ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਇੱਟਾਂ, ਕੋਲ਼ਾ ਅਤੇ ਪੱਥਰ
ਉਹ ਸਿਰਫ਼ ਨੰਗੇ ਪੈਰੀਂ ਹੀ ਨਹੀਂ, ਸਗੋਂ ਉਨ੍ਹਾਂ ਦੇ ਸਿਰਾਂ 'ਤੇ ਲੂੰਹਦੀਆਂ ਇੱਟਾਂ ਦਾ ਵੀ ਭਾਰ ਹੈ। ਢਾਲ਼ੂ ਫੱਟੇ 'ਤੇ ਤੁਰਦੀਆਂ ਇਹ ਓੜੀਸਾ ਦੀਆਂ ਮਜ਼ਦੂਰ ਹਨ ਜੋ ਇੱਥੇ ਆਂਧਰਾ ਪ੍ਰਦੇਸ਼ ਦੇ ਭੱਠੇ 'ਤੇ ਕੰਮ ਕਰ ਰਹੀਆਂ ਹਨ। ਇੱਥੇ ਬਾਹਰ ਦਾ ਤਾਪਮਾਨ 49 ਡਿਗਰੀ ਸੈਲਸੀਅਸ ਹੈ ਪਰ ਭੱਠੇ ਦੇ ਆਸਪਾਸ ਜਿੱਥੇ ਇਹ ਔਰਤਾਂ ਕੰਮ ਕਰ ਰਹੀਆਂ ਹਨ, ਉੱਥੇ ਤਾਂ ਇਸ ਨਾਲ਼ੋਂ ਵੀ ਕਿਤੇ ਵੱਧ ਤਪਸ਼ ਹੈ।
ਪੂਰਾ ਦਿਨ ਹੱਢ-ਭੰਨ੍ਹਣ ਤੋਂ ਬਾਅਦ ਹਰੇਕ ਔਰਤ ਨੂੰ ਸਿਰਫ਼ 10-12 ਰੁਪਏ ਹੀ ਦਿਹਾੜੀ ਮਿਲ਼ਦੀ ਹੈ ਜੋ ਪੁਰਸ਼ਾਂ ਦੀ 15-20 ਰੁਪਏ ਮਿਲ਼ਣ ਵਾਲ਼ੀ ਦਿਲ-ਹਲੂੰਣਵੀ ਮਜ਼ਦੂਰੀ ਨਾਲ਼ੋਂ ਵੀ ਘੱਟ ਹੈ। ਠੇਕੇਦਾਰ 'ਪੇਸ਼ਗੀ' ਭੁਗਤਾਨ ਕਰਕੇ ਅਜਿਹੇ ਪ੍ਰਵਾਸੀ ਮਜ਼ਦੂਰਾਂ ਦੇ ਪੂਰੇ ਦੇ ਪੂਰੇ ਟੱਬਰ ਨੂੰ ਹੀ ਇੱਥੇ ਖਿੱਚ ਲਿਆਉਂਦੇ ਹਨ। ਅਜਿਹੇ ਕਰਜ਼ਿਆਂ ਕਾਰਨ ਇਹ ਪ੍ਰਵਾਸੀ ਮਜ਼ਦੂਰ ਠੇਕੇਦਾਰ ਦੇ ਨਾਲ਼ ਬੱਝ ਜਾਂਦੇ ਹਨ ਅਤੇ ਅਕਸਰ ਗੁਲਾਮ ਮਜ਼ਦੂਰ ਬਣ ਕੇ ਰਹਿ ਜਾਂਦੇ ਹਨ। ਇੱਥੇ ਕੰਮ ਕਰਨ ਆਉਣ ਵਾਲ਼ੇ 90 ਫ਼ੀਸਦ ਲੋਕ ਬੇਜ਼ਮੀਨੇ ਜਾਂ ਛੋਟੇ-ਕੰਗਾਲ਼ ਕਿਸਾਨ ਹੁੰਦੇ ਹਨ।







