ਉਹਨੇ ਹੱਥਕੜੀ ਲਾਈ ਹੈ ਅਤੇ ਗ਼ਲੇ ਦੁਆਲ਼ੇ ਲਮਕਦੀਆਂ ਜੰਜ਼ੀਰਾਂ ਹੇਠਾਂ ਵੱਲ ਪੈਰਾਂ ਤੀਕਰ ਜਾਂਦੀਆਂ ਹਨ। ਉਹਦੀ ਪੁਸ਼ਾਕ-ਚਿੱਟਾ ਕੁੜਤਾ ਅਤੇ ਕਾਲ਼ੀਆਂ ਸੀਖਾਂ- ਉਹਨੂੰ ਬਿਲਕੁਲ ਨਿਰੋਲ ਕੈਦੀ ਵਰਗੀ ਦਿੱਖ ਦਿੰਦੀ ਹੈ।
ਪਰ 42 ਸਾਲਾ ਕਾਬਲ ਸਿੰਘ ਨੇ ਕੋਈ ਅਪਰਾਧ ਨਹੀਂ ਕੀਤਾ ਅਤੇ ਉਨ੍ਹਾਂ ਦੀਆਂ ਇਹ ਬੇੜੀਆਂ ਉਨ੍ਹਾਂ ਨੇ ਖ਼ੁਦ ਆਪਣੇ ਆਪ ਨੂੰ ਪਾਈਆਂ ਹਨ। ਉਹ ਪੰਜਾਬ ਦੇ ਫ਼ਾਜਿਲਕਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਰੁਕਨਪੁਰਾ (ਖੂਈ ਖੇੜਾ ਵਜੋਂ ਵੀ ਜਾਣਿਆ ਜਾਂਦਾ ਹੈ) ਦੇ ਰਹਿਣ ਵਾਲੇ ਕਿਸਾਨ ਹਨ ।
ਉਹ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਵਿੱਚੋਂ ਇੱਕ ਹਨ ਜੋ ਉਨ੍ਹਾਂ ਤਿੰਨੋਂ ਖੇਤੀ ਬਿੱਲਾਂ ਦੇ ਖਿਲਾਫ਼ ਲੜ ਰਹੇ ਹਨ ਜਿਨ੍ਹਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਖੁਦ ਨੂੰ ਬੇੜੀਆਂ ਵਿੱਚ ਜਕੜਨ ਦਾ ਇਹੀ ਕਾਰਨ ਹੈ?
"ਜਦੋਂ ਮੈਂ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਆਪਣੇ ਹੱਕ ਮੰਗਦੇ ਦੇਖਿਆ, ਮੈਂ ਉਨ੍ਹਾਂ ਦਾ ਦੁੱਖ ਝੱਲ ਨਾ ਸਕਿਆ। ਇਹ ਜੋ ਤੁਸੀਂ ਮੇਰੇ ਸਰੀਰ ਦੇ ਦੁਆਲ਼ੇ ਲਮਕਦੀ ਜੰਜ਼ੀਰ ਦੇਖਦੇ ਹੋ ਨਾ, ਇਹ ਉਨ੍ਹਾਂ ਦੇ ਦੁੱਖ ਦਾ ਪਰਤੌਅ ਹੈ। ਉਹ ਅੰਦਰੋਂ ਜੋ ਮਹਿਸੂਸ ਕਰਦੇ ਹਨ, ਉਹੀ ਮੈਂ ਵੀ ਮਹਿਸੂਸ ਕਰਦਾ ਹਾਂ।"
"ਮੇਰੇ ਦੁਆਲੇ਼ ਤੁਸੀਂ ਜਿਹੜੀ ਜੰਜ਼ੀਰ ਦੇਖਦੇ ਹੋ, ਐਨ ਇਹੋ ਜਿਹੀ ਹੀ ਜੰਜ਼ੀਰ ਸਾਡੇ ਸਾਰਿਆਂ ਦੇ ਦੁਆਲ਼ੇ ਵਲ਼ੀ ਹੋਈ ਹੈ, ਬੱਸ ਤੁਹਾਡੇ ਦੇਖਣ ਦੀ ਲੋੜ ਹੈ।" ਕਾਬਲ ਸਿੰਘ ਇਨ੍ਹਾਂ ਤਿੰਨੋਂ ਬਦਨਾਮ ਕਨੂੰਨਾਂ ਨੂੰ ਉਨ੍ਹਾਂ ਜੰਜ਼ੀਰਾਂ ਵਿੱਚ ਨਵੀਆਂ ਘੁੰਡੀਆਂ ਵਜੋਂ ਦੇਖਦੇ ਹਨ।




