ਮੁਹੰਮਦ ਸ਼ਮੀਮ ਦੇ ਪਰਿਵਾਰ ਵਿੱਚ ਤਿੰਨ ਜਣੇ ਹਨ, ਪਰ ਉਹ ਰੇਲਵੇ ਟਿਕਟ ਵਾਸਤੇ ਏਜੰਟ ਦੇ ਹਾੜੇ ਕੱਢ ਰਹੇ ਹਨ ਕਿ ਉਹ ਵੇਟਿੰਗ ਲਿਸਟ ਵਾਲ਼ੀ ਉਨ੍ਹਾਂ ਦੀ ਕਿਸੇ ਇੱਕ ਦੀ ਟਿਕਟ ਪੁਸ਼ਟ ਕਰਾ ਦੇਣ। "ਬਸ ਮੇਰੀ ਬੀਵੀ ਕੋ ਸੀਟ ਮਿਲ ਜਾਏ," ਸ਼ਮੀਮ ਕਹਿੰਦੇ ਹਨ, ਜੋ ਉੱਤਰ-ਪ੍ਰਦੇਸ਼ ਆਪਣੇ ਪਿੰਡ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ। "ਮੈਂ ਤਾਂ ਕਿਸੇ ਵੀ ਤਰ੍ਹਾਂ ਚੜ੍ਹ ਜਾਊਂਗਾ। ਮੈਂ ਕਿਸੇ ਵੀ ਹਾਲਤ ਵਿੱਚ ਸਫ਼ਰ ਕਰ ਸਕਦਾ ਹਾਂ। ਅਸੀਂ ਹਾਲਤਾਂ ਦੇ ਹੋਰ ਮਾੜੇ ਹੋਣ ਤੋਂ ਪਹਿਲਾਂ ਬੱਸ ਆਪਣੇ ਘਰ ਪੁੱਜਣਾ ਚਾਹੁੰਦੇ ਹਾਂ," ਸ਼ਮੀਮ ਕਹਿੰਦੇ ਹਨ, ਜੋ ਆਪਣੇ ਘਰ (ਉੱਤਰ-ਪ੍ਰਦੇਸ਼) ਪੁੱਜਣ ਦੀ ਕੋਸ਼ਿਸ਼ ਵਿੱਚ ਹਨ।
"ਕੰਫਰਮ ਸੀਟ ਲਈ ਏਜੰਟ 1,600 ਰੁਪਏ ਮੰਗ ਰਿਹਾ ਹੈ। ਮੈਂ ਬਹਿਸ ਕਰਕੇ 1,400 'ਤੇ ਗੱਲ ਮੁਕਾਈ ਹੈ," ਉਹ ਅੱਗੇ ਕਹਿੰਦੇ ਹਨ। "ਜੇ ਸਾਨੂੰ ਇੱਕ ਸੀਟ ਵੀ ਮਿਲ਼ ਜਾਵੇ ਤਾਂ ਅਸੀਂ ਉਸੇ 'ਤੇ ਸਵਾਰ ਹੋ ਜਾਵਾਂਗੇ ਅਤੇ ਫਿਰ ਜੋ ਜੁਰਮਾਨਾ ਜਾਂ ਪੈਨਲਟੀ ਲੱਗੀ, ਦੇਣ ਨੂੰ ਤਿਆਰ ਹਾਂ।" ਆਮ ਦਿਨੀਂ ਮੁੰਬਈ ਤੋਂ ਉੱਤਰ ਪ੍ਰਦੇਸ਼ ਲਈ ਸਭ ਤੋਂ ਸਸਤੀ ਰੇਲ ਟਿਕਟ 380 ਰੁਪਏ ਤੋਂ 500 ਰੁਪਏ ਤੱਕ ਰਹਿੰਦੀ ਹੈ। ਯੂਪੀ ਵਿੱਚ ਸ਼ਮੀਮ ਦੇ ਦੋ ਵੱਡੇ ਭਰਾ, ਫੈਜ਼ਾਬਾਦ ਜਿਲ੍ਹੇ ਦੇ ਮਸੌਧਾ ਬਲਾਕ ਦੇ ਅੱਬੂ ਸਰਾਏ ਪਿੰਡ ਵਿੱਚ, ਜਿਮੀਂਦਾਰਾਂ ਦੇ ਖੇਤ ਵਿੱਚ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ, ਜੋ ਕਿ ਇੱਕ ਮੌਸਮੀ ਪੇਸ਼ਾ ਹੈ।
22 ਸਾਲਾ ਸ਼ਮੀਮ ਅਤੇ ਮੁੰਬਈ ਦੇ ਹਜ਼ਾਰਾਂ ਪ੍ਰਵਾਸੀ ਕਾਮਿਆਂ ਲਈ, ਕਰੀਬ 10 ਮਹੀਨਿਆਂ ਦੇ ਅੰਦਰ ਘਰ ਪਰਤਣ ਲਈ ਇਹ ਦੂਸਰੀ ਯਾਤਰਾ ਹੋਵੇਗੀ ਕਿਉਂਕਿ ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਨੂੰ ਤੇਜੀ ਨਾਲ਼ ਫੈਲਣ ਤੋਂ ਰੋਕਣ ਲਈ ਨਵੇਂ ਪ੍ਰਤੀਬੰਧ ਲਗਾ ਦਿੱਤੇ ਹਨ, ਜਿਹਦੇ ਕਾਰਨ ਇੱਕ ਵਾਰ ਫਿਰ ਕਾਰਖਾਨੇ ਬੰਦ ਹੋ ਗਏ ਹਨ, ਮਜ਼ਦੂਰਾਂ ਦੀ ਛਾਂਟੀ ਹੋਣ ਲੱਗੀ ਹੈ ਅਤੇ ਨਿਰਮਾਣ ਸਥਲਾਂ 'ਤੇ ਹੋਣ ਵਾਲ਼ੇ ਕੰਮ ਨੂੰ ਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ।
ਮੁੰਬਈ ਦੇ ਪ੍ਰਮੁਖ ਰੇਲਵੇ ਸਟੇਸ਼ਨ, ਖਾਸ ਕਰਕੇ ਬਾਂਦਰਾ ਟਰਮੀਨਸ ਅਤੇ ਲੋਕਮਾਨਯ ਤਿਲਕ ਟਰਮੀਨਸ, ਜਿੱਥੋਂ ਉੱਤਰੀ ਰਾਜਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਕਈ ਟ੍ਰੇਨਾਂ ਰਵਾਨਾ ਹੁੰਦੀਆਂ ਹਨ, ਇੱਥੇ 11-12 ਅਪ੍ਰੈਲ ਤੋਂ ਕਾਫੀ ਭੀੜ ਹੈ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨੇ ਰਾਜ ਵਿੱਚ 14 ਅਪ੍ਰੈਲ ਤੋਂ ਕੰਮ ਅਤੇ ਆਵਾਗਮਨ 'ਤੇ ਲੱਗਣ ਵਾਲ਼ੇ ਪ੍ਰਤੀਬੰਧਾਂ ਤੋਂ ਪਹਿਲਾਂ ਪਹਿਲਾਂ ਘਰੋ-ਘਰੀ ਪੁੱਜਣ ਦਾ ਫੈਸਲਾ ਕੀਤਾ ਹੈ। ਕਈ ਲੋਕ, ਪ੍ਰਤੀਬੰਧਾਂ ਦੇ ਵੱਧਦੇ ਦਾਇਰੇ ਤੋਂ ਨਿਕਲ਼ਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਸ਼ਿਵ ਸੈਨਾ ਦੀ ਅਗਵਾਈ ਵਾਲ਼ੀ ਰਾਜ ਸਰਕਾਰ ਨੇ ਕਰਫਿਊ ਅਤੇ ਪ੍ਰਤੀਬੰਧਾਂ ਨੂੰ ਦੂਸਰੀ 'ਤਾਲਾਬੰਦੀ' ਦਾ ਨਾਮ ਨਹੀਂ ਦਿੱਤਾ ਹੈ, ਪਰ ਸ਼ਮੀਮ ਆਪਣੇ ਤਰੀਕੇ ਨਾਲ਼ ਚੀਜਾਂ ਨੂੰ ਸਮਝਦੇ ਹਨ: "ਸਾਡੇ ਲਈ ਇਹ ਮਜ਼ਦੂਰੀ ਦੇ ਨੁਕਸਾਨ ਦਾ ਦੂਸਰਾ ਦੌਰ ਹੈ ਅਤੇ ਇਹਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ।"






