“ਮੈਂ ਤੇਜ਼ ਦੌੜ ਕੇ ਆਊਂਗਾ, ਔਰ ਕੁਨੋ ਮੇਂ ਬਸ ਜਾਊਂਗਾ। [ਮੈਂ ਭੱਜ ਕੇ ਆਵਾਂਗਾ ਤੇ ਕੁਨੋ ਵਿੱਚ ਬਸ ਜਾਵਾਂਗਾ]”
ਚਿੰਟੂ ਇੱਕ ਚੀਤਾ ਹੈ ਜੋ ਇਸ ਪੋਸਟਰ ਜ਼ਰੀਏ ਹਰ ਉਸ ਵਿਅਕਤੀ ਨੂੰ ਸੰਬੋਧਨ ਕਰ ਰਿਹਾ ਹੈ ਜੋ ਉਹਦੀ ਗੱਲ ਸੁਣਨ ਜਾਂ ਪੜ੍ਹਨ ਨੂੰ ਤਿਆਰ ਹੈ।
ਇਹ ਪੋਸਟਰ ਛੇ ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਦੇ ਜੰਗਲਾਤ ਵਿਭਾਗ ਨੇ ਉੱਚ ਅਧਿਕਾਰੀਆਂ ਦੇ ਲਿਖਤੀ ਆਦੇਸ਼ਾਂ ’ਤੇ ਕਾਰਵਾਈ ਕਰਦਿਆਂ ਚਿਪਕਾਇਆ ਸੀ । ਇਸ ਪੋਸਟਰ ਨੂੰ ਕੁਨੋ ਨੈਸ਼ਨਲ ਪਾਰਕ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚ ਲਗਾ ਦਿੱਤਾ ਗਿਆ, ਪੋਸਟਰ ਵਿਚਲਾ ਕਿਰਦਾਰ, ਦੋਸਤ ‘ਚਿੰਟੂ ਚੀਤਾ’ ਇੱਥੇ ਆਪਣਾ ਘਰ ਬਣਾਉਣ ਦੀ ਯੋਜਨਾ ਸਾਂਝੀ ਕਰ ਰਿਹਾ ਹੈ।
ਚਿੰਟੂ ਆਪਣਾ ਇਹ ਘਰ 50 ਅਫ਼ਰੀਕੀ ਚੀਤਿਆਂ ਨਾਲ ਤਾਂ ਸਾਂਝਾ ਕਰੇਗਾ, ਪਰ ਬਗਚਾ ਪਿੰਡ ਦੇ 556 ਮਨੁੱਖਾਂ ਨਾਲ਼ ਨਹੀਂ, ਜਿਨ੍ਹਾਂ ਨੂੰ ਉਜਾੜ ਕੇ ਕਿਤੇ ਹੋਰ ਭੇਜਿਆ ਜਾਣਾ ਤੈਅ ਹੋ ਚੁੱਕਿਆ ਹੈ। ਇਹ ਵਿਸਥਾਪਨ ਇਹਨਾਂ ਸਹਾਰੀਆ ਆਦਿਵਾਸੀਆਂ ਦੀ ਰੋਜ਼ੀ-ਰੋਟੀ ਤੇ ਰੋਜ਼-ਮਰ੍ਹਾ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਉਥਲ-ਪੁਥਲ ਕਰ ਦੇਵੇਗਾ, ਜਿਨ੍ਹਾਂ ਆਦਿਵਾਸੀਆਂ ਦੀ ਦੁਨੀਆਂ ਜੰਗਲਾਂ ਨਾਲ ਇੰਨੀ ਨੇੜਿਓਂ ਜੁੜੀ ਹੁੰਦੀ ਹੈ ।
ਸਿਰਫ਼ ਉਹ ਸੈਲਾਨੀ ਜੋ ਇਨ੍ਹਾਂ ਬਾਹਰੋਂ ਮੰਗਵਾਏ ਚੀਤਿਆਂ ਨੂੰ ਸਿਰਫ਼ ਦੇਖਣ ਭਰ ਲਈ ਸਫਾਰੀ ਸਵਾਰੀ ਕਰਨ ਲਈ ਇੰਨੀ ਮਹਿੰਗੀਆਂ ਟਿਕਟਾਂ ਖਰਚ ਸਕਦੇ ਹੋਣ, ਉਹੀ ਇਸ ਨੈਸ਼ਨਲ ਪਾਰਕ ਵਿੱਚ ਜਾ ਸਕਣਗੇ। ਮਤਲਬ ਸਿੱਧਾ ਹੈ ਕਿ ਸਥਾਨਕ ਨਿਵਾਸੀ ਕਦੇ ਵੀ ਇਸ ਪਾਰਕ ਵਿੱਚ ਪ੍ਰਵੇਸ਼ ਹੀ ਨਹੀਂ ਕਰ ਸਕਦੇ, ਕਿਉਂਕਿ ਬਹੁਤੇਰੇ ਤਾਂ ਗਰੀਬੀ ਰੇਖਾ ਦੇ ਹੇਠਾਂ ਰਹਿੰਦੇ ਹਨ ।
ਇਸ ਦੌਰਾਨ ਇੱਕ ‘ਪਿਆਰੀ’ ਚਟਾਕਦਾਰ ਬਿੱਲੀ ਦੇ ਪੋਸਟਰ ਅਤੇ ਕਾਰਟੂਨ ਨੇ ਇਸ ਸੈਂਕਚਰੀ ਤੋਂ 20 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਪਿੰਡ ਪਾਇਰਾ ਜਾਟਵ ਦੇ ਅੱਠ ਸਾਲਾਂ ਸੱਤਿਆ ਜਾਟਵ ਵਰਗੇ ਕਈ ਬੱਚਿਆਂ ਨੂੰ ਉਲਝਣ ਵਿੱਚ ਪਾਈ ਰੱਖਿਆ, ਜਿਸਨੇ ਆਪਣੇ ਪਿਤਾ ਨੂੰ ਪੁੱਛਿਆ, “ਕੀ ਇਹ ਇਕ ਬੱਕਰੀ ਹੈ?” ਉਸਦਾ ਛੋਟਾ ਭਰਾ, ਜੋ ਕਿ ਮਸਾਂ ਚਾਰ ਸਾਲਾਂ ਦਾ ਹੋਣਾ, ਹੜਬੜੀ ਵਿੱਚ ਬੋਲਿਆ ਕਿ ਇਹ ਪੱਕਾ ਇਕ ਕੁੱਤਾ ਹੋਣਾ।














