਗੂੰਜਦੀ ਅਤੇ ਵਣਾਂ ਵਿੱਚ ਭਟਕਦੀ, ਰੋਂਦੀ ਅਵਾਜ਼ ਕਿਹਦੀ
ਹੈ? ਸੁਣ
ਜ਼ਰਾ!
ਬੇਰ-ਕਿੱਕਰ ਨਹੀਂ ਸਗੋਂ ਔਰਤਾਂ ਨੇ ਇਹ,
ਦਿੰਦੀਆਂ ਨੇ ਦਿਲਾਸਾ, ਸੀਤਾ ਨੂੰ ਸੁਣਦੀਆਂ ਨੇ ਹਊਕੇ, ਸੁਣੋ ਜ਼ਰਾ!!
ਨੋਟ : ਇਸ ਓਵੀ (ਗੀਤ) ਵਿੱਚ, ਸੀਤਾ (ਮਾਤਾ) ਰੋ ਰਹੀ ਹਨ। ਸੀਤਾ ਜੰਗਲ ਵਿੱਚ ਹਨ- ਰਮਾਇਣ ਦਾ ਉਹ ਦ੍ਰਿਸ਼ ਉਕੇਰਿਆ ਗਿਆ ਹੈ, ਜਦੋਂ ਰਾਮ ਨੇ ਸਜਾ ਦੇ ਤੌਰ 'ਤੇ ਸੀਤਾ ਨੂੰ ਜੰਗਲ ਵਿੱਚ ਭੇਜ ਦਿੱਤਾ ਹੈ। ਸੀਤਾ ਇਕੱਲੀ ਹਨ ਅਤੇ ਦੁੱਖ ਵੰਡਣ ਵਾਲਾ ਉੱਥੇ ਕੋਈ ਵੀ ਮੌਜੂਦ ਨਹੀਂ ਹੈ, ਇਸਲਈ ਸੀਤਾ ਆਪਣੇ ਸਾਰੇ ਦੁੱਖ ਬੋਰੀ (ਬੇਰ) ਅਤੇ ਬਾਭਾਲੇ (ਕਿੱਕਰ) ਨੂੰ ਕਹਿੰਦੀ ਹਨ। ਬੇਰ ਅਤੇ ਕਿੱਕਰ ਦੇ ਰੁੱਖ ਕੰਡਿਆਲ਼ੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਛਿੱਲਾਂ ਤ੍ਰੇੜਾਂ ਭਰੀਆਂ ਹੁੰਦੀਆਂ ਹਨ। ਇਨ੍ਹਾਂ ਰੁੱਖਾਂ ਦੀ ਹਾਲਤ ਉਹੋ-ਜਿਹੀ ਹੀ ਹੈ ਜਿਹੋ-ਜਿਹੀ ਸਮਾਜ ਵਿੱਚ ਇੱਕ ਔਰਤ ਦੀ ਹੁੰਦੀ ਹੈ। ਇਸ ਗੀਤ ਵਿੱਚ ਬੇਰ ਅਤੇ ਕਿੱਕਰ ਨੂੰ 'ਔਰਤਾਂ' ਦੇ ਬਿੰਬ ਵਜੋਂ ਪੇਸ਼ ਕੀਤਾ ਗਿਆ ਹੈ ਤੇ ਉਹ ਸੀਤਾ ਨਾਲ਼ ਆਪਣਾ ਦੁੱਖ ਸਾਂਝਾ ਕਰਦੇ ਹਨ, ਢਾਰਸ ਦਿੰਦੇ ਹਨ ਅਤੇ ਸੀਤਾ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਹਾਲਤ ਵੀ ਸੀਤਾ ਵਾਂਗ ਹੀ ਹੈ; ਇਕਲਾਪੇ ਅਤੇ ਹਾਸ਼ੀਏ ਵੱਲ ਧੱਕੀ ਹੋਈ। ਇਸ ਗੀਤ ਨੂੰ ਗਾਉਣ ਵਾਲੀ, ਗੰਗੂਬਾਈ ਅੰਬੋਰੇ, ਰੋਂਦੀ ਹੋਈ ਸੀਤਾ ਵਿੱਚ ਖੁਦ ਨੂੰ ਲੱਭਦੀ/ਦੇਖਦੀ ਹਨ।
ਪਰਭਾਣੀ ਜਿਲ੍ਹੇ ਦੀ ਤਾਡਕਲਸ ਤਾਲੁਕਾ ਦੀ ਗੰਗੂਬਾਈ ਅੰਬੋਰੇ ਨੇ ਦੁੱਖਾਂ ' ਚੋਂ ਪੈਦਾ ਹੋਏ ਗੀਤ ਗਾਏ ਹਨ, ਅਤੇ ਉਨਾਂ ਦੀ ਅਵਾਜ਼ ਵਿੱਚੋਂ ਵਰ੍ਹਿਆਂ ਦਾ ਇਕਲਾਪਾ ਝਲਕਦਾ ਹੈ ਜੋ ਸੁਣਨ ਵਾਲੇ ਦੀ ਰੂਹ ਨੂੰ ਛੂਹ ਜਾਂਦਾ ਹੈ
ਪੜ੍ਹੋ - ਗੰਗੂਬਾਈ : ਪਿੰਡ ਦੀ ਅਵਾਜ਼, ਰੂਹ ਵਿੱਚ ਮਰਾਠੀ ਦੁਆਰਾ ਜਤਿੰਦਰ ਮੇਡ।
ਪੋਸਟਰ : ਅਦਿਤਯ ਦੀਪਾਕਰ, ਸ਼੍ਰੇਆ ਕਤਿਆਇਨੀ, ਸਿੰਚਿਤਾ ਮਾਜੀ
ਤਰਜਮਾ - ਕਮਲਜੀਤ ਕੌਰ