ਇਹ ਛੇਵਾਂ ਧਰਨਾ ਸੀ ਜਿਸ ਵਿੱਚ ਸੀ. ਵੈਂਕਟ ਸੁਬਾ ਰੈਡੀ ਆਪਣੇ ਬਕਾਇਆ ਪੈਸੇ ਦੀ ਮੰਗ ਕਰਨ ਲਈ ਹਿੱਸਾ ਲੈ ਰਹੇ ਸਨ। ਆਂਧਰਾ ਪ੍ਰਦੇਸ਼ ਦੇ ਵਾਈਐੱਸਆਰ ਜਿਲ੍ਹੇ ਦਾ ਇੱਕ ਕਿਸਾਨ, ਆਪਣੀ ਬਕਾਇਆ ਰਾਸ਼ੀ ਲਈ 18 ਮਹੀਨਾਂ ਤੋਂ ਵੱਧ ਸਮੇਂ ਤੋਂ ਰੈਲੀਆਂ ਦਾ ਅਯੋਜਨ ਕਰਦੇ ਰਹੇ ਹਨ।
2 ਫਰਵਰੀ 2020 ਨੂੰ, ਸੁਬਾ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਗੰਨਾ ਉਤਪਾਦਕ ਸੰਘ ਦੁਆਰਾ ਅਯੋਜਿਤ ਧਰਨੇ (ਹੜਤਾਲ਼) ਵਿੱਚ ਸ਼ਮੂਲੀਅਤ ਕਰਨ ਲਈ ਚਿਤੂਰ ਜਿਲ੍ਹੇ ਦੇ ਤਿਰੂਪਤੀ ਸ਼ਹਿਰ ਵਿੱਚ ਲਗਭਗ 170 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ।
''ਮਯੂਰਾ ਖੰਡ ਮਿੱਲ ਵੱਲ ਮੇਰੇ ਵੱਲੋਂ 2018 ਵਿੱਚ ਕੀਤੀ ਗੰਨਾ ਸਪਲਾਈ ਦੇ 1.46 ਲੱਖ ਰੁਪਏ ਬਕਾਇਆ ਹਨ'' ਸੁਬਾ ਰੈਡੀ ਕਹਿੰਦੇ ਹਨ ਜੋ ਕਮਲਾਪੁਰਮ ਮੰਡਲ ਦੇ ਵਿਭਰਪੁਰਮ ਪਿੰਡ ਵਿੱਚ 4.5 ਏਕੜ ਜ਼ਮੀਨ ਦੇ ਮਾਲਕ ਹਨ। 2018-19 ਦੇ ਸੀਜ਼ਨ ਵਿੱਚ ਮਯੂਰਾ ਖੰਡ ਮਿੱਲ ਨੇ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਟਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ''ਪਰ ਬਾਅਦ ਵਿੱਚ ਕੰਪਨੀ ਨੇ ਭਾਅ ਘਟਾ ਕੇ 2,300 ਰੁਪਏ ਪ੍ਰਤੀ ਟਨ ਕਰ ਦਿੱਤਾ। ਮੇਰੇ ਨਾਲ਼ ਧੋਖਾ ਕੀਤਾ ਗਿਆ।''
ਧਰਨੇ ਵਿੱਚ ਹਿੱਸਾ ਲੈਣ ਵਾਲ਼ੇ ਆਰ. ਬਾਬੂ ਨਾਇਡੂ ਵੀ ਖੰਡ ਮਿੱਲ ਪਾਸੋਂ 4.5 ਲੱਖ ਰੁਪਏ ਮਿਲ਼ਣ ਦੀ ਉਡੀਕ ਕਰਦੇ ਰਹੇ ਹਨ। ਉਹ ਚਿਤੂਰ ਦੇ ਰਾਮਚੰਦਰਪੁਰਮ ਮੰਡਲ ਦੇ ਗਣੇਸ਼ਪੁਰਮ ਪਿੰਡ ਵਿੱਚ ਗੰਨਾ ਉਗਾਉਂਦੇ ਹਨ, ਜਿੱਥੇ ਉਨ੍ਹਾਂ ਨੂੰ ਆਪਣੀ ਰਿਸ਼ਤੇਦਾਰਾਂ ਪਾਸੋਂ ਅੱਠ ਏਕੜ ਕਿਰਾਏ 'ਤੇ ਲੈਣੀ ਪਈ। ਉਨ੍ਹਾਂ ਨੇ ਆਪਣੀ ਜ਼ਮੀਨ 'ਤੇ ਖੇਤੀ ਕਰਨੀ ਛੱਡ ਦਿੱਤੀ ਕਿਉਂਕਿ ਉੱਥੇ ਮੌਜੂਦ ਬੋਰਵੈੱਲ ਸੁੱਕ ਗਿਆ ਸੀ ਸੀ, ਉਹ ਕਹਿੰਦੇ ਹਨ। ''ਮੈਂ 2019-20 ਵਿੱਚ ਜ਼ਮੀਨ 'ਤੇ ਖੇਤੀ ਕਰਨ ਬਦਲੇ 80,000 ਰੁਪਏ ਦਾ ਭੁਗਤਾਨ ਕੀਤਾ ਪਰ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਤੋਂ ਘੱਟ ਪੈਸੇ ਲਏ। ਆਮ ਤੌਰ 'ਤੇ ਪ੍ਰਤੀ ਏਕੜ ਦਾ ਕਿਰਾਇਆ 20,000 ਹੁੰਦਾ ਹੈ।
ਬਾਬੂ ਨਾਇਡੂ ਦੀ 8.5 ਲੱਖ ਦਕੀ ਕੁੱਲ ਬਕਾਇਆ ਰਾਸ਼ੀ ਵਿੱਚੋਂ, ਮਯੂਸ ਖੰਡ ਮਿੱਲ ਨੇ ਉਨ੍ਹਾਂ ਨੂੰ ਸਿਰਫ਼ 4 ਲੱਖ ਦੀ ਹੀ ਅਦਾਇਗੀ ਕੀਤੀ ਗਈ। ''ਬਕਾਇਆ ਬਾਕੀ ਹੈ। ਕਿਸਾਨਾਂ ਨੂੰ ਖੇਤੀ ਕਰਨ ਲਈ ਪੈਸੇ ਦੀ ਲੋੜ ਹੈ।''
ਚਿਤੂਰ ਅਤੇ ਵਾਈਐੱਸਆਰ (ਜਿਹਨੂੰ ਕਾਡਪਾ ਵੀ ਕਹਿੰਦੇ ਹਨ) ਜਿਲ੍ਹੇ ਵਿੱਚ, ਕਿਸਾਨ ਹਾਲੇ ਤੀਕਰ ਮਯੂਰ ਖੰਡ ਮਿੱਲ ਵੱਲੋਂ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਉਡੀਕ ਕਰ ਰਹੇ ਹਨ। ''ਅਸੀਂ ਆਪਣੇ ਪ੍ਰਦਰਸ਼ਨ ਨੂੰ ਤੇਜ਼ ਕਰਨਾ ਤਾਂ ਚਾਹਿਆ ਪਰ ਅਸੀਂ ਇੰਝ ਕਰ ਨਾ ਸਕੇ,'' ਸੁਬਾ ਰੈਡੀ ਕਹਿੰਦੇ ਹਨ ਅਤੇ ਅੱਗੇ ਹੋਰ ਜੋੜਦਿਆਂ ਕਹਿੰਦੇ ਹਨ ਕਿ ਮਾਰਚ 2020 ਨੂੰ ਕੋਵਿਡ-19 ਦੀ ਲੱਗੀ ਤਾਲਾਬੰਦੀ ਨੇ ਉਨ੍ਹਾਂ ਨੂੰ ਹੋਰ ਵਿਰੋਧ ਪ੍ਰਦਰਸ਼ਨ ਕਰਨੋਂ ਰੋਕ ਦਿੱਤਾ।










