ਇਸ ਸਭ ਦੇ ਨਾਲ਼ ਉਹ ਕਿਸਾਨ ਵੀ ਹਨ। ਉਹ ਜ਼ਰੂਰ ਹੀ ਦਿੱਲੀ ਦੀਆਂ ਬਰੂਹਾਂ 'ਤੇ ਮੌਜੂਦ ਕਿਸਾਨਾਂ ਵਿੱਚ ਗੁਆਚ ਜਾਂਦੇ ਜੇਕਰ ਉਨ੍ਹਾਂ ਨੇ ਮਾਣ ਦੇ ਨਾਲ਼ ਆਪਣੀਆਂ ਹਿੱਕਾਂ 'ਤੇ ਤਮਗ਼ੇ ਨਾ ਸਜਾਏ ਹੁੰਦੇ। ਇਹੀ ਉਹ ਦਿੱਗਜ਼ ਹਨ ਜਿਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ 1965 ਅਤੇ 1971 ਵਿੱਚ ਆਪਣੇ ਸਾਹਸ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚੋਂ ਕਈਆਂ ਨੇ 1980ਵਿਆਂ ਵਿੱਚ ਸ਼੍ਰੀ ਲੰਕਾ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਬਹੁਤ ਗੁੱਸੇ ਵਿੱਚ ਹਨ ਅਤੇ ਉਨ੍ਹਾਂ ਦਾ ਗੁੱਸਾ ਜਾਇਜ਼ ਵੀ ਹੈ ਜਿਸ ਤਰੀਕੇ ਨਾਲ਼ ਸਰਕਾਰ ਅਤੇ ਮੀਡੀਆ ਦੇ ਕੁਝ ਤਾਕਤਵਰ ਖੇਮਿਆਂ ਦੁਆਰਾ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ 'ਦੇਸ਼-ਧ੍ਰੋਹੀ', 'ਅੱਤਵਾਦੀ' ਅਤੇ 'ਖ਼ਾਲਿਸਤਾਨੀ' ਗਰਦਾਨਿਆ ਜਾ ਰਿਹਾ ਹੈ।
ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਗਿੱਲ ਪਿੰਡ ਦੇ ਬ੍ਰਿਗੇਡੀਅਰ ਐੱਸ.ਐੱਸ. ਗਿੱਲ (ਸੇਵਾ-ਮੁਕਤ) ਮੈਨੂੰ ਦੱਸਦੇ ਹਨ,"ਇਹ ਦਿਲ ਵਲੂੰਧਰੂ ਦ੍ਰਿਸ਼ ਰਿਹਾ ਜਿਸ ਤਰੀਕੇ ਨਾਲ਼ ਸਰਕਾਰ ਨੇ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਨੇ ਦਿੱਲੀ ਅੱਪੜਨਾ ਚਾਹਿਆ, ਪਰ ਸਰਕਾਰ ਨੇ ਉਨ੍ਹਾਂ ਨੇ ਰੋਕਿਆ, ਜੋ ਕਿ ਬਹੁਤ ਸਖ਼ਤੀ ਭਰਿਆ ਅਤੇ ਗ਼ਲਤ ਕਦਮ ਸੀ। ਉਨ੍ਹਾਂ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਾਸਤੇ ਬੈਰੀਕੇਡ ਲਾਏ, ਸੜਕਾਂ ਪੁੱਟ ਸੁੱਟੀਆਂ, ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਤੋਪਾਂ ਚਲਾਈਆਂ। ਮੈਂ ਪੁੱਛਦਾ ਹਾਂ ਆਖ਼ਰ ਕਿਸ ਵਾਸਤੇ? ਕਿਉਂ? ਇੰਝ ਕਰਨ ਮਗਰ ਸਰਕਾਰ ਦੀ ਕੀ ਮੰਸ਼ਾ ਰਹੀ? ਇਹ ਕਿਸਾਨਾਂ ਦੇ ਦ੍ਰਿੜ ਸੰਕਲਪ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਨੇ ਸਾਰੇ ਅੜਿਕਿਆਂ ਨੂੰ ਪਾਰ ਕਰ ਲਿਆ ਹੈ।"
72 ਸਾਲਾ ਜੰਗ ਦੇ ਸਾਬਕਾ ਯੋਧੇ, ਜਿਨ੍ਹਾਂ ਨੇ ਆਪਣੇ ਸੇਵਾ ਕਾਲ਼ ਦੌਰਾਨ 13 ਤਮਗ਼ੇ ਜਿੱਤੇ, ਦੇ ਪਰਿਵਾਰ ਵਿੱਚ 16 ਮੈਂਬਰ ਹਨ ਅਤੇ ਜਿਨ੍ਹਾਂ ਦੀ ਗਿੱਲ ਪਿੰਡ ਵਿੱਚ ਆਪਣੀ ਕੁਝ ਏਕੜ ਜ਼ਮੀਨ ਹੈ। ਉਨ੍ਹਾਂ ਨੇ 1971 ਦੀ ਜੰਗ ਲੜੀ ਅਤੇ ਇਸ ਤੋਂ ਬਾਅਦ ਕਈ ਹੋਰ ਮਿਲੀਟਰੀ ਸੇਵਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਪੰਜਾਬ ਅੰਦਰ 1990ਵਿਆਂ ਵਿੱਚ ਚੱਲੇ ਅੱਤਵਾਦੀ-ਵਿਰੋਧੀ ਓਪਰੇਸ਼ਨ ਵਿੱਚ ਸ਼ਾਮਲ ਹਨ।
"ਇਨ੍ਹਾਂ ਕਨੂੰਨਾਂ ਬਾਰੇ ਨਾ ਤਾਂ ਕਿਸਾਨਾਂ ਤੋਂ ਕੁਝ ਪੁੱਛਿਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਸਲਾਹ ਲਈ ਗਈ," ਬ੍ਰਿਗੇਡੀਅਰ ਗਿੱਲ ਕਹਿੰਦੇ ਹਨ। "ਦਿੱਲੀ ਦੀਆਂ ਬਰੂਹਾਂ 'ਤੇ ਲੜਿਆ ਜਾਣ ਵਾਲ਼ਾ ਇਹ ਦੁਨੀਆ ਦਾ ਸਭ ਤੋਂ ਵੱਡਾ ਇਨਕਲਾਬ ਹੈ। ਮੈਂ ਇਸ ਗੱਲ ਦੀ ਥਾਹ ਪਾਉਣ ਵਿੱਚ ਨਾਕਾਮ ਹਾਂ ਕਿ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਕਿਉਂ ਨਹੀਂ ਲੈ ਰਹੀ, ਜਿਨ੍ਹਾਂ ਨੂੰ ਹੁਣ ਤੱਕ ਵਾਪਸ ਲੈ ਲਿਆ ਜਾਣਾ ਚਾਹੀਦਾ ਸੀ।"
ਲੱਖਾਂ ਕਿਸਾਨ ਤਿੰਨੋਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020।











