ਹਨੁਮੰਤ ਗੁੰਜਲ, ਜਦੋਂ ਸ਼ਾਹਜਹਾਂਪੁਰ ਦੇ ਧਰਨੇ 'ਤੇ ਕੁਝ ਦਿਨਾਂ ਬਿਤਾ ਲੈਣ ਤੋਂ ਬਾਅਦ ਆਪਣੇ ਪਿੰਡ ਮੁੜੇ ਤਾਂ ਆਪਣੇ ਨਾਲ਼ ਮੁੱਠੀ 'ਚ ਅਭੁੱਲ ਯਾਦਾਂ ਭਰ ਕੇ ਮੁੜੇ।
"ਉੱਥੋਂ ਦੇ ਕਿਸਾਨ ਬੇਹੱਦ ਮਹਿਮਾਨ-ਨਿਵਾਜ ਅਤੇ ਚੰਗੇ ਸਨ," ਮਹਾਂਰਾਸਟਰ ਦੇ ਨਾਸਿਕ ਜ਼ਿਲ੍ਹੇ ਦੇ ਚੰਦਵਾੜ ਪਿੰਡ ਦੇ 41 ਸਾਲਾ ਭੀਲ ਆਦਿਵਾਸੀ ਕਿਸਾਨ ਕਹਿੰਦੇ ਹਨ, ਜੋ 25 ਦਸੰਬਰ ਨੂੰ ਸ਼ਾਹਜਹਾਂਪੁਰ ਪਹੁੰਚੇ ਸਨ। "ਅਸੀਂ ਆਪਣੇ ਨਾਲ਼ ਚੌਲ਼ ਅਤੇ ਦਾਲ ਲੈ ਕੇ ਗਏ ਸਾਂ ਕਿ ਜੇਕਰ ਲੋੜ ਪਈ ਤਾਂ ਰਿੰਨ੍ਹੇ ਜਾ ਸਕਣ। ਪਰ ਸਾਨੂੰ ਲੋੜ ਹੀ ਨਹੀਂ ਪਈ। ਉਨ੍ਹਾਂ ਨੇ ਸਾਨੂੰ ਢੇਰ ਸਾਰਾ ਘਿਓ ਪਾ ਕੇ ਸੁਆਦੀ ਭੋਜਨ ਖੁਆਇਆ। ਉਨ੍ਹਾਂ ਨੇ ਖੁੱਲ੍ਹੇ ਮਨੀਂ ਸਾਡਾ ਸੁਆਗਤ ਕੀਤਾ।"
21 ਦਸੰਬਰ ਨੂੰ, ਵਾਹਨਾਂ 'ਤੇ ਸਵਾਰ ਇੱਕ ਜੱਥਾ, ਨਾਸਿਕ ਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ ਤਾਂਕਿ ਖੇਤੀ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ਼ ਇਕਜੁੱਟਤਾ ਦਰਸਾ ਸਕਣ। 1000 ਕਿਸਾਨਾਂ ਦੇ ਇਸ ਜੱਥੇ ਨੂੰ ਦਿੱਲੀ ਧਰਨਾ ਸਥਲ 'ਤੇ ਪੁੱਜਣ ਵਿੱਚ ਜੋ ਕਿ 1400 ਕਿਲੋਮੀਟਰ ਦੂਰ ਸੀ, ਕਰੀਬ ਪੰਜ ਦਿਨ ਲੱਗੇ। ਸ਼ਾਹਜਹਾਂਪੁਰ, ਜਿੱਥੇ ਆ ਕੇ ਇਹ ਜੱਥਾ ਸਮਾਪਤ ਹੋਇਆ, ਦਿੱਲੀ ਤੋਂ 120 ਕਿਲੋਮੀਟਰ ਦੱਖਣ ਵਿੱਚ, ਰਾਜਸਥਾਨ-ਹਰਿਆਣਾ ਸੀਮਾ 'ਤੇ ਸਥਿਤ ਹੈ। ਇਹ ਰਾਸ਼ਟਰੀ ਰਾਜਧਾਨੀ ਦੇ ਆਸਪਾਸ ਦੇ ਧਰਨਾ-ਸਥਲਾਂ ਵਿੱਚੋਂ ਇੱਕ ਹੈ, ਜਿੱਥੇ ਹਜ਼ਾਰਾਂ ਕਿਸਾਨ, ਮੁੱਖ ਰੂਪ ਨਾਲ਼ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ, ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ 26 ਨਵੰਬਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਉਹ ਤਿੰਨੋਂ ਖੇਤੀ ਬਿੱਲਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।





