ਛੋਟੀ ਜਿਹੀ ਗੰਢ ਹੁਣ ਸਖਤ ਹੋ ਗਈ ਹੈ,''ਹੱਡੀ ਕੀ ਤਰ੍ਹਾਂ,'' ਪ੍ਰੀਤੀ ਯਾਦਵ ਕਹਿੰਦੀ ਹਨ।
ਇੱਕ ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ, ਜਦੋਂ ਜੁਲਾਈ 2020 ਨੂੰ ਉਹਨੂੰ ਪਹਿਲੀ ਦਫ਼ਾ ਆਪਣੀ ਸੱਜੀ ਛਾਤੀ ਵਿੱਚ ਮਟਰ ਦੇ ਦਾਣੇ ਜਿੰਨੀ ਗੰਢ ਮਹਿਸੂਸ ਹੋਈ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਹੀ ਪਟਨਾ ਸ਼ਹਿਰ ਦੇ ਇੱਕ ਕੈਂਸਰ ਸੰਸਥਾ ਵਿੱਚ ਔਂਕੋਲਾਜਿਸਟ ਨੇ ਬਾਇਓਪਸੀ ਕਰਾਉਣ ਅਤੇ ਗੰਢ ਨੂੰ ਕਟਵਾਉਣ ਲਈ ਸਰਜਰੀ ਦੀ ਸਿਫਾਰਸ਼ ਕੀਤੀ ਸੀ।
ਪਰ ਪ੍ਰੀਤੀ ਦੋਬਾਰਾ ਹਸਪਤਾਲ ਹੀ ਨਹੀਂ ਗਈ।
''ਕਰਵਾ ਲੇਂਗੇ''', ਆਪਣੇ ਪਰਿਵਾਰ ਦੇ ਵੱਡੇ ਸਾਰੇ ਘਰ ਦੇ ਟਾਈਲਾਂ ਲੱਗੇ ਬਰਾਂਡੇ ਵਿੱਚ ਫੁੱਲਾਂ ਅਤੇ ਝਾੜੀਆਂ ਵਿੱਚ ਘਿਰੀ ਇੱਕ ਭੂਰੇ ਰੰਗੀ ਪਲਾਸਟਿਕ ਦੀ ਕੁਰਸੀ 'ਤੇ ਬਹਿੰਦਿਆਂ ਉਹ ਕਹਿੰਦੀ ਹਨ।
ਨਰਮਾਈ ਨਾਲ਼ ਬੋਲੇ ਗਏ ਉਨ੍ਹਾਂ ਦੇ ਸ਼ਬਦ ਥਕਾਵਟ ਨਾਲ਼ ਭਰੇ ਹੋਏ ਸਨ। ਇਹ ਸਭ ਇਸਲਈ ਕਿਉਂਕਿ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਘੱਟੋ ਘੱਟ ਚਾਰ ਮੈਂਬਰ ਕੈਂਸਰ ਦੀ ਬਲ਼ੀ ਚੜ੍ਹ ਗਏ ਹਨ ਅਤੇ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਸੋਨੇਪੁਰ ਬਲਾਕ ਵਿੱਚ ਪੈਂਦੇ ਉਹਦੇ ਪਿੰਡ ਵਿੱਚ ਮਾਰਚ 2020 ਨੂੰ ਕੋਵਿਡ-19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਕੁਝ ਸਾਲ ਪਹਿਲਾਂ ਕੈਂਸਰ ਦੇ ਕਈ ਹੋਰ ਮਾਮਲੇ ਸਾਹਮਣੇ ਆਏ ਸਨ। (ਉਨ੍ਹਾਂ ਦੀ ਬੇਨਤੀ ਕਾਰਨ ਉਨ੍ਹਾਂ ਦੇ ਪਿੰਡ ਦਾ ਅਸਲੀ ਨਾਮ ਨਹੀਂ ਦਿੱਤਾ ਜਾ ਰਿਹਾ।)
ਸਰਜਰੀ ਦੁਆਰਾ ਗੰਢ ਨੂੰ ਕਦੋਂ ਹਟਾਉਣ ਹੈ, ਇਹ ਫੈਸਲਾ 24 ਸਾਲਾ ਪ੍ਰੀਤੀ ਇਕੱਲੀ ਨਹੀਂ ਲੈ ਸਕਦੀ। ਇੱਕ ਹਿਸਾਬ ਨਾਲ਼ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਲਈ ਦੁਲਹਾ ਵੀ ਲੱਭ ਹੀ ਲਿਆ ਹੋਇਆ ਹੈ, ਜੋ ਗੁਆਂਢ ਦੇ ਪਿੰਡ ਦਾ ਇੱਕ ਨੌਜਵਾਨ ਹੈ ਅਤੇ ਸੁਰੱਖਿਆ ਬਲ (armed force) ਵਿੱਚ ਨੌਕਰੀ ਕਰਦਾ ਹੈ। ''ਮੇਰੇ ਵਿਆਹ ਤੋਂ ਬਾਅਦ ਵੀ ਅਸੀਂ ਸਰਜਰੀ ਕਰਵਾ ਸਕਦੇ ਹਾਂ, ਹਨਾ? ਡਾਕਟਰ ਨੇ ਕਿਹਾ ਸੀ ਮੇਰੇ ਬੱਚਾ ਹੋਣ 'ਤੇ ਗੰਢ ਦੇ ਆਪਣੇ-ਆਪ ਖੁਰ ਜਾਣ ਦੀ ਸੰਭਾਵਨਾ ਹੈ,'' ਉਹ ਕਹਿੰਦੀ ਹਨ।
ਪਰ ਕੀ ਉਨ੍ਹਾਂ ਨੇ ਦੁਲਹੇ ਦੇ ਪਰਿਵਾਰ ਵਾਲ਼ਿਆਂ ਨੂੰ ਇਸ ਗੰਢ ਬਾਰੇ ਅਤੇ ਸੰਭਾਵਤ ਸਰਜਰੀ ਅਤੇ ਉਨ੍ਹਾਂ ਦੇ ਪਰਿਵਾਰ ਅੰਦਰ ਕੈਂਸਰ ਦੇ ਵੱਖੋ-ਵੱਖ ਸਾਹਮਣੇ ਆਏ ਮਾਮਲਿਆਂ ਬਾਰੇ ਦੱਸਿਆ ਹੋਵੇਗਾ? ''ਵਹੀ ਤੋ ਸਮਝ ਨਹੀਂ ਆ ਰਹਾ,'' ਉਹ ਕਹਿੰਦੀ ਹਨ। ਇਹੀ ਗੁੰਝਲਦਾਰ ਮਸਲਾ ਹੈ ਜਿਸ 'ਤੇ ਉਹਦੀ ਸਰਜਰੀ ਨਿਰਭਰ ਕਰਦੀ ਹੈ।








