ਅਜ਼ਾਦ ਮੈਦਾਨ ਵਿੱਚ ਇੰਨੀ ਜ਼ਿਆਦਾ ਭੀੜ ਨੂੰ ਦੇਖ ਕੇ ਕੈਲਾਸ਼ ਖੰਡਾਗਲੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। "ਇੱਥੇ ਇੰਨੇ ਸਾਰੇ ਕਿਸਾਨ ਹਨ," 38 ਸਾਲਾ ਬੇਜ਼ਮੀਨੇ ਮਜ਼ਦੂਰ ਨੇ ਮੈਦਾਨ ਦੇ ਚੁਫੇਰੇ ਝਾਤ ਮਾਰਦਿਆਂ ਕਿਹਾ।
ਕੈਲਾਸ਼, ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ਼ ਇਕਜੁੱਟਤਾ ਪ੍ਰਗਟ ਕਰਨ ਲਈ, ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਦੇ ਨਾਲ਼ ਸ਼ਾਮਲ ਹੋਣ ਲਈ 24 ਜਨਵਰੀ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਅੱਪੜੇ ਸਨ। "ਮੈਂ ਤਿੰਨੋਂ (ਨਵੇਂ ਖੇਤੀ) ਕਨੂੰਨਾਂ ਦਾ ਵਿਰੋਧ ਕਰਨ ਲਈ ਇੱਥੇ ਹਾਂ। ਮੈਂ ਸੁਣਿਆ ਹੈ ਕਿ ਇਹ ਮੇਰੇ ਟੱਬਰ ਨੂੰ ਮਿਲ਼ਣ ਵਾਲੇ ਰਾਸ਼ਨ ਨੂੰ ਪ੍ਰਭਾਵਤ ਕਰ ਸਕਦੇ ਹਨ," ਕੈਲਾਸ਼ ਨੇ ਕਿਹਾ, ਜਿਨ੍ਹਾਂ ਦੇ ਭਾਈਚਾਰੇ ਦੇ ਮੈਂਬਰ ਇੱਕ ਤੋਂ ਪੰਜ ਏਕੜ ਜ਼ਮੀਨ 'ਤੇ ਮੁੱਖ ਤੌਰ 'ਤੇ ਟਮਾਟਰ, ਪਿਆਜ਼, ਬਾਜ਼ਰਾ ਅਤੇ ਕਣਕ ਉਗਾਉਂਦੇ ਹਨ।
ਉਹ ਅਹਿਮਦਨਗਰ ਜ਼ਿਲ੍ਹੇ ਦੇ ਕਰੀਬ 500 (ਉਨ੍ਹਾਂ ਦਾ ਅੰਦਾਜ਼ਾ) ਕੋਲੀ ਮਹਾਦੇਵ ਆਦਿਵਾਸੀਆਂ ਵਿੱਚੋਂ ਸਨ, ਜਿਨ੍ਹਾਂ ਨੇ ਸੰਯੁਕਤ ਸ਼ੇਤਕਰੀ ਕਾਮਗਾਰ ਮੋਰਚਾ ਦੁਆਰਾ 24 ਤੋਂ 26 ਜਨਵਰੀ ਤੱਕ ਅਯੋਜਿਤ ਧਰਨੇ ਵਿੱਚ ਹਿੱਸਾ ਲਿਆ ਸੀ। ਅਕੋਲਾ, ਪਾਰਨੇਰ ਅਤੇ ਸੰਗਮਨੇਰ ਤਾਲੁਕਾ ਦੇ ਆਦਿਵਾਸੀ ਕਿਸਾਨਾਂ ਨੇ ਮੁੰਬਈ ਤੱਕ ਦੀ ਲਗਭਗ 300 ਕਿਲੋਮੀਟਰ ਦੀ ਯਾਤਰਾ ਲਈ 35 ਗੱਡੀਆਂ ਕਿਰਾਏ 'ਤੇ ਲਈਆਂ, ਜਿਹਦੇ ਲਈ ਉਨ੍ਹਾਂ ਵਿੱਚੋਂ ਹਰੇਕ ਨੇ 200 ਰੁਪਏ ਅਦਾ ਕੀਤੇ ਸਨ।
ਸੰਗਮਨੇਰ ਤਾਲੁਕਾ ਦੇ ਆਪਣੇ ਪਿੰਡ, ਖੰਬੇ ਵਿੱਚ ਕੈਲਾਸ਼ ਆਪਣੇ ਸੱਤ ਮੈਂਬਰੀ ਟੱਬਰ, ਜਿਸ ਵਿੱਚ ਉਨ੍ਹਾਂ ਦੀ ਪਤਨੀ ਭਾਵਨਾ, ਬਜੁਰਗ ਮਾਪੇ ਅਤੇ ਤਿੰਨ ਬੱਚੇ, ਵਿੱਚ ਇਕੱਲੇ ਹੀ ਕਮਾਊ ਹਨ। "ਮੈਂ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਦਾ ਹਾਂ ਅਤੇ 250 ਰੁਪਏ ਦਿਹਾੜੀ ਕਮਾਉਂਦਾ ਹਾਂ। ਪਰ ਮੇਰੀ ਲੱਤ ਦੀ ਖ਼ਰਾਬੀ ਕਾਰਨ ਸਾਲ ਵਿੱਚ 200 ਦਿਨ ਤੋਂ ਜਿਆਦਾ ਕੰਮ ਕਰਨਾ ਮੇਰੇ ਲਈ ਮੁਸ਼ਕਲ ਹੋ ਜਾਂਦਾ ਹੈ," ਉਨ੍ਹਾਂ ਨੇ ਕਿਹਾ। ਕੈਲਾਸ਼ ਜਦੋਂ 13 ਸਾਲਾਂ ਦੇ ਸਨ ਤਾਂ ਉਨ੍ਹਾਂ ਦੀ ਖੱਬੀ ਲੱਤ ਜ਼ਖਮੀ ਹੋ ਗਈ ਸੀ, ਅਤੇ ਸਮੇਂ ਰਹਿੰਦਿਆਂ ਢੁੱਕਵਾਂ ਇਲਾਜ ਨਾ ਹੋ ਸਕਣ ਕਾਰਨ ਉਹ ਲੱਤ ਤੋਂ ਆਰੀ ਹੋ ਗਏ। ਭਾਵਨਾ ਵੀ ਸੱਜੇ ਹੱਥ ਵਿੱਚ ਨੁਕਸ ਹੋਣ ਕਾਰਨ ਸਖ਼ਤ ਮੁਸ਼ੱਕਤ ਕਰਨ ਵਿੱਚ ਅਸਮਰੱਥ ਹੈ।
ਛੋਟੀ ਅਤੇ ਅਸਿਥਰ ਆਮਦਨੀ ਦੇ ਕਾਰਨ, ਜਨਤਕ ਵਿਤਰਣ ਪ੍ਰਣਾਲੀ (ਪੀਡੀਐੱਸ) ਤੋਂ ਮਿਲ਼ਣ ਵਾਲਾ ਰਾਸ਼ਨ ਖੰਡਾਗਲੇ ਪਰਿਵਾਰ ਲਈ ਜ਼ਰੂਰੀ ਹੈ- ਰਾਸ਼ਟਰੀ ਅਨਾਜ ਸੁਰੱਖਿਆ ਐਕਟ, 2013 ਦੇ ਤਹਿਤ 80 ਕਰੋੜ ਵਿਅਕਤੀ ਰਾਸ਼ਨ ਦੇ ਹੱਕਦਾਰ ਹਨ, ਜਿਨ੍ਹਾਂ ਵਿੱਚੋਂ ਖੰਡਾਗਲੇ ਪਰਿਵਾਰ ਵੀ ਹੈ। ਇਹ ਐਕਟ ਲਾਭਪਾਤਰੀ ਪਰਿਵਾਰਾਂ ਨੂੰ ਰਿਆਇਤੀ ਦਰਾਂ 'ਤੇ ਪ੍ਰਤੀ ਵਿਅਕਤੀ ਹਰ ਮਹੀਨੇ ਕੁੱਲ ਪੰਜ ਕਿਲੋ ਅਨਾਜ ਖ਼ਰੀਦਣ ਦੀ ਆਗਿਆ ਦਿੰਦਾ ਹੈ- ਜਿਸ ਵਿੱਚ ਚੌਲ਼ 3 ਰੁਪਏ ਕਿਲੋ, ਕਣਕ 2 ਰੁਪਏ ਕਿਲੋ ਅਤੇ ਦਾਲਾਂ (ਮੋਟਾ ਅਨਾਜ) ਵਗੈਰਾ 1 ਰੁਪਏ ਕਿਲੋ।
ਪਰ ਕੈਲਾਸ਼ ਦੇ ਸੱਤ ਮੈਂਬਰੀ ਟੱਬਰ ਨੂੰ ਹਰ ਮਹੀਨੇ ਸਿਰਫ਼ 15 ਕਿਲੋ ਕਣਕ ਅਤੇ 10 ਕਿਲੋ ਚੌਲ਼ ਹੀ ਮਿਲ਼ਦੇ ਹਨ- ਜੋ ਉਨ੍ਹਾਂ ਦੇ ਬਣਦੇ ਕੋਟੇ ਵਿੱਚੋਂ 10 ਕਿਲੋ ਘੱਟ ਹੈ-ਕਿਉਂਕਿ ਬੀਪੀਐੱਲ (ਗ਼ਰੀਬੀ ਰੇਖਾ ਤੋਂ ਹੇਠਾਂ) ਰਾਸ਼ਨ ਕਾਰਡ ਵਿੱਚੋਂ ਉਨ੍ਹਾਂ ਦੇ ਦੋਨੋਂ ਛੋਟੇ ਬੱਚਿਆਂ ਦਾ ਨਾਂਅ ਗਾਇਬ ਹੈ।
"ਇਹ 25 ਕਿਲੋ 15 ਦਿਨਾਂ ਵਿੱਚ ਖ਼ਤਮ ਹੋ ਜਾਂਦੇ ਹਨ। ਫਿਰ ਸਾਨੂੰ ਆਪਣੀ ਭੁੱਖ ਨੂੰ ਦਬਾਉਣਾ ਪੈਂਦਾ ਹੈ," ਕੈਲਾਸ਼ ਨੇ ਕਿਹਾ, ਜੋ ਹਰ ਮਹੀਨੇ ਪਰਿਵਾਰ ਲਈ ਰਾਸ਼ਨ ਲਿਆਉਣ ਖਾਤਰ ਸਥਾਈ ਲੋਕਲ ਪੀਡੀਐੱਸ ਦੀ ਦੁਕਾਨ ਤੱਕ ਚਾਰ ਕਿਲੋਮੀਟਰ ਦਾ ਪੈਂਡਾ ਪੈਦਲ ਤੈਅ ਕਰਦੇ ਹਨ। "ਸਾਨੂੰ ਤੇਲ, ਲੂਣ ਅਤੇ ਬੱਚਿਆਂ ਦੀ ਸਿੱਖਿਆ ਲਈ ਵੀ ਭੁਗਤਾਨ ਕਰਨਾ ਪੈਂਦਾ ਹੈ। ਕਿਹਦੇ ਕੋਲ਼ ਇੰਨਾ ਪੈਸਾ ਹੈ ਕਿ ਕਰਿਆਨੇ ਦੀ ਦੁਕਾਨ ਤੋਂ ਮਹਿੰਗਾ ਅਨਾਜ਼ ਖਰੀਦਣ?"





