ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਤਿਣਕਾ ਤਿਣਕਾ ਸਹੇਜਦੀਆਂ ਆਪਣਾ ਜੀਵਨ
ਉਹ ਤੜਕੇ 4 ਵਜੇ ਦੀ ਜਾਗਦੀ ਪਈ ਹੈ। ਇੱਕ ਘੰਟੇ ਬਾਅਦ ਉਹ ਛੱਤੀਸਗੜ੍ਹ ਦੇ ਸਰਗੁਜਾ ਜੰਗਲ ਦੇ ਤੇਂਦੂ ਪੱਤੇ ਤੋੜ ਰਹੀ ਹੈ। ਇਸ ਵੇਲ਼ੇ ਪੂਰੇ ਰਾਜ ਦੀਆਂ ਅੱਡੋ-ਅੱਡੋ ਥਾਵਾਂ 'ਤੇ ਹਜ਼ਾਰਾਂ-ਹਜ਼ਾਰ ਆਦਿਵਾਸੀ ਇਹੀ ਕੰਮ ਕਰ ਰਹੇ ਹਨ। ਬੀੜੀ ਬਣਾਉਣ ਵਿੱਚ ਵਰਤੀਂਦੇ ਇਨ੍ਹਾਂ ਪੱਤਿਆਂ ਨੂੰ ਤੋੜਨ ਲਈ, ਪੂਰਾ ਪਰਿਵਾਰ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ।
ਜੇ ਦਿਨ ਚੰਗਾ ਰਿਹਾ ਤਾਂ ਇਨ੍ਹਾਂ ਦਾ ਛੇ ਮੈਂਬਰੀ ਟੱਬਰ 90 ਰੁਪਏ ਤੱਕ ਕਮਾ ਸਕਦਾ ਹੈ। ਤੇਂਦੂ ਦੇ ਸੀਜ਼ਨ ਦੇ ਦੋ ਬੇਹਤਰੀਨ ਹਫ਼ਤਿਆਂ ਅੰਦਰ ਉਹ ਜਿੰਨਾ ਕੁ ਕਮਾਉਂਦੇ ਹਨ, ਓਨਾ ਅਗਲੇ ਤਿੰਨ ਮਹੀਨਿਆਂ ਵਿੱਚ ਵੀ ਨਹੀਂ ਕਮਾ ਪਾਉਂਦੇ। ਇਸਲਈ ਜਦੋਂ ਤੱਕ ਇਹ ਪੱਤੇ ਮੌਜੂਦ ਰਹਿੰਦੇ ਹਨ, ਉਹ ਇਨ੍ਹਾਂ ਤੋਂ ਵੱਧ ਤੋਂ ਵੱਧ ਕਮਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਛੇ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਰੋਜ਼ੀਰੋਟੀ ਵਾਸਤੇ ਨਵੇਂ ਦਾਅਪੇਚ ਘੜ੍ਹਨੇ ਪੈਣਗੇ। ਇਸ ਇਲਾਕੇ ਵਿੱਚ ਰਹਿਣ ਵਾਲ਼ਾ ਲਗਭਗ ਹਰੇਕ ਪਰਿਵਾਰ ਇਸ ਸਮੇਂ ਜੰਗਲ ਵਿੱਚ ਦਿੱਸ ਰਿਹਾ ਹੈ। ਤੇਂਦੂ ਪੱਤੇ ਆਦਿਵਾਸੀ ਅਰਥਚਾਰੇ ਲਈ ਖ਼ਾਸ ਮਹੱਤਵ ਰੱਖਦੇ ਹਨ।






