ਕੋਰਾਈ ਘਾਹ ਵੱਢਣ ਵਿੱਚ ਮੁਹਾਰਤ ਰੱਖਣ ਵਾਲ਼ਿਆਂ ਨੂੰ ਇਸ ਪੌਦੇ ਨੂੰ ਕੱਟਣ ਵਿੱਚ 15 ਸੈਕੰਡ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਉਹਨੂੰ ਝਾੜਨ ਵਿੱਚ ਅੱਧਾ ਮਿੰਟ ਅਤੇ ਇਹਦੀ ਪੰਡ ਬੰਨ੍ਹਣ ਵਿੱਚ ਥੋੜ੍ਹੇ ਕੁ ਮਿੰਟ ਹੋਰ ਲੱਗਦੇ ਹਨ। ਘਾਹ ਵਾਂਗ ਇਹ ਪੌਦਾ ਉਨ੍ਹਾਂ ਦੇ ਮੁਕਾਬਲੇ ਲੰਬਾ ਹੁੰਦਾ ਹੈ ਅਤੇ ਹਰੇਕ ਪੰਡ ਦਾ ਭਾਰ ਕਰੀਬ ਪੰਜ ਕਿਲ੍ਹੋ ਹੁੰਦਾ ਹੈ। ਔਰਤਾਂ ਇਹਨੂੰ ਸਰਲ ਬਣਾ ਦਿੰਦੀਆਂ ਹਨ, ਇੱਕ ਵਾਰ 12-15 ਪੰਡਾਂ ਨੂੰ ਸਿਰ 'ਤੇ ਚੁੱਕ ਲੈਂਦੀਆਂ ਹਨ ਅਤੇ ਪ੍ਰਤੀ ਪੰਡ ਸਿਰਫ਼ 2 ਰੁਪਏ ਕਮਾਉਣ ਖਾਤਰ ਤੱਪਦੀ ਧੁੱਪੇ ਕਰੀਬ ਅੱਧਾ ਕਿਲੋਮੀਟਰ ਤੱਕ ਪੈਦਲ ਤੁਰਦੀਆਂ ਹਨ।
ਦਿਨ ਦੇ ਅੰਤ ਤੱਕ, ਉਨ੍ਹਾਂ ਵਿੱਚੋਂ ਹਰੇਕ ਕੋਰਾਈ ਦੀਆਂ ਘੱਟ ਤੋਂ ਘੱਟ 150 ਪੰਡਾਂ ਬਣਾ ਲੈਂਦੀਆਂ ਹਨ, ਜੋ ਤਮਿਲਨਾਡੂ ਦੇ ਕਰੂਰ ਜਿਲ੍ਹੇ ਦੇ ਨਦੀ ਖੇਤਰਾਂ ਵਿੱਚ ਬਹੁਤਾਤ ਵਿੱਚ ਉੱਗਦੀ ਹੈ।
ਕਾਵੇਰੀ ਨਦੀ ਦੇ ਤਟ 'ਤੇ, ਕਰੂਰ ਦੇ ਮਨਵਾਸੀ ਪਿੰਡ ਦੀ ਇੱਕ ਬਸਤੀ, ਨਾਥਮੇੜੂ ਵਿੱਚ ਕੋਰਾਈ ਕੱਟਣ ਵਾਲ਼ੀਆਂ ਲਗਭਗ ਸਾਰੀਆਂ ਔਰਤਾਂ- ਬਿਨਾਂ ਕਿਸੇ ਵਿਰਾਮ ਦੇ ਦਿਨ ਦੇ ਅੱਠ ਘੰਟੇ ਕੰਮ ਕਰਦੀਆਂ ਹਨ। ਉਹ ਘਾਹ ਭਰੇ ਖੇਤਾਂ ਵਿੱਚ ਇਹਨੂੰ ਕੱਟਣ ਲਈ ਝੁਕਦੀਆਂ ਹਨ, ਆਪਣੇ ਨੰਗੇ ਹੱਥਾਂ ਨਾਲ਼ ਉਹਨੂੰ ਝਾੜਦੀਆਂ ਹਨ ਅਤੇ ਗੱਠਰ ਬਣਾਉਂਦੀਆਂ ਹਨ ਅਤੇ ਫਿਰ ਇੱਕੋ ਥਾਵੇਂ ਇਕੱਠਾ ਕਰੀ ਜਾਂਦੀਆਂ ਹਨ। ਇਹਦੇ ਲਈ ਹੁਨਰ ਅਤੇ ਤਾਕਤ ਚਾਹੀਦੀ ਹੈ ਅਤੇ ਇਹ ਸਖ਼ਤ ਮਿਹਨਤ ਵਾਲ਼ਾ ਕੰਮ ਹੈ।
ਉਹ ਦੱਸਦੀਆਂ ਹਨ ਕਿ ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਛੋਟੀ ਉਮਰ ਤੋਂ ਹੀ ਕੋਰਾਈ ਵੱਢਣ ਦੇ ਕੰਮੀਂ ਲੱਗੀਆਂ ਹਨ। ''ਮੈਂ ਜਿਸ ਦਿਨ ਪੈਦਾ ਹੋਈ ਸੀ ਉਸੇ ਦਿਨ ਤੋਂ ਕੋਰਾਈ ਕਾਡੂ ('ਜੰਗਲ') ਮੇਰੀ ਦੁਨੀਆ ਰਿਹਾ ਹੈ। ਮੈਂ 10 ਸਾਲ ਦੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇੱਕ ਦਿਨ ਵਿੱਚ ਤਿੰਨ ਰੁਪਏ ਕਮਾਉਂਦੀ ਸਾਂ,'' 59 ਸਾਲਾ ਏ. ਸੌਭਾਗਿਅਮ ਕਹਿੰਦੀ ਹਨ। ਉਨ੍ਹਾਂ ਦੀ ਆਮਦਨੀ ਹੁਣ ਪੰਜ ਮੈਂਬਰੀ ਪਰਿਵਾਰ ਦਾ ਢਿੱਡ ਭਰਦੀ ਹਨ।
ਐੱਮ. ਮੈਗੇਸਵਰੀ, ਉਮਰ 33 ਸਾਲ ਵਿਧਵਾ ਅਤੇ ਦੋ ਸਕੂਲ ਜਾਂਦੇ ਬੱਚਿਆਂ ਦੀ ਮਾਂ, ਚੇਤੇ ਕਰਦੀ ਹਨ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਗਾਵਾਂ ਚਾਰਨ ਅਤੇ ਕੋਰਾਈ ਵੱਢਣ ਭੇਜ ਦਿਆ ਕਰਦੇ ਸਨ। ''ਮੈਂ ਸਕੂਲ ਵਿੱਚ ਕਦੇ ਪੈਰ ਤੱਕ ਨਹੀਂ ਰੱਖਿਆ, ਉਹ ਕਹਿੰਦੀ ਹਨ। ''ਇਹ ਖੇਤ ਮੇਰਾ ਦੂਸਰਾ ਘਰ ਹੈ,'' 39 ਸਾਲਾ ਆਰ.ਸੈਲਵੀ ਨੇ ਆਪਣੀ ਮਾਂ ਦੀਆਂ ਪੈੜਾਂ (ਨਕਸ਼ੇਕਦਮ) 'ਤੇ ਚੱਲਣਾ ਸ਼ੁਰੂ ਕੀਤਾ। ''ਉਹ ਵੀ ਕੋਰਾਈ ਵੱਢਦੀ ਸਨ। ਮੈਂ ਆਪਣੇ ਜੀਵਨ ਵਿੱਚ ਇਹ ਕੰਮ ਬੜੀ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ,'' ਉਹ ਦੱਸਦੀ ਹਨ।























