ਚਾਂਦੀ ਰੰਗੇ ਤੇ ਲਿਸ਼ਕਣੇ ਦਿਨ, 39 ਸਾਲਾ ਸੁਨੀਤਾ ਰਾਣੀ ਕਰੀਬ 30 ਔਰਤਾਂ ਦੇ ਇੱਕ ਸਮੂਹ ਨਾਲ਼ ਗੱਲ ਕਰ ਰਹੀ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਵਾਸਤੇ ਵੱਡੀ ਗਿਣਤੀ ਵਿੱਚ ਘਰੋਂ ਬਾਹਰ ਨਿਕਲ਼ ਕੇ, ਅਣਮਿੱਥੀ ਹੜਤਾਲ਼ 'ਤੇ ਬੈਠਣ ਲਈ ਪ੍ਰੇਰਿਤ ਕਰ ਰਹੀ ਹਨ। ''ਕਾਮ ਪੱਕਾ, ਨੌਕਰੀ ਕੱਚੀ,'' ਸੁਨੀਤਾ ਨਾਅਰਾ ਮਾਰਦੀ ਹਨ। ''ਨਹੀਂ ਚਲੇਗੀ, ਨਹੀਂ ਚਲੇਗੀ!'' ਬਾਕੀ ਔਰਤਾਂ ਇੱਕੋ ਸੁਰ ਵਿੱਚ ਜਵਾਬ ਦਿੰਦੀਆਂ ਹਨ।
ਸੋਨੀਪਤ ਸ਼ਹਿਰ ਵਿੱਚ, ਦਿੱਲੀ-ਹਰਿਆਣਾ ਹਾਈਵੇਅ ਨਾਲ਼ ਲੱਗੇ ਸਿਵਲ ਹਸਪਤਾਲ ਦੇ ਬਾਹਰ ਘਾਹ ਦੇ ਇੱਕ ਮੈਦਾਨ ਵਿੱਚ, ਲਾਲ ਕੱਪੜੇ ਪਾਈ (ਹਰਿਆਣਾ ਅੰਦਰ ਇਹੀ ਉਨ੍ਹਾਂ ਦੀ ਵਰਦੀ ਹੈ) ਇਹ ਔਰਤਾਂ ਇੱਕ ਧੁਰੀ 'ਤੇ ਬੈਠੀਆਂ ਹਨ ਅਤੇ ਸੁਨੀਤਾ ਦਾ ਭਾਸ਼ਣ ਸੁਣ ਰਹੀਆਂ ਹਨ, ਜੋ ਉਨ੍ਹਾਂ ਨੂੰ ਉਹ ਦਿੱਕਤਾਂ ਗਿਣਾ ਰਹੀ ਹਨ ਜਿਨ੍ਹਾਂ ਬਾਰੇ ਉਹ ਸਾਰੀਆਂ ਹੀ ਜਾਣਦੀਆਂ ਹਨ।
ਇਹ ਸਾਰੀਆਂ ਮਹਿਲਾ ਆਸ਼ਾ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ ਹਨ, ਜੋ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ (ਐੱਨਆਰਐੱਚਐੱਮ) ਦੀਆਂ ਪੈਦਲ ਸਿਪਾਹੀ ਹਨ ਅਤੇ ਭਾਰਤ ਦੀ ਗ੍ਰਾਮੀਣ ਅਬਾਦੀ ਨੂੰ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਨਾਲ਼ ਜੋੜਨ ਵਾਲ਼ੀਆਂ ਅਹਿਮ ਕੜੀਆਂ ਵੀ ਹਨ। ਪੂਰੇ ਦੇਸ਼ ਅੰਦਰ 10 ਲੱਖ ਤੋਂ ਵੱਧ ਆਸ਼ਾ ਵਰਕਰ ਹਨ ਅਤੇ ਉਹ ਅਕਸਰ ਕਿਸੇ ਨਵੀ ਸਿਹਤ ਸਬੰਧੀ ਲੋੜਾਂ ਅਤੇ ਸੰਕਟਕਾਲੀਨ ਹਾਲਤ ਵਿੱਚ ਹਾਜ਼ਰ ਹੋਣ ਵਾਲ਼ੀਆਂ ਪਹਿਲੀ ਸਿਹਤ ਸੇਵਾ ਕਰਮੀ ਹੁੰਦੀਆਂ ਹਨ।
ਉਨ੍ਹਾਂ ਦੇ ਹਿੱਸੇ ਵਿੱਚ 12 ਮੁੱਢਲੇ ਕਾਰਜ ਆਉਂਦੇ ਹਨ ਅਤੇ 60 ਤੋਂ ਵੱਧ ਹੋਰ ਛੋਟੇ-ਮੋਟੇ ਕੰਮ ਆਉਂਦੇ ਹਨ, ਜਿਸ ਵਿੱਚ ਪੋਸ਼ਣ, ਸਵੱਛਤਾ ਅਤੇ ਸੰਕਰਮਣ ਰੋਗਾਂ ਬਾਰੇ ਜਾਣਕਾਰੀ ਦੇਣ ਤੋਂ ਲੈ ਕੇ ਤਪੇਦਿਕ ਦੇ ਰੋਗੀਆਂ ਦੇ ਇਲਾਜ 'ਤੇ ਨਿਗਾਹ ਰੱਖਣਾ ਅਤੇ ਸਿਹਤ ਲਖਾਇਕਾਂ ਦਾ ਰਿਕਾਰਡ ਰੱਖਣਾ ਸ਼ਾਮਲ ਹੈ।
ਉਹ ਇਹ ਸਭ ਕੰਮ ਕਰਨ ਤੋਂ ਇਲਾਵਾ ਹੋਰ ਵੀ ਬੜਾ ਕੁਝ ਕਰਦੀਆਂ ਹਨ। ਪਰ, ਸੁਨੀਤਾ ਕਹਿੰਦੀ ਹਨ,''ਇਨ੍ਹਾਂ ਝੰਜਟਾਂ ਕਾਰਨ ਉਹੀ ਚੀਜ਼ ਪਿਛਾਂਹ ਰਹਿ ਜਾਂਦੀ ਹੈ ਜਿਹਦੀ ਸਾਨੂੰ ਟ੍ਰਨਿੰਗ ਦਿੱਤੀ ਜਾਂਦੀ ਹੈ, ਭਾਵ ਮਾਵਾਂ ਅਤੇ ਨਵਜਾਤ ਬੱਚਿਆਂ ਦੇ ਸਿਹਤ ਅੰਕੜਿਆਂ ਵਿੱਚ ਸੁਧਾਰ ਕਰਨਾ।'' ਸੁਨੀਤਾ ਸੋਨੀਪਤ ਜ਼ਿਲ੍ਹੇ ਦੇ ਨਾਥੂਪੁਰ ਜ਼ਿਲ੍ਹੇ ਵਿੱਚ ਕੰਮ ਕਰਦੀ ਹਨ ਅਤੇ ਪਿੰਡ ਦੀਆਂ ਉਨ੍ਹਾਂ ਤਿੰਨ ਆਸ਼ਾ ਵਰਕਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੇ ਸਿਰ 2,953 ਲੋਕਾਂ ਦਾ ਧਿਆਨ ਰੱਖਣ ਦੀ ਜ਼ਿੰਮੇਦਾਰੀ ਹੈ।








