ਐਤਵਾਰ ਸਵੇਰੇ 10:30 ਵਜੇ ਦਾ ਸਮਾਂ ਹੈ। ਹਨੀ (ਬਦਲਿਆ ਨਾਮ) ਕੰਮ ਲਈ ਤਿਆਰ ਹੋ ਰਹੀ ਹਨ। ਡ੍ਰੈਸਿੰਗ ਟੇਬਲ ਦੇ ਸਾਹਮਣੇ ਖੜ੍ਹੀ ਹੋ ਕੇ, ਉਹ ਸੁਰਖ ਲਿਪਸਟਿਕ ਲਗਾਉਂਦੀ ਹਨ। ''ਇਹ ਮੇਰੇ ਸੂਟ ਨਾਲ਼ ਮੇਲ਼ ਖਾਵੇਗੀ,'' ਆਪਣੀ ਸੱਤ ਸਾਲਾ ਧੀ ਨੂੰ ਖੁਆਉਣ ਲਈ ਭੱਜਦਿਆਂ ਜਾਂਦਿਆਂ ਉਹ ਕਹਿੰਦੀ ਹਨ। ਡ੍ਰੈਸਿੰਗ ਟੇਬਲ 'ਤੇ ਕੁਝ ਮਾਸਕ ਅਤੇ ਇੱਕ ਜੋੜਾ ਏਅਰਫੋਨ ਦਾ ਲਮਕ ਰਿਹਾ ਹੈ। ਕਾਸਮੈਟਿਕ ਅਤੇ ਮੇਕਅਪ ਦਾ ਸਮਾਨ ਟੇਬਲ 'ਤੇ ਖਿਲਰਿਆ ਪਿਆ ਹੈ, ਜਦੋਂਕਿ ਸ਼ੀਸ਼ੇ ਵਿੱਚੋਂ ਦੀ ਕਮਰੇ ਦੇ ਇੱਕ ਖੂੰਝੇ ਵਿੱਚ ਦੇਵੀ-ਦੇਵਤਿਆਂ ਅਤੇ ਰਿਸ਼ਤੇਦਾਰਾਂ ਦੀ ਤਸਵੀਰਾਂ ਲਮਕਦੀਆਂ ਦਿੱਸ ਰਹੀਆਂ ਹਨ।
ਹਨੀ ਨਵੀਂ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੀ ਇੱਕ ਬਸਤੀ ਵਿਖੇ ਸਥਿਤ ਆਪਣੇ ਇੱਕ ਕਮਰੇ ਦੇ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ, ਹੋਟਲ ਵਿੱਚ ਮੌਜੂਦ ਇੱਕ ਗ੍ਰਾਹਕ ਕੋਲ਼ ਜਾਣ ਲਈ ਤਿਆਰ ਹੋ ਰਹੀ ਹਨ। ਉਹ ਕਰੀਬ 32 ਸਾਲਾਂ ਦੀ ਹਨ ਅਤੇ ਪੇਸ਼ੇ ਵਜੋਂ ਸੈਕਸ-ਵਰਕਰ ਹਨ, ਜੋ ਰਾਜਧਾਨੀ ਦੇ ਨਾਂਗਲੋਈ ਜਾਟ ਇਲਾਕੇ ਵਿੱਚ ਕੰਮ ਕਰਦੀ ਹਨ। ਉਹ ਮੂਲ਼ ਰੂਪ ਨਾਲ਼ ਗ੍ਰਾਮੀਣ ਹਰਿਆਣਾ ਦੀ ਰਹਿਣ ਵਾਲ਼ੀ ਹਨ। ''ਮੈਂ 10 ਸਾਲ ਪਹਿਲਾਂ ਦਿੱਲੀ ਆਈ ਸਾਂ ਅਤੇ ਹੁਣ ਇੱਥੋਂ ਦੀ ਹੋ ਕੇ ਰਹਿ ਗਈ ਹਾਂ। ਪਰ ਦਿੱਲੀ ਆਉਣ ਤੋਂ ਬਾਅਦ ਮੇਰੇ ਜੀਵਨ ਵਿੱਚ ਇੱਕ ਬਾਅਦ ਇੱਕ ਬਦਨਸੀਬੀ ਆਉਂਦੀ ਰਹੀ।''
ਕਿਹੋ ਜਿਹੀ ਬਦਨਸੀਬੀ?
''ਚਾਰ ਵਾਰ ਗਰਭਪਾਤ ਹੋਣਾ ਤੋ ਬਹੁਤ ਬੜੀ ਬਾਤ ਹੈ ! ਮੇਰੇ ਲਈ ਤਾਂ ਹੋਰ ਜ਼ਿਆਦਾ ਵੱਡੀ ਗੱਲ ਸੀ ਜਦੋਂ ਨਾ ਮੈਨੂੰ ਕੋਈ ਖਾਣਾ ਖੁਆਉਣ ਵਾਲ਼ਾ ਸੀ, ਨਾ ਹੀ ਕੋਈ ਦੇਖਭਾਲ਼ ਕਰਨ ਵਾਲ਼ਾ ਅਤੇ ਨਾ ਹੀ ਕੋਈ ਮੈਨੂੰ ਹਸਪਤਾਲ ਲਿਜਾਣ ਵਾਲ਼ਾ ਸੀ,'' ਹਨੀ ਨੇ ਨਕਲ਼ੀ ਜਿਹੇ ਹਾਸੇ ਰਾਹੀਂ ਇਹ ਸੰਕੇਤ ਦਿੱਤਾ ਕਿ ਉਹ ਇੱਕ ਲੰਬਾ ਸਫ਼ਰ ਤੈਅ ਕਰ ਚੁੱਕੀ ਹਨ।
''ਇਹੀ ਇੱਕ ਕਾਰਨ ਸੀ ਕਿ ਮੈਨੂੰ ਇਸ ਕੰਮ ਨੂੰ ਅਪਣਾਉਣਾ ਪਿਆ। ਮੇਰੇ ਕੋਲ਼ ਖਾਣ ਅਤੇ ਆਪਣੇ ਬੱਚੇ ਨੂੰ ਖੁਆਉਣ ਲਈ ਪੈਸੇ ਨਹੀਂ ਸਨ ਜੋ ਕਿ ਅਜੇ ਵੀ ਮੇਰੇ ਅੰਦਰ ਸੀ। ਮੈਂ ਪੰਜਵੀਂ ਵਾਰ ਗਰਭਧਾਰਨ ਕੀਤਾ ਸੀ। ਜਦੋਂ ਮੈਂ ਸਿਰਫ਼ ਦੋ ਮਹੀਨੇ ਦੀ ਗਰਭਵਤੀ ਸਾਂ ਤਾਂ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ। ਮੇਰੀ ਬੀਮਾਰੀ ਤੋਂ ਫਿਰ ਉਤਪੰਨ ਘਟਨਾਵਾਂ ਦੀ ਐਸੀ ਕੜੀ ਸ਼ੁਰੂ ਹੋਈ ਕਿ ਪੁੱਛੋ ਨਾ ਪਹਿਲਾਂ ਮੇਰੇ ਬਾਸ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਜਿਸ ਫ਼ੈਕਟਰੀ ਵਿੱਚ ਮੈਂ ਕੰਮ ਕਰਦੀ ਸਾਂ ਉਹ ਪਲਾਸਟਿਕ ਦੇ ਡੱਬੇ ਬਣਾਉਂਦੀ ਸੀ। ਮੈਨੂੰ ਮਹੀਨੇ ਦੇ 10,000 ਰੁਪਏ ਮਿਲ਼ਿਆ ਕਰਦੇ ਸਨ,'' ਉਹ ਕਹਿੰਦੀ ਹਨ।
ਹਨੀ ਦੇ ਮਾਤਾ-ਪਿਤਾ ਨੇ ਹਰਿਆਣਾ ਵਿੱਚ 16 ਸਾਲ ਦੀ ਉਮਰੇ ਉਨ੍ਹਾਂ ਦੀ ਵਿਆਹ ਕਰ ਦਿੱਤਾ ਸੀ। ਉਹ ਅਤੇ ਉਨ੍ਹਾਂ ਦੇ ਪਤੀ ਕੁਝ ਸਾਲ ਉੱਥੇ ਹੀ ਰਹੇ- ਜਿੱਥੇ ਉਹ ਬਤੌਰ ਇੱਕ ਟਰੱਕ ਡਰਾਈਵਰ ਕੰਮ ਕਰਦੇ ਸਨ। ਜਦੋਂ ਉਹ ਕਰੀਬ 22 ਸਾਲ ਦੀ ਹੋਈ ਤਾਂ ਦੋਵੇਂ ਦਿੱਲੀ ਚਲੇ ਗਏ। ਪਰ ਹਨੀ ਦਾ ਸ਼ਰਾਬੀ ਪਤੀ ਅਕਸਰ ਘਰੋਂ ਗਾਇਬ ਰਹਿਣ ਲੱਗਿਆ। ''ਉਹ ਮਹੀਨਿਆਂ ਵਾਸਤੇ ਕਿਤੇ ਚਲਿਆ ਜਾਂਦਾ। ਕਿੱਥੇ? ਮੈਂ ਨਹੀਂ ਜਾਣਦੀ। ਉਹ ਹੁਣ ਵੀ ਇੰਝ ਹੀ ਕਰਦਾ ਹੈ ਅਤੇ ਕਦੇ ਦਿਲ ਦੀ ਗੱਲ ਨਹੀਂ ਦੱਸਦਾ। ਬੱਸ ਹੋਰਨਾਂ ਔਰਤਾਂ ਨਾਲ਼ ਕਿਤੇ ਚਲਾ ਜਾਂਦਾ ਹੈ ਅਤੇ ਜਦੋਂ ਪੈਸੇ ਮੁੱਕ ਜਾਂਦੇ ਹਨ, ਮੁੜ ਆਉਂਦਾ ਹੈ। ਇਹ ਇੱਕ ਫੂਡ ਸਰਵਿਸ ਡਿਲਵਰੀ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜ਼ਿਆਦਾਤਰ ਖ਼ੁਦ 'ਤੇ ਪੈਸਾ ਖਰਚਾ ਕਰਦਾ ਰਹਿੰਦਾ ਹੈ। ਮੇਰੇ ਬਾਰ-ਬਾਰ ਗਰਭਪਾਤ ਹੋਣ ਦਾ ਕਾਰਨ ਵੀ ਇਹੀ ਸੀ। ਉਹ ਮੇਰੇ ਲਈ ਨਾ ਤਾਂ ਲਾਜ਼ਮੀ ਦਵਾਈਆਂ ਲਿਆਉਂਦਾ ਤੇ ਨਾ ਹੀ ਪੌਸ਼ਟਿਕ ਭੋਜਨ ਹੀ। ਮੈਂ ਬੜੀ ਕਮਜ਼ੋਰੀ ਮਹਿਸੂਸ ਕਰਦੀ ਸਾਂ,'' ਉਹ ਕਹਿੰਦੀ ਹਨ।







