ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਜਦ ਤੱਕ ਗਾਵਾਂ ਘਰ ਨਹੀਂ ਮੁੜਦੀਆਂ
ਗੋਹੇ ਨਾਲ਼ ਪਾਥੀਨੁਮਾ ਗੋਲ਼ੇ ਜਿਹੇ ਬਣਾਉਂਦੀ ਬਿਹਾਰ ਦੀ ਇਹ ਔਰਤ ਰਾਸ਼ਟਰੀ ਅਰਥਚਾਰੇ ਵਿੱਚ ਹੈਰਾਨੀਜਨਕ ਯੋਗਦਾਨ ਪਾ ਰਹੀ ਹੈ। ਹਾਲਾਂਕਿ, ਇਹਦੀ ਗਣਨਾ ਸਾਡੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਨਹੀਂ ਹੋਵੇਗੀ। ਬਾਲਣ ਦੇ ਰੂਪ ਵਿੱਚ ਗਾਂ ਦੇ ਗੋਹੇ (ਪਾਥੀਆਂ ਬਣਾ ਕੇ) ਦਾ ਇਸਤੇਮਾਲ ਕਰਨ ਵਾਲ਼ੇ ਲੱਖਾਂ-ਲੱਖ ਪਰਿਵਰ ਜੇਕਰ ਗੋਹੇ ਦੀ ਥਾਂ ਕਿਤੇ ਕੋਲ਼ੇ ਜਾਂ ਤੇਲ ਜਿਹੇ ਬਾਲਣਾਂ ਦੀ ਵਰਤੋਂ ਕਰਨ ਲੱਗ ਗਏ ਤਾਂ ਤਬਾਹੀ ਦੀ ਹਾਲਤ ਬਣ ਜਾਵੇਗੀ। ਪੈਟ੍ਰੋਲੀਅਮ ਅਤੇ ਉਹਦੇ ਉਤਪਾਦਾਂ ਦੇ ਅਯਾਤ 'ਤੇ ਭਾਰਤ ਕਿਸੇ ਹੋਰ ਵਸਤੂ ਦੇ ਮੁਕਾਬਲੇ ਵੱਧ ਵਿਦੇਸ਼ੀ ਮੁਦਰਾ ਖਰਚ ਕਰਦਾ ਹੈ। ਸਾਲ 1999-2000 ਵਿੱਚ ਇਹ ਰਾਸ਼ੀ 47,421 ਕਰੋੜ ਰੁਪਏ ਸੀ।
ਅਸੀਂ ਅਨਾਜ ਵਸਤੂਆਂ, ਖਾਣਯੋਗ ਤੇਲ, ਦਵਾਈਆਂ ਅਤੇ ਇਲਾਜ ਸਬੰਧੀ ਉਤਪਾਦਾਂ, ਰਸਾਇਣ, ਲੋਹੇ ਅਤੇ ਸਟੀਲ ਦੇ ਅਯਾਤ 'ਤੇ ਜਿੰਨੀ ਵਿਦੇਸ਼ੀ ਮੁਦਰਾ ਖਰਚ ਕਰਦੇ ਹਾਂ, ਇਹ ਰਾਸ਼ੀ ਉਸ ਨਾਲ਼ੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਪੈਟ੍ਰੋਲੀਅਮ ਅਤੇ ਉਹਦੇ ਉਤਪਾਦਾਂ 'ਤੇ ਅਸੀਂ ਜਿੰਨਾ ਖਰਚ ਕਰਦੇ ਹਾਂ, ਉਹ ਸਾਡੇ ਕੁੱਲ ਅਯਾਤ ਬਿੱਲ ਦਾ ਕਰੀਬ ਇੱਕ ਚੌਥਾਈ ਹਿੱਸਾ ਹੁੰਦਾ ਹੈ।
ਇਹ ਰਾਸ਼ੀ ਸਾਡੇ ਦੁਆਰਾ ਖਾਦਾਂ ਦੇ ਅਯਾਤ 'ਤੇ ਖਰਚ ਕੀਤੀ ਜਾਣ ਵਾਲ਼ੀ ਵਿਦੇਸ਼ੀ ਮੁਦਰਾ-1.4 ਬਿਲੀਅਨ ਡਾਲਰ ਦਾ ਕਰੀਬ ਕਰੀਬ ਅੱਠ ਗੁਣਾ ਹੈ। ਗੋਹਾ ਇੱਕ ਮਹੱਤਵਪੂਰਨ ਜੈਵਿਕ ਖਾਦ ਹੈ, ਜਿਹਨੂੰ ਲੱਖਾਂ ਲੋਕ ਫ਼ਸਲ ਉਗਾਉਣ ਵਿੱਚ ਵਰਤਦੇ ਹਨ। ਇੰਝ ਇਹ ਉਸ ਮੋਰਚੇ 'ਤ ਵੀ ਸਾਡੀ ਲਈ ਅਣਗਿਣਤ ਪੈਸੇ ਬਚਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਇਹਦੇ ਹੋਰ ਵੀ ਕਈ ਉਪਯੋਗ ਹਨ। ਤੁਸੀਂ ਜਿਸ ਤਰ੍ਹਾਂ ਚਾਹੋ ਇਹਨੂੰ ਇਸਤੇਮਾਲ ਕਰ ਲਓ। ਜੋ ਔਰਤਾਂ ਪੂਰੇ ਦੇਸ਼ ਵਿੱਚ ਗੋਹਾ ਇਕੱਠਾ ਕਰਦੀਆਂ ਹਨ ਜੋ ਕੰਮ ਵੀ ਸਿਰਫ਼ 'ਔਰਤਾਂ ਦਾ ਕੰਮ' ਹੀ ਹੈ, ਉਹ ਭਾਰਤ ਵਾਸਤੇ ਸਲਾਨਾ ਲੱਖਾਂ-ਕਰੋੜਾਂ, ਸ਼ਾਇਦ ਅਰਬਾਂ ਅਰਬ ਡਾਲਰ ਬਚਾ ਰਹੀਆਂ ਹਨ। ਪਰ ਗੋਹਾ ਤਾਂ ਸਟਾਕ ਐਕਸਚੇਂਜ ਵਿੱਚ ਪੰਜੀਕ੍ਰਿਤ ਹੀ ਨਹੀਂ ਹੈ ਅਤੇ ਸ਼ਾਇਦ ਇਸਲਈ ਨਹੀਂ ਕਿ ਉਹ ਗੋਹਾ ਇਕੱਠਾ ਕਰਨ ਵਾਲ਼ੀਆਂ ਔਰਤਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਦੇ ਹਨ ਜਾਂ ਉਨ੍ਹਾਂ ਦੀ ਪਰਵਾਹ ਹੀ ਨਹੀਂ ਕਰਦੇ। ਮੁੱਖ ਧਾਰਾ ਦੇ ਅਰਥਸ਼ਾਸਤਰੀ ਆਪਣੇ ਵਿਸ਼ਲੇਸ਼ਣ ਵਿੱਚ ਇਹਨੂੰ ਕਿਤੇ ਵੀ ਖੜ੍ਹਾ ਨਹੀਂ ਮੰਨਦੇ। ਉਹ ਇਸ ਤਰ੍ਹਾਂ ਦੀ ਮਜ਼ਦੂਰੀ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਉਹਦਾ ਸਨਮਾਨ ਹੀ ਕਰਦੇ ਹਨ।




