ਉੱਥੇ ਇੱਕ ਚਮਕਦਾਰ ਲਾਲ ਬੈਕਗ੍ਰਾਊਂਡ 'ਤੇ KFC ਲਿਖਿਆ ਹੋਇਆ ਸੀ।
ਇੱਥੇ ਸੁਆਦੀ ਭੋਜਨ ਦੇ ਪਿੱਛੇ ਵਿਅਕਤੀ ਦੂਜੇ KFC ਫਰੈਂਚਾਇਜ਼ੀਜ਼ ਦੇ ਮਰਹੂਮ ਕਰਨਲ ਸੈਂਡਰਸ ਨਹੀਂ ਹਨ, ਜਿੱਥੇ 'ਕੇ' ਦਾ ਅਰਥ 'ਕੇਂਟਕੀ' ਹੈ। ਇਹ ਇੱਕ-ਮੰਜ਼ਿਲਾ ਰੈਸਟੋਰੈਂਟ ਕੁਲਮੋਰਾ ਦੇ 32 ਸਾਲਾ ਬਿਮਨ ਦਾਸ ਦੁਆਰਾ ਚਲਾਇਆ ਜਾਂਦਾ ਹੈ।
ਅਧਿਕਾਰਤ ਤੌਰ 'ਤੇ ਨਾਤੂਨ ਕੁਲਮੋਰਾ ਚਪੋਰੀ ਵਜੋਂ ਜਾਣਿਆ ਜਾਂਦਾ ਹੈ, ਇਹ ਅਸਾਮ ਵਿੱਚ ਮਾਜੁਲੀ ਨਦੀ ਟਾਪੂ 'ਤੇ ਇੱਕ ਪਿੰਡ ਹੈ। ਕੁਲਮੋਰਾ ਦੇ 480 ਵਸਨੀਕ ਮੁੱਖ ਤੌਰ 'ਤੇ ਕਿਸਾਨ ਅਤੇ ਖੇਤ ਮਜ਼ਦੂਰ ਹਨ (ਜਨਗਣਨਾ 2011), ਪਰ ਟਾਪੂ 'ਤੇ ਆਉਣ ਵਾਲ਼ੇ ਸੈਲਾਨੀ ਵੀ ਤੁਰੰਤ ਭੋਜਨ ਲਈ ਇਸੇ ਕੇਐਫਸੀ ਦੀ ਹੀ ਭਾਲ਼ ਕਰਦੇ ਹਨ। ਇਸ ਭੋਜਨਾਲੇ ਨੂੰ ਇੱਥੇ ਸਾਰੇ ਯਾਤਰਾ ਗਾਈਡਾਂ ਵਿੱਚ ਉੱਚ ਦਰਜਾ ਪ੍ਰਾਪਤ ਹੈ।
ਮਈ 2022 ਵਿੱਚ ਗਰਮੀਆਂ ਦੀ ਦੁਪਹਿਰ ਵੇਲ਼ੇ ਰਾਤ ਦੇ ਖਾਣੇ ਦੀ ਤਿਆਰੀ ਵਾਸਤੇ ਆਪਣਾ ਰੈਸਟੋਰੈਂਟ ਖੋਲ੍ਹਦੇ ਹੋਏ ਬਿਮਨ ਨੇ ਕਿਹਾ, "ਮੈਂ 2017 ਵਿੱਚ KFC ਸ਼ੁਰੂ ਕੀਤਾ, ਪਰ ਉਦੋਂ ਇਹ ਇੱਕ ਰੇੜ੍ਹੀ ਹੁੰਦਾ ਸੀ।" ਬਾਹਰੀ ਅਤੇ ਅੰਦਰਲੀਆਂ ਕੰਧਾਂ ਚਮਕਦਾਰ ਲਾਲ ਰੋਗਣ ਨਾਲ਼ ਰੰਗੀਆਂ ਹੋਈਆਂ ਹਨ। ਕੜਕਦੀ ਧੁੱਪ ਵਿੱਚ ਬੱਕਰੀਆਂ, ਗਾਂ ਅਤੇ ਪਸ਼ੂ ਬਾਹਰ ਘੁੰਮ ਰਹੇ ਸਨ।
ਉਸ ਰੇੜ੍ਹੀ ‘ਤੇ ਬਿਮਨ ਨੇ ਚਾਉ ਮੇਨ (ਉਬਾਲੇ - ਤਲੇ ਹੋਏ ਨੂਡਲਜ਼) ਅਤੇ ਕੁਝ ਹੋਰ ਪਕਵਾਨ ਵੇਚਣੇ ਸ਼ੁਰੂ ਕੀਤੇ। ਦੋ ਸਾਲ ਬਾਅਦ 2019 ਵਿੱਚ, ਉਨ੍ਹਾਂ ਨੇ ਇੱਕ 10 ਸੀਟਰ ਰੈਸਟੋਰੈਂਟ ਖੋਲ੍ਹਿਆ, ਜਿੱਥੇ ਉਹ ਕਈ ਤਰ੍ਹਾਂ ਦੇ ਫਰਾਈਜ਼, ਬਰਗਰ, ਪੀਜ਼ਾ, ਪਾਸਤਾ, ਮਿਲਕ ਕੇਕ ਅਤੇ ਹੋਰ ਬਹੁਤ ਕੁਝ ਤਿਆਰ ਕਰਦੇ ਹਨ।
ਕੇਐਫਸੀ ਹੁਣ ਨਾ ਸਿਰਫ ਕੁਲਮੋਰਾ ਦੇ ਸਥਾਨਕ ਲੋਕਾਂ ਵਿੱਚ, ਬਲਕਿ ਦੁਨੀਆ ਭਰ ਦੇ ਸੈਲਾਨੀਆਂ ਵਿੱਚ ਵੀ ਪ੍ਰਸਿੱਧ ਹੈ ਜੋ ਨਦੀ ਦੇ ਟਾਪੂ ਦਾ ਦੌਰਾ ਕਰਦੇ ਹਨ। ਇਨ੍ਹਾਂ ਯਾਤਰੀਆਂ ਨੇ ਇਸ ਨੂੰ ਗੂਗਲ ਰਿਵਿਊਜ਼ 'ਤੇ 4.3 ਸਟਾਰ ਰੇਟਿੰਗ ਦਿੱਤੀ ਹੈ, ਜਿੱਥੇ ਇਸ ਕੇਐਫਸੀ ਦੇ ਸੁਆਦੀ ਅਤੇ ਤਾਜ਼ੇ ਭੋਜਨ ਦੀ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਗਈ ਹੈ।
ਤਾਂ, ਇਸ ਨੂੰ ਕ੍ਰਿਸ਼ਨਾ ਫਰਾਈਡ ਚਿਕਨ ਕਿਉਂ ਕਿਹਾ ਜਾਂਦਾ ਹੈ? ਬਿਮਨ ਆਪਣਾ ਫੋਨ ਕੱਢ ਕੇ ਉਸ ਵਿੱਚ ਆਪਣੀ, ਆਪਣੀ ਪਤਨੀ ਦੇਬਾਜਾਨੀ ਦਾਸ ਅਤੇ 7-8 ਸਾਲ ਦੇ ਇੱਕ ਛੋਟੇ ਲੜਕੇ ਦੀ ਤਸਵੀਰ ਦਿਖਾ ਕੇ ਇਸ ਦਾ ਜਵਾਬ ਦਿੰਦੇ ਹਨ। "ਮੈਂ ਇਸ ਦਾ ਨਾਂ ਆਪਣੇ ਬੇਟੇ ਕ੍ਰਿਸ਼ਨਾ ਦੇ ਨਾਂ 'ਤੇ ਰੱਖਿਆ ਹੈ," ਫ਼ਖਰ ਨਾਲ਼ ਇੱਕ ਪਿਤਾ ਮੁਸਕਰਾ ਕੇ ਕਹਿੰਦਾ ਹੈ। ਬਿਮਨ ਦੇ ਅਨੁਸਾਰ, ਲੜਕਾ ਸਕੂਲ ਤੋਂ ਬਾਅਦ ਹਰ ਰੋਜ਼ ਕੇਐਫਸੀ ਆਉਂਦਾ ਹੈ ਅਤੇ ਇੱਕ ਕੋਨੇ ਵਿੱਚ ਬੈਠ ਕੇ ਆਪਣਾ ਹੋਮਵਰਕ ਕਰਦਾ ਹੈ ਜਦੋਂ ਕਿ ਉਸਦੇ ਮਾਪੇ ਭੁੱਖੇ ਗਾਹਕਾਂ ਦੀ ਸੇਵਾ ਕਰਦੇ ਹਨ।
ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਬਿਮਨ ਨੇ ਸਾਨੂੰ ਤਲ਼ੇ ਹੋਏ ਚਿਕਨ ਬਰਗਰ ਲੈਣ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਸਾਨੂੰ ਇਹ ਵੀ ਦਿਖਾਇਆ ਕਿ ਇਹ ਕਿਵੇਂ ਬਣਾਇਆ ਜਾਂਦਾ ਹੈ। "ਸਾਡੀ ਰਸੋਈ ਮਾਜੁਲੀ ਦੀਆਂ ਸਭ ਤੋਂ ਸਾਫ਼ ਰਸੋਈਆਂ ਵਿੱਚੋਂ ਇੱਕ ਹੈ," ਉਹ ਮਾਣ ਨਾਲ਼ ਕਹਿੰਦੇ ਹਨ ਅਤੇ ਇਸ ਛੋਟੀ ਜਿਹੀ ਥਾਂ ਵਿੱਚ ਇੱਧਰ-ਓਧਰ ਘੁੰਮਦੇ ਹੋਏ ਕੰਮੇ ਲੱਗੇ ਰਹਿੰਦੇ ਹਨ; ਇੱਥੇ ਤਿੰਨ ਕਾਊਂਟਰ ਸਨ, ਇੱਕ ਫਰਿੱਜ, ਇੱਕ ਓਵਨ ਅਤੇ ਇੱਕ ਡੀਪ ਫ੍ਰਾਈਰ। ਕੱਟੀਆਂ ਹੋਈਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਂਭਿਆ ਗਿਆ ਸੀ, ਜਦੋਂ ਕਿ ਰਸੋਈ ਦੀਆਂ ਅਲਮਾਰੀਆਂ 'ਤੇ ਸਾਸ ਅਤੇ ਕੈਚੱਪ ਦੀਆਂ ਬੋਤਲਾਂ ਕਤਾਰਬੱਧ ਕਰਕੇ ਰੱਖੀਆਂ ਸਨ।
ਬਿਮਨ ਨੇ ਫਰਿੱਜ ਵਿੱਚ ਰੱਖੇ ਮੁਰਗੇ ਦੇ ਗੋਸ਼ਤ ਨੂੰ ਬਾਹਰ ਕੱਢਿਆ ਅਤੇ ਇਸ ਨੂੰ ਬੈਟਰ ਵਿੱਚ ਡੁਬੋ ਕੇ ਤਲਣਾ ਸ਼ੁਰੂ ਕੀਤਾ। ਜਦੋਂ ਇਹ ਤੇਲ ਵਿੱਚ ਉਬਾਲ ਰਿਹਾ ਸੀ, ਉਹ ਬਨ ਨੂੰ ਟੋਸਟ ਕਰਨ ਲੱਗੇ। “ਮੇਰੀ ਮਾਂ ਸਵੇਰੇ-ਸਵੇਰੇ ਕੰਮ 'ਤੇ ਜਾਂਦੀ ਸੀ। ਇਸ ਲਈ ਮੈਨੂੰ ਖੁਦ ਖਾਣਾ ਬਣਾਉਣਾ ਪੈਂਦਾ।” ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਵੇਂ 10 ਸਾਲ ਦੀ ਉਮਰੇ ਇਹ ਕੰਮ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੀ ਮਾਂ ਇਲਾ ਦਾਸ ਮਾਜੁਲੀ ਵਿੱਚ ਇੱਕ ਖੇਤੀਬਾੜੀ ਮਜ਼ਦੂਰ ਸਨ; ਉਨ੍ਹਾਂ ਦਾ ਪਿਤਾ ਦਿਘਾਲਾ ਦਾਸ ਮੱਛੀ ਵੇਚਣ ਦਾ ਕੰਮ ਕਰਦੇ ਸਨ।
ਬਿਮਨ ਕਹਿੰਦੇ ਹਨ, “ਮੈਂ ਆਪਣੀ ਮਾਂ ਨੂੰ ਪਕਾਉਂਦੇ ਦੇਖ ਕੇ ਦਾਲ, ਚਿਕਨ ਅਤੇ ਮੱਛੀ ਪਕਾਉਣਾ ਸਿੱਖ ਲਿਆ ਸੀ। ਮੇਰੇ ਗੁਆਂਢੀ ਅਤੇ ਦੋਸਤ ਮੇਰੇ ਪਕਾਏ ਹੋਏ ਭੋਜਨ ਨੂੰ ਖਾਂਦੇ ਸਨ। ਇਸ ਗੱਲ ਨੇ ਮੈਨੂੰ ਖਾਣਾ ਬਣਾਉਣ ਬਾਰੇ ਹੋਰ ਸਿੱਖਣ ਲਈ ਪ੍ਰੇਰਿਤ ਕੀਤਾ।”
ਬਿਮਨ ਨੇ ਆਪਣੇ 18ਵੇਂ ਸਾਲ ਦੀ ਉਮਰੇ ਘਰ ਛੱਡ ਦਿੱਤਾ ਅਤੇ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਆਪਣੀ ਜੇਬ੍ਹ ਵਿਚ ਸਿਰਫ 1,500 ਰੁਪਏ ਲੈ ਕੇ ਇਕ ਦੋਸਤ ਨਾਲ਼ ਮੁੰਬਈ ਦੀ ਯਾਤਰਾ ਕੀਤੀ। ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਲੱਭਣ ਵਿੱਚ ਮਦਦ ਕੀਤੀ, ਪਰ ਉਹ ਉੱਥੇ ਜ਼ਿਆਦਾ ਦੇਰ ਨਹੀਂ ਰੁਕੇ ਰਹਿ ਸਕੇ। “ਮੈਂ ਕੰਮ ਛੱਡ ਕੇ ਭੱਜ ਗਿਆ। ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਇੰਝ ਕੰਮ ਛੱਡ ਕੇ ਭੱਜਣਾ ਮੁਨਾਸਬ ਨਾ ਲੱਗਿਆ ਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਇਹ ਕਹਿੰਦਿਆਂ ਚਿੱਠੀ ਲਿਖੀ, 'ਕਿਰਪਾ ਕਰਕੇ ਮੇਰੇ ਬਾਰੇ ਗ਼ਲਤ ਧਾਰਣਾ ਨਾ ਘੜ੍ਹਨਾ। ਮੈਨੂੰ ਇਹ ਕੰਮ ਛੱਡਣਾ ਪੈਣਾ ਹੈ ਕਿਉਂਕਿ ਇਹ ਕੰਮ ਮੈਨੂੰ ਸਹੀ ਨਹੀਂ ਲੱਗਿਆ। ਮੈਨੂੰ ਇਹ ਨੌਕਰੀ ਪਸੰਦ ਨਹੀਂ ਹੈ'।''
ਬਾਅਦ ਵਿੱਚ ਉਨ੍ਹਾਂ ਨੇ ਮੁੰਬਈ ਦੇ ਵੱਖ-ਵੱਖ ਰੈਸਟੋਰੈਂਟਾਂ ਵਿੱਚ ਪੰਜਾਬੀ, ਗੁਜਰਾਤੀ, ਇੰਡੋ-ਚਾਈਨੀਜ਼ ਅਤੇ ਕਾਂਟੀਨੈਂਟਲ ਫੂਡ ਵਰਗੇ ਵੰਨ-ਸੁਵੰਨੇ ਖਾਣੇ ਪਕਾਉਣੇ ਸਿੱਖੇ। ਸ਼ੁਰੂ ਵਿੱਚ ਇਹ ਸਭ ਕੰਮ ਇੱਕ ਪਾਸੇ ਹੀ ਰਿਹਾ। "ਮੈਂ ਸ਼ੁਰੂ ਵਿੱਚ ਪਲੇਟਾਂ ਸਾਫ਼ ਕਰ ਰਿਹਾ ਸੀ, ਟੇਬਲ ਸੈੱਟ ਕਰ ਰਿਹਾ ਸੀ," ਉਹ ਕਹਿੰਦੇ ਹਨ। 2010 ਵਿੱਚ, ਬਿਮਨ ਨੂੰ ਹੈਦਰਾਬਾਦ ਵਿੱਚ ਐਟਿਕੋ ਨਾਮਕ ਫੂਡ ਕੋਰਟ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ; ਉਨ੍ਹਾਂ ਬੜੀ ਛੇਤੀ ਤਰੱਕੀ ਕੀਤੀ ਤੇ ਮੈਨੇਜਰ ਬਣ ਗਏ।
ਇਸ ਦੌਰਾਨ ਬਿਮਨ ਪਿਆਰ ਵਿੱਚ ਪੈ ਗਏ ਅਤੇ ਦੇਬਾਜਾਨੀ ਨਾਲ਼ ਵਿਆਹ ਕਰ ਲਿਆ, ਜੋ ਕਿ ਇਸ ਸਮੇਂ ਕੇਐਫਸੀ ਵਿੱਚ ਉਨ੍ਹਾਂ ਦੀ ਵਪਾਰਕ ਭਾਈਵਾਲ਼ ਹਨ। ਉਨ੍ਹਾਂ ਦੀਆਂ ਛੋਟੀਆਂ ਚਚੇਰੀਆਂ ਭੈਣਾਂ ਸ਼ਿਵਾਨੀ ਅਤੇ ਦੇਬਾਜਾਨੀ (ਉਹਦਾ ਨਾਮ ਵੀ ਇਹੀ ਹੈ) ਵੀ ਕੰਟੀਨ ਵਿੱਚ ਉਨ੍ਹਾਂ ਦੀ ਮਦਦ ਕਰਦੀਆਂ ਹਨ।
ਹੈਦਰਾਬਾਦ ਤੋਂ ਬਾਅਦ, ਬਿਮਨ ਨੇ ਮਾਜੁਲੀ ਵਾਪਸ ਜਾਣ ਦਾ ਫੈਸਲਾ ਕੀਤਾ ਅਤੇ ਸ਼ੁਰੂ ਵਿੱਚ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਦੇ ਡੇਮੋਵ ਸੈਕਸ਼ਨ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ। ਇਸ ਸਭ ਦੇ ਬਾਵਜੂਦ, ਉਨ੍ਹਾਂ ਨੇ ਆਪਣਾ ਇੱਕ ਰੈਸਟੋਰੈਂਟ ਖੋਲ੍ਹਣ ਦਾ ਸੁਪਨਾ ਪਾਲ਼ੀ ਰੱਖਿਆ ਅਤੇ ਇਸ ਸੁਪਨੇ ਦਾ ਪਿੱਛਾ ਕਰਦਿਆਂ ਅੱਜ ਉਹ ਪੱਕੇ ਢਾਂਚੇ ਵਿੱਚ ਬਣਿਆ ਭੋਜਨਾਲਾ ਚਲਾਉਂਦੇ ਹਨ। "ਮੈਂ ਇੱਕ ਰਸੋਈ ਬਣਾਈ ਹੈ [ਰੈਸਟੋਰੈਂਟ ਦੇ ਪਿਛਲੇ ਪਾਸੇ] ਪਰ ਬੈਠਣ ਦੀ ਜਗ੍ਹਾ ਵਾਸਤੇ ਮੈਨੂੰ 2,500 ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਣਾ ਪੈਂਦਾ ਹੈ," ਬਿਮਨ ਕਹਿੰਦੇ ਹਨ।
ਮੈਂ ਉਨ੍ਹਾਂ ਦੀ ਕਹਾਣੀ ਸੁਣਦੇ ਹੋਏ ਸਭ ਤੋਂ ਸੁਆਦੀ ਬਰਗਰ ਅਤੇ ਫਰਾਈਜ਼ ਖਾਧਾ ਅਤੇ ਬਦਲੇ ਵਿੱਚ 120 ਰੁਪਏ ਦਿੱਤੇ। ਇੱਥੇ ਗਾਹਕਾਂ ਵਿੱਚ ਇੱਕ ਹੋਰ ਪਸੰਦੀਦਾ ਪੀਜ਼ਾ ਹੈ ਜੋ ਉਹ ਬਣਾਉਂਦੇ ਹਨ। ਇਸਦੀ ਕੀਮਤ 270 ਹੈ। ਸਮੀਖਿਆਵਾਂ ਦਾ ਕਹਿਣਾ ਹੈ ਕਿ ਇੱਥੇ ਨਿੰਬੂ ਪਾਣੀ, ਮਿਲਕ ਸ਼ੇਕ ਅਤੇ ਵੈਜ ਰੋਲ ਵਧੀਆ ਹਨ।
ਬਿਮਨ ਅਤੇ ਉਨ੍ਹਾਂ ਦਾ ਪਰਿਵਾਰ ਕੁਲਮੋਰਾ ਤੋਂ ਦਸ ਕਿਲੋਮੀਟਰ ਦੂਰ ਸੇਨਸੋਵਾ ਵਿੱਚ ਰਹਿੰਦਾ ਹੈ। ਉਹ ਹਰ ਰੋਜ਼ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਆਪਣੇ ਰੈਸਟੋਰੈਂਟ ਆਉਂਦੇ ਹਨ। ਬਿਮਨ ਕਹਿੰਦੇ ਹਨ, "ਮੈਂ ਹਰ ਰੋਜ਼ ਸਵੇਰੇ ਨੌਂ ਵਜੇ ਤਿਆਰੀ ਸ਼ੁਰੂ ਕਰ ਦਿੰਦਾ ਹਾਂ ਤੇ ਸਬਜ਼ੀਆਂ ਕੱਟਣ ਅਤੇ ਚਿਕਨ ਤਿਆਰ ਕਰਨਾ ਸ਼ੁਰੂ ਕਰਦਾ ਹਾਂ।"
ਚੰਗੇ ਦਿਨ 'ਤੇ ਉਹ 10,000 ਰੁਪਏ ਕਮਾ ਲੈਂਦੇ ਹੈ। ਇਹ ਆਮ ਤੌਰ 'ਤੇ ਸੈਰ-ਸਪਾਟਾ ਸੀਜ਼ਨ ਦੇ ਦੌਰਾਨ ਹੁੰਦਾ ਹੈ, ਯਾਨੀ ਅਕਤੂਬਰ-ਦਸੰਬਰ। ਆਮ ਦਿਨੀਂ, ਉਹ ਕਹਿੰਦੇ ਹਨ, ਉਹ ਲਗਭਗ 5,000 ਰੁਪਏ ਦਾ ਵਪਾਰ ਕਰਦੇ ਹਨ।
ਇਸ ਦੌਰਾਨ, ਨਿਯਮਤ ਗਾਹਕ ਨਿਕਿਤਾ ਚੈਟਰਜੀ ਆਪਣਾ ਆਰਡਰ ਦੇਣ ਲਈ ਪਹੁੰਚਦੀ ਹੈ। ਇੱਕ ਸਮਾਜਿਕ ਕਾਰਕੁਨ, ਉਹ ਇੱਕ ਸਾਲ ਪਹਿਲਾਂ ਮੁੰਬਈ ਤੋਂ ਮਾਜੁਲੀ ਚਲੀ ਗਈ ਸੀ। "ਕੇਐਫਸੀ ਮੇਰੇ ਲਈ ਜੀਵਨ ਬਚਾਉਣ ਵਾਲਾ ਸੀ," ਉਹ ਕਹਿੰਦੀ ਹੈਨ "ਜਦੋਂ ਮੈਂ ਪਹਿਲੀ ਵਾਰ ਕ੍ਰਿਸ਼ਨਾ ਫਰਾਈਡ ਚਿਕਨ ਬਾਰੇ ਸੁਣਿਆ, ਤਾਂ ਲੋਕਾਂ ਨੇ ਕਿਹਾ ਕਿ ਜਿੱਥੋਂ ਤੱਕ ਮਾਜੁਲੀ ਦਾ ਸਬੰਧ ਹੈ, ਇਹ ਬਹੁਤ ਵਧੀਆ ਹੋਟਲ ਸੀ। ਪਰ ਇੱਥੇ ਖਾਣਾ ਖਾਣ ਤੋਂ ਬਾਅਦ, ਮੈਨੂੰ ਮਹਿਸੂਸ ਹੋਇਆ ਕਿ ਇਹ ਭੋਜਨ ਖਾਣ ਲਈ ਸਭ ਤੋਂ ਵਧੀਆ ਜਗ੍ਹਾ ਹੈ।"
ਬਿਮਨ ਵੱਲ ਦੇਖ ਕੇ ਉਨ੍ਹਾਂ ਨੇ ਕਿਹਾ, "ਮੈਨੂੰ ਕੁਝ ਸ਼ਿਕਾਇਤਾਂ ਹਨ। ਤੁਸੀਂ ਦੋ ਦਿਨ ਭੋਜਨਾਲਾ ਬੰਦ ਕਿਉਂ ਰੱਖਿਆ?" ਉਹ ਅਸਾਮ ਦੇ ਮੁੱਖ ਤਿਉਹਾਰ ਬੀਹੂ ਦੌਰਾਨ ਹੈਸਟੋਰੈਂਟ ਬੰਦ ਹੋਣ ਦੀ ਗੱਲ ਕਰ ਰਹੀ ਸਨ।
ਅੱਗਿਓਂ ਬਿਮਨ ਮਜ਼ਾਕ ਵਿਚ ਪੁੱਛਦੇ ਹਨ, "ਕੀ ਤੁਸੀਂ ਪਿਛਲੇ ਦੋ ਦਿਨਾਂ ਤੋਂ ਕੁਝ ਖਾਧਾ ਵੀ ਹੈ?"
ਜੇਕਰ ਤੁਸੀਂ ਕਦੇ ਨਾਤੂਨ ਕੁਲਮੋਰਾ ਚਪੋਰੀ ਪਿੰਡ ਜਾਂਦੇ ਹੋ , ਤਾਂ ਕ੍ਰਿਸ਼ਨਾ ਫਰਾਈਡ ਚਿਕਨ ਜ਼ਰੂਰ ਦੇਖਣਾ ਚਾਹੀਦਾ ਹੈ। ਇੱਥੇ ਖਾਣੇ ਦੀ ਮਹਿਕ ਮੂੰਹ ਵਿੱਚ ਪਾਣੀ ਲਿਆ ਦਿੰਦੀ ਹੈ।
ਤਰਜਮਾ: ਕਮਲਜੀਤ ਕੌਰ