ਮੀਂਹ ਅਤੇ ਪਾਣੀ ਦੀ ਘਾਟ ਵਾਸਤੇ ਜਾਣੇ ਜਾਂਦੇ ਇਸ ਇਲਾਕੇ ਵਿੱਚ ਇੱਕ ਲੋਕਗੀਤ ਪ੍ਰਚਲਿਤ ਹੈ ਜੋ 'ਮਿੱਠੇ ਪਾਣੀਆਂ' ਦੀ ਮਹੱਤਤਾ ਨੂੰ ਬਿਆਨਦਾ ਹੈ। ਇਸ ਗੀਤ ਵਿੱਚ ਕੁਤਚ (ਜਿਹਨੂੰ ਕੱਛ ਵੀ ਕਿਹਾ ਜਾਂਦਾ ਹੈ) ਅਤੇ ਇਸ ਇਲਾਕੇ ਦੇ ਲੋਕਾਂ ਦੇ ਵਿਸ਼ਾਲ ਸੱਭਿਆਚਾਰ ਦੀ ਵੰਨ-ਸੁਵੰਨਤਾ ਦਾ ਜ਼ਿਕਰ ਵੀ ਮਿਲ਼ਦਾ ਹੈ।

ਕਰੀਬ ਕਰੀਬ ਇੱਕ ਸਾਲ ਪਹਿਲਾਂ ਲਾਖੋ ਫੁਲਾਨੀ (920 ਈਸਵੀ ਨੂੰ ਪੈਦਾ ਹੋਏ) ਕੱਛ, ਸਿੰਧ ਤੇ ਸੌਰਾਸ਼ਟਰ ਦੇ ਇਲਾਕਿਆਂ ਵਿੱਚ ਰਹਿ ਕੇ ਹਕੂਮਤ ਕਰਦੇ ਸਨ। ਆਪਣੀ ਪ੍ਰਜਾ ਪ੍ਰਤੀ ਬੜਾ ਮੋਹ ਅਤੇ ਸੇਵਾ-ਭਾਵ ਰੱਖਣ ਕਾਰਨ ਉਨ੍ਹਾਂ ਦਾ ਬੜਾ ਮਾਣ-ਸਨਮਾਨ ਵੀ ਸੀ। ਉਨ੍ਹਾਂ ਦੀਆਂ ਉਦਾਰ ਹਕੂਮਤੀ-ਨੀਤੀਆਂ ਨੂੰ ਚੇਤੇ ਕਰਦਿਆਂ ਲੋਕ ਅੱਜ ਵੀ ਕਹਿੰਦੇ ਹਨ,' ' ਲੱਖਾ ਤਾਂ ਲੱਖ ਮਲਾਸ਼ੇ ਪਾਨ ਫੁਲਾਨੀ ਏ ਫੇਰ (ਲੱਖਾਂ ਨਾਵਾਂ ਦੇ ਅਣਗਿਣਤ ਲੋਕੀਂ ਹੋਣਗੇ, ਪਰ ਸਾਡੇ ਦਿਲਾਂ 'ਤੇ ਰਾਜ ਕਰਨ ਵਾਲ਼ੇ ਲਾਖੋ ਫੁਲਾਨੀ ਤਾਂ ਬੱਸ ਇੱਕੋ ਹੀ ਹਨ)''

ਇਸ ਲੋਕਗੀਤ ਵਿੱਚ ਉਨ੍ਹਾਂ ਦਾ ਵਿਆਪਕ ਢੰਗ ਨਾਲ਼ ਜ਼ਿਕਰ ਕੀਤਾ ਗਿਆ ਹੈ ਤੇ ਨਾਲ਼ ਹੀ ਉਸ ਧਾਰਮਿਕ ਸਦਭਾਵਨਾ ਅਤੇ ਭਾਵਨਾਵਾਂ ਦਾ ਵੀ ਬਿਆਨ ਕੀਤਾ ਗਿਆ ਮਿਲ਼ਦਾ ਹੈ। ਕੱਛ ਵਿੱਚ ਹਾਜੀ ਪੀਰ ਦੀ ਦਰਗਾਹ ਅਤੇ ਦੇਸ਼ਦੇਵੀ ਵਿੱਚ ਸਥਿਤ ਆਸ਼ਪੁਰਾ ਦੇ ਮੰਦਰ ਜਿਵੇਂ ਅਜਿਹੇ ਕਈ ਧਾਰਮਿਕ ਥਾਂ ਹੈ ਜਿੱਥੇ ਹਿੰਦੂ ਤੇ ਮੁਸਲਮਾਨ ਦੋਵੇਂ ਜਾਂਦੇ ਹਨ। ਇਹ ਲੋਕਗੀਤ ਫੁਲਾਨੀ ਦੁਆਰਾ ਕਾਰਾਕੋਟ ਪਿੰਡ ਵਿੱਚ ਬਣਾਏ ਗਏ ਕਿਲ੍ਹੇ ਜਿਵੇਂ ਇਤਿਹਾਸਕ ਸੰਦਰਭ ਨੂੰ ਵੀ ਬਿਆਨ ਕਰਦਾ ਹੈ।

ਇਹ ਗੀਤ, ਸੰਗ੍ਰਹਿ ਦੇ ਹੋਰ ਗੀਤਾਂ ਵਾਂਗਰ, ਪ੍ਰੇਮ, ਲਾਭ, ਹਾਨੀ, ਵਿਆਹ, ਮਾਂ-ਭੂਮੀ ਤੋਂ ਲੈ ਕੇ ਲਿੰਗਕ ਜਾਗਰੂਕਤਾ, ਲੋਕਤੰਤਰਿਕ ਅਧਿਕਾਰਾਂ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਛੂੰਹਦਾ ਹੈ।

ਪਾਰੀ, ਕੱਛੀ ਲੋਕਗੀਤਾਂ ਦੇ ਮਲਟੀਮੀਡੀਆ ਸੰਗ੍ਰਹਿ ਨੂੰ ਪ੍ਰਕਾਸ਼ਤ ਕਰੇਗਾ ਜਿਨ੍ਹਾਂ ਵਿੱਚ ਕੱਛ ਖੇਤਰ ਦੇ 341 ਗੀਤ ਸ਼ਾਮਲ ਰਹਿਣਗੇ। ਇਸ ਸਟੋਰੀ ਦੇ ਨਾਲ਼ ਪੇਸ਼ਕਸ ਆਡਿਓ ਫ਼ਾਈਲ ਅਸਲ ਵਿੱਚ ਮੁਕਾਮੀ ਕਲਾਕਾਰਾਂ ਦੇ ਗੀਤਾਂ ਦੀ ਉਨ੍ਹਾਂ ਦੀ ਮੌਲਿਕ ਭਾਸ਼ਾ ਵਿੱਚ ਝਲਕ ਪੇਸ਼ ਕਰਦੀ ਹੈ। ਇਨ੍ਹਾਂ ਲੋਕਗੀਤਾਂ ਨੂੰ ਪਾਠਕਾਂ ਦੀ ਸੁਵਿਧਾ ਲਈ ਗੁਜਰਾਤੀ ਲਿਪੀ ਦੇ ਇਲਾਵਾ ਅੰਗਰੇਜ਼ੀ ਤੇ 14 ਲੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦਤ ਕੀਤਾ ਜਾਵੇਗਾ। ਇਹ ਉਹ ਭਾਸ਼ਾਵਾਂ ਹਨ ਜਿਨ੍ਹਾਂ ਵਿੱਚੋਂ ਹੁਣ ਪਾਰੀ ਵਿੱਚ ਪ੍ਰਕਾਸ਼ਨ ਕੀਤਾ ਜਾਂਦਾ ਹੈ।

ਕੱਛ ਦਾ ਪੂਰਾ ਇਲਾਕਾ 45,612 ਵਰਗ ਕਿਲੋਮੀਟਰ ਤੱਕ ਫ਼ੈਲਿਆ ਹੋਇਆ ਹੈ ਜਿੱਥੋਂ ਦਾ ਵਾਤਾਵਰਣਕ ਤੰਤਰ ਬੜਾ ਨਾਜ਼ੁਕ ਮੰਨਿਆ ਜਾਂਦਾ ਹੈ। ਇਹਦੇ ਦੱਖਣ ਵਿੱਚ ਸਮੁੰਦਰ ਅਤੇ ਉੱਤਰ ਵਿੱਚ ਮਾਰੂਥਲ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜੋ ਭੂਗੋਲਿਕ ਨਜ਼ਰੋਂ ਅਰਧ-ਖ਼ੁਸ਼ਕ ਜਲਵਾਯੂ ਇਲਾਕੇ ਵਿੱਚ ਪੈਂਦਾ ਹੈ। ਇਹ ਪੂਰਾ ਇਲਾਕਾ ਪਾਣੀ ਦੀ ਘਾਟ ਅਤੇ ਸੋਕੇ ਜਿਹੀਆਂ ਸਮੱਸਿਆਵਾਂ ਤੋਂ ਨਿਰੰਤਰ ਜੂਝਦਾ ਰਹਿੰਦਾ ਹੈ।

ਕੱਛ ਵਿਖੇ ਅਲੱਗ-ਅਲੱਗ ਜਾਤਾਂ, ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਵਿੱਚੋਂ ਵਧੇਰੇ ਲੋਕੀਂ ਉਨ੍ਹਾਂ ਪ੍ਰਵਾਸੀਆਂ ਦੇ ਵੰਸ਼ਜ ਹਨ ਜੋ ਇਸ ਇਲਾਕੇ ਵਿੱਚ ਪਿਛਲੇ ਇੱਕ ਹਜ਼ਾਰ ਸਾਲਾਂ ਵਿੱਚ ਉਜੜ ਕੇ ਆਏ ਅਤੇ ਵੱਸ ਗਏ। ਇਨ੍ਹਾਂ ਲੋਕਾਂ ਵਿੱਚ ਹਿੰਦੂ, ਮੁਸਲਮਾਨ ਅਤੇ ਜੈਨ ਸੰਪਰਦਾਵਾਂ ਅਤੇ ਰਬਾੜੀ, ਗੜਵੀ, ਜਾਟ, ਮੇਘਵਾਲ, ਮੁਤਵਾ, ਸੋਢਾ, ਰਾਜਪੂਤ, ਕੋਲੀ, ਸਿੰਧੀ ਅਤੇ ਦਰਬਾਰ ਉਪ-ਸਮੂਹਾਂ ਦੇ ਮੈਂਬਰ ਹਨ। ਕੱਛ ਦੇ ਲੋਕ ਜੀਵਨ ਦੀ ਖ਼ੁਸ਼ਹਾਲੀ ਅਤੇ ਬਹੁਲਵਾਦੀ ਵਿਰਾਸਤ ਉਨ੍ਹਾਂ ਦੀ ਵਿਲੱਖਣ ਵੇਸ਼ਭੂਸਾ ਅਤੇ ਪੁਸ਼ਾਕ, ਕਢਾਈ-ਬੁਣਾਈ, ਸੰਗੀਤ ਅਤੇ ਦੂਸਰੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਮਹਿਜ ਰੂਪ ਵਿੱਚ ਦ੍ਰਿਸ਼ੀਗਤ ਹੁੰਦੀ ਹੈ। ਸਾਲ 1989 ਵਿੱਚ ਸਥਾਪਤ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਮਵੀਐੱਸ) ਇਨ੍ਹਾਂ ਭਾਈਚਾਰਿਆਂ ਅਤੇ ਇਸ ਖੇਤਰ ਦੀ ਰਵਾਇਤੀ ਵਿਰਾਸਤਾਂ ਨੂੰ ਸੰਗਠਤ ਕਰਨ ਅਤੇ ਆਪਣਾ ਸਹਿਯੋਗ ਦੇਣ ਵਿੱਚ ਗਤੀਸ਼ੀਲ ਰਿਹਾ ਹੈ।

ਪਾਰੀ ਇਨ੍ਹਾਂ ਕੱਚੀ ਲੋਕਗੀਤਾਂ ਦਾ ਖ਼ੁਸ਼ਹਾਲ ਸੰਗ੍ਰਹਿ ਤਿਆਰ ਕਰਨ ਵਿੱਚ ਕੇਐੱਮਵੀਐੱਸ ਦਾ ਭਾਈਵਾਲ਼ ਹੈ। ਇੱਥੇ ਪੇਸ਼ ਕੀਤੇ ਗਏ ਲੋਕਗੀਤ ਕੇਐੱਮਵੀਐੱਸ ਦੁਆਰਾ ਸੂਰਵਾਣੀ ਦੀ ਇੱਕ ਪਹਿਲ ਵਜੋਂ ਰਿਕਾਰਡ ਕੀਤੇ ਗਏ ਹਨ। ਮਹਿਲਾ ਸ਼ਸਕਤੀਕਰਨ ਦੇ ਉਦੇਸ਼ ਅਤੇ ਔਰਤਾਂ ਨੂੰ ਸਮਾਜਿਕ ਪਰਿਵਰਤਨ ਦੇ ਔਜ਼ਾਰਾਂ ਨਾਲ਼ ਲੈਸ ਕਰਨ ਲਈ ਜ਼ਮੀਨੀ ਪੱਧਰ 'ਤੇ ਸ਼ੁਰੂਆਤ ਕਰਦੇ ਹੋਏ ਸੰਗਠਨ ਨੇ ਆਪਣਾ ਇੱਕ ਕੁੱਲਵਕਤੀ ਮੀਡੀਆ ਸੈੱਲ ਵੀ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਸੂਰਵਾਣੀ ਨੂੰ ਇੱਕ ਭਾਈਚਾਰੇ ਵੱਲੋਂ ਸੰਚਾਲਤ ਅਤੇ ਨਿਯਮਤ ਤੌਰ 'ਤੇ ਪ੍ਰਸਾਰਤ ਹੋਣ ਵਾਲ਼ੇ ਮਾਧਿਅਮ ਵਜੋਂ ਸ਼ੁਰੂ ਕੀਤਾ ਹੈ ਤੇ ਇਹਦਾ ਉਦੇਸ਼ ਕੱਛ ਦੇ ਸੰਗੀਤ ਦੀ ਖ਼ੁਸ਼ਹਾਲ ਪਰੰਪਰਾ ਨੂੰ ਪ੍ਰੋਤਸਾਹਤ ਕਰਨਾ ਹੈ। ਕਰੀਬ 305 ਸੰਗੀਤਕਾਰਾਂ ਦੇ ਇੱਕ ਗ਼ੈਰ-ਪੇਸ਼ੇਵਰ ਸਮੂਹ ਨੇ 38 ਵੱਖ-ਵੱਖ ਸਾਜਾਂ ਤੇ ਸੰਗੀਤਕ ਰੂਪਾਂ ਦੇ ਜ਼ਰੀਏ ਇਸ ਸੰਗ੍ਰਹਿ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਸੂਰਵਾਣੀ ਨੇ ਕੱਛ ਦੀ ਲੋਕ-ਸੰਗੀਤ ਪਰੰਪਰਾਵਾਂ ਦੀ ਸਾਂਭ-ਸੰਭਾਲ਼ ਕਰਨ ਅਤੇ ਮੁੜ-ਸੁਰਜੀਤ ਕਰਕੇ ਰੱਖਣ, ਹਰਮਨਪਿਆਰਾ ਬਣਾਉਣ ਅਤੇ ਪ੍ਰੋਤਸਾਹਤ ਕਰਨ ਤੋਂ ਇਲਾਵਾ ਕੱਛੀ ਲੋਕ ਸੰਗੀਤਕਾਰਾਂ ਦੀ ਸਮਾਜਿਕ-ਆਰਥਿਕ ਹਾਲਾਤ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯਤਨ ਕੀਤੇ ਹਨ।

ਅੰਜਾਰ ਦੇ ਨਸੀਮ ਸ਼ੇਖ ਦੀ ਅਵਾਜ਼ ਵਿੱਚ ਲੋਕਗੀਤ ਸੁਣੋ

કરછી

મિઠો મિઠો પાંજે કચ્છડે જો પાણી રે, મિઠો મિઠો પાંજે કચ્છડે જો પાણી રે
મિઠો આય માડૂએ  જો માન, મિઠો મિઠો પાંજે કચ્છડે જો પાણી.
પાંજે તે કચ્છડે મેં હાજીપીર ઓલિયા, જેજા નીલા ફરકે નિસાન.
મિઠો મિઠો પાંજે કચ્છડે જો પાણી રે. મિઠો મિઠો પાંજે કચ્છડે જો પાણી રે
પાંજે તે કચ્છડે મેં મઢ ગામ વારી, ઉતે વસેતા આશાપુરા માડી.
મિઠો મિઠો પાંજે કચ્છડે જો પાણી. મિઠો મિઠો પાંજે કચ્છડે જો પાણી રે
પાંજે તે કચ્છડે મેં કેરો કોટ પાણી, ઉતે રાજ કરીએ લાખો ફુલાણી.
મિઠો મિઠો પાંજે કચ્છડે જો પાણી રે. મિઠો મિઠો પાંજે કચ્છડે જો પાણી રે


ਪੰਜਾਬੀ

ਕੱਛ ਦਾ ਮਿੱਠਾ-ਮਿੱਠਾ ਪਾਣੀ। ਹਾਏ! ਕੱਛ ਦਾ ਮਿਠੜਾ ਪਾਣੀ
ਇੰਨੇ ਪਿਆਰੇ ਲੋਕ ਇੱਥੋਂ ਦੇ, ਹਾਏ! ਕੱਛ ਦਾ ਮਿਠੜਾ ਪਾਣੀ
ਹਾਜੀਪੀਰ ਦਰਗਾਹ ਇੱਥੋਂ ਦੀ, ਲਹਿਰਾਉਂਦੀ ਹਰੀਆਂ ਝੰਡੀਆਂ
ਕਿੰਨਾ ਮਿੱਠਾ ਕੱਛ ਦਾ ਪਾਣੀ! ਕਿੰਨਾ ਹੀ ਮਿਠੜਾ!
ਮਡ ਪਿੰਡ ਵਿੱਚ ਵੱਸਿਆ ਹੈ ਮਾਂ ਅਸ਼ਾਪੁਰਾ ਦਾ ਮੰਦਰ
ਕਿੰਨਾ ਮਿੱਠਾ ਕੱਛ ਦਾ ਪਾਣੀ! ਕਿੰਨਾ ਮਿਠੜਾ!
ਕੇਰਾ ਕਿਲ੍ਹੇ ਦਾ ਖੰਡਰ, ਜਿੱਥੇ ਸੀ ਲਾਖਾ ਫੁਲਾਨੀ ਰਾਜ
ਕਿੰਨਾ ਮਿੱਠਾ ਕੱਛ ਦਾ ਪਾਣੀ! ਕਿੰਨਾ ਮਿਠੜਾ!
ਇੰਨੇ ਪਿਆਰੇ ਲੋਕ ਜਿੱਥੋਂ ਦੇ, ਮਾਖਿਓਂ ਮਿਠੜਾ ਪਾਣੀ
ਇਸ ਪਾਣੀ ਦਾ ਸੁਆਦ ਸ਼ਹਿਦ ਜਿਹਾ।
ਕੱਛ ਦਾ ਮਿਠੜਾ ਪਾਣੀ। ਹਾਏ! ਕੱਛ ਦਾ ਮਿਠੜਾ ਪਾਣੀ


PHOTO • Antara Raman

ਗੀਤ ਦੀ ਕਿਸਮ : ਲੋਕ ਗੀਤ

ਸ਼੍ਰੇਣੀ : ਖੇਤ, ਪਿੰਡਾਂ ਅਤੇ ਲੋਕਾਂ ਦਾ ਗੀਤ

ਗੀਤ : 1

ਗੀਤ ਦਾ ਸਿਰਲੇਖ : ਮੀਠੋ ਮੀਠੋ ਪੰਜੇ ਕੱਛ ਦੇ ਜੋ ਪਾਣੀ ਰੇ

ਲੇਖਕ : ਨਸੀਮ ਸ਼ੇਖ

ਸੰਗੀਤਕਾਰ : ਦੇਵਲ ਮਹਿਤਾ

ਗਾਇਕ : ਅੰਜਾਰ ਦੇ ਨਸੀਮ ਸ਼ੇਖ

ਵਰਤੀਂਦੇ ਸਾਜ਼ : ਹਰਮੋਨੀਅਮ, ਬੈਂਜੋ, ਡਰੰਮ, ਖੰਜਰੀ

ਰਿਕਾਰਡਿੰਗ ਦਾ ਸਾਲ : 2008, ਕੇਐੱਮਵੀਐੱਸ ਸਟੂਡੀਓ

ਗੁਜਰਾਤੀ ਅਨਵਾਦ : ਅਮਦ ਸਮੇਜਾ, ਭਾਰਤੀ ਗੋਰ


ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਅਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਉਨ੍ਹਾਂ ਸਹਿਯੋਗ  ਦੇਣ ਲਈ ਵਿਸ਼ੇਸ਼ ਸ਼ੁਕਰੀਆ ਅਤੇ ਭਾਰਤੀਬੇਨ ਗੋਰ ਦਾ ਗੁਜਰਾਤੀ ਅਨੁਵਾਦ ਕਰਕੇ ਆਪਣਾ ਯੋਗਦਾਨ ਦੇਣ ਲਈ ਧੰਨਵਾਦ।

ਤਰਜਮਾ: ਕਮਲਜੀਤ ਕੌਰ

Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Illustration : Antara Raman

ਅੰਤਰਾ ਰਮਨ ਚਿਤਰਕ ਹਨ ਅਤੇ ਉਹ ਸਮਾਜਿਕ ਪ੍ਰਕਿਰਿਆਵਾਂ ਦੇ ਹਿੱਤਾਂ ਅਤੇ ਮਿਥਿਆਸ ਦੀ ਕਲਪਨਾ ਨਾਲ਼ ਜੁੜੀ ਹੋਈ ਵੈੱਬਸਾਈਟ ਡਿਜਾਈਨਰ ਹਨ। ਉਹ ਸ਼੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜਾਇਨ ਐਂਡ ਟਕਨਾਲੋਜੀ, ਬੰਗਲੁਰੂ ਤੋਂ ਗ੍ਰੈਜੁਏਟ ਹਨ, ਉਹ ਮੰਨਦੀ ਹਨ ਕਿ ਕਹਾਣੀ-ਕਹਿਣ ਅਤੇ ਚਿਤਰਣ ਦੇ ਇਹ ਸੰਸਾਰ ਪ੍ਰਤੀਕਾਤਮਕ ਹਨ।

Other stories by Antara Raman
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur