''ਸ਼ਰਾਬ 'ਤੇ ਪਾਬੰਦੀ ਹੈ ਕਿੱਥੇ?'' ਹਿਰਖ਼ੇ ਮਨ ਨਾਲ਼ ਗੌਰੀ ਪਰਮਾਰ ਕਹਿੰਦੀ ਹਨ, ਉਨ੍ਹਾਂ ਦੀ ਅਵਾਜ਼ ਵਿੱਚ ਕੁੜੱਤਣ ਤੇ ਸ਼ਿਕਵਾ ਸਾਫ਼ ਝਲਕਦਾ ਹੈ।
ਗੱਲ ਜਾਰੀ ਰੱਖਦਿਆਂ ਗੌਰੀ ਅੱਗੇ ਕਹਿੰਦੀ ਹਨ,''ਜਾਂ ਤਾਂ ਇਹ ਸਿਰਫ਼ ਢੋਂਗ ਹੈ ਜਾਂ ਫਿਰ ਸ਼ਾਇਦ ਮੇਰਾ ਪਿੰਡ ਗੁਜਰਾਤ ਅੰਦਰ ਨਹੀਂ ਆਉਂਦਾ। ਮੇਰੇ ਪਿੰਡ ਦੇ ਬੰਦੇ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਪੀਂਦੇ ਆਏ ਹਨ।'' ਉਨ੍ਹਾਂ ਦਾ ਪਿੰਡ ਰੋਜਿਦ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਖੇ ਪੈਂਦਾ ਹੈ।
ਗੁਜਰਾਤ, ਭਾਰਤ ਦੇ ਉਨ੍ਹਾਂ ਤਿੰਨ 'ਡਰਾਈ' ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਆਮ ਨਾਗਰਿਕਾਂ ਨੂੰ ਸ਼ਰਾਬ ਪੀਣ ਜਾਂ ਖ਼ਰੀਦਣ ਦੀ ਆਗਿਆ ਨਹੀਂ ਹੈ। ਗੁਜਰਾਤ ਪਾਬੰਦੀ (ਸੋਧ) ਐਕਟ, 2017 ਤਹਿਤ ਸ਼ਰਾਬ ਦੀ ਪੈਦਾਕਾਰ ਅਤੇ ਵਿਕਰੀ ਕਰਨ ਦੀ ਸੂਰਤ ਵਿੱਚ 10 ਸਾਲ ਦੀ ਕੈਦ ਦਾ ਕਨੂੰਨ ਹੈ। ਹਾਲਾਂਕਿ, 50 ਸਾਲਾ ਗੌਰੀ ਜਦੋਂ 30 ਸਾਲ ਪਹਿਲਾਂ ਦੁਲਹਨ ਬਣ ਰੋਜਿਦ ਰਹਿਣ ਆਈ ਸਨ, ਉਦੋਂ ਤੋਂ ਹੀ ਉਹ ਇਸ ਕਨੂੰਨ ਨੂੰ ਛਿੱਕੇ ਟੰਗਿਆ ਦੇਖਦੀ ਰਹੀ ਹਨ। ਉਨ੍ਹਾਂ ਨੇ ਮੁਕਾਮੀ ਲੋਕਾਂ ਨੂੰ ਨਾ ਸਿਰਫ਼ ਧੜੱਲੇ ਨਾਲ਼ ਦੇਸੀ ਸ਼ਰਾਬ ਕੱਢਦੇ ਦੇਖਿਆ ਸਗੋਂ ਲਿਫ਼ਾਫ਼ਿਆਂ ਅੰਦਰ ਭਰ-ਭਰ ਕੇ ਸ਼ਰਾਬ ਦੀ ਵਿਕਰੀ ਹੁੰਦੇ ਵੀ ਦੇਖਿਆ।
ਨਜਾਇਜ਼ ਤੌਰ 'ਤੇ ਸ਼ਰਾਬ ਕੱਢਣ ਦੇ ਦੂਰਰਸ ਤੇ ਮਾਰੂ ਨਤੀਜੇ ਹੁੰਦੇ ਹਨ। ਨਜਾਇਜ਼ ਸ਼ਰਾਬ ਕੱਢਣ ਵਾਲ਼ੇ ਇਹਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਲਾਣ੍ਹ ਅੰਦਰ ਕਈ ਘਾਤਕ ਨਸ਼ੀਲੇ ਰਸਾਇਣਾਂ ਤੇ ਪਦਾਰਥਾਂ ਨੂੰ ਰਲ਼ਾਉਂਦੇ ਹਨ। ਗੌਰੀ ਕਹਿੰਦੀ ਹਨ,''ਉਹ ਤਰਲ ਸੈਨੀਟਾਈਜ਼ਰ, ਯੂਰੀਆ ਤੇ ਮੈਥਨਾਲ਼ ਜਿਹੇ ਪਦਾਰਥ ਮਿਲ਼ਾਉਂਦੇ ਹਨ।''
ਜੁਲਾਈ 2022 ਨੂੰ ਗੁਜਰਾਤ ਵਿੱਚ ਅਜਿਹੀ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ਼ 42 ਲੋਕ ਮਾਰੇ ਗਏ ਤੇ 100 ਦੇ ਕਰੀਬ ਲੋਕ ਅਹਿਮਦਾਬਾਦ, ਭਾਵਨਗਰ ਤੇ ਬੋਟਾਦ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਭਰਤੀ ਰਹੇ। ਕੁੱਲ ਮਰਨ ਵਾਲ਼ਿਆਂ ਵਿੱਚੋਂ 11 ਲੋਕ ਰਾਜਿਦ ਪਿੰਡ ਦੇ ਸਨ, ਜੋ ਬੋਟਾਦ ਜ਼ਿਲ੍ਹੇ ਦੀ ਬਰਵਾਲਾ ਤਾਲੁਕਾ ਵਿੱਚ ਪੈਂਦਾ ਹੈ।








