ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਸਾਫ਼-ਸਫ਼ਾਈ!
ਆਂਧਰਾ ਪ੍ਰਦੇਸ਼ ਦੇ ਵਿਜਯਾਨਗਰਮ ਵਿਖੇ ਇਹ ਬਜ਼ੁਰਗ ਔਰਤ ਆਪਣੇ ਘਰ ਅਤੇ ਆਸ ਪਾਸ ਦੀਆਂ ਥਾਵਾਂ ਨੂੰ ਹੂੰਝ-ਹੂੰਝ ਕੇ ਸਾਫ਼ ਰੱਖਦੀ ਹੈ। ਇਹ ਰਿਹਾ ਘਰ ਦਾ ਕੰਮ ਅਤੇ 'ਔਰਤਾਂ ਵਾਲ਼ਾ ਕੰਮ ਵੀ'। ਪਰ ਘਰ ਜਾਂ ਜਨਤਕ ਥਾਵਾਂ 'ਤੇ, 'ਸਫ਼ਾਈ' ਦਾ ਕੰਮ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਕੰਮ ਬਦਲੇ ਪੈਸਾ ਤਾਂ ਮਿਲ਼ਦਾ ਨਹੀਂ, ਹਾਂ ਜੇ ਕੁਝ ਮਿਲ਼ਦਾ ਹੈ ਤਾਂ ਉਹ ਹੈ ਲੋਕਾਂ ਦਾ ਗੁੱਸਾ। ਰਾਜਸਥਾਨ ਵਿਖੇ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੁਝ ਜ਼ਿਆਦਾ ਹੀ ਕਰਨਾ ਪੈਂਦਾ ਹੈ, ਜਿਵੇਂ ਕਿ ਇਸ ਔਰਤ ਨੂੰ ਦੇਖੋ, ਇਹ ਦਲਿਤ ਹੈ। ਇਹ ਔਰਤ ਹੱਥੀਂ ਗੰਦਗੀ ਸਾਫ਼ ਕਰਦੀ ਹੈ ਅਤੇ ਲੋਕਾਂ ਦੇ ਪਖ਼ਾਨਿਆਂ ਵਿੱਚੋਂ ਮਲ਼-ਮੂਤਰ ਚੁੱਕਦੀ ਹੈ। ਉਹ ਰਾਜਸਥਾਨ ਦੇ ਸੀਕਰ ਵਿਖੇ ਰੋਜ਼ਾਨਾ ਕਰੀਬ 25 ਘਰਾਂ ਵਿੱਚ ਇਹੀ ਕੰਮ ਕਰਦੀ ਹੈ।
ਇਹਦੇ ਬਦਲੇ ਉਹਨੂੰ ਮਜ਼ਦੂਰੀ ਦੇ ਰੂਪ ਵਿੱਚ ਹਰੇਕ ਘਰੋਂ ਰੋਟੀ ਮਿਲ਼ਦੀ ਹੈ। ਮਹੀਨੇ ਵਿੱਚ ਇੱਕ ਵਾਰ, ਜੇ ਮਾਲਕ ਦਿਆਲੂ ਰਹੇ ਤਾਂ ਕੁਝ ਪੈਸੇ ਵੀ ਮਿਲ਼ ਜਾਂਦੇ ਹਨ। ਸ਼ਾਇਦ ਇੱਕ ਘਰ ਦੇ 10 ਰੁਪਏ। ਸਰਕਾਰੀ ਭਾਸ਼ਾ ਵਿੱਚ ਉਹਨੂੰ 'ਭੰਗੀ' ਕਹਿੰਦੇ ਹਨ ਪਰ ਉਹ ਆਪਣੇ ਆਪ ਨੂੰ 'ਮੇਹਤਰ' ਕਹਿੰਦੀ ਹੈ। ਇਸ ਜਾਤੀ ਨਾਲ਼ ਤਾਅਲੁੱਕ ਰੱਖਣ ਵਾਲ਼ੇ ਬਹੁਤੇਰੇ ਲੋਕ ਖ਼ੁਦ ਨੂੰ 'ਬਾਲਮੀਕੀ' ਕਹਿੰਦੇ ਹਨ।
ਉਹ ਆਪਣੇ ਸਿਰ 'ਤੇ ਇਨਸਾਨੀ ਮਲ਼-ਮੂਤਰ ਚੁੱਕੀ ਲਿਜਾ ਰਹੀ ਹੈ। ਖ਼ੁਦ ਨੂੰ ਸੱਭਿਅਕ ਕਹਿਣ ਵਾਲ਼ਾ ਸਮਾਜ ਇਹਨੂੰ 'ਰਾਤ ਦੀ ਮਿੱਟੀ' ਕਹਿੰਦਾ ਹੈ। ਉਹ ਭਾਰਤ ਦੇ ਸਭ ਤੋਂ ਅਸੁਰੱਖਿਅਤ ਅਤੇ ਸ਼ੋਸ਼ਤ ਨਾਗਰਿਕਾਂ ਵਿੱਚੋਂ ਇੱਕ ਹੈ। ਇਕੱਲੇ ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਇਸ ਔਰਤ ਜਿਹੇ ਹਜ਼ਾਰਾਂ ਹਜ਼ਾਰ ਨਾਗਰਿਕ ਹਨ।
ਭਾਰਤ ਵਿੱਚ ਹੱਥੀਂ ਗੰਦ ਚੁੱਕਣ ਵਾਲ਼ੇ ਕਿੰਨੇ ਕੁ ਲੋਕ ਹਨ? ਸੱਚਿਓ, ਅਸੀਂ ਨਹੀਂ ਜਾਣਦੇ। 1971 ਦੀ ਮਰਦਮਸ਼ੁਮਾਰੀ ਤੱਕ, ਇਹਨੂੰ ਇੱਕ ਵੱਖਰੇ ਕਿੱਤੇ ਦੇ ਰੂਪ ਵਿੱਚ ਸੂਚੀਬੱਧ ਨਹੀਂ ਸੀ ਕੀਤਾ ਗਿਆ। ਕੁਝ ਰਾਜਾਂ ਦੀਆਂ ਸਰਕਾਰਾਂ ਤਾਂ ਇਹ ਤੱਕ ਮੰਨਣ ਨੂੰ ਰਾਜ਼ੀ ਨਹੀਂ ਹੁੰਦੀਆਂ ਕਿ 'ਰਾਤ ਦੀ ਮਿੱਟੀ' ਸਾਫ਼ ਕਰਨ ਵਾਲ਼ੇ ਮਜ਼ਦਰੂਾਂ ਦਾ ਕੋਈ ਵਜੂਦ ਵੀ ਹੈ। ਫਿਰ ਵੀ, ਜੋ ਵੀ ਮੋਟਾ-ਮੋਟੀ ਅੰਕੜਾ ਮੌਜੂਦ ਹੈ ਉਹ ਦੱਸਦਾ ਹੈ ਕਿ ਦਸ ਲੱਖ ਦੇ ਕਰੀਬ ਦਲਿਤ ਹੱਥੀਂ ਗੰਦ ਚੁੱਕਣ ਦੇ ਕੰਮੀਂ ਲੱਗੇ ਹੋਏ ਹਨ। ਅਸਲੀ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ। 'ਰਾਤ ਦੀ ਮਿੱਟੀ' ਨਾਲ਼ ਜੁੜੇ ਕੰਮ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ।




