ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਚਿੱਕੜ, ਮਾਂ ਅਤੇ 'ਉਹਦੀ ਦਿਹਾੜੀ'
ਵਿਜਯਨਗਰ ਵਿੱਚ ਬੇਜ਼ਮੀਨੇ ਮਜ਼ਦੂਰਾਂ ਦੇ ਨਾਲ਼ ਮੁਲਾਕਾਤ ਸਵੇਰੇ 7 ਵਜੇ ਤੋਂ ਥੋੜ੍ਹੀ ਪਹਿਲਾਂ ਹੋਣੀ ਤੈਅ ਹੋਈ ਸੀ। ਵਿਚਾਰ ਇਹ ਸੀ ਕਿ ਉਨ੍ਹਾਂ ਦੇ ਪੂਰੇ ਦਿਨ ਦੇ ਕੰਮ ਨੂੰ ਦੇਖਿਆ ਜਾਵੇ। ਹਾਲਾਂਕਿ, ਅਸੀਂ ਥੋੜ੍ਹੀ ਦੇਰ ਨਾਲ਼ ਅੱਪੜੇ। ਉਸ ਸਮੇਂ ਤੀਕਰ, ਔਰਤਾਂ ਕਰੀਬ ਕਰੀਬ ਤਿੰਨ ਘੰਟੇ ਕੰਮ ਕਰ ਚੁੱਕੀਆਂ ਸਨ। ਜਿਵੇਂ ਕਿ ਇਹ ਔਰਤਾਂ ਵੱਲ ਦੇਖੋ ਜੋ ਖ਼ਜ਼ੂਰ ਦੇ ਰੁੱਖਾਂ ਦੇ ਵਿਚਾਲ਼ਿਓਂ ਹੁੰਦੇ ਹੋਏ ਖੇਤਾਂ ਵਿੱਚ ਆ ਰਹੀਆਂ ਹਨ ਜਾਂ ਉਨ੍ਹਾਂ ਔਰਤਾਂ ਦੀਆਂ ਸਹੇਲੀਆਂ ਵੱਲ ਦੇਖੋ ਜੋ ਉੱਥੇ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਟੋਏ ਵਿੱਚ ਜੰਮੀ ਗਾਰ ਕੱਢ ਰਹੀਆਂ ਹਨ।
ਇਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਨੇ ਖਾਣਾ ਰਿੰਨ੍ਹਣ, ਭਾਂਡੇ ਮਾਂਜਣ ਅਤੇ ਕੱਪੜੇ ਧੋਣ ਦੇ ਨਾਲ਼ ਨਾਲ਼ ਘਰ ਦੇ ਬਾਕੀ ਕੰਮ ਵੀ ਮੁਕਾ ਲਏ ਸਨ। ਉਨ੍ਹਾਂ ਨੇ ਬੱਚਿਆਂ ਨੂੰ ਸਕੂਲ ਲਈ ਤਿਆਰ ਵੀ ਕਰ ਦਿੱਤਾ ਸੀ। ਪਰਿਵਾਰ ਦੇ ਸਾਰੇ ਮੈਂਬਰ ਨੂੰ ਖਾਣਾ ਖੁਆਇਆ ਜਾ ਚੁੱਕਿਆ ਸੀ ਅਤੇ ਔਰਤ ਨੇ ਸਭ ਤੋਂ ਅਖ਼ੀਰ ਵਿੱਚ ਖਾਧਾ ਹੋਣਾ। ਸਰਕਾਰ ਦੀ ਰੁਜ਼ਗਾਰ ਗਰੰਟੀਸ਼ੁਦਾ ਸਾਈਟ 'ਤੇ ਇਹ ਸਪੱਸ਼ਟ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਵਿੱਚ ਔਰਤਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਹਨ।
ਇਹ ਵੀ ਸਪੱਸ਼ਟ ਹੈ ਕਿ ਇੱਥੇ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਘੱਟੋਘੱਟ ਤੈਅ ਮਜ਼ਦੂਰੀ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਕੇਰਲ ਅਤੇ ਪੱਛਮੀ ਬੰਗਾਲ ਜਿਹੇ ਰਾਜਾਂ ਨੂੰ ਛੱਡ ਕੇ ਬਾਕੀ ਪੂਰੇ ਦੇਸ਼ ਵਿੱਚ ਇਹੀ ਕੁਝ ਹੋ ਰਿਹਾ ਹੈ। ਫਿਰ ਵੀ, ਹਰ ਥਾਵੇਂ ਔਰਤ ਮਜ਼ਦੂਰਾਂ ਨੂੰ ਪੁਰਸ਼ਾਂ ਨਾਲ਼ੋਂ ਅੱਧੀ ਜਾਂ ਦੋ ਤਿਹਾਈ ਹੀ ਦਿਹਾੜੀ ਮਿਲ਼ਦੀ ਹੈ।







