ਸ਼ੋਭਾ ਸਾਹਨੀ ਨੂੰ ਲੱਗਦਾ ਸੀ ਜਿਵੇਂ ਉਹ ਆਪਣੇ ਬੇਟੇ ਦੀ ਮੌਤ ਦਾ ਕਾਰਨ ਜਾਣਦੀ ਹਨ। ਪਰ ਸੱਤ ਮਹੀਨਿਆਂ ਬਾਅਦ, ਉਹ ਇੱਕ ਵਾਰ ਫਿਰ ਤੋਂ ਭੰਬਲਭੂਸੇ ਦਾ ਸ਼ਿਕਾਰ ਹੋ ਗਈ।
ਫਰਵਰੀ ਦੀ ਇੱਕ ਦੁਪਹਿਰ ਨੂੰ ਬ੍ਰਹਮਸਾਰੀ ਪਿੰਡ ਵਿਖੇ ਆਪਣੇ ਇੱਕ ਕਮਰੇ ਦੇ ਘਰ ਦੀਆਂ ਬਰੂਹਾਂ ਵਿੱਚ ਬੈਠਿਆਂ, 30 ਸਾਲਾ ਸ਼ੋਭਾ ਨੇ ਵਲ਼ੂੰਧਰੇ ਮਨ ਨਾਲ਼ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਦਾ 6 ਸਾਲਾ ਬੇਟਾ, ਅਯੂਸ਼ ਅਚਾਨਕ ਬੀਮਾਰ ਪੈ ਗਿਆ। “ਉਹਨੂੰ ਤਾਪ ਚੜ੍ਹ ਗਿਆ ਅਤੇ ਉਹਨੇ ਢਿੱਡ ਪੀੜ੍ਹ ਦੀ ਸ਼ਿਕਾਇਤ ਕੀਤੀ,” ਮਸਾਂ ਸੁਣੀਦੀਂ ਅਵਾਜ਼ ਵਿੱਚ ਸ਼ੋਭਾ ਨੇ ਕਿਹਾ।
ਜੁਲਾਈ 2021 ਦਾ ਵੇਲ਼ਾ ਸੀ ਜਦੋਂ ਮੀਂਹ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਇਹ ਪਿੰਡ ਮੀਂਹ ਦੇ ਪਾਣੀ ਨਾਲ਼ ਭਰ ਗਿਆ। ਇੱਥੇ ਹੜ੍ਹ ਆਉਣਾ ਕੋਈ ਅਸਧਾਰਣ ਗੱਲ ਨਹੀਂ ਸੀ। “ਇਹ ਹਰ ਸਾਲ ਹੁੰਦਾ ਹੈ। ਪਾਣੀ ਦੀ ਨਿਕਾਸੀ ਕਿਸੇ ਪਾਸਿਓਂ ਵੀ ਨਹੀਂ,” ਉਨ੍ਹਾਂ ਨੇ ਕਿਹਾ।
ਹਰ ਸਾਲ ਜਦੋਂ ਵੀ ਮੀਂਹ ਪੈਂਦਾ ਹੈ ਬ੍ਰਹਮਸਾਰੀ ਦਾ ਇਹੀ ਹਾਲ ਹੁੰਦਾ ਹੈ, ਇੱਥੇ ਮੀਂਹ ਦੇ ਪਾਣੀ ਵਿੱਚ ਗਾਵਾਂ ਦਾ ਗੋਹਾ ਅਤੇ ਇਨਸਾਨੀ ਮਲ਼-ਮੂਤਰ ਰਲ਼ ਜਾਂਦਾ ਹੈ ਕਿਉਂਕਿ ਇੱਥੇ ਸਾਰੇ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਂਦੇ ਹਨ। ਕੂੜਾ ਰਲ਼ਿਆ ਇਹ ਅੰਤਾਂ ਦਾ ਗੰਦਾ ਪਾਣੀ ਪੂਰੇ ਪਿੰਡ ਵਿੱਚ ਘੁੰਮਦਾ ਰਹਿੰਦਾ ਹੈ। “ਪਾਣੀ ਅੰਦਰ ਮਰੇ ਹੋਏ ਕੀੜੇ-ਮਕੌੜੇ ਹੁੰਦੇ ਹਨ ਜਿਸ ‘ਤੇ ਮੱਛਰਾਂ ਦਾ ਬਸੇਰਾ ਹੁੰਦਾ ਹੈ। ਇਹ ਗੰਦਾ ਪਾਣੀ ਸਾਡੇ ਘਰਾਂ ਵਿੱਚ ਸਾਡੇ ਚੌਂਕੇ-ਚੁੱਲ੍ਹਿਆਂ ਤੱਕ ਅੱਪੜ ਜਾਂਦਾ ਹੈ। ਸਾਡੇ ਬੱਚੇ ਇਸੇ ਗੰਦੇ ਪਾਣੀ ਵਿੱਚ ਖੇਡਦੇ ਰਹਿੰਦੇ ਹਨ, ਅਸੀਂ ਜਿੰਨਾ ਮਰਜ਼ੀ ਰੋਕੀਏ ਉਹ ਨਹੀਂ ਰੁਕਦੇ। ਇੱਥੇ ਮਾਨਸੂਨ ਰੁੱਤੇ ਬਹੁਤ ਸਾਰੇ ਲੋਕੀਂ ਬੀਮਾਰ ਪੈਂਦੇ ਹਨ,” ਸ਼ੋਭਾ ਨੇ ਗੱਲ ਜਾਰੀ ਰੱਖਦਿਆਂ ਕਿਹਾ।
ਪਿਛਲੇ ਸਾਲ ਸ਼ੋਭਾ ਦੇ ਬੇਟੇ ਦੀ ਵਾਰੀ ਸੀ। “ਪਹਿਲਾਂ ਅਸੀਂ ਬਰਹਾਲਗੰਜ ਅਤੇ ਸਿਕਰੀਗੰਜ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਉਹਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ,” ਸ਼ੋਭਾ ਨੇ ਕਿਹਾ।
ਫਿਰ, ਜਦੋਂ ਇੱਕ ਹਫ਼ਤੇ ਤੀਕਰ ਵੀ ਬੁਖ਼ਾਰ ਨਾ ਲੱਥਾ ਤਾਂ ਸ਼ੋਭਾ ਨੇ ਅਯੂਸ਼ ਨੂੰ ਚੁੱਕਿਆ ਅਤੇ ਬੇਲਘਾਟ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਚਲੀ ਗਈ ਜੋ ਉਨ੍ਹਾਂ ਦੇ ਘਰੋਂ ਕੋਈ 7 ਕਿਲੋਮੀਟਰ ਦੀ ਵਾਟ ਹੈ। ਉੱਥੋਂ ਉਨ੍ਹਾਂ ਨੂੰ ਇੱਥੋਂ ਸਭ ਤੋਂ ਨੇੜੇ ਪੈਂਦੇ ਸ਼ਹਿਰ, ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ (ਬੀਆਰਡੀ ਮੈਡੀਕਲ ਕਾਲਜ) ਰੈਫ਼ਰ ਕਰ ਦਿੱਤਾ ਜੋ ਬ੍ਰਹਮਸਾਰੀ ਤੋਂ 50 ਕਿਲੋਮੀਟਰ ਦੂਰ ਹੈ।










