'ਕੈਪਟਨ ਭਾਊ' (ਰਾਮਚੰਦਰਾ ਸ੍ਰੀਪਤੀ ਲਾਡ)
ਅਜ਼ਾਦੀ ਘੁਲ਼ਾਟੀਏ ਅਤੇ ਤੂਫ਼ਾਨ ਸੈਨਾ ਦੇ ਮੁਖੀ
22 ਜੂਨ 1922- 5 ਫਰਵਰੀ, 2022
ਅਖ਼ੀਰ, ਉਹ ਵਿਦਾ ਹੋ ਗਏ ਅਣਸੁਣੇ... ਅਣਗੌਲ਼ੇ ਹੀ... ਉਸ ਰਾਸ਼ਟਰ ਵੱਲੋਂ ਜਿਹਦੀ ਅਜ਼ਾਦੀ ਖ਼ਾਤਰ ਉਨ੍ਹਾਂ ਨੇ ਲੜਾਈ ਲੜੀ ਅਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਨਾ ਕੋਈ ਸਰਕਾਰੀ ਸਨਮਾਨ, ਨਾ ਰਾਸ਼ਟਰੀ ਗੀਤ ਅਤੇ ਨਾ ਹੀ ਰਾਸ਼ਟਰੀ ਝੰਡਾ...
ਪਰ ਕੈਪਟਨ ਭਾਊ ਨੂੰ ਉਨ੍ਹਾਂ ਹਜ਼ਾਰਾਂ ਲੋਕਾਂ ਨੇ ਬਣਦਾ ਸਨਮਾਨ ਜ਼ਰੂਰ ਦਿੱਤਾ ਜਿਨ੍ਹਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਖ਼ਸ਼ੀਅਤ ਬਾਰੇ ਪਤਾ ਸੀ ਅਤੇ ਜਿਨ੍ਹਾਂ ਅੰਦਰ ਅਹਿਸਾਸ ਬਾਕੀ ਸਨ ਉਨ੍ਹਾਂ ਵੱਲੋਂ ਨਿਭਾਈ ਲਾਸਾਨੀ ਭੂਮਿਕਾ ਬਾਰੇ... ਜਿਨ੍ਹਾਂ ਨੂੰ ਪਤਾ ਸੀ ਇਸ ਕਮਾਲ ਦੇ ਇਨਸਾਨ ਬਾਰੇ ਜਿਹਨੇ 1940ਵਿਆਂ ਵਿੱਚ ਆਪਣੇ ਸਾਥੀਆਂ ਨਾਲ਼ ਰਲ਼ ਕੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਦਾ ਟਾਕਰਾ ਕੀਤਾ ਸੀ। ਰਾਮਚੰਦਰਾ ਸ੍ਰੀਪਤੀ ਲਾਡ ' ਪ੍ਰਤੀ ਸਰਕਾਰ ' (ਸਮਾਂਨਾਤਰ ਸਰਕਾਰ) ਦਾ ਅਹਿਮ ਹਿੱਸਾ ਸਨ, ਜੋ ਕਿ ਇੱਕ ਭੂਮੀਗਤ ਆਰਜ਼ੀ ਸਰਕਾਰ ਸੀ, ਜਿਹਨੇ ਪ੍ਰਸਿੱਧ ਨਾਨਾ ਪਾਟਿਲ ਦੀ ਅਗਵਾਈ ਵਿੱਚ 1943 ਵਿੱਚ ਸਤਾਰਾ ਜ਼ਿਲ੍ਹੇ ਨੂੰ ਬਰਤਨਾਵੀ ਸਾਮਰਾਜ ਦੇ ਜੂਲ਼ੇ 'ਚੋਂ ਖਹਿੜਾ ਛੁਡਾ ਲਏ ਹੋਣ ਦਾ ਐਲਾਨ ਕੀਤਾ ਸੀ।
ਪਰ ਕੈਪਟਨ ਭਾਊ (ਉਰਫ਼ ਨਾਮ) ਅਤੇ ਉਨ੍ਹਾਂ ਦੇ ਸਾਥੀ ਯੋਧੇ ਇੱਥੇ ਹੀ ਨਾ ਰੁਕੇ। ਤਿੰਨ ਸਾਲਾਂ ਤੱਕ ਭਾਵ ਕਿ 1946 ਤੱਕ, ਉਨ੍ਹਾਂ ਬ੍ਰਿਟਿਸ਼ਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ ਅਤੇ ਇਹ ਪ੍ਰਤੀ ਸਰਕਾਰ ਹੀ ਸੀ ਜਿਹਨੇ ਕਰੀਬ 600 ਪਿੰਡਾਂ ਵਿੱਚ ਆਪਣੇ ਪੈਰ ਪਸਾਰੇ ਅਤੇ ਉੱਥੇ ਆਪਣੀ ਸਮਾਂਨਤਰ ਸਰਕਾਰ ਚਲਾਈ। ਜੇ ਦੇਖੀਏ ਤਾਂ 5 ਫਰਵਰੀ ਨੂੰ ਕੈਪਟਨ ਭਾਊ ਦੀ ਮੌਤ ਨਾਲ਼ ਉਸ ਸਰਕਾਰ ਦਾ ਵੀ ਅੰਤ ਹੋ ਗਿਆ ਜਿਹਨੇ ਕਦੇ ਬਰਤਨਾਵੀ ਰਾਜ ਨਾਲ਼ ਟੱਕਰ ਲਈ ਸੀ।
ਕੈਪਟਨ 'ਭਾਊ' (ਵੱਡਾ ਭਰਾ) ਨੇ ਪ੍ਰਤੀ ਸਰਕਾਰ ਦੀ ਭੂਮੀਗਤ ਸੈਨਾ ਬਲ- 'ਤੂਫ਼ਾਨ ਸੈਨਾ' ਜਾਂ ਵਾਵਰੋਲ਼ਾ ਸੈਨਾ ਦੀ ਹਥਿਆਰਬੰਦ ਸ਼ਾਖਾ ਦੀ ਕਮਾਨ ਸੰਭਾਲ਼ੀ। ਆਪਣੇ ਨਿੱਜੀ ਨਾਇਕ ਜੀ.ਡੀ. ਬਾਪੂ ਲਾਡ ਨਾਲ਼ ਰਲ਼ ਕੇ ਉਨ੍ਹਾਂ ਨੇ 7 ਜੂਨ, 1943 ਨੂੰ ਮਹਾਰਾਸ਼ਟਰ ਦੇ ਸ਼ਿਨੋਲੀ ਵਿਖੇ ਪੂਨੇ-ਮਿਰਾਜ ਸਪੈਸ਼ਲ ਰੇਲ 'ਤੇ ਹੱਲ੍ਹਾ ਬੋਲਿਆ ਜੋ ਬਰਤਾਨਵੀ ਰਾਜ ਦੇ ਅਫ਼ਸਰਾਂ ਦੀਆਂ ਤਨਖ਼ਾਹਾਂ ਲਿਜਾ ਰਹੀ ਸੀ। ਇਸ ਹਮਲੇ ਵਿੱਚ ਉਨ੍ਹਾਂ ਨੇ ਜੋ ਵੀ ਪੈਸਾ ਲੁੱਟਿਆ ਉਹ ਖ਼ਾਸ ਤੌਰ 'ਤੇ ਭੁੱਖੇ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਖ਼ਰਚਿਆ ਜੋ ਕਿ ਇੱਕ ਸਾਲ ਤੋਂ ਭੁੱਖਮਰੀ ਅਤੇ ਅਕਾਲ ਨਾਲ਼ ਜੂਝ ਰਹੇ ਸਨ।
ਦਹਾਕੇ ਬੀਤ ਗਏ ਉਹ ਅਤੇ ਪ੍ਰਤੀ ਸਰਕਾਰ ਗੁਮਨਾਮੀ ਦੀਆਂ ਡੂੰਘਾਣਾਂ ਲੱਥ ਗਏ, ਉ ਸਮੇਂ ਪਾਰੀ ਨੇ ਕੈਪਟਨ ਵੱਡਾ ਭਾਊ ਨੂੰ ਮੁੜ ਖ਼ੋਜਿਆ ਅਤੇ ਉਨ੍ਹਾਂ ਦੇ ਮੂੰਹੋਂ ਪੂਰੀ ਦੀ ਪੂਰੀ ਦਾਸਤਾਨ ਸੁਣੀ। ਇਹੀ ਸਮਾਂ ਜਦੋਂ ਉਨ੍ਹਾਂ ਨੇ ਦੇਸ਼ ਦੀ ਖ਼ੁਦਮੁਖ਼ਤਿਆਰੀ ਅਤੇ ਅਜ਼ਾਦੀ ਵਿਚਾਲ਼ੇ ਫ਼ਰਕ ਬਾਰੇ ਖੁੱਲ੍ਹ ਕੇ ਗੱਲ ਕੀਤੀ। ਭਾਰਤ ਇੱਕ ਖ਼ੁਦਮੁਖ਼ਤਿਆਰ ਮੁਲਕ ਹੈ। ਉਨ੍ਹਾਂ ਨੇ ਕਿਹਾ, ਪਰ ਅਜ਼ਾਦੀ ਤਾਂ ਮੁੱਠੀ ਭਰ ਲੋਕਾਂ ਨੂੰ ਹੀ ਮਿਲ਼ੀ ਹੈ ਅਤੇ ''ਅੱਜ ਜਿਸ ਕੋਲ਼ ਪੈਸਾ ਹੈ ਉਹੀ ਤਾਂ ਰਾਜ ਕਰਦਾ ਹੈ... ਜਿਸ ਕੋਲ਼ ਖ਼ਰਗੋਸ਼ ਹੈ ਉਹੀ ਸ਼ਿਕਾਰੀ ਹੈ-ਬੱਸ ਇਹੀ ਹੈ ਸਾਡੀ ਅਜ਼ਾਦੀ ਦੀ ਹਾਲਤ।''
ਨਵੰਬਰ 2018 ਵਿੱਚ ਉਹ ਸਮਾਂ ਜਦੋਂ 100,000 ਕਿਸਾਨਾਂ ਨੇ ਸੰਸਦ ਵੱਲ ਮਾਰਚ ਕੀਤਾ ਸੀ ਤਾਂ ਉਨ੍ਹਾਂ ਨੇ ਪਾਰੀ ਦੇ ਭਾਰਤ ਪਾਟਿਲ ਦੇ ਜ਼ਰੀਏ ਉਨ੍ਹਾਂ ਕਿਸਾਨਾਂ ਨੂੰ ਇੱਕ ਵੀਡਿਓ ਸੰਦੇਸ਼ ਭੇਜਿਆ। ਜਿਸ ਵਿੱਚ ਉਨ੍ਹਾਂ ਨੇ ਕਿਹਾ, ''ਜੇ ਮੇਰੀ ਸਿਹਤ ਠੀਕ ਹੁੰਦੀ ਤਾਂ ਮੈਂ ਤੁਹਾਡੇ ਮੋਢੇ ਨਾਲ਼ ਮੋਢੇ ਰਲ਼ਾ ਕੇ ਮਾਰਚ ਕਰਦਾ।'' ਉਸ ਸਮੇਂ ਇਹ ਅਜ਼ਾਦੀ ਘੁਲਾਟੀਆ ਆਪਣੀ ਉਮਰ ਦੇ 96ਵੇਂ ਵਰ੍ਹੇ ਵਿੱਚ ਸੀ।
ਜੂਨ 2021 ਨੂੰ, ਮੈਂ ਇੱਕ ਵਾਰ ਫਿਰ ਮਿਲ਼ ਕੇ ਉਨ੍ਹਾਂ ਦਾ ਹਾਲਚਾਲ਼ ਪੁੱਛਣ ਅਤੇ ਇਹ ਦੇਖਣ ਦਾ ਫ਼ੈਸਲਾ ਕੀਤਾ ਕਿ ਉਹ ਮਹਾਂਮਾਰੀ ਤੋਂ ਕਿਵੇਂ ਬਚ ਰਹੇ ਸਨ। ਮੈਂ ਆਪਣੀ ਸਹਿਕਰਮੀ ਸਾਥੀ ਮੇਧਾ ਕਾਲੇ ਨੂੰ ਨਾਲ਼ ਲਿਆ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਪਹੁੰਚ ਗਿਆ। ਪਾਰੀ ਵੱਲੋਂ ਅਸੀਂ ਕੁਝ ਤੋਹਫ਼ੇ ਵੀ ਲਏ ਜਿਨ੍ਹਾਂ ਵਿੱਚ ਇੱਕ ਤਾਂ ਨਹਿਰੂ ਜੈਕਟ (ਉਨ੍ਹਾਂ ਨੂੰ ਬਹੁਤ ਪਸੰਦ ਸੀ) ਸੀ, ਇੱਕ ਖੂੰਡੀ (ਹੱਥੀਂ ਤਿਆਰ ਕੀਤੀ) ਅਤੇ ਇੱਕ ਐਲਬਮ ਸੀ ਜਿਸ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਸਨ ਜੋ ਅਸਾਂ ਖਿੱਚੀਆਂ ਸਨ। ਮੈਂ ਉਨ੍ਹਾਂ ਨੂੰ ਦੇਖ ਕੇ ਹੱਕਾਬੱਕਾ ਰਹਿ ਗਿਆ, ਤਿੰਨ ਸਾਲਾਂ ਵਿੱਚ ਉਹ ਕਿੰਨੇ ਕਮਜ਼ੋਰ ਹੋ ਗਏ ਸਨ। ਸਾਡਾ ਇਹ ਯੋਧਾ ਇੰਨਾ ਕਮਜ਼ੋਰ, ਉਦਾਸੀਨ ਹੋ ਗਿਆ ਸੀ ਜੋ ਇੱਕ ਸ਼ਬਦ ਵੀ ਨਾ ਬੋਲ ਸਕਿਆ ਪਰ ਸਾਡੇ ਤੋਹਫ਼ਿਆਂ ਨੂੰ ਬੜੇ ਚਾਅ ਨਾਲ਼ ਦੇਖਿਆ। ਉਨ੍ਹਾਂ ਨੇ ਜੈਕਟ ਤਾਂ ਫ਼ੌਰਨ ਪਾ ਲਈ ਭਾਵੇਂ ਕਿ ਉਸ ਵੇਲ਼ੇ ਸੰਗੋਲੀ ਦਾ ਸੂਰਜ ਅੱਗ ਵਰ੍ਹਾ ਰਿਹਾ ਸੀ। ਖੂੰਡੀ ਉਨ੍ਹਾਂ ਨੇ ਆਪਣੇ ਗੋਡੇ ਨਾਲ਼ ਟਿਕਾ ਕੇ ਰੱਖ ਲਈ ਅਤੇ ਆਪਣੀਆਂ ਤਸਵੀਰਾਂ ਵਿੱਚ ਗੁਆਚ ਗਏ।
ਸਾਨੂੰ ਉਦੋਂ ਹੀ ਪਤਾ ਲੱਗਿਆ ਕਿ ਦਰਅਸਲ ਉਨ੍ਹਾਂ ਨੇ ਅਜੇ ਹੁਣੇ ਜਿਹੇ ਹੀ ਆਪਣੀ ਜੀਵਨਸਾਥੀ, ਕਲਪਨਾ ਲਾਡ ਨੂੰ ਵਿਦਾ ਕਹੀ ਹੈ ਜਿਹਦੇ ਨਾਲ਼ ਕਿ ਉਨ੍ਹਾਂ ਦਾ ਸੱਤ ਦਹਾਕਿਆਂ ਦਾ ਸਾਥ ਰਿਹਾ ਸੀ। ਬੱਸ ਉਨ੍ਹਾਂ ਦਾ ਇੰਝ ਚਲੇ ਜਾਣਾ ਹੀ ਇਸ ਬਜ਼ੁਰਗ ਸੱਜਣ ਕੋਲ਼ੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਨ੍ਹਾਂ ਕੋਲ਼ੋਂ ਵਿਦਾ ਲੈਣ ਲੱਗਿਆਂ ਮੈਨੂੰ ਸਮਝ ਆ ਗਿਆ ਕਿ ਹੁਣ ਉਨ੍ਹਾਂ ਦਾ ਆਪਣਾ ਅੰਤ ਵੀ ਬਹੁਤੀ ਦੂਰ ਨਹੀਂ।
ਦੀਪਕ ਲਾਡ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ: ''ਜਦੋਂ ਉਨ੍ਹਾਂ ਨੇ ਅਖ਼ੀਰਲਾ ਸਾਹ ਲਿਆ ਤਾਂ ਉਹੀ ਨਹਿਰੂ ਜੈਕਟ ਪਾਈ ਹੋਈ ਸੀ।'' ਖੂੰਡੀ ਵੀ ਉਨ੍ਹਾਂ ਦੇ ਮੰਜੇ ਦੇ ਨਾਲ਼ ਲੱਗੀ ਹੋਈ ਸੀ। ਦੀਪਕ ਕਹਿੰਦੇ ਹਨ ਕਿ ਅਧਿਕਾਰੀਆਂ ਨੇ ਭਾਊ ਦਾ ਰਾਜਕੀ (ਸਰਕਾਰੀ) ਸਨਮਾਨਾਂ ਨਾਲ਼ ਅੰਤਮ ਸਸਕਾਰ ਕੀਤੇ ਜਾਣ ਦਾ ਜੋ ਵਾਅਦਾ ਕੀਤਾ ਸੀ ਉਹ ਕਦੇ ਪੂਰਾ ਨਹੀਂ ਹੋਇਆ। ਭਾਵੇਂ ਕਿ ਉਨ੍ਹਾਂ ਨੂੰ ਅੰਤਮ ਵਿਦਾ ਕਹਿਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਉਮੜ ਆਇਆ।
ਪਾਰੀ ਨੇ ਆਪਣੇ 85 ਮਹੀਨਿਆਂ ਦੇ ਇਸ ਸਫ਼ਰ ਵਿੱਚ ਕਰੀਬ 44 ਰਾਸ਼ਟਰੀ ਅਤੇ ਸੰਸਾਰ-ਪੱਧਰੀ ਅਵਾਰਡ ਜਿੱਤੇ ਹਨ। ਪਰ ਮੇਰਾ ਮੰਨਣਾ ਤਾਂ ਇਹ ਹੈ ਕਿ ਸਾਡੇ ਲਈ ਕੈਪਟਨ ਵੱਡੇ ਭਾਊ ਵੱਲੋਂ ਮਿਲ਼ੀ ਉਸ ਸ਼ਾਬਾਸ਼ੀ ਤੋਂ ਵੱਧ ਕੇ ਹੋਰ ਕੁਝ ਵੀ ਮਾਇਨੇ ਨਹੀਂ ਰੱਖਦਾ ਜੋ ਸਾਨੂੰ ਉਦੋਂ ਮਿਲ਼ੀ ਜਦੋਂ ਅਸਾਂ ਉਨ੍ਹਾਂ ਨੂੰ ਸਮਰਪਤ ਫ਼ਿਲਮ ਕੁੰਡਲ ਦੇ ਉਨ੍ਹਾਂ ਦੀ ਜੱਦੀ ਪਿੰਡ ਵਿਖੇ ਦਿਖਾਈ ਸੀ। 2017 ਵਿੱਚ ਉਨ੍ਹਾਂ ਨੇ ਦੀਪਕ ਲਾਡ ਜ਼ਰੀਏ ਇਹ ਸੁਨੇਹਾ ਭੇਜਿਆ:
'' ਪ੍ਰਤੀ ਸਰਕਾਰ ਦਾ ਪੂਰਾ ਇਤਿਹਾਸ ਤਾਂ ਮਰ ਹੀ ਚੁੱਕਿਆ ਸੀ ਪਰ ਪੀ.ਸਾਈਨਾਥ ਅਤੇ ਪਾਰੀ (PARI) ਨੇ ਇਹਨੂੰ ਮੁੜ ਸੁਰਜੀਤ ਕੀਤਾ। ਅਸੀਂ ਤਾਂ ਖ਼ੁਦਮੁਖ਼ਤਿਆਰੀ ਅਤੇ ਅਜ਼ਾਦੀ ਖ਼ਾਤਰ ਲੜੇ ਸਾਂ ਫਿਰ ਸਾਲੋ-ਸਾਲ ਲੰਘ ਗਏ ਅਤੇ ਸਾਡੇ ਯੋਗਦਾਨ ਨੂੰ ਵਿਸਾਰ ਦਿੱਤਾ ਗਿਆ। ਸਾਡੇ ਕੋਲ਼ੋਂ ਪਾਸਾ ਵੱਟ ਲਿਆ ਗਿਆ। ਪਿਛਲੇ ਸਾਲ ਸਾਈਨਾਥ ਸਾਡੇ ਘਰ ਆਏ ਅਤੇ ਮੇਰੀ ਕਹਾਣੀ ਲਿਖਣ ਲਈ ਪਹਿਲਕਦਮੀ ਦਿਖਾਈ। ਉਹ ਮੇਰੇ ਨਾਲ਼ ਸ਼ਿਨੋਲੀ ਦੀ ਉਸ ਥਾਵੇਂ ਗਏ ਜਿੱਥੇ ਬਰਤਾਨਵੀ ਸਰਕਾਰ ਦੀ ਰੇਲਗੱਡੀ 'ਤੇ ਉਹ ਮਹਾਨ ਹਮਲਾ ਕੀਤਾ ਗਿਆ ਸੀ ਅਤੇ ਪਟੜੀ ਦੀ ਉਹ ਥਾਂ ਵੀ ਦਿਖਾਈ ਜਿੱਥੇ ਅਸੀਂ ਲੜਾਈ ਲੜੀ ਸੀ।
''ਮੇਰੇ ਅਤੇ ਮੇਰੇ ਸਾਥੀਆਂ ਨੂੰ ਲੈ ਕੇ ਬਣਾਈ ਗਈ ਫ਼ਿਲਮ ਅਤੇ ਲਿਖੀ ਗਈ ਕਹਾਣੀ ਦੇ ਜ਼ਰੀਏ ਸਾਈਨਾਥ ਅਤੇ ਪਾਰੀ ਨੇ ਪ੍ਰਤੀ ਸਰਕਾਰ ਦੀ ਯਾਦ ਮੁੜ ਸੁਰਜੀਤ ਕਰ ਦਿੱਤੀ ਅਤੇ ਉਨ੍ਹਾਂ ਨੇ ਇਹ ਵੀ ਚੇਤਾ ਕਰਵਾਇਆ ਕਿ ਕਿਵੇਂ ਉਹਨੇ (ਪ੍ਰਤੀ ਸਰਕਾਰ) ਲੋਕਾਂ ਲਈ ਲੜਾਈ ਲੜੀ। ਉਨ੍ਹਾਂ ਦੀ ਇਸ ਕੋਸ਼ਿਸ਼ ਨੇ ਸਾਡੇ ਮਾਣ ਅਤੇ ਆਦਰ ਵਿੱਚ ਵੀ ਨਵੀਂ ਰੂਹ ਫ਼ੂਕ ਦਿੱਤੀ। ਉਨ੍ਹਾਂ ਨੇ ਅੱਜ ਦੇ ਸਮਾਜ ਦੀ ਚੇਤਨਾ ਵਿੱਚ ਸਾਨੂੰ ਥਾਂ ਦਵਾਈ। ਬੱਸ ਇਹੀ ਤਾਂ ਸਾਡੀ ਸੱਚੀ ਕਹਾਣੀ ਸੀ।
''ਉਸ ਫ਼ਿਲਮ ਨੂੰ ਦੇਖ ਮੈਂ ਕਾਫ਼ੀ ਭਾਵੁਕ ਹੋ ਗਿਆ। ਇਸ ਤੋਂ ਪਹਿਲਾਂ ਮੇਰੇ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਮੇਰੀ ਭੂਮਿਕਾ (ਅਜ਼ਾਦੀ ਦੇ ਘੋਲ਼ ਵਿੱਚ), ਮੇਰੇ ਯੋਗਦਾਨ ਬਾਰੇ ਕੱਖ ਨਹੀਂ ਸੀ ਪਤਾ। ਪਰ ਅੱਜ, ਪਾਰੀ ਦੀ ਇਸ ਫ਼ਿਲਮ ਨੂੰ ਦੇਖਣ ਅਤੇ ਉਸ ਲੇਖ ਦੇ ਆਉਣ ਤੋਂ ਬਾਅਦ ਹਰੇਕ ਪੀੜ੍ਹੀ ਮੇਰੇ ਵੱਲ ਆਦਰ ਭਰੀਆਂ ਨਜ਼ਰਾਂ ਨਾਲ਼ ਦੇਖਦੀ ਹੈ ਅਤੇ ਹੁਣ ਉਹ ਜਾਣਦੀ ਹੈ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ ਮੇਰੀ ਅਤੇ ਮੇਰੇ ਸਾਥੀਆਂ ਦੀ ਕੀ ਭੂਮਿਕਾ ਰਹੀ ਸੀ। ਪਾਰੀ ਦੀ ਇਸ ਕੋਸ਼ਿਸ਼ ਨੇ ਮੇਰੇ ਜੀਵਨ ਦੇ ਅਖ਼ੀਰੀ ਸਮੇਂ ਵਿੱਚ ਸਾਡਾ ਸਨਮਾਨ ਬਹਾਲ ਕੀਤਾ ਹੈ।''
ਕੈਪਟਨ ਭਾਊ ਦੇ ਵਿਛੋੜੇ ਨਾਲ਼ ਭਾਰਤ ਨੇ ਆਪਣੀ ਅਜ਼ਾਦੀ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਪੈਦਲ ਸੈਨਿਕਾਂ ਵਿੱਚ ਇੱਕ ਨੂੰ ਗੁਆ ਲਿਆ ਹੈ- ਉਹ ਸੈਨਿਕ ਜੋ ਇਸ ਦੇਸ਼ ਦੀ ਅਜ਼ਾਦੀ ਵਾਸਤੇ ਲੜੇ ਅਤੇ ਨਿੱਜੀ ਲਾਭ ਬਾਰੇ ਰਤਾ ਵੀ ਨਾ ਸੋਚਿਆ ਅਤੇ ਹਰ ਉਸ ਖ਼ਤਰੇ ਤੋਂ ਸੁਚੇਤ ਰਹੇ ਜੋ ਖ਼ਤਰਾ ਉਹ ਮੁੱਲ ਲੈ ਰਹੇ ਸਨ।
2017 ਵਿੱਚ, ਉਨ੍ਹਾਂ ਦੀ ਇੰਟਰਵਿਊ ਲਏ ਜਾਣ ਤੋਂ ਇੱਕ ਸਾਲ ਬਾਅਦ, ਭਾਰਤ ਪਾਟਿਲ ਨੇ ਮੈਨੂੰ ਇੱਕ ਤਸਵੀਰ ਭੇਜੀ ਜਿਸ ਵਿੱਚ ਇਹ ਬਜ਼ੁਰਗ ਸਾਥੀ ਕੁੰਡਲ ਵਿਖੇ ਕਿਸਾਨਾਂ ਦੀ ਹੜਤਾਲ਼ ਵਿੱਚ ਮਾਰਚ ਕਰ ਰਿਹਾ ਸੀ। ਫਿਰ ਜਦੋਂ ਮੈਂ ਦੂਜੀ ਵਾਰੀ ਕੈਪਟਨ ਭਾਊ ਨੂੰ ਮਿਲ਼ਿਆਂ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇੰਨੀ ਸਿਖ਼ਰ ਦੁਪਹਿਰੇ ਉੱਥੇ ਕੀ ਕਰ ਰਹੇ ਸੋ? ਹੁਣ ਕਾਹਦੇ ਲਈ ਲੜਾਈ ਲੜ ਰਹੇ ਸੋ? ਅਜ਼ਾਦੀ ਦੇ ਘੋਲ਼ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਨੇ ਕਿਹਾ:
''ਉਦੋਂ ਵੀ ਇਹ ਲੜਾਈ ਕਿਸਾਨਾਂ ਅਤੇ ਮਜ਼ਦੂਰਾਂ ਲਈ ਸੀ, ਸਾਈਨਾਥ। ਹੁਣ ਵੀ ਇਹ ਲੜਾਈ ਕਿਸਾਨਾਂ ਅਤੇ ਮਜ਼ਦੂਰਾਂ ਲਈ ਹੀ ਹੈ।''
ਇਹ ਵੀ ਪੜ੍ਹੋ: ' ਕੈਪਟਨ ਵੱਡਾ ਭਾਊ' ਅਤੇ ਤੂਫ਼ਾਨ ਸੈਨਾ ਅਤੇ ਪ੍ਰਤੀ ਸਰਕਾਰ ਦੀ ਅਖ਼ੀਰਲੀ ਜੈ-ਜੈਕਾਰ
ਤਰਜਮਾ: ਕਮਲਜੀਤ ਕੌਰ