ਟਾਈਲਾਂ ਬਣਾਉਣ ਵਿੱਚ ਨਹਾਕੁਲ ਪਾਂਡੋ ਦੀ ਮਦਦ ਕਰਨ ਲਈ ਪੂਰੇ ਦਾ ਪੂਰਾ ਬਮਦਾਭਾਈਸਾ ਮੁਹੱਲਾ ਅੱਗੇ ਆਇਆ। ਇਹ ਇੱਕਜੁਟਤਾ ਦਾ ਪ੍ਰਦਰਸ਼ਨ ਸੀ ਅਤੇ ਇੱਕ ਸਾਂਝੀ (ਭਾਈਚਾਰਕ) ਕੋਸ਼ਿਸ਼ ਵੀ ਜਿੱਥੇ ਟਾਈਲਾਂ ਬਣਾਉਂਦੇ ਲੋਕ ਆਪੋ-ਆਪਣੀ ਵਾਰੀ ਆਉਣ 'ਤੇ ਮੁਫ਼ਤ ਵਿੱਚ ਆਪਣੀ ਸੇਵਾ ਦੇ ਰਹੇ ਸਨ ਅਤੇ ਹਰ ਕਿਸੇ ਵਾਸਤੇ ਨਹਾਕੁਲ ਵੱਲੋਂ ਘਰ ਦੀ ਕੱਢੀ ਸ਼ਰਾਬ ਨੂੰ ਇੰਝ ਅੱਗਿਓਂ-ਅੱਗੇ ਪਾਸ ਕਰਨਾ ਕਿਸੇ ਇਨਾਮ ਤੋਂ ਘੱਟ ਨਹੀਂ ਸੀ।
ਪਰ ਉਹ ਸਾਰੇ ਜਣੇ ਉਨ੍ਹਾਂ ਦੀ ਛੱਤ ਲਈ ਟਾਈਲਾਂ ਕਿਉਂ ਬਣਾ ਰਹੇ ਸਨ? ਸਵਾਲ ਇਹ ਹੈ ਕਿ ਆਖ਼ਰ ਟਾਈਲਾਂ ਤੋਂ ਪਹਿਲਾਂ ਵਾਲ਼ੀ ਉਨ੍ਹਾਂ ਦੀ (ਨਹਾਕੁਲ) ਛੱਤ ਦਾ ਕੀ ਬਣਿਆ? ਉਨ੍ਹਾਂ ਦੇ ਘਰ 'ਤੇ ਇੱਕ ਸਰਸਰੀ ਨਜ਼ਰ ਮਾਰਿਆਂ ਬੁਨਿਆਦੀ ਢਾਂਚੇ ਵਿੱਚ ਕਿਤੇ-ਕਿਤੇ ਪੈਚ ਦਿਖਾਈ ਪਏ, ਜਿੱਥੇ ਟਾਈਲਾਂ ਦੇ ਪੂਰੇ ਦੇ ਪੂਰੇ ਹਿੱਸਾ ਗਾਇਬ ਸਨ।
''ਇਹ ਸਰਕਾਰੀ ਲੋਨ ਸੀ,'' ਥਕੇਵੇਂ ਮਾਰੇ ਨਹਾਕੁਲ ਕਹਿੰਦੇ ਹਨ। ''ਮੈਂ 4,800 ਰੁਪਏ ਦਾ ਉਧਾਰ ਲਿਆ ਅਤੇ ਦੋ ਗਾਵਾਂ ਖਰੀਦੀਆਂ।'' ਇਹ ਕਰਜ਼ਾ ਅਧਿਕਾਰਤ ਸਕੀਮ ਦਾ ਮੁੱਖ ਹਿੱਸਾ ਸੀ ਭਾਵ 'ਸਾਫ਼ਟ ਲੋਨ' ਜਿਸ ਰਾਸ਼ੀ ਵਿੱਚ ਸਬਸਿਡੀ ਦਾ ਹਿੱਸਾ ਸ਼ਾਮਲ ਸੀ ਅਤੇ ਗਾਵਾਂ ਲੈਣ ਦੀ ਸੂਰਤ ਵਿੱਚ ਵਿਆਜ-ਦਰ ਵੀ ਘੱਟ ਸੀ ਅਤੇ 1994 ਵਿੱਚ ਸਰਗੁਜਾ ਦੇ ਇਸ ਹਿੱਸੇ (ਇਹ ਜ਼ਿਲ੍ਹਾ ਉਦੋਂ ਮੱਧ ਪ੍ਰਦੇਸ਼ ਦਾ ਹਿੱਸਾ ਸੀ ਅਤੇ ਹੁਣ ਛੱਤੀਸਗੜ੍ਹ ਦਾ) ਵਿੱਚ ਤੁਸੀਂ ਇੰਨੀ ਰਕਮ ਨਾਲ਼ ਦੋ ਗਾਵਾਂ ਲੈ ਸਕਦੇ ਸੋ।
ਦਰਅਸਲ ਨਹਾਕੁਲ ਕਿਸੇ ਵੀ ਤਰ੍ਹਾਂ ਦਾ ਉਧਾਰ ਲੈਣ ਦੀ ਇੱਛਾ ਨਹੀਂ ਰੱਖਦੇ ਸਨ। ਜਿਸ ਪਾਂਡੋ ਆਦਿਵਾਸੀ ਭਾਈਚਾਰੇ ਨਾਲ਼ ਉਨ੍ਹਾਂ ਦਾ ਤਾਅਲੁਕ ਸੀ, ਉਸ ਭਾਈਚਾਰੇ ਦੇ ਮੈਂਬਰ ਕਰਜ਼ਾ ਲੈਣ ਤੋਂ ਖ਼ਬਰਦਾਰ ਹੋ ਗਏ ਸਨ ਕਿਉਂਕਿ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਚੁੱਕਿਆ ਹੋਇਆ ਕਰਜ਼ਾ ਜ਼ਮੀਨਾਂ ਗੁਆ ਕੇ ਹੀ ਲੱਥਦਾ ਹੈ। ਪਰ ਇਹ ਤਾਂ ਸਰਕਾਰੀ ਕਰਜ਼ਾ ਸੀ, ਖ਼ਾਸ ਕਰਕੇ ਆਦਿਵਾਸੀਆਂ ਦੇ ਲਾਭ ਲਈ ਸਥਾਨਕ ਬੈਂਕ ਦੁਆਰਾ ਵੰਡਿਆ ਜਾ ਰਿਹਾ ਸੀ। ਜਿਸ ਦਾ ਮਤਲਬ ਸੀ ਕਰਜ਼ਾ ਲੈਣ ਵਿੱਚ ਜ਼ਿਆਦਾ ਨੁਕਸਾਨ ਨਹੀਂ ਸੀ ਹੋ ਸਕਦਾ। ਜਿਵੇਂ ਅਕਸਰ ਕਿਹਾ ਹੀ ਜਾਂਦਾ ਹੈ- ਉਸ ਸਮੇਂ ਅਨੁਸਾਰ ਇਹ ਚੰਗਾ ਵਿਚਾਰ ਜਾਪਦਾ ਸੀ।
''ਪਰ ਮੈਂ ਕਰਜ਼ਾ ਮੋੜ ਨਾ ਸਕਿਆ,'' ਨਹਾਕੁਲ ਨੇ ਕਿਹਾ। ਪਾਂਡੋ ਇੱਕ ਗ਼ਰੀਬ ਤਬਕਾ ਹੈ, ਜੋ 'ਖ਼ਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ' ਵਜੋਂ ਸੂਚੀਬੱਧ ਹੈ। ਜਿੱਥੋਂ ਤੱਕ ਗੱਲ ਨਹਾਕੁਲ ਦੀ ਰਹੀ ਤਾਂ ਉਹ ਆਪਣੇ ਭਾਈਚਾਰੇ ਦਾ ਅਪਵਾਦ ਨਹੀਂ ਸਨ।



