ਜਦੋਂ ਬਜਰੰਗ ਗਾਇਕਵਾੜ ਦਾ ਭਾਰ ਪੰਜ ਕਿਲੋ ਘਟਿਆ ਤਾਂ ਉਹ ਜਾਣਦੇ ਸਨ ਕਿ ਇਹ ਗੱਲ ਉਨ੍ਹਾਂ ਲਈ ਮਾੜੀ ਹੈ। ਉਹ ਕਹਿੰਦੇ ਹਨ,''ਪਹਿਲਾਂ, ਮੈਂ ਹਰ ਰੋਜ਼ ਛੇ ਲੀਟਰ ਮੱਝ ਦਾ ਦੁੱਧ ਪੀਂਦਾ ਸਾਂ, 50 ਬਦਾਮ ਖਾਂਦਾ, 12 ਕੇਲੇ ਅਤੇ ਦੋ ਆਂਡੇ ਖਾਂਦਾ ਸਾਂ: ਇਹਦੇ ਨਾਲ਼ ਹੀ ਹਫ਼ਤੇ ਵਿੱਚ ਇੱਕ ਦਿਨ ਛੱਡ ਕੇ ਦੂਜੇ ਦਿਨ ਮੀਟ ਵੀ ਖਾਂਦਾ ਸਾਂ।'' ਹੁਣ ਉਹ ਇੰਨਾ ਸਾਰਾ ਕੁਝ ਸੱਤ ਦਿਨ ਜਾਂ ਕਦੇ ਕਦੇ ਉਸ ਤੋਂ ਵੱਧ ਦਿਨ ਲਾ ਕੇ ਖਾਂਦੇ ਹਨ, ਇਸ ਲਈ ਉਨ੍ਹਾਂ ਦਾ ਭਾਰ ਘੱਟ ਕੇ 61 ਕਿਲੋ ਹੋ ਗਿਆ ਹੈ।
''ਭਲਵਾਨ ਨੂੰ ਆਪਣਾ ਭਾਰ ਘਟਣ ਨਹੀਂ ਦੇਣਾ ਚਾਹੀਦਾ। ਇਹ ਗੱਲ ਤੁਹਾਨੂੰ ਕਮਜ਼ੋਰ ਬਣਾ ਛੱਡੇਗੀ ਅਤੇ ਕੁਸ਼ਤੀ ਕਰਨ ਵੇਲ਼ੇ ਤੁਸੀਂ ਆਪਣੇ ਬਿਹਤਰੀਨ ਦਾਅਪੇਚ ਨਹੀਂ ਲਾ ਸਕਦੇ। ਸਾਡੀ ਖ਼ੁਰਾਕ (ਡਾਇਟ) ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਟ੍ਰੇਨਿੰਗ,'' ਕੋਲ੍ਹਾਪੁਰ ਜ਼ਿਲ੍ਹੇ ਦੇ ਜੂਨੇ ਪਰਗਾਓਂ ਦੇ 25 ਸਾਲਾ ਭਲਵਾਨ ਬਜਰੰਗ ਕਹਿੰਦੇ ਹਨ। ਪੱਛਮੀ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਦੇ ਕਈ ਦੂਸਰੇ ਭਲਵਾਨਾਂ ਵਾਂਗਰ, ਬਜਰੰਗ ਵੀ ਆਪਣੀ ਬਿਹਤਰੀਨ ਖ਼ੁਰਾਕ ਪੂਰੀ ਕਰਨ ਲਈ, ਲੰਬੇ ਸਮੇਂ ਤੋਂ ਮਿੱਟੀ ਵਿੱਚ ਹੋਣ ਵਾਲ਼ੀ ਕੁਸ਼ਤੀ ਦੇ ਮੁਕਾਬਲਿਆਂ-ਲਾਲ ਮਿੱਟੀ ਵਿੱਚ ਓਪਨ-ਏਅਰ ਮੈਚਾਂ ਤੋਂ ਮਿਲ਼ਣ ਵਾਲੇ ਪੁਰਸਕਾਰ ਦੇ ਪੈਸਿਆਂ 'ਤੇ ਨਿਰਭਰ ਰਹੇ ਹਨ।
ਪਰ, ਬਜਰੰਗ ਨੂੰ ਕੋਲ੍ਹਾਪੁਰ ਦੇ ਦੋਨੋਲੀ ਪਿੰਡ ਵਿਖੇ ਆਖ਼ਰੀ ਮੁਕਾਬਲਾ ਲੜਿਆਂ 500 ਤੋਂ ਵੱਧ ਦਿਨ ਲੰਘ ਚੁੱਕੇ ਹਨ। ਉਹ ਕਹਿੰਦੇ ਹਨ,''ਭਾਵੇਂ ਮੈਨੂੰ ਸੱਟ ਹੀ ਕਿਉਂ ਨਾ ਲੱਗੀ ਹੁੰਦੀ ਤਾਂ ਵੀ ਮੈਂ ਇੰਨੇ ਦਿਨ ਛੁੱਟੀ ਨਹੀਂ ਸਾਂ ਲੈਂਦਾ।''
ਮਾਰਚ 2020 ਤੋਂ ਬਾਅਦ ਤੋਂ ਕੁਸ਼ਤੀ ਦੇ ਮੁਕਾਬਲੇ ਵੀ ਬੰਦ ਹੋ ਗਏ। ਜਦੋਂ ਤਾਲਾਬੰਦੀ ਸ਼ੁਰੂ ਹੋਈ ਤਾਂ ਪੂਰੇ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਜਾਤਰਾਵਾਂ (ਮੇਲਿਆਂ) 'ਤੇ ਰੋਕ ਲਾ ਦਿੱਤੀ ਗਈ ਸੀ ਅਤੇ ਇਹ ਰੋਕ ਹਾਲੇ ਤੱਕ ਜਾਰੀ ਹੈ।
ਕੋਵਿਡ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਕੁਸ਼ਤੀ ਦੇ ਸੀਜ਼ਨ ਵਿੱਚ, ਬਜਰੰਗ ਨੇ ਪੱਛਮੀ ਮਹਾਰਾਸ਼ਟਰ ਅਤੇ ਉੱਤਰੀ ਕਰਨਾਟਕ ਦੇ ਪਿੰਡਾਂ ਵਿੱਚ ਹੋਈ ਅੱਡੋ-ਅੱਡ ਮੁਕਾਬਲਿਆਂ ਵਿੱਚ ਕੁੱਲ 150,000 ਰੁਪਏ ਜਿੱਤੇ ਸਨ। ਉਸ ਸਾਲ ਇਹੀ ਉਨ੍ਹਾਂ ਦੀ ਆਮਦਨੀ ਦਾ ਵਸੀਲਾ ਰਿਹਾ। ਉਹ ਕਹਿੰਦੇ ਹਨ,''ਇੱਕ ਚੰਗਾ ਭਲਵਾਨ ਇੱਕ ਸੀਜ਼ਨ ਵਿੱਚ ਘੱਟੋ-ਘੱਟ 150 ਮੈਚ ਲੜ ਸਕਦਾ ਹੈ।'' ਕੁਸ਼ਤੀ ਦਾ ਸੀਜ਼ਨ ਅਕਤੂਬਰ ਦੇ ਅੰਤ ਤੱਕ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ-ਮਈ (ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ) ਤੱਕ ਚੱਲਦਾ ਰਹਿੰਦਾ ਹੈ। ਬਜਰੰਗ ਦੇ 51 ਸਾਲਾ ਉਸਤਾਦ (ਕੋਚ) ਮਾਰੂਤੀ ਮਾਨੇ ਕਹਿੰਦੇ ਹਨ,''ਨੌਸਿਖੀਆ ਭਲਵਾਨ ਇੱਕ ਸੀਜ਼ਨ ਵਿੱਚ 50,000 ਰੁਪਏ ਕਮਾ ਸਕਦੇ ਹਨ, ਜਦੋਂਕਿ ਸੀਨੀਅਰ ਭਲਵਾਨ ਇੱਸ ਸੀਜ਼ਨ ਦਾ 20 ਲੱਖ ਤੱਕ ਕਮਾ ਲੈਂਦੇ ਹਨ।''
ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ, ਹਾਤਕਣੰਗਲੇ ਤਾਲੁਕਾ ਦੇ ਜੂਨੇ ਪਰਾਗਾਓਂ ਪਿੰਡ ਦੇ ਬਜਰੰਗ ਅਤੇ ਹੋਰਨਾਂ ਭਲਵਾਨਾਂ ਨੂੰ ਇੱਕ ਝਟਕਾ ਲੱਗ ਚੁੱਕਿਆ ਸੀ, ਜਦੋਂ ਅਗਸਤ 2019 ਨੂੰ ਪੱਛਮੀ ਮਹਾਰਾਸ਼ਟਰ ਅਤੇ ਕੋਂਕਣ ਇਲਾਕੇ ਦੇ ਕੁਝ ਹਿੱਸੇ ਹੜ੍ਹ ਦੀ ਮਾਰ ਹੇਠ ਸਨ। ਜੂਨੇ (ਪੁਰਾਣਾ) ਪਰਗਾਓਂ ਅਤੇ ਉਸ ਦੇ ਨਾਲ਼ ਲੱਗਦਾ ਪਰਗਾਓਂ ਪਿੰਡ, ਜੋ ਵਰਨਾ ਨਦੀ ਦੇ ਉੱਤਰੀ ਤਟ ਦੇ ਕੋਲ਼ ਸਥਿਤ ਹਨ, ਦੋਵੇਂ ਪਿੰਡ ਤਿੰਨ ਦਿਨਾਂ ਦੇ ਮੀਂਹ ਵਿੱਚ ਹੀ ਡੁੱਬ ਗਏ ਸਨ। ਦੋਵਾਂ ਪਿੰਡਾਂ ਦੀ ਕੁੱਲ ਵਸੋਂ 13,130 (ਮਰਦਮਸ਼ੁਮਾਰੀ 2011) ਹੈ।
ਜੂਨ ਪਰਗਾਓਂ ਵਿੱਚ ਸਥਿਤ ਜੈ ਹਨੂਮਾਨ ਅਖਾੜਾ, ਜਿਹਦੇ ਬਾਰੇ ਮਾਰੂਤੀ ਮਾਨੇ ਦਾ ਅੰਦਾਜ਼ਾ ਹੈ ਕਿ ਇਹ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਅਖਾੜਾ ਹੈ, ਪਾਣੀ ਵਿੱਚ ਸਮਾ ਗਿਆ। ਇੱਥੇ ਅਤੇ ਨੇੜੇ-ਤੇੜੇ ਦੇ ਪਿੰਡਾਂ ਦੇ 50 ਤੋਂ ਵੱਧ ਭਲਵਾਨਾਂ (ਸਾਰੇ ਪੁਰਖਾਂ) ਨੇ ਸਾਂਗਲੀ ਜ਼ਿਲ੍ਹੇ ਤੋਂ 27,000 ਕਿਲੋ ਤਾਂਬੜੀ ਮਾਟੀ (ਲਾਲ ਮਿੱਟੀ) ਇੱਕ ਟਰੱਕ ਰਾਹੀਂ ਮੰਗਵਾਉਣ ਵਿੱਚ ਯੋਗਦਾਨ ਦਿੱਤਾ, ਜਿਹਨੂੰ 23x20 ਫੁੱਟ ਦੇ ਟ੍ਰੇਨਿੰਗ ਹਾਲ ਵਿੱਚ ਕੁਸ਼ਤੀ ਲਈ ਪੰਜ ਫੁੱਟ ਡੂੰਘੀ ਥਾਂ ਬਣਾਉਣ ਲਈ ਲਿਆਂਦਾ ਗਿਆ ਸੀ। ਇਸ ਵਿੱਚ ਉਨ੍ਹਾਂ ਦੇ 50,000 ਰੁਪਏ ਲੱਗੇ ਸਨ।
ਹਾਲਾਂਕਿ, ਤਾਲਾਬੰਦੀ ਵਿੱਚ ਲੱਗੀਆਂ ਪਾਬੰਦੀਆਂ ਨੇ ਪੂਰੇ ਮਹਾਰਾਸ਼ਟਰ ਦੇ ਨਾਲ਼-ਨਾਲ਼, ਤਾਲੀਮ ਜਾਂ ਅਖਾੜੇ ਵੀ ਬੰਦ ਪਏ ਸਨ। ਇਹਦਾ ਅਸਰ ਬਜਰੰਗ ਤੋਂ ਇਲਾਵਾ ਕਈ ਦੂਸਰੇ ਭਲਵਾਨਾਂ ਦੀ ਟ੍ਰੇਨਿੰਗ 'ਤੇ ਵੀ ਪਿਆ। ਟ੍ਰੇਨਿੰਗ ਅਤੇ ਮੁਕਾਬਲਿਆਂ ਦਰਮਿਆਨ ਵੱਧਦੇ ਅੰਤਰ ਨੇ ਉਨ੍ਹਾਂ ਵਿੱਚੋਂ ਕਈ ਭਲਵਾਨਾਂ ਨੂੰ ਦੂਸਰੇ ਕੰਮਾਂ ਦੀ ਭਾਲ਼ ਕਰਨ ਲਈ ਮਜ਼ਬੂਰ ਹੋਣਾ ਪਿਆ।
ਜੂਨ, 2021 ਵਿੱਚ ਬਜਰੰਗ ਨੇ ਵੀ ਆਪਣੇ ਘਰੋਂ 20 ਕਿਲੋਮੀਟਰ ਦੂਰ ਸਥਿਤ ਇੱਕ ਆਟੋਮੋਬਾਇਲ ਪਾਰਟਸ ਫ਼ੈਕਟਰੀ ਵਿੱਚ ਮਜ਼ਦੂਰ ਦੀ ਨੌਕਰੀ ਕਰ ਲਈ। ਉਹ ਕਹਿੰਦੇ ਹਨ,''ਮੈਨੂੰ ਹਰ ਮਹੀਨੇ 10,000 ਰੁਪਏ ਮਿਲ਼ਦੇ ਹਨ ਅਤੇ ਮੈਨੂੰ ਮੇਰੀ ਖ਼ੁਰਾਕ (ਡਾਇਟ) ਵਾਸਤੇ ਘੱਟ ਤੋਂ ਘੱਟ 7000 ਰੁਪਏ ਚਾਹੀਦੇ ਹੁੰਦੇ ਹਨ। ਉਨ੍ਹਾਂ ਦੇ ਕੋਚ ਮਾਰੂਤੀ ਮਾਨੇ ਮੁਤਾਬਕ, ਸਿਖਰਲੇ ਭਲਵਾਨਾਂ ਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ 'ਤੇ 1,000 ਰੁਪਏ ਤੱਕ ਖਰਚਣੇ ਪੈਂਦੇ ਹਨ। ਆਪਣੀਆਂ ਲੋੜਾਂ ਨੂੰ ਪੂਰੀ ਨਾ ਕਰ ਸਕਣ ਕਾਰਨ ਕਰਕੇ ਬਜਰੰਗ ਨੇ ਅਗਸਤ 2020 ਤੋਂ ਬਾਅਦ ਆਪਣੀ ਖ਼ੁਰਾਕ ਘੱਟ ਕਰ ਦਿੱਤੀ ਅਤੇ ਉਨ੍ਹਾਂ ਦਾ ਵਜ਼ਨ ਘੱਟ ਹੋਣਾ ਸ਼ੁਰੂ ਹੋ ਗਿਆ।
'ਕੋਈ ਵੀ ਭਲਵਾਨ ਹੁਣ ਘੱਟੋ ਤੋਂ ਘੱਟ ਦੋ ਮਹੀਨਿਆਂ ਤੀਕਰ ਟ੍ਰੇਨਿੰਗ ਨਹੀਂ ਕਰ ਸਕਦਾ', ਕੋਚ ਮਾਨੇ ਦਾ ਕਹਿਣਾ ਹੈ। 'ਸਭ ਤੋਂ ਪਹਿਲਾਂ, ਪੂਰੀ ਮਿੱਟੀ (ਗਾਰੇ) ਨੂੰ ਇੱਕ ਮਹੀਨੇ ਤੱਕ ਸੁੱਕਣ ਲਈ ਛੱਡਣਾ ਹੋਵੇਗਾ'
ਖੇਤ ਮਜ਼ਦੂਰ ਪਿਤਾ ਦੇ ਸਾਲ 2013 ਵਿੱਚ ਮੌਤ ਹੋ ਜਾਣ ਬਾਅਦ, ਬਜਰੰਗ ਨੇ ਕਈ ਅੱਡੋ-ਅੱਡ ਨੌਕਰੀਆਂ ਕੀਤੀਆਂ। ਕੁਝ ਸਮੇਂ ਲਈ ਉਨ੍ਹਾਂ ਨੇ ਇੱਕ ਲੋਕਲ ਮਿਲਕ ਕੋਅਪਰੇਟਿਵ ਵਿੱਚ ਪੈਕੇਜਿੰਗ ਦਾ ਕੰਮ ਕੀਤਾ ਜਿਹਦੇ ਲਈ ਉਨ੍ਹਾਂ ਨੂੰ 150 ਰੁਪਏ ਦਿਹਾੜੀ ਮਿਲ਼ਦੀ ਸੀ ਅਤੇ ਕਾਫ਼ੀ ਸਾਰਾ ਦੁੱਧ ਵੀ ਮਿਲ਼ ਜਾਇਆ ਕਰਦਾ।
ਉਨ੍ਹਾਂ ਦੀ 50 ਸਾਲਾ ਮਾਂ ਪੁਸ਼ਪਾ ਨੇ ਅਖਾੜਿਆਂ ਦੇ ਉਨ੍ਹਾਂ ਦੇ ਸਫ਼ਰ ਵਿੱਚ ਸਾਥ ਦਿੱਤਾ- ਜੋ ਉਨ੍ਹਾਂ ਨੇ 12 ਸਾਲ ਤੋਂ ਵੀ ਘੱਟ ਉਮਰ ਤੋਂ ਸਥਾਨਕ ਮੁਕਾਬਲਿਆਂ ਤੋਂ ਸ਼ੁਰੂਆਤ ਕੀਤੀ ਸੀ। ਉਹ ਦੱਸਦੀ ਹਨ,''ਮੈਂ ਬਤੌਰ ਖੇਤ ਮਜ਼ਦੂਰ ਕੰਮ ਕਰਕੇ (6 ਘੰਟਿਆਂ ਬਦਲੇ 100 ਰੁਪਏ ਦਿਹਾੜੀ) ਉਹਨੂੰ ਭਲਵਾਨ ਬਣਾ ਦਿੱਤਾ। ਪਰ ਹੁਣ ਇਹ ਕੰਮ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਆਉਂਦੇ ਹੜ੍ਹਾਂ (ਬਾਰ-ਬਾਰ) ਕਾਰਨ ਖੇਤਾਂ ਵਿੱਚ ਕੋਈ ਕੰਮ ਬਚਿਆ ਹੀ ਨਹੀਂ।''
ਮਜ਼ਦੂਰ ਦੇ ਰੂਪ ਵਿੱਚ ਬਜਰੰਗ ਨੂੰ ਨਵੀਂ ਨੌਕਰੀ ਵਿੱਚ ਲੱਕ-ਤੋੜਵੀਂ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਕਾਰਨ ਕਰਕੇ ਉਹ ਆਪਣੇ ਰੋਜ਼ਮੱਰਾ ਦੀ ਲੋੜੀਂਦੀ ਕਸਰਤ ਵਾਸਤੇ ਸਮਾਂ ਵੀ ਨਾ ਕੱਢ ਪਾਉਂਦੇ। ਉਹ ਕਹਿੰਦੇ ਹਨ,''ਕੁਝ ਦਿਨ ਅਜਿਹੇ ਵੀ ਹੁੰਦੇ ਜਦੋਂ ਮੇਰੇ ਤਲੀਮ ਜਾਣ ਦਾ ਭੋਰਾ ਮਨ ਨਹੀਂ ਕਰਦਾ।'' ਹਾਲਾਂਕਿ 2020 ਤੋਂ ਅਜਿਹੇ ਹਾਲ ਵੀ ਬੰਦ ਹਨ, ਪਰ ਕੁਝ ਭਲਵਾਨ ਕਦੇ-ਕਦਾਈਂ ਅੰਦਰ ਹੀ ਟ੍ਰੇਨਿੰਗ ਕਰਦੇ ਰਹਿੰਦੇ ਹਨ।
ਹਾਲ ਦਾ ਪੂਰਾ ਇੱਕ ਸਾਲ ਘੱਟ ਇਸਤੇਮਾਲ ਹੋਣ ਤੋਂ ਬਾਅਦ, ਮਈ 2021 ਵਿੱਚ ਭਲਵਾਨਾਂ ਨੇ ਮਿੱਟੀਆਂ ਦੀਆਂ ਪਰਤਾਂ ਵਿਛਾ ਵਿਛਾ ਕੇ ਅਖਾੜੇ ਨੂੰ ਫਿਰ ਤੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਲ ਮਿੱਟੀ ਅੰਦਰ 520 ਲੀਟਰ ਮੱਝ ਦਾ ਦੁੱਧ, 300 ਕਿਲੋ ਹਲਦੀ ਪਾਊਡਰ, 15 ਕਿਲੋਗ੍ਰਾਮ ਪੀਸਿਆ ਹੋਇਆ ਕਪੂਰ, ਲਗਭਗ 2,500 ਨਿੰਬੂਆਂ ਦਾ ਰਸ, 150 ਕਿਲੋ ਲੂਣ, 180 ਲੀਟਰ ਖਾਣਾ ਪਕਾਉਣ ਵਾਲ਼ਾ ਤੇਲ ਅਤੇ 50 ਲੀਟਰ ਨਿੰਮ ਦਾ ਪਾਣੀ ਰਲ਼ਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮਿਸ਼ਰਣ ਭਲਵਾਨਾਂ ਨੂੰ ਇਨਫ਼ੈਕਸ਼ਨ, ਫੱਟਾਂ ਅਤੇ ਵੱਡੀਆਂ ਸੱਟਾਂ ਤੋਂ ਬਚਾਉਂਦਾ ਹੈ। ਇਸ 'ਤੇ ਆਏ ਖਰਚੇ ਵਾਸਤੇ ਵੀ ਭਲਵਾਨਾਂ ਨੇ ਆਪਸ ਵਿੱਚ ਹੀ ਯੋਗਦਾਨ ਕੀਤਾ ਸੀ ਅਤੇ ਖੇਡ ਦੇ ਕੁਝ ਸਥਾਨਕ ਸਮਰਥਕਾਂ ਦੀ ਮਦਦ ਨਾਲ਼ 100,000 ਰੁਪਏ ਇਕੱਠੇ ਕੀਤੇ ਗਏ ਸਨ।
ਮੁਸ਼ਕਲ ਨਾਲ਼ ਅਜੇ ਦੋ ਮਹੀਨੇ ਹੀ ਬੀਤੇ ਹੋਣੇ ਕਿ 23 ਜੁਲਾਈ ਨੂੰ ਉਨ੍ਹਾਂ ਦਾ ਪਿੰਡ ਦੋਬਾਰਾ ਮੀਂਹ ਅਤੇ ਹੜ੍ਹ ਦੇ ਪਾਣੀ ਨਾਲ਼ ਭਰ ਗਿਆ। ਬਜਰੰਗ ਕਹਿੰਦੇ ਹਨ,''2019 ਵਿੱਚ ਤਾਲੀਮ ਅੰਦਰ ਪਾਣੀ ਘੱਟ ਤੋਂ ਘੱਟ 10 ਫੁੱਟ ਸੀ ਅਤੇ ਸਾਲ 2021 ਵਿੱਚ ਇਹ 14 ਫੁੱਟ ਤੋਂ ਪਾਰ ਹੋ ਗਿਆ। ਅਸੀਂ (ਦੋਬਾਰਾ) ਪੈਸਾ ਇਕੱਠਾ ਨਹੀਂ ਕਰ ਸਕਦੇ, ਇਸਲਈ ਮੈਂ ਪੰਚਾਇਤ ਕੋਲ਼ ਗਿਆ ਪਰ ਕੋਈ ਵੀ ਮਦਦ ਵਾਸਤੇ ਅੱਗੇ ਨਾ ਆਇਆ,'' ਬਜਰੰਗ ਕਹਿੰਦੇ ਹਨ।
''ਕੋਚ ਮਾਨੇ ਕਹਿੰਦੇ ਹਨ,''ਕੋਈ ਵੀ ਭਲਵਾਨ ਹੁਣ ਘੱਟ ਤੋਂ ਘੱਟ ਦੋ ਮਹੀਨਿਆਂ ਤੱਕ ਟ੍ਰੇਨਿੰਗ ਨਹੀਂ ਕਰ ਸਕਦਾ। ਪਹਿਲਾਂ, ਪੂਰੀ ਮਿੱਟੀ (ਚਿੱਕੜ) ਨੂੰ ਇੱਕ ਮਹੀਨੇ ਤੱਕ ਸੁੱਕਣ/ਸੁਕਾਉਣ ਦੀ ਲੋੜ ਹੋਵੇਗੀ। ਉਹਦੇ ਬਾਅਦ ਉਨ੍ਹਾਂ ਨੂੰ ਕਾਫ਼ੀ ਸਾਰੀ ਨਵੀਂ ਮਿੱਟੀ ਖਰੀਦਣੀ ਪਵੇਗੀ।''
ਇਹ ਵਕਫ਼ਾ ਵੱਧਦਾ ਹੀ ਚਲਾ ਜਾਵੇਗਾ। ਸਚਿਨ ਪਾਟਿਲ ਕਹਿੰਦੇ ਹਨ,''ਜੇ ਤੁਸੀਂ ਇੱਕ ਦਿਨ ਦੀ ਵੀ ਟ੍ਰੇਨਿੰਗ ਮਿਸ ਕਰਦੇ ਹੋ ਤਾਂ ਤੁਸੀਂ ਅੱਠ ਦਿਨ ਪਿਛਾਂਹ ਧੱਕੇ ਜਾਂਦੇ ਹੋ,'' 29 ਸਾਲਾ ਸਚਿਨ ਕੇਸਰੀ ਕਹਿੰਦੇ ਹਨ, ਜੋ ਕੇਸਰੀ ਦੇ ਪ੍ਰਸਿੱਧੀ ਪ੍ਰਾਪਤ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ। ਇਹ ਟੂਰਨਾਮੈਂਟ ਮਹਾਰਾਸ਼ਟਰ ਰਾਜ ਕੁਸ਼ਤੀ ਸੰਘ ਦੁਆਰਾ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਮ ਤੌਰ 'ਤੇ ਨਵੰਬਰ-ਦਸੰਬਰ ਵਿੱਚ ਅਯੋਜਿਤ ਕੀਤਾ ਜਾਂਦਾ ਹੈ। ਫਰਵਰੀ 2020 ਵਿੱਚ ਉਨ੍ਹਾਂ ਨੇ ਹਰਿਆਣਾ ਵਿੱਚ ਸੱਤ ਮੁਕਾਬਲੇ ਜਿੱਤੇ ਸਨ। ਉਹ ਕਹਿੰਦੇ ਹਨ,''ਇਹ ਕੁਸ਼ਤੀ ਦਾ ਇੱਕ ਚੰਗਾ ਸੀਜ਼ਨ ਸੀ ਅਤੇ ਮੈਂ 25,000 ਰੁਪਏ ਕਮਾਏ ਸਨ।''
ਸਚਿਨ ਪਿਛਲੇ ਚਾਰ ਸਾਲਾਂ ਤੋਂ ਬਤੌਰ ਖੇਤ ਮਜ਼ਦੂਰ ਕੰਮ ਕਰ ਰਹੇ ਹਨ, ਕਦੇ-ਕਦਾਈਂ ਖੇਤਾਂ ਵਿੱਚ ਰਸਾਇਣ ਛਿੜਕਾਅ ਦਾ ਕੰਮ ਵੀ ਕਰਦੇ ਹਨ, ਅਤੇ ਲਗਭਗ 6,000 ਰੁਪਏ ਹਰ ਮਹੀਨੇ ਕਮਾਉਂਦੇ ਹਨ। ਕੁਝ ਸਮੇਂ ਲਈ ਉਨ੍ਹਾਂ ਨੂੰ ਕੋਲ੍ਹਾਪੁਰ ਜ਼ਿਲ੍ਹੇ ਵਿਖੇ ਸਥਿਤ ਵਰਾਨਾ ਸ਼ੂਗਰ ਕੋਅਪਰੇਟਿਵ ਪਾਸੋਂ ਕੁਝ ਮਦਦ ਮਿਲ਼ੀ ਸੀ, ਜਿਹਦੇ ਤਹਿਤ ਉਨ੍ਹਾਂ ਨੂੰ ਹਰ ਮਹੀਨੇ 1,000 ਰੁਪਏ ਭੱਤਾ, ਹਰ ਦਿਨ ਇੱਕ ਲੀਟਰ ਦੁੱਧ ਅਤੇ ਰਹਿਣ ਲਈ ਥਾਂ ਦਿੱਤੀ ਗਈ ਸੀ। (ਕਦੇ-ਕਦੇ, ਚੰਗੇ ਟ੍ਰੈਕ ਰਿਕਾਰਡ ਰੱਖਣ ਵਾਲ਼ੇ ਨੌਜਵਾਨ ਭਲਵਾਨਾਂ ਨੂੰ ਰਾਜ ਦੇ ਮਿਲਕ ਅਤੇ ਸ਼ੂਗਰ ਕੋਅਪਰੇਟਿਵ ਕਮੇਟੀਆਂ ਪਾਸੋਂ ਅਜਿਹੀ ਮਦਦ ਮਿਲ਼ ਜਾਂਦੀ ਹੈ, ਜਿਵੇਂ 2014 ਤੋਂ 2017 ਤੱਕ ਬਜਰੰਗ ਨੂੰ ਮਦਦ ਮਿਲ਼ੀ ਸੀ।)
ਮਾਰਚ 2020 ਤੋਂ ਪਹਿਲਾਂ, ਉਹ ਹਰ ਰੋਜ਼ ਸਵੇਰੇ 4:30 ਵਜੇ ਤੋਂ 9 ਵਜੇ ਤੱਕ ਅਤੇ ਦੋਬਾਰਾ ਸ਼ਾਮੀਂ 5:30 ਵਜੇ ਤੋਂ ਬਾਅਦ ਟ੍ਰੇਨਿੰਗ ਲੈਂਦੇ ਸਨ। ਕੋਚ ਮਾਨੇ ਕਹਿੰਦੇ ਹਨ,''ਪਰ ਉਹ ਤਾਲਾਬੰਦੀ ਵਿੱਚ ਟ੍ਰੇਨਿੰਗ ਨਹੀਂ ਲੈ ਸਕੇ ਅਤੇ ਹੁਣ ਇਹਦਾ ਅਸਰ ਦਿਖਾਈ ਦੇ ਰਿਹਾ ਹੈ।'' ਉਨ੍ਹਾਂ ਦਾ ਮੰਨਣਾ ਹੈ ਕਿ ਭਲਵਾਨਾਂ ਨੂੰ ਮੁਕਾਬਲਿਆਂ ਵਿੱਚ ਵਾਪਸੀ ਕਰਨ ਤੋਂ ਪਹਿਲਾਂ ਸਮਰੱਥ ਹੋਣ ਲਈ ਘੱਟ ਤੋਂ ਘੱਟ ਚਾਰ ਮਹੀਨਿਆਂ ਦੇ ਸਖ਼ਤ ਟ੍ਰੇਨਿੰਗ ਲੈਣੀ ਹੋਵੇਗੀ। ਸਚਿਨ ਨੂੰ ਹਾਲਾਂਕਿ ਡਰ ਹੈ ਕਿ ਸਾਲ 2019 ਦੇ ਅੱਧ ਤੋਂ ਬਾਅਦ ਤੋਂ ਲੈ ਕੇ ਅਗਲੇ ਦੋ ਸਾਲਾਂ ਦੇ ਅੰਦਰ ਦੋ ਵਾਰੀ ਆਏ ਹੜ੍ਹ ਅਤੇ ਕੋਵਿਡ ਮਹਾਂਮਾਰੀ ਕਾਰਨ, ਉਹ ਕੁਸ਼ਤੀ ਦਾ ਆਪਣਾ ਸਭ ਤੋਂ ਬਿਹਤਰੀਨ ਦੌਰ ਹੱਥੋਂ ਖੁਸਾ ਚੁੱਕੇ ਹਨ।
''ਤੁਸੀਂ 25 ਤੋਂ 30 ਸਾਲ ਦੀ ਉਮਰ ਵਿਚਕਾਰ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਹੋ, ਇਸ ਤੋਂ ਬਾਅਦ ਕੁਸ਼ਤੀ ਜਾਰੀ ਰੱਖਣਾ ਮੁਸ਼ਕਲ ਹੋ ਜਾਂਦਾ ਹੈ,'' ਮਾਨੇ ਕਹਿੰਦੇ ਹਨ ਜੋ ਖ਼ੁਦ 20 ਸਾਲਾਂ ਤੋਂ ਵੱਧ ਸਮੇਂ ਤੱਕ ਕੁਸ਼ਤੀ ਲੜ ਚੁੱਕੇ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਇੱਕ ਲੋਕਲ ਪ੍ਰਾਈਵੇਟ ਹਸਪਤਾਲ ਵਿਖੇ ਬਤੌਰ ਸਿਕਊਰਿਟੀ ਗਾਰਡ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ,''ਪਿੰਡ ਦੇ ਇੱਕ ਭਲਵਾਨ ਦਾ ਜੀਵਨ ਸੰਘਰਸ਼ ਅਤੇ ਦੁਖਾਂ ਨਾਲ਼ ਭਰਿਆ ਹੁੰਦਾ ਹੈ। ਇੱਥੋਂ ਤੱਕ ਕਿ ਕੁਝ ਬਿਹਤਰੀਨ ਭਲਵਾਨ ਵੀ ਮਜ਼ਦੂਰ ਵਾਂਗਰ ਕੰਮ ਕਰ ਰਹੇ ਹਨ।''
ਕਦੇ ਬੇਹਦ ਹਰਮਨਪਿਆਰੀ ਰਹਿ ਚੁੱਕੀ ਕੁਸ਼ਤੀ ਦੀ ਖੇਡ ਹੁਣ ਆਪਣੇ ਨਿਘਾਰ ਵੱਲ ਜਾ ਰਹੀ ਹੈ, ਇਨ੍ਹਾਂ ਰੁਕਾਵਟਾਂ ਦੇ ਕਾਰਨ ਇਹ ਖੇਡ ਹੋਰ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਮਹਾਰਾਸ਼ਟਰ ਵਿੱਚ ਓਪਨ-ਏਅਰ ਕੁਸ਼ਤੀ ਨੂੰ ਰਾਜਾ ਅਤੇ ਸਮਾਜ ਸੁਧਾਰਕ ਰਹੇ ਸ਼ਾਹੂ ਮਹਾਰਾਜ (1890ਵਿਆਂ ਦੇ ਅਖ਼ੀਰਲੇ ਦੌਰ ਦੀ ਸ਼ੁਰੂਆਤ ਵੇਲ਼ੇ) ਨੇ ਹਰਮਨਪਿਆਰਾ ਬਣਾ ਦਿੱਤਾ ਸੀ। ਪਿੰਡਾਂ ਵਿੱਚ ਅਫ਼ਗਾਨਿਸਤਾਨ, ਇਰਾਨ, ਪਾਕਿਸਤਾਨ, ਤੁਰਕੀ ਅਤੇ ਕੁਝ ਅਫ਼ਰੀਕੀ ਦੇਸ਼ਾਂ ਦੇ ਭਲਵਾਨਾਂ ਦੀ ਕਾਫ਼ੀ ਮੰਗ ਰਹਿੰਦੀ ਸੀ। (ਪੜ੍ਹੋ: ਕੁਸ਼ਤੀ: ਦਿ ਸੇਕੂਲਰ ਐਂਡ ਦਿ ਸਿੰਕ੍ਰੇਟਿਕ )
''ਇੱਕ ਦਹਾਕਾ ਪਹਿਲਾਂ, ਜੂਨ ਪਰਗਾਓਂ ਵਿੱਚ ਘੱਟ ਤੋਂ ਘੱਟ 100 ਭਲਵਾਨ ਸਨ। ਜੋ ਘੱਟ ਕੇ ਹੁਣ 55 ਹੀ ਰਹਿ ਗਏ ਹਨ। ਲੋਕਾਂ ਦੇ ਕੋਲ਼ ਟ੍ਰੇਨਿੰਗ ਲਈ ਪੈਸੇ ਨਹੀਂ ਹਨ,'' ਮਾਰੂਤੀ ਕਹਿੰਦੇ ਹਨ ਜੋ ਧਨਗਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। ਮਾਨੇ ਘੁਨਕੀ, ਕਿਨੀ, ਨੀਲੇਵਾੜੀ ਅਤੇ ਪਰਗਾਓਂ ਅਤੇ ਜੂਨੇ ਪਰਗਾਓਂ ਦੇ ਵਿਦਿਆਰਥੀਆਂ ਨੂੰ ਬਗ਼ੈਰ ਫ਼ੀਸ ਲਏ ਹੀ ਟ੍ਰੇਨਿੰਗ ਦਿੰਦੇ ਹਨ।
ਕੁਸ਼ਤੀ ਵਿੱਚ ਜਿੱਤੀਆਂ ਉਨ੍ਹਾਂ ਦੀਆਂ ਟ੍ਰਾਫ਼ੀਆਂ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਬਚੀਆਂ ਹਨ ਅਤੇ ਅਖਾੜੇ ਦੀ ਉੱਚੀ ਸੈਲਫ਼ 'ਤੇ ਸੱਜੀਆਂ ਹੋਈਆਂ ਹਨ। ਹੜ੍ਹ ਬਾਰੇ ਦੱਸਦਿਆਂ ਉਹ ਕਹਿੰਦੇ ਹਨ,''23 ਜੁਲਾਈ (2021) ਨੂੰ ਅਸੀਂ ਰਾਤੀਂ 2 ਵਜੇ ਆਪਣੇ ਘਰੋਂ ਨਿਕਲ਼ੇ ਅਤੇ ਨੇੜਲੇ ਇੱਕ ਖੇਤ ਵਿੱਚ ਗਏ। ਪਾਣੀ ਤੇਜ਼ੀ ਨਾਲ਼ ਵੱਧਣ ਲੱਗਿਆ ਅਤੇ ਇੱਕੋ ਹੀ ਦਿਨ ਵਿੱਚ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ। ਮਾਨੇ ਪਰਿਵਾਰ ਨੇ ਆਪਣੀਆਂ ਛੇ ਬੱਕਰੀਆਂ ਅਤੇ ਇੱਕ ਮੱਝ ਬਚਾ ਕੇ ਬਾਹਰ ਕੱਢ ਲਈ, ਪਰ 25 ਮੁਰਗੀਆਂ ਨਾ ਬਚਾ ਸਕੇ। 28 ਜੁਲਾਈ ਨੂੰ ਹੜ੍ਹ ਦਾ ਪਾਮੀ ਘੱਟ ਹੋਣ ਤੋਂ ਬਾਅਦ, ਮਾਰੂਤੀ ਸਭ ਤੋਂ ਪਹਿਲਾਂ ਕਰੀਬ 20 ਭਲਵਾਨਾਂ ਦੇ ਨਾਲ਼ ਅਖਾੜੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਗਏ।
ਹੁਣ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਇਹਦਾ ਨੌਜਵਾਨ ਪੀੜ੍ਹੀ ਦੇ ਭਲਵਾਨਾਂ 'ਤੇ ਕੀ ਅਸਰ ਪਵੇਗਾ। ਦੋ ਸਾਲ (2018-19) ਦਰਮਿਆਨ, ਸਾਂਗਲੀ ਜ਼ਿਲ੍ਹੇ ਦੇ ਬੀਏ ਦੇ ਵਿਦਿਆਰਥੀ 20 ਸਾਲਾ ਮਯੂਰ ਬਾਗੜੀ ਨੇ 10 ਤੋਂ ਵੱਧ ਮੁਕਾਬਲੇ ਜਿੱਤੇ ਸਨ। ਉਹ ਕਹਿੰਦੇ ਹਨ,''ਇਸ ਤੋਂ ਪਹਿਲਾਂ ਕਿ ਮੈਂ ਥੋੜ੍ਹੇ ਹੋਰ ਗੁਰ ਸਿੱਖ ਪਾਉਂਦਾ ਅਤੇ ਥੋੜ੍ਹਾ ਅੱਗੇ ਨਿਕਲ਼ ਪਾਉਂਦਾ, ਤਾਲਾਬੰਦੀ ਨੇ ਸਾਰਾ ਕੁਝ ਖੋਹ ਲਿਆ।'' ਉਦੋਂ ਤੋਂ, ਉਹ ਆਪਣੀਆਂ ਦੋ ਮੱਝਾਂ ਦਾ ਦੁੱਧ ਢੋਹਣ ਅਤੇ ਆਪਣੀ ਪਰਿਵਾਰਕ ਪੈਲ਼ੀ ਵਾਹ ਕੇ ਆਪਣੇ ਪਰਿਵਾਰ ਦੀ ਮਦਦ ਕਰ ਰਹੇ ਹਨ।
ਉਨ੍ਹਾਂ ਨੇ ਆਪਣਾ ਅਖ਼ੀਰਲਾ ਮੁਕਾਬਲਾ ਫਰਵਰੀ 2020 ਵਿੱਚ ਘੁਨਕੀ ਪਿੰਡ ਵਿਖੇ ਲੜਿਆ ਸੀ, ਜਿਸ ਵਿੱਚ ਉਨ੍ਹਾਂ ਨੇ 2000 ਰੁਪਏ ਜਿੱਤੇ ਸਨ। ਸਚਿਨ ਪਾਟਿਲ ਕਹਿੰਦੇ ਹਨ,''ਜੇਤੂ ਨੂੰ 80 ਫ਼ੀਸਦ ਰਾਸ਼ੀ ਮਿਲ਼ਦੀ ਹੈ ਅਤੇ ਉਪ-ਜੇਤੂ ਨੂੰ 20 ਫ਼ੀਸਦ।'' ਇੰਝ ਹਰ ਮੁਕਾਬਲੇ ਤੋਂ ਕੁਝ ਨਾ ਕੁਝ ਪੈਸੇ ਆ ਹੀ ਜਾਂਦੇ ਹਨ।
ਹਾਲ ਹੀ ਦੇ ਹੜ੍ਹ ਤੋਂ ਪਹਿਲਾਂ, ਮਯੂਰ ਅਤੇ ਨੇੜਲੇ ਨੀਲੇਵਾੜੀ ਦੇ ਤਿੰਨ ਹੋਰ ਭਲਵਾਨ ਅਕਸਰ ਚਾਰ ਕਿਲੋਮੀਟਰ ਦਾ ਸਫ਼ਰ ਕਰਕੇ ਜੂਨੇ ਪਰਗਾਓਂ ਜਾਂਦੇ ਸਨ। "ਸਾਡੇ ਪਿੰਡ 'ਚ ਕੋਈ ਤਾਲੀਮ ਨਹੀਂ ਹੈ," ਉਹ ਕਹਿੰਦੇ ਹਨ।
ਪਿਛਲੇ ਮਹੀਨੇ ਹੜ੍ਹ ਵੇਲ਼ੇ ਦੇ ਸਮੇਂ ਬਾਰੇ ਉਹ ਕਹਿੰਦੇ ਹਨ,''ਅਸੀਂ ਇੱਕ ਦਿਨ ਤਿੰਨ ਫੁੱਟ ਪਾਣੀ ਵਿੱਚ ਰਹੇ। ਉੱਥੋਂ ਨਿਕਲ਼ਣ ਬਾਅਦ ਮੈਨੂੰ ਤਾਪ ਚੜ੍ਹ ਗਿਆ।'' ਬਾਗੜੀ ਪਰਿਵਾਰ ਪਰਗਾਓਂ ਪਿੰਡ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਹਫ਼ਤੇ ਤੱਕ ਠਹਿਰਿਆ ਰਿਹਾ। ਮਯੂਰ ਕਹਿੰਦੇ ਹਨ,''ਸਾਡਾ ਪੂਰਾ ਘਰ ਡੁੱਬ ਗਿਆ, ਇੱਥੋਂ ਤੱਕ ਕਿ 10 ਗੁੰਟਾ (0.25 ਏਕੜ) ਖੇਤ ਵੀ।'' ਪਰਿਵਾਰ ਨੇ 20 ਟਨ ਕਮਾਦ 'ਤੇ 60,000 ਰੁਪਏ ਖਰਚ ਕੀਤੇ ਸਨ। ਉਨ੍ਹਾਂ ਨੇ ਘਰ ਵਿੱਚ ਸਾਂਭਿਆ 70 ਕਿਲੋ ਮੱਕਾ, ਕਣਕ ਅਤੇ ਚੌਲ਼ ਜਿਹਾ ਅਨਾਜ ਵੀ ਗੁਆ ਲਿਆ। ਮਯੂਰ ਕਹਿੰਦੇ ਹਨ,''ਸਭ ਕੁਝ ਖ਼ਤਮ ਹੋ ਗਿਆ।''
ਹੜ੍ਹ ਤੋਂ ਬਾਅਦ, ਮਯੂਰ ਨੇ ਆਪਣੇ ਮਾਪਿਆਂ, ਜੋ ਕਿਸਾਨ ਅਤੇ ਖੇਤ ਮਜ਼ਦੂਰ ਹਨ, ਦੇ ਨਾਲ਼ ਰਲ਼ ਕੇ ਘਰ ਦੀ ਸਫ਼ਾਈ ਕੀਤੀ। ਉਹ ਕਹਿੰਦੇ ਹਨ,''ਹਵਾੜ ਛੇਤੀ ਨਹੀਂ ਜਾਂਦੀ, ਪਰ ਹੁਣ ਕੀ ਕਰੀਏ ਸੌਣਾ ਤਾਂ ਇੱਥੇ ਹੀ ਪੈਣਾ।''
ਬਜਰੰਗ ਕਹਿੰਦੇ ਹਨ,''ਹਰ ਆਉਂਦੇ ਹੜ੍ਹ ਨਾਲ਼ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਂਦੇ ਹਨ। 2019 ਦਾ ਹੜ੍ਹ 2005 ਦੇ ਹੜ੍ਹ ਨਾਲ਼ੋਂ ਜ਼ਿਆਦਾ ਖ਼ਤਰਨਾਕ ਸੀ ਅਤੇ 2019 ਵਿੱਚ ਸਾਨੂੰ ਮੁਆਵਜ਼ੇ ਦੇ ਰੂਪ ਵਿੱਚ ਇੱਕ ਵੀ ਰੁਪਿਾ ਨਹੀਂ ਮਿਲ਼ਿਆ। ਇਸ ਸਾਲ (2021) ਦਾ ਹੜ੍ਹ 2019 ਦੇ ਹੜ੍ਹ ਨਾਲ਼ੋਂ ਵੀ ਮਾੜਾ ਸੀ। ਜੇ ਸਰਕਾਰ ਆਈਪੀਐੱਲ (ਇੰਡੀਅਨ ਪ੍ਰੀਮਿਅਮ ਲੀਗ) ਨੂੰ ਹੱਲ੍ਹਾਸ਼ੇਰੀ ਦੇ ਕੇ ਹੋਰਨਾਂ ਦੇਸ਼ਾਂ ਤੱਕ ਲਿਜਾਣ ਬਾਰੇ ਵੀ ਸੋਚਦੀ ਹੈ ਤਾਂ ਕੁਸ਼ਤੀ ਲਈ ਕੁਝ ਕਿਉਂ ਨਹੀਂ ਕੀਤਾ ਜਾ ਸਕਦਾ?''
''ਮੈਂ ਹਰ ਹਾਲਾਤ ਦਾ ਸਾਹਮਣਾ ਕਰ ਕਿਸੇ ਵੀ ਭਲਵਾਨ ਨਾਲ਼ ਲੜ ਸਕਦਾ ਹਾਂ। ਪਰ ਮੈਂ ਕੋਵਿਡ ਅਤੇ ਦੋ ਵਾਰੀ ਹੜ੍ਹ ਦੇ ਉਜਾੜੇ ਨਾਲ਼ ਨਹੀਂ ਲੜ ਸਕਦਾ,'' ਸਚਿਨ ਕਹਿੰਦੇ ਹਨ।
ਤਰਜਮਾ: ਕਮਲਜੀਤ ਕੌਰ