ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਉਹੀ ਘਰ ਉਹੀ ਕੰਮ...
ਇਹ ਔਰਤ ਪਹਿਲਾਂ ਹੀ ਖਾਣਾ ਪਕਾ ਚੁੱਕੀ ਹੈ। ਤਮਿਲਨਾਡੂ ਵਿੱਚ ਰਹਿਣ ਵਾਲ਼ਾ ਉਹਦਾ ਪਰਿਵਾਰ, ਜੀਵਨ ਬਸਰ ਕਰਨ ਲਈ ਖ਼ਜ਼ੂਰ ਤੋਂ ਗੁੜ ਬਣਾਉਂਦਾ ਹੈ ਅਤੇ ਵੇਚਦਾ ਹੈ। ਇਸ ਵੱਡੇ ਸਾਰੇ ਭਾਂਡੇ ਵਿੱਚ ਉਹ ਗੁੜ ਨੂੰ ਪਕਾ ਰਹੀ ਹੈ। ਗ਼ਲਤੀ ਦੀ ਕੋਈ ਗੁਜਾਇਸ਼ ਹੀ ਨਹੀਂ... ਨਹੀਂ ਤਾਂ ਇਸ ਪਰਿਵਾਰ ਦੇ ਹੱਥੋਂ ਆਉਣ ਵਾਲ਼ੇ ਕੁਝ ਦਿਨਾਂ ਦੀ ਆਮਦਨੀ ਖੁੱਸ ਸਕਦੀ ਹੈ।
ਇਹ ਕੰਮ ਇਸ ਔਰਤ ਦਾ ਥੋੜ੍ਹਾ ਵੱਧ ਸਮਾਂ ਖਾ ਜਾਵੇਗਾ। ਇੰਨਾ ਹੀ ਸਮਾਂ ਖਾਣਾ ਪਕਾਉਣ ਵਿੱਚ ਵੀ ਲੱਗਦਾ ਹੈ। ਉਹਨੂੰ ਪੂਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਵੇਲ਼ੇ ਧੂੰਏਂ ਵਿੱਚੋਂ ਦੀ ਆਪਣੇ ਲਈ ਸਾਹ ਖਿੱਚਣਾ ਪੈਂਦਾ ਹੈ। ਔਰਤ ਸਿਰ ਪਏ ਹੋਰਨਾਂ ਕੰਮਾਂ ਵਿੱਚੋਂ ਇਹ ਕੰਮ ਕਾਫ਼ੀ ਅਹਿਮ ਹੈ। ਕਿਉਂਕਿ ਇਹ ਕੰਮ ਛੋਟੀ ਉਮਰੇ ਹੀ ਉਹਦੇ ਮੱਥੇ ਮੜ੍ਹ ਦਿੱਤਾ ਗਿਆ ਸੀ ਇਸਲਈ ਉਹਨੂੰ ਵੀ ਲੱਖਾਂ ਲੱਖ ਕੁੜੀਆਂ ਵਾਂਗ ਛੇਤੀ ਹੀ ਪੜ੍ਹਾਈ ਛੱਡਣੀ ਪਈ।









