"ਸਾਰੀਆਂ ਕਬਰਾਂ ਦੇ ਪੱਥਰਾਂ 'ਤੇ ਖੂਬਸੂਰਤੀ ਨਾਲ਼ ਉਕੇਰੀ ਇੱਕੋ ਸਤਰ ਮਿਲ਼ਦੀ ਹੈ,''ਹਰ ਰੂਹ ਮੌਤ ਦਾ ਸੁਆਦ ਚੱਖੇਗੀ,'' ਇਹ ਸਤਰ ਕਿਸੇ ਭਵਿੱਖਬਾਣੀ ਦੇ ਤੌਰ 'ਤੇ ਨਹੀਂ ਲਿਖੀ ਲੱਗਦੀ, ਸਗੋਂ ਦਿੱਲੀ ਦੇ ਸਭ ਤੋਂ ਵੱਡੇ ਕਬਰਿਸਤਾਨ ਅਹਲ-ਜਦੀਦ ਵਿੱਚ ਜ਼ਿਆਦਾਤਰ ਕਬਰਾਂ ਦੇ ਪੱਥਰਾਂ 'ਤੇ ਉਕਰੀ ਹੁੰਦੀ ਹੈ।
ਇਹ ਸਤਰ — كُلُّ نَفْسٍ ذَائِقَةُ الْمَوْتِ – ਕੁਰਾਨ ਦੀ ਇੱਕ ਆਇਤ ਹੈ ਅਤੇ ਇਸ ਕਬਰਿਸਤਾਨ ਦੀ ਉਦਾਸੀ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਜੋੜਦੀ ਹੈ। ਇਸੇ ਦਰਮਿਆਨ ਇੱਕ ਹੋਰ ਐਂਬੂਲੈਂਸ ਅੰਦਰ ਵੜ੍ਹਦੀ ਹੈ ਅਤੇ ਜਿਹਦੀ ਮੌਤ ਹੋਈ ਹੈ ਉਹਦੇ ਪਰਿਵਾਰ ਦੇ ਜੀਅ ਆਖ਼ਰੀ ਇਬਾਦਤ ਪੜ੍ਹਦੇ ਹਨ। ਜਲਦੀ ਹੀ ਵੈਨ ਖਾਲੀ ਹੋ ਜਾਂਦੀ ਹੈ ਅਤੇ ਲਾਸ਼ ਆਪਣੇ ਆਖ਼ਰੀ ਟਿਕਾਣੇ ਪਹੁੰਚ ਜਾਂਦੀ ਹੈ। ਇੱਕ ਮਸ਼ੀਨ ਇੱਕ ਹੋਰ ਕਬਰ ਪੁੱਟਣ ਲੱਗਦੀ ਹੈ।
ਬਹਾਦੁਰ ਸ਼ਾਹ ਜ਼ਫ਼ਰ ਮਾਰਗ 'ਤੇ ਮੌਜੂਦ ਮੀਡੀਆ ਕੰਪਨੀਆਂ ਦੀਆਂ ਇਮਾਰਤਾਂ ਦੇ ਠੀਕ ਨਾਲ਼ ਕਰਕੇ ਸਥਿਤ, ਇਸ ਕਬਰਿਸਤਾਨ ਦੇ ਇੱਕ ਕੋਨੇ ਵਿੱਚ 62 ਸਾਲ ਦੇ ਨਿਜ਼ਾਮ ਅਖ਼ਤਰ, ਕਬਰ ਦੇ ਪੱਥਰਾਂ 'ਤੇ ਮਰਨ ਵਾਲ਼ਿਆਂ ਦੇ ਨਾਮ ਲਿਖਦੇ ਦਿੱਸਦੇ ਹਨ। ਨਿਜ਼ਾਮ ਉਨ੍ਹਾਂ ਨੂੰ ਮਹਿਰਾਬ ਦੇ ਨਾਮ ਨਾਲ਼ ਸੱਦਦੇ ਹਨ। ਆਪਣੀਆਂ ਉਂਗਲਾਂ ਵਿੱਚ ਮਲ੍ਹਕੜੇ ਜਿਹੇ ਪਰਕਜਾ (ਕੈਲੀਗ੍ਰਾਫੀ ਬੁਰਸ਼)ਫੜ੍ਹ ਕੇ ਉਹ ਇੱਕ ਨੁਕਤਾ- ਜੋ ਉਰਦੂ ਦੇ ਕੁਝ ਖਾਸ ਅੱਖਰਾਂ 'ਤੇ ਲੱਗਣ ਵਾਲ਼ਾ ਇੱਕ ਬਿੰਦੂ ਹੈ, ਜਿਸ ਨਾਲ਼ ਉਨ੍ਹਾਂ ਨੂੰ ਢੁਕਵਾਂ ਉਚਾਰਨ ਮਿਲ਼ਦਾ ਹੈ- ਝਰੀਟਦੇ ਹਨ। ਨਿਜ਼ਾਮ ਜੋ ਹਰਫ਼ ਲਿਖ ਰਹੇ ਹਨ ਉਹ ਹੈ 'ਦੁਰਦਾਨਾ'- ਜੋ ਕੋਵਿਡ-19 ਦੇ ਸ਼ਿਕਾਰ ਹੋਏ ਕਿਸੇ ਵਿਅਕਤੀ ਦਾ ਨਾਮ ਹੈ।
ਦਰਅਸਲ ਨਿਜ਼ਾਮ ਕਬਰ ਦੇ ਪੱਥਰਾਂ 'ਤੇ ਬਰੀਕ ਅਤੇ ਪੇਚੀਦਾ ਕੈਲੀਗ੍ਰਾਫੀ (ਸਜਾਵਟੀ ਲਿਖਤ) ਵਿੱਚ ਮਰਨ ਵਾਲ਼ੇ ਦਾ ਨਾਮ ਅਤੇ ਬਾਕੀ ਵੇਰਵਾ ਪੇਂਟ ਕਰ ਰਹੇ ਹਨ। ਬਾਅਦ ਵਿੱਚ ਉਨ੍ਹਾਂ ਦਾ ਇੱਕ ਸਹਿਕਰਮੀ ਹਥੌੜੇ ਅਤੇ ਛੈਣੀ ਦੀ ਮਦਦ ਨਾਲ਼ ਪੱਥਰ 'ਤੇ ਝਰੀਟੀ ਲਿਖਾਵਟ ਨੂੰ ਸਟੀਕ ਅੰਦਾਜ ਵਿੱਚ ਉਕੇਰੇਗਾ- ਜਦੋਂ ਉਹ ਉਕੇਰਦਾ ਹੈ ਤਾਂ ਪੇਂਟ ਗਾਇਬ ਹੋ ਜਾਂਦਾ ਹੈ।
ਇਹ ਕਾਤਿਬ (ਮਹਿਤਾ ਜਾਂ ਸਜਾਵਟੀ ਲਿਖਤ) ਜਿਨ੍ਹਾਂ ਦਾ ਨਾਮ ਨਿਜ਼ਾਮ ਹੈ, 40 ਤੋਂ ਵੀ ਜ਼ਿਆਦਾ ਸਾਲਾਂ ਤੋਂ ਕਬਰ ਦੇ ਪੱਥਰਾਂ 'ਤੇ ਮਰਨ ਵਾਲ਼ਿਆਂ ਦੇ ਨਾਮ ਉਕੇਰ ਰਹੇ ਹਨ। ਨਿਜ਼ਾਮ ਦੱਸਦੇ ਹਨ, ''ਮੈਨੂੰ ਨਹੀਂ ਚੇਤਾ ਕਿ ਮੈਂ ਕਬਰ ਦੇ ਕਿੰਨੇ ਪੱਥਰਾਂ 'ਤੇ ਕੰਮ ਕੀਤਾ ਹੈ। ਅਪ੍ਰੈਲ ਅਤੇ ਮਈ ਦੇ ਹਾਲੀਆ ਮਹੀਨਿਆਂ ਵਿੱਚ, ਮੈਂ ਕਰੀਬ 150 ਅਜਿਹੇ ਲੋਕਾਂ ਦੇ ਨਾਮ ਲਿਖੇ ਜੋ ਕਰੋਨਾ ਕਾਰਨ ਮਾਰੇ ਗਏ ਸਨ ਅਤੇ ਕਰੀਬ ਇੰਨੇ ਹੀ ਉਨ੍ਹਾਂ ਮ੍ਰਿਤਕਾਂ ਦੇ ਨਾਮ ਲਿਖੇ ਜਿਨ੍ਹਾਂ ਦੀ ਮੌਤ ਕਰੋਨਾ ਨਾਲ਼ ਨਹੀਂ ਹੋਈ ਸੀ। ਹਰ ਦਿਨ, ਮੈਂ ਤਿੰਨ ਤੋਂ ਪੰਜ ਪੱਥਰਾਂ ਨੂੰ ਤਿਆਰ ਕਰਦਾ ਹਾਂ। ਕਿਸੇ ਪੱਥਰ ਦੇ ਇੱਕ ਪਾਸਿਓਂ ਲਿਖਣ ਵਿੱਚ ਲਗਭਗ ਇੱਕ ਘੰਟੇ ਦਾ ਸਮਾਂ ਲੱਗਦਾ ਹੈ।'' ਉਹ ਵੀ ਉਰਦੂ ਵਿੱਚ। ਪੱਥਰ ਦੇ ਦੂਸਰੇ ਪਾਸੇ, ਆਮ ਤੌਰ 'ਤੇ ਮਰਨ ਵਾਲ਼ੇ ਦਾ ਨਾਮ ਸਿਰਫ਼ ਅੰਗਰੇਜ਼ੀ ਵਿੱਚ ਲਿਖਿਆ ਜਾਂਦਾ ਹੈ। ਉਹ ਬੇਹੱਦ ਸਾਫ਼ਗੋ ਮੁਸਕਾਨ ਬਿਖੇਰਦੇ ਹੋਏ ਮੇਰੇ ਨੋਟ ਲੈਣ ਦੇ ਢੰਗ ਦਾ ਮਜਾਕ ਉਡਾਉਂਦਿਆਂ ਕਹਿੰਦੇ ਹਨ,''ਉਹ ਕੁਝ ਸੈਕੰਡ ਅੰਦਰ ਪੂਰਾ ਪੇਜ ਭਰਨ ਜਿੰਨਾ ਸੁਖਾਲਾ ਕੰਮ ਨਹੀਂ ਹੈ।''













