''ਜੇ ਅਸੀਂ ਕੰਮ ਕਰਨਾ ਬੰਦ ਕਰ ਦੇਈਏ ਤਾਂ ਪੂਰਾ ਦੇਸ਼ ਦੁਖੀ ਹੋ ਜਾਵੇਗਾ।''
ਬਾਬੂ ਲਾਲ ਦੇ ਉਪਰੋਕਤ ਕਥਨ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਦੋਂ ਉਹ ਕਹਿੰਦੇ ਹਨ, "ਕ੍ਰਿਕਟ ਖੇਲਨੇ ਕੋ ਨਹੀਂ ਮਿਲੇਗਾ ਕਿਸੀ ਕੋ ਭੀ [ਕੋਈ ਵੀ ਕ੍ਰਿਕਟ ਨਹੀਂ ਖੇਡ ਸਕੇਗਾ]।''
ਲਾਲ ਅਤੇ ਚਿੱਟੇ ਰੰਗ ਦੀ ਕ੍ਰਿਕਟ ਦੀ ਗੇਂਦ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਲਈ ਪਿਆਰ ਅਤੇ ਡਰ ਦੋਵੇਂ ਹੀ ਹੁੰਦੀ ਹੈ। ਇੱਕ ਗੇਂਦ ਜਿਸ 'ਤੇ ਲੱਖਾਂ ਦਰਸ਼ਕਾਂ ਦੀਆਂ ਨਜ਼ਰਾਂ ਗੱਡੀਆਂ ਰਹਿੰਦੀਆਂ ਹਨ, ਇਹ ਗੇਂਦ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੀ ਇੱਕ ਝੁੱਗੀ-ਝੌਂਪੜੀ ਸ਼ੋਭਾਪੁਰ ਵਿੱਚ ਸਥਿਤ ਚਮੜੇ ਦੇ ਕਾਰਖ਼ਾਨਿਆਂ ਤੋਂ ਇੱਥੇ ਪਹੁੰਚਦੀ ਹੈ। ਇਹ ਥਾਂ ਸ਼ਹਿਰ ਦਾ ਇੱਕੋ ਇੱਕ ਖੇਤਰ ਹੈ ਜਿੱਥੇ ਚਮੜੇ ਦੇ ਕਾਮੇ ਕ੍ਰਿਕਟ ਬਾਲ ਉਦਯੋਗ ਲਈ ਲੋੜੀਂਦੇ ਕੱਚੇ ਮਾਲ ਨੂੰ ਬਣਾਉਣ ਲਈ ਐਲਮ-ਟੈਨਿੰਗ (ਫਟਕੜੀ ਦੁਆਰਾ ਚਮੜਾ-ਸੁਧਾਈ) ਵਿਧੀ ਦੀ ਵਰਤੋਂ ਕਰਕੇ ਕੱਚੇ ਚਮੜੇ ਨੂੰ ਸੁਕਾਉਂਦੇ ਹਨ। 'ਟੈਨਿੰਗ' ਕੱਚੀ ਖੱਲ੍ਹ ਤੋਂ ਚਮੜਾ ਬਣਨ ਦੀ ਪ੍ਰਕਿਰਿਆ ਹੈ।
ਬਾਬੂ ਲਾਲ ਕਹਿੰਦੇ ਹਨ, "ਐਲਮ ਟੈਨਿੰਗ ਦੀ ਪ੍ਰਕਿਰਿਆ ਰਾਹੀਂ ਹੀ ਚਮੜੀ ਦੇ ਤੰਤੂਆਂ ਨੂੰ ਖੋਲ੍ਹਿਆ ਜਾ ਸਕਦਾ ਹੈ ਅਤੇ ਰੰਗ (ਰੰਗ) ਵੀ ਆਸਾਨੀ ਨਾਲ਼ ਚੜ੍ਹ ਜਾਂਦਾ ਹੈ।'' ਉਨ੍ਹਾਂ ਦੇ ਇਸ ਬਿਆਨ ਦਾ ਸਮਰਥਨ ਸੱਠਵਿਆਂ ਦੇ ਦਹਾਕੇ ਵਿੱਚ ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ ਦੀ ਖੋਜ ਨੇ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਐਲਮ-ਟੈਨਿੰਗ ਦਾ ਅਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਗੇਂਦਬਾਜ਼ ਕ੍ਰਿਕਟ ਦੀ ਗੇਂਦ ਨੂੰ ਚਮਕਾਉਣ ਲਈ ਪਸੀਨਾ/ਲਾਰ ਲਗਾਉਂਦਾ ਹੈ, ਤਾਂ ਗੇਂਦ ਖਰਾਬ ਨਹੀਂ ਹੁੰਦੀ ਅਤੇ ਗੇਂਦਬਾਜ਼ ਨੂੰ ਮੈਚ ਖ਼ਰਾਬ ਕਰਨ ਤੋਂ ਵੀ ਰੋਕਦੀ ਹੈ।
62 ਸਾਲਾ ਬਾਬੂਲਾਲ ਸ਼ੋਭਾਪੁਰ ਵਿਖੇ ਚਮੜੇ ਦੇ ਆਪਣਾ ਕਾਰਖ਼ਾਨੇ ਦੇ ਇੱਕ ਕੋਨੇ ਵਿੱਚ ਡੱਠੀ ਪਲਾਸਟਿਕ ਦੀ ਕੁਰਸੀ 'ਤੇ ਬੈਠਾ ਹੈ; ਸਫੈਦ ਫਰਸ਼, ਜਿਸ 'ਤੇ ਚੂਨਾ ਫੇਰਿਆ ਗਿਆ ਸੀ, ਚਮਕ ਰਿਹਾ ਹੈ। ਉਹ ਕਹਿੰਦੇ ਹਨ, "ਸਾਡੇ ਪੁਰਖੇ 200 ਸਾਲਾਂ ਤੋਂ ਚਮੜੇ ਦਾ ਕੰਮ ਕਰਦੇ ਆਏ ਹਨ।''




















