ਜਦੋਂ ਦੀਪਾ ਹਸਪਤਾਲ ਤੋਂ ਘਰ ਮੁੜੀ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਅੰਦਰ ਕਾਪਰ-ਟੀ ਰੱਖੀ ਜਾ ਚੁੱਕੀ ਸੀ।
ਉਨ੍ਹਾਂ ਨੇ ਹਾਲੀਆ ਸਮੇਂ ਦੂਸਰੇ ਬੱਚੇ (ਬੇਟੇ) ਨੂੰ ਜਨਮ ਦਿੱਤਾ ਅਤੇ ਉਹ ਨਸਬੰਦੀ/ਨਲ਼ਬੰਦੀ ਕਰਾਉਣਾ ਚਾਹੁੰਦੀ ਸਨ। ਪਰ ਕਿਉਂਕਿ ਬੱਚੇ ਦਾ ਜਨਮ ਸੀ-ਸੈਕਸ਼ਨ ਸਰਜਰੀ ਰਾਹੀਂ ਹੋਇਆ ਸੀ ਅਤੇ ਦੀਪਾ ਕਹਿੰਦੀ ਹਨ,''ਡਾਕਟਰਾਂ ਨੇ ਮੈਨੂੰ ਦੱਸਿਆ ਕਿ ਇਕੱਠਿਆਂ ਹੀ ਦੋਵੇਂ ਓਪਰੇਸ਼ਨ (ਸਜੇਰੀਅਨ ਅਤੇ ਨਲਬੰਦੀ) ਨਹੀਂ ਕੀਤੇ ਜਾ ਸਕਦੇ।''
ਓਪਰੇਸ਼ਨ ਦੀ ਬਜਾਇ ਡਾਕਟਰਾਂ ਨੇ ਕਾਪਰ-ਟੀ ਰੱਖਣ ਦੀ ਸਲਾਹ ਦਿੱਤੀ। ਪਰ ਦੀਪਾ ਅਤੇ ਉਨ੍ਹਾਂ ਦੇ ਪਤੀ ਨਵੀਨ (ਅਸਲੀ ਨਾਮ ਨਹੀਂ) ਨੂੰ ਡਾਕਟਰਾਂ ਦੀ ਇਹ ਗੱਲ ਮਹਿਜ ਸਲਾਹ ਹੀ ਜਾਪੀ।
ਡਿਲੀਵਰੀ ਤੋਂ ਕਰੀਬ 4 ਦਿਨਾਂ ਬਾਅਦ ਮਈ 2018 ਨੂੰ 21 ਸਾਲਾ ਦੀਪਾ ਨੂੰ ਦਿੱਲੀ ਸਰਕਾਰ ਦੁਆਰਾ ਸੰਚਾਲਤ ਦੀਨ ਦਿਆਲ ਉਪਾਧਿਆਏ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਨਵੀਨ ਦੱਸਦੇ ਹਨ,''ਸਾਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਡਾਕਟਰਾਂ ਨੇ ਕਾਪਰ-ਟੀ ਲਾ ਹੀ ਦਿੱਤੀ ਹੈ।''
ਇਹ ਖ਼ੁਲਾਸਾ ਕਰੀਬ ਇੱਕ ਹਫ਼ਤੇ ਬਾਅਦ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਇਲਾਕੇ ਦੀ ਆਸ਼ਾ ਵਰਕਰ ਨੇ ਦੀਪਾ ਦੇ ਹਸਪਤਾਲ ਦੀ ਰਿਪੋਰਟ ਦੇਖੀ, ਜਿਹਨੂੰ ਦੀਪਾ ਅਤੇ ਨਵੀਨ ਨੇ ਪੜ੍ਹਿਆ ਹੀ ਨਹੀਂ ਸੀ- ਫਿਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਹੋਇਆ ਕੀ ਹੈ।
ਕਾਪਰ-ਟੀ ਬੱਚੇਦਾਨੀ ਅੰਦਰ ਰੱਖਿਆ ਜਾਣ ਵਾਲ਼ਾ ਇੱਕ ਅਜਿਹਾ ਯੰਤਰ ਹੁੰਦਾ ਹੈ ਜੋ ਅਣਚਾਹੇ ਗਰਭ ਨੂੰ ਰੋਕਣ ਲਈ ਟਿਕਾਇਆ ਜਾਂਦਾ ਹੈ। 36 ਸਾਲਾ ਆਸ਼ਾ ਵਰਕਰ ਸੁਸ਼ੀਲਾ ਦੇਵੀ 2013 ਤੋਂ ਉਸ ਇਲਾਕੇ ਵਿੱਚ ਕੰਮ ਕਰਦੀ ਰਹੀ ਹਨ, ਜਿੱਥੇ ਦੀਪਾ ਰਹਿੰਦੀ ਹਨ। ਉਹ ਦੱਸਦੀ ਹਨ,''ਇਸ ਯੰਤਰ ਨੂੰ ਐਡਜੈਸਟ ਹੋਣ ਵਿੱਚ ਤਿੰਨ ਮਹੀਨੇ ਤੱਕ ਲੱਗ ਜਾਂਦੇ ਹਨ ਅਤੇ ਜਿਸ ਕਰਕੇ ਕੁਝ ਔਰਤਾਂ ਨੂੰ ਥੋੜ੍ਹੀ ਅਸੁਵਿਧਾ ਹੋ ਸਕਦੀ ਹੁੰਦੀ ਹੈ। ਇਸਲਈ ਅਸੀਂ ਮਰੀਜ਼ਾਂ ਨੂੰ ਨਿਯਮਿਤ ਜਾਂਚ ਕਰਾਉਣ (ਛੇ ਮਹੀਨਿਆਂ ਤੱਕ) ਲਈ ਡਿਸਪੈਂਸਰੀ ਵਿਖੇ ਆਉਣ ਲਈ ਕਹਿੰਦੇ ਹਾਂ।
ਵੈਸੇ ਦੀਪਾ ਨੂੰ ਪਹਿਲੇ ਤਿੰਨ ਮਹੀਨੇ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਆਪਣੇ ਵੱਡੇ ਬੇਟੇ ਦੀ ਬੀਮਾਰੀ ਵਿੱਚ ਰੁਝੀ ਹੋਣ ਕਾਰਨ ਉਹ ਆਪਣੀ ਨਿਯਮਿਤ ਜਾਂਚ ਲਈ ਨਹੀਂ ਜਾ ਸਕੀ। ਉਨ੍ਹਾਂ ਕਾਪਰ-ਟੀ ਦੀ ਵਰਤੋਂ ਜਾਰੀ ਰੱਖਣ ਦਾ ਫ਼ੈਸਲਾ ਲਿਆ।
ਠੀਕ ਦੋ ਸਾਲ ਬਾਅਦ ਮਈ 2020 ਨੂੰ, ਜਦੋਂ ਦੀਪਾ ਨੂੰ ਮਾਹਵਾਰੀ ਆਈ ਤਾਂ ਉਨ੍ਹਾਂ ਨੂੰ ਸ਼ਦੀਦ ਪੀੜ੍ਹ ਹੋਈ ਅਤੇ ਪਰੇਸ਼ਾਨੀ ਸ਼ੁਰੂ ਹੋਣ ਲੱਗੀ।
ਜਦੋਂ ਕੁਝ ਦਿਨਾਂ ਤੱਕ ਪੀੜ੍ਹ ਜਾਰੀ ਰਹੀ ਤਾਂ ਉਹ ਆਪਣੇ ਘਰ ਤੋਂ ਕਰੀਬ 2 ਕਿ:ਮੀ ਦੂਰ ਦਿੱਲ਼ੀ ਦੇ ਬੱਕਰਵਾਲ਼ਾ ਇਲਾਕੇ ਵਿਖੇ ਸਥਿਤ ਆਮ ਆਦਮੀ ਮੁਹੱਲਾ ਕਲੀਨਿਕ (AAMC) ਗਈ। ਦੀਪਾ ਕਹਿੰਦੀ ਹਨ,''ਡਾਕਟਰ ਰਾਹਤ-ਦਵਾਊ ਕੁਝ ਦਵਾਈਆਂ ਲਿਖੀਆਂ।'' ਉਨ੍ਹਾਂ ਨੇ ਉਸ ਡਾਕਟਰ ਦੀ ਸਲਾਹ ਨਾਲ਼ ਕਰੀਬ ਇੱਕ ਮਹੀਨਾ ਦਵਾਈ ਖਾਧੀ। ''ਜਦੋਂ ਹਾਲਤ ਨਾ ਸੁਧਰੀ, ਤਾਂ ਉਨ੍ਹਾਂ ਨੂੰ ਬੱਕਰਵਾਲਾ ਦੇ ਦੂਸਰੇ AAMC ਦੀ ਜਨਾਨਾ-ਰੋਗ ਮਾਹਰ ਲੇਡੀ ਡਾਕਟਰ ਕੋਲ਼ ਰੈਫ਼ਰ ਕਰ ਦਿੱਤਾ ਗਿਆ।''
ਬੱਕਰਵਾਲਾ ਦੇ ਪਹਿਲੇ AAMC ਵਿਖੇ ਇੰਚਾਰਜ ਮੈਡੀਕਲ ਅਧਿਕਾਰੀ ਡਾ. ਅਸ਼ੋਕ ਹੰਸ ਨਾਲ਼ ਜਦੋਂ ਮੈਂ ਗੱਲ ਕੀਤੀ ਤਾਂ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁਝ ਚੇਤਾ ਨਹੀਂ ਆਇਆ ਕਿਉਂਕਿ ਉਹ ਇੱਕ ਦਿਨ ਵਿੱਚ 200 ਤੋਂ ਵੱਧ ਮਰੀਜ਼ ਦੇਖਦੇ ਹਨ। ''ਜੇ ਸਾਡੇ ਕੋਲ਼ ਕੋਈ ਅਜਿਹਾ ਮਾਮਲਾ ਆਵੇ ਤਾਂ ਅਸੀਂ ਹਰ ਸੰਭਵ ਇਲਾਜ ਕਰਦੇ ਹਾਂ,'' ਉਨ੍ਹਾਂ ਨੇ ਮੈਨੂੰ ਦੱਸਿਆ। ''ਅਸੀਂ ਮਾਹਵਾਰੀ ਨਾਲ਼ ਜੁੜੀ ਹਰ ਤਰ੍ਹਾਂ ਦੀ ਬੇਨਿਯਮੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਨਾ ਹੋਵੇ ਤਾਂ ਅਸੀਂ ਮਰੀਜ਼ ਨੂੰ ਅਲਟ੍ਰਾਸਾਊਡ ਕਰਾਉਣ ਅਤੇ ਦੂਸਰੇ ਸਰਕਾਰੀ ਹਸਪਤਾਲ ਜਾਣ ਦੀ ਸਲਾਹ ਦਿੰਦੇ ਹਾਂ।'' ਅਖ਼ੀਰ ਕਲੀਨਿਕ ਨੇ ਦੀਪਾ ਨੂੰ ਅਲਟ੍ਰਾਸਾਊਂਡ ਕਰਾਉਣ ਨੂੰ ਕਿਹਾ ਸੀ।
''ਜਦੋਂ ਉਹ ਇੱਥੇ ਆਈ ਸੀ, ਉਹਨੇ ਮੈਨੂੰ ਸਿਰਫ਼ ਆਪਣੀ ਮਾਹਵਾਰੀ ਦੀ ਬੇਨਿਯਮੀ ਬਾਰੇ ਦੱਸਿਆ। ਉਹਦੇ ਅਧਾਰ 'ਤੇ ਪਹਿਲੀ ਵਾਰ ਹੀ ਮੈਂ ਉਹਨੂੰ ਆਇਰਨ ਅਤੇ ਕੈਲਸ਼ੀਅਮ ਦੀ ਦਵਾਈ ਲੈਣ ਨੂੰ ਕਿਹਾ. ਉਹਨੇ ਮੈਨੂੰ ਕਾਪਰ-ਟੀ ਦੇ ਇਸਤੇਮਾਲ ਬਾਰੇ ਕੁਝ ਨਹੀਂ ਦੱਸਿਆ। ਜੇ ਉਹਨੇ ਦੱਸਿਆ ਹੁੰਦਾ ਤਾਂ ਅਸੀਂ ਅਲਟ੍ਰਾਸਾਊਂਡ ਜ਼ਰੀਏ ਉਹਦੀ ਥਾਂ ਪਤਾ ਲਾਉਣ ਦੀ ਕੋਸ਼ਿਸ਼ ਕਰਦੇ। ਪਰ ਹਾਂ ਉਹਨੇ ਆਪਣੀ ਅਲਟ੍ਰਾਸਾਊਂਡ ਦੀ ਪੁਰਾਣੀ ਰਿਪੋਰਟ ਦਿਖਾਈ ਸੀ, ਜਿਸ ਵਿੱਚ ਸਾਰਾ ਕੁਝ ਸਧਾਰਣ ਜਾਪ ਰਿਹਾ ਸੀ।'' ਹਾਲਾਂਕਿ, ਦੀਪਾ ਕਹਿੰਦੀ ਹਨ ਕਿ ਉਨ੍ਹਾਂ ਨੇ ਡਾਕਟਰ ਨੂੰ ਕਾਪਰ-ਟੀ ਬਾਰੇ ਦੱਸਿਆ ਸੀ।
ਮਈ 2020 ਵਿੱਚ ਪਹਿਲੀ ਵਾਰ ਸ਼ਦੀਦ ਪੀੜ੍ਹ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੇਜ਼ੀ ਨਾਲ਼ ਵਧਣ ਲੱਗੀਆਂ। ਉਹ ਦੱਸਦੀ ਹਨ, ''ਮਾਹਵਾਰੀ ਤਾਂ ਪੰਜ ਦਿਨ ਵਿੱਚ ਬੰਦ ਹੋ ਗਈ, ਮੇਰੇ ਨਾਲ਼ ਆਮ ਤੌਰ 'ਤੇ ਇੰਝ ਹੀ ਹੁੰਦਾ ਹੈ। ਪਰ, ਆਉਣ ਵਾਲ਼ੇ ਮਹੀਨਿਆਂ ਵਿੱਚ ਮੈਨੂੰ ਬਹੁਤ ਜ਼ਿਆਦਾ ਖ਼ੂਨ ਪੈਣ ਲੱਗਿਆ। ਜੂਨ ਵਿੱਚ ਮੈਨੂੰ 10 ਦਿਨਾਂ ਤੀਕਰ ਖ਼ੂਨ ਪੈਂਦਾ ਰਿਹਾ। ਅਗਲੇ ਮਹੀਨੇ ਇਹ ਵੱਧ ਕੇ 15 ਦਿਨ ਹੋ ਗਿਆ। 12 ਅਗਸਤ ਤੋਂ ਇਹ ਇੱਕ ਮਹੀਨਾ ਹੁੰਦਾ ਰਿਹਾ।''
ਪੱਛਮੀ ਦਿੱਲੀ ਦੇ ਨਾਂਗਲੋਈ-ਨਫ਼ਜ਼ਗੜ੍ਹ ਰੋਡ 'ਤੇ, ਸੀਮੇਂਟ ਨਾਲ਼ ਬਣੇ ਦੋ ਕਮਰਿਆਂ ਦੇ ਆਪਣੇ ਮਕਾਨ ਵਿੱਚ ਲੱਕੜ ਦੇ ਪਲੰਗ 'ਤੇ ਬੈਠੀ ਦੀਪਾ ਦੱਸਦੀ ਹਨ,''ਮੈਂ ਉਨ੍ਹੀਂ ਦਿਨੀਂ ਕਾਫ਼ੀ ਕਮਜ਼ੋਰ ਹੋ ਗਈ ਸਾਂ। ਇੱਥੋਂ ਤੱਕ ਕਿ ਮੈਨੂੰ ਤੁਰਨ ਵਿੱਚ ਵੀ ਪਰੇਸ਼ਾਨੀ ਹੁੰਦੀ। ਮੇਰਾ ਸਿਰ ਘੁੰਮਦਾ ਰਹਿੰਦਾ, ਮੈਂ ਪੂਰਾ ਦਿਨ ਸਿਰਫ਼ ਲੇਟੀ ਹੀ ਰਹਿੰਦੀ, ਮੇਰੇ ਤੋਂ ਕੋਈ ਕੰਮ ਹੀ ਨਾ ਹੁੰਦਾ। ਕਦੇ-ਕਦਾਈਂ ਪੇੜੂ ਵਿੱਚ ਬਹੁਤ ਤੇਜ਼ ਚੀਸ ਪੈਂਦੀ। ਅਕਸਰ ਮੈਨੂੰ ਇੱਕ ਦਿਨ ਵਿੱਚ ਚਾਰ-ਚਾਰ ਵਾਰ ਕੱਪੜੇ ਬਦਲਣੇ ਪੈਂਦੇ ਕਿਉਂਕਿ ਜ਼ਿਆਦਾ ਲਹੂ ਵਗਣ ਨਾਲ਼ ਕੱਪੜੇ ਲਹੂ ਨਾਲ਼ ਭਿੱਜ ਜਾਂਦੇ ਸਨ। ਇੱਥੋਂ ਤੱਕ ਕਿ ਚਾਦਰਾਂ ਵੀ ਖ਼ਰਾਬ ਹੋ ਜਾਂਦੀਆਂ।''
ਪਿਛਲੇ ਸਾਲ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਦੀਪਾ ਦੋ ਵਾਰ ਬੱਕਰਵਾਲਾ ਦੀ ਛੋਟੀ ਕਲੀਨਿਕ ਗਈ। ਦੋਵੇਂ ਵਾਰੀਂ ਡਾਕਟਰ ਨੇ ਉਨ੍ਹਾਂ ਨੂੰ ਦਵਾਈਆਂ ਸੁਝਾਈਆਂ। ਡਾ. ਅੰਮ੍ਰਿਤ ਨੇ ਮੈਨੂੰ ਦੱਸਿਆ,''ਅਸੀਂ ਅਕਸਰ ਮਾਹਵਾਰੀ ਦੀ ਬੇਨਿਯਮੀ ਵਾਲ਼ੇ ਮਰੀਜ਼ਾਂ ਨੂੰ ਦਵਾਈਆਂ ਲਿਖਣ ਬਾਅਦ, ਅਸੀਂ ਇੱਕ ਮਹੀਨੇ ਤੱਕ ਮਰੀਜ਼ ਨੂੰ ਆਪਣਾ ਮਾਹਵਾਰੀ ਚੱਕਰ ਨੋਟ ਕਰਨ ਲਈ ਕਹਿੰਦੇ ਹਾਂ। ਅਸੀਂ ਕਲੀਨਿਕ ਵਿਖੇ ਉਨ੍ਹਾਂ ਨੂੰ ਸਿਰਫ਼ ਮਾਮੂਲੀ ਉਪਚਾਰ ਹੀ ਦੇ ਸਕਦੇ ਹਾਂ। ਅਗਲੇਰੀ ਜਾਂਚ ਲਈ, ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਜਨਾਨਾ-ਰੋਗ ਵਿਭਾਗ ਜਾਣ ਦੀ ਸਲਾਹ ਦਿੱਤੀ।''
ਇਸ ਤੋਂ ਬਾਅਦ, ਪਿਛਲੇ ਸਾਲ ਅਗਸਤ 2020 ਦੇ ਅੱਧ ਸਮੇਂ ਦੀਪਾ ਬੱਸ ਰਾਹੀਂ (ਘਰ ਤੋਂ 12 ਕਿਲੋਮੀਟਰ ਦੂਰ) ਰਘੂਬੀਰ ਨਗਰ ਸਥਿਤ ਗੁਰੂ ਗੋਬਿੰਦ ਸਿੰਘ ਹਸਪਤਾਲ ਗਈ। ਇਸ ਹਸਪਤਾਲ ਦੇ ਡਾਕਟਰ ਨੇ ਦੀਪਾ ਦੀ ਬੀਮਾਰੀ ਨੂੰ 'ਮੇਨੋਰੇਜਿਆ' ਰੋਗ ਵਜੋਂ ਤਸ਼ਖੀਸ ਕੀਤਾ ਜਿਸ ਵਿੱਚ ਔਰਤ ਨੂੰ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਲਹੂ ਵਗਣ ਅਤੇ ਵੱਗਦੇ ਹੀ ਰਹਿਣ ਦੀ ਸਮੱਸਿਆ ਆਉਂਦੀ ਹੈ।
''ਮੈਂ ਦੋ ਵਾਰੀਂ ਇਸ ਹਸਪਤਾਲ ਦੇ ਜਨਾਨਾ-ਰੋਗ ਵਿਭਾਗ ਗਈ। ਹਰ ਵਾਰ ਉਨ੍ਹਾਂ ਨੇ ਮੈਨੂੰ ਦੋ ਹਫ਼ਤਿਆਂ ਦੀ ਦਵਾਈ ਹੀ ਲਿਖ ਕੇ ਦਿੱਤੀ। ਪਰ ਪੀੜ੍ਹ ਰੁਕੀ ਹੀ ਨਹੀਂ,'' ਦੀਪਾ ਕਹਿੰਦੀ ਹਨ।
ਦੀਪਾ ਜੋ ਹੁਣ 24 ਸਾਲਾਂ ਦੀ ਹਨ, ਨੇ ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤਕ ਸ਼ਾਸਤਰ ਵਿੱਚ ਗ੍ਰੈਜੁਏਸ਼ਨ ਕੀਤਾ ਹੈ। ਉਹ ਸਿਰਫ਼ ਤਿੰਨ ਮਹੀਨਿਆਂ ਦੀ ਸਨ, ਜਦੋਂ ਉਨ੍ਹਾਂ ਦੇ ਮਾਪੇ ਬਿਹਾਰ ਵਿੱਚ ਪੈਂਦੇ ਮੁਜ਼ੱਫਰਨਗਰ ਤੋਂ ਦਿੱਲੀ ਆਏ ਸਨ। ਉਨ੍ਹਾਂ ਦੇ ਪਿਤਾ ਇੱਕ ਪ੍ਰਿਟਿੰਗ ਪ੍ਰੈਸ ਵਿੱਚ ਕੰਮ ਕਰਦੇ ਸਨ ਅਤੇ ਹੁਣ ਇੱਕ ਸਟੇਸ਼ਨਰੀ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੇ ਪਤੀ 29 ਸਾਲਾ ਨਵੀਨ, ਜੋ ਸਿਰਫ਼ ਦੂਜੀ ਜਮਾਤ ਤੱਕ ਪੜ੍ਹੇ ਹਨ, ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਤਾਲਾਬੰਦੀ ਦੀ ਸ਼ੁਰੂਆਤ ਤੋਂ ਪਹਿਲਾਂ ਤੱਕ ਇਹ ਇੱਕ ਸਕੂਲ ਬੱਸ ਵਿੱਚ ਬਤੌਰ ਅਟੇਂਡੈਂਟ ਕੰਮ ਕਰਦੇ ਸਨ।
ਉਨ੍ਹਾਂ ਦਾ ਵਿਆਹ ਅਕਤੂਬਰ 2015 ਨੂੰ ਹੋਇਆ ਅਤੇ ਛੇਤੀ ਹੀ ਦੀਪਾ ਦੇ ਗਰਭ ਠਹਿਰ ਗਿਆ। ਆਪਣੇ ਪਰਿਵਾਰ ਦੀਆਂ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਦੀਪਾ ਸਿਰਫ਼ ਇੱਕੋ ਹੀ ਬੱਚਾ ਚਾਹੁੰਦੀ ਸਨ। ਹਾਲਾਂਕਿ ਕਿ ਉਨ੍ਹਾਂ ਦਾ ਬੇਟਾ ਉਦੋਂ ਤੋਂ ਹੀ ਬੀਮਾਰ ਹੈ ਜਦੋਂ ਉਹ ਸਿਰਫ਼ 2 ਮਹੀਨਿਆਂ ਦਾ ਸੀ।
''ਉਹਨੂੰ ਡਬਲ-ਨਿਮੋਨੀਆ ਹੋ ਗਿਆ ਸੀ ਅਤੇ ਉਹ ਗੰਭੀਰ ਬੀਮਾਰ ਹੈ। ਅਸੀਂ ਉਹਦੇ ਇਲਾਜ ਖ਼ਾਤਰ ਹਜ਼ਾਰਾਂ ਰੁਪਏ ਖ਼ਰਚ ਕੀਤੇ ਹਨ। ਡਾਕਟਰਾਂ ਨੇ ਜਿੰਨੇ ਪੈਸੇ ਮੰਗੇ, ਅਸੀਂ ਦਿੱਤੇ। ਇੱਕ ਵਾਰ ਤਾਂ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਉਹਦੀ ਹਾਲਤ ਨੂੰ ਦੇਖਦੇ ਹੋਏ ਉਹਨੂੰ ਬਚਾਉਣ ਔਖ਼ਾ ਹੈ। ਉਦੋਂ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਇੱਕ ਬੱਚਾ ਹੋਰ ਕਰਨਾ ਚਾਹੀਦਾ ਹੈ,'' ਉਹ ਦੱਸਦੀ ਹਨ।
ਵਿਆਹ ਦੇ ਕੁਝ ਮਹੀਨਿਆਂ ਤੱਕ, ਦੀਪਾ ਇੱਕ ਨਿੱਜੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਇੱਕ ਅਧਿਆਪਕਾ ਪੜ੍ਹਾਉਂਦੀ ਸਨ ਅਤੇ ਮਹੀਨੇ ਦੇ 5000 ਰੁਪਏ ਕਮਾਉਂਦੀ। ਆਪਣੇ ਬੇਟੇ ਦੀ ਬੀਮਾਰੀ ਦੇ ਕਾਰਨ ਉਹਦੀ ਦੇਖਭਾਲ਼ ਕਰਨ ਖਾਤਰ ਨੌਕਰੀ ਤੋਂ ਹੱਥ ਧੋਣਾ ਪਿਆ।
ਉਹਦੀ ਉਮਰ ਹੁਣ ਪੰਜ ਸਾਲ ਹੈ ਅਤੇ ਉਹਦਾ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਹ ਆਪਣੇ ਬੇਟੇ ਨੂੰ ਹਰ ਤਿੰਨ ਮਹੀਨੇ ਬਾਅਦ ਜਾਂਚ ਲਈ ਲਿਜਾਂਦੀ ਹਨ। ਉਨ੍ਹਾਂ ਨੂੰ ਇਹ ਸਫ਼ਰ ਬੱਸ ਰਾਹੀਂ ਕਰਨਾ ਪੈਂਦਾ ਹੈ ਅਤੇ ਕਦੇ-ਕਦੇ ਉਨ੍ਹਾਂ ਦਾ ਭਰਾ ਆਪਣੇ ਮੋਟਰਸਾਈਕਲ ਰਾਹੀਂ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਹੈ।
ਅਜਿਹੀ ਨਿਯਮਤ ਜਾਂਚ ਲਈ ਉਹ 3 ਸਤੰਬਰ 2020 ਨੂੰ ਆਰਐੱਮਐੱਲ ਗਈ ਸਨ ਅਤੇ ਉਨ੍ਹਾਂ ਨੇ ਹਸਪਤਾਲ ਦੇ ਜਨਾਨਾ-ਰੋਗ ਵਿਭਾਗ ਜਾਣ ਦਾ ਇਰਾਦਾ ਕੀਤਾ ਤਾਂਕਿ ਉਹ ਆਪਣੀ ਸਮੱਸਿਆ ਦਾ ਕੋਈ ਹੱਲ ਲੱਭ ਸਕਣ, ਜੋ ਹੱਲ ਹੋਰ ਹਸਪਤਾਲ ਅਤੇ ਕਲੀਨਿਕ ਨਹੀਂ ਲੱਭ ਪਾਏ ਸਨ।
ਦੀਪਾ ਕਹਿੰਦੀ ਹਨ,''ਹਸਪਤਾਲ ਵੱਲੋਂ ਉਨ੍ਹਾਂ ਦੀ ਲਗਾਤਾਰ ਰਹਿਣ ਵਾਲ਼ੀ ਪੀੜ੍ਹ ਦਾ ਪਤਾ ਲਾਉਣ ਲਈ ਅਲਟ੍ਰਾਸਾਊਂਡ ਕਰਾਇਆ ਗਿਆ ਪਰ ਉਸ ਵਿੱਚ ਵੀ ਕੁਝ ਪਤਾ ਨਾ ਚੱਲਿਆ। ਡਾਕਟਰ ਨੇ ਵੀ ਕਾਪਰ-ਟੀ ਦੀ ਹਾਲਤ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਧਾਗਾ ਤੱਕ ਨਾ ਲੱਭ ਸਕਿਆ। ਉਨ੍ਹਾਂ ਨੇ ਦਵਾਈਆਂ ਲਿਖੀਆਂ ਅਤੇ ਤਿੰਨ ਮਹੀਨਿਆਂ ਬਾਅਦ ਆਉਣ ਨੂੰ ਕਿਹਾ।''
ਅਸਧਾਰਣ ਲਹੂ ਵਹਿਣ ਦੇ ਕਾਰਨਾਂ ਦਾ ਪਤਾ ਨਾ ਚੱਲ ਸਕਣ ਦੇ ਕਾਰਨ, ਦੀਪਾ 4 ਸਤੰਬਰ ਨੂੰ ਕਿਸੇ ਹੋਰ ਡਾਕਟਰ ਨੂੰ ਮਿਲ਼ੀ। ਇਸ ਵਾਰ ਉਹ ਆਪਣੇ ਇਲਾਕੇ ਦੇ ਇੱਕ ਪ੍ਰਾਈਵੇਟ ਕਲੀਨਿਕ ਦੇ ਡਾਕਟਰ ਕੋਲ਼ ਗਈ। ਦੀਪਾ ਨੇ ਦੱਸਿਆ,''ਡਾਕਟਰ ਨੇ ਮੈਨੂੰ ਪੁੱਛਿਆ ਕਿ ਇੰਨੇ ਜ਼ਿਆਦਾ ਲਹੂ ਵਹਿਣ ਦੀ ਹਾਲਤ ਵਿੱਚ ਵੀ ਮੈਂ ਖ਼ੁਦ ਨੂੰ ਕਿਵੇਂ ਸੰਭਾਲ਼ ਰਹੀ ਹਾਂ। ਉਨ੍ਹਾਂ ਨੇ ਵੀ ਕਾਪਰ-ਟੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲ਼ੀ।'' ਉਨ੍ਹਾਂ ਨੇ ਜਾਂਚ ਵਾਸਤੇ 250 ਰੁਪਏ ਅਦਾ ਕੀਤੇ। ਉਸੇ ਦਿਨ ਪਰਿਵਾਰ ਦੇ ਇੱਕ ਮੈਂਬਰ ਦੀ ਸਲਾਹ 'ਤੇ ਉਨ੍ਹਾਂ ਨੇ ਇੱਕ ਨਿੱਜੀ ਲੈਬ ਵਿੱਚ 300 ਰੁਪਏ ਖ਼ਰਚ ਕਰਕੇ ਪੈਲਵਿਕ ਐਕਸ-ਰੇ ਕਰਵਾਇਆ।
ਰਿਪੋਟਰ ਨੇ ਬਿਆਨ ਕੀਤਾ: 'ਕਾਪਰ-ਟੀ ਹੀਮੋਪੇਲਵਿਸ ਦੇ ਅੰਦਰੂਨੀ ਭਾਗ ਵਿੱਚ ਦਿੱਸ ਰਹੀ ਹੈ।'
ਪੱਛਮੀ ਦਿੱਲੀ ਦੇ ਜਨਾਨਾ-ਰੋਗ ਮਾਹਰ ਡਾ. ਜਿਓਤਸਨਾ ਗੁਪਤਾ ਦੱਸਦੀ ਹਨ,''ਜੇ ਡਿਲੀਵਰੀ ਤੋਂ ਫ਼ੌਰਨ ਬਾਅਦ ਜਾਂ ਸਿਜੇਰੀਅਨ ਤੋਂ ਬਾਅਦ ਕਾਪਰ-ਟੀ ਲਾਏ ਜਾਣ ਦੀ ਸੂਰਤ ਵਿੱਚ ਉਹਦੇ ਇੱਕ ਪਾਸੇ ਨੂੰ ਝੁਕ ਜਾਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਕਿਉਂਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਬੱਚੇਦਾਨੀ ਦਾ ਅੰਦਰੂਨੀ ਭਾਗ ਬਹੁਤ ਫ਼ੈਲਿਆ ਹੋਇਆ ਹੁੰਦਾ ਹੈ ਅਤੇ ਇਹਦੇ ਸਧਾਰਣ ਅਕਾਰ ਵਿੱਚ ਆਉਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਦੌਰਾਨ ਕਾਪਰ-ਟੀ ਆਪਣੀ ਧੁਰੀ ਬਦਲ ਸਕਦੀ ਹੈ ਅਤੇ ਟੇਢੀ ਹੋ ਸਕਦੀ ਹੁੰਦੀ ਹੈ। ਜੇਕਰ ਇੱਕ ਔਰਤ ਮਾਹਵਾਰੀ ਦੌਰਾਨ ਗੰਭੀਰ ਕੜਵੱਲਾਂ ਪੈਣੀਆਂ ਮਹਿਸੂਸ ਕਰਦੀ ਹੈ ਤਾਂ ਸਮਝੋ ਇਹ ਆਪਣੀ ਥਾਂ ਬਦਲ ਸਕਦੀ ਹੈ ਜਾਂ ਟੇਢੀ ਹੋ ਸਕਦੀ ਹੁੰਦੀ ਹੈ।
ਆਸ਼ਾ ਵਰਕਰ ਸੁਸ਼ੀਲਾ ਕਹਿੰਦੀ ਹਨ ਕਿ ਅਜਿਹੀਆਂ ਸ਼ਿਕਾਇਤਾਂ ਕਾਫ਼ੀ ਆਮ ਗੱਲ ਹੈ। ''ਅਸੀਂ ਅਕਸਰ ਔਰਤਾਂ ਨੂੰ ਅਕਸਰ ਕਾਪਰ-ਟੀ ਨੂੰ ਲੈ ਕੇ ਸ਼ਿਕਾਇਤਾਂ ਕਰਦੇ ਦੇਖਿਆ ਹੈ। ਕਈ ਵਾਰ ਉਹ ਸਾਨੂੰ ਕਹਿੰਦੀਆਂ ਹਨ ਕਿ 'ਇਹ ਉਨ੍ਹਾਂ ਦੇ ਢਿੱਡ ਵਿੱਚ ਪਹੁੰਚ ਗਈ ਹੈ' ਅਤੇ ਉਹ ਇਹਨੂੰ ਕਢਵਾਉਣਾ ਚਾਹੁੰਦੀਆਂ ਹਨ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (2015-16) ਮੁਤਾਬਕ, ਸਿਰਫ਼ 1.5 ਫੀਸਦ ਔਰਤਾਂ ਹੀ ਗਰਭਨਿਰੋਧਕ ਦੇ ਉਪਾਵਾਂ ਵਜੋਂ ਆਈਯੂਡੀ (ਕਾਪਰ-ਟੀ) ਦਾ ਇਸਤੇਮਾਲ ਕਰਦੀਆਂ ਹਨ। ਜਦੋਂਕਿ ਦੇਸ਼ ਦੀਆਂ 15-36 ਉਮਰ ਵਰਗ ਦੀਆਂ 36 ਫੀਸਦ ਔਰਤਾਂ ਨਸਬੰਦੀ/ਨਲ਼ਬੰਦੀ ਨੂੰ ਬਤੌਰ ਉਪਾਅ ਚੁਣਦੀਆਂ ਹਨ।
ਦੀਪਾ ਕਹਿੰਦੀ ਹਨ,''ਮੈਂ ਦੂਜੀਆਂ ਔਰਤਾਂ ਤੋਂ ਸੁਣਿਆ ਸੀ ਕਿ ਕਾਪਰ-ਟੀ ਸਾਰੀਆਂ ਔਰਤਾਂ ਨੂੰ ਠੀਕ ਨਹੀਂ ਬਹਿੰਦੀ, ਇਸ ਤੋਂ ਕਈ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਹਨ। ਪਰ ਮੈਨੂੰ ਦੋ ਸਾਲਾਂ ਤੱਕ ਕੋਈ ਸਮੱਸਿਆ ਨਹੀਂ ਆਈ।''
ਕਈ ਮਹੀਨਿਆਂ ਤੱਕ ਪੀੜ੍ਹ ਅਤੇ ਵਿਤੋਂਵੱਧ ਲਹੂ ਵਹਿਣ ਦੀ ਸਮੱਸਿਆ ਨਾਲ਼ ਜੂਝਣ ਤੋਂ ਬਾਅਦ, ਪਿਛਲੇ ਸਾਲ ਸਤੰਬਰ ਵਿੱਚ ਦੀਪਾ ਨੇ ਤੈਅ ਕੀਤਾ ਕਿ ਉਹ ਉੱਤਰ-ਪੱਛਮ ਦਿੱਲੀ ਦੇ ਪੀਤਮ ਪੁਰਾ ਦੇ ਭਗਵਾਨ ਮਹਾਂਵੀਰ ਸਰਕਾਰ ਹਸਪਤਾਲ ਵਿੱਚ ਆਪਣੀ ਜਾਂਚ ਕਰਾਵੇਗੀ। ਹਸਪਤਾਲ ਵਿੱਚ ਸੁਰੱਖਿਆ ਵਿੱਚ ਕੰਮ ਕਰਨ ਵਾਲ਼ੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਸੁਝਾਅ ਦਿੱਤਾ ਉਹ ਆਪਣੀ ਕੋਵਿਡ-19 ਜਾਂ ਚੋਂ ਬਾਅਦ ਹੀ ਕਿਸੇ ਡਾਕਟਰ ਨੂੰ ਮਿਲ਼ਣ। ਇਸਲਈ 7 ਸਤੰਬਰ 2020 ਨੂੰ ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਇੱਕ ਡਿਸਪੈਂਸਰੀ ਤੋਂ ਕੋਵਿਡ ਜਾਂਚ ਕਰਾਈ।
ਉਹ ਕੋਵਿਡ ਸੰਕ੍ਰਮਿਤ ਪਾਈ ਗਈ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਕੁਆਰੰਟੀਨ ਰਹਿਣਾ ਪਿਆ। ਜਦੋਂ ਤੱਕ ਉਹ ਕੋਵਿਡ ਜਾਂਚ ਵਿੱਚ ਨੈਗੇਟਿਵ ਨਹੀਂ ਹੋ ਗਈ ਉਦੋਂ ਤੱਕ ਉਹ ਹਸਪਤਾਲ ਜਾ ਕੇ ਕਾਪਰ-ਟੀ ਨਾ ਕਢਵਾ ਸਕੀ।
ਪਿਛਲੇ ਸਾਲ ਜਦੋਂ ਮਾਰਚ 2020 ਵਿੱਚ ਪੂਰੇ ਦੇਸ਼ ਵਿੱਚ ਤਾਲਾਬੰਦੀ ਥੋਪੀ ਗਈ ਅਤੇ ਸਕੂਲ ਬੰਦ ਹੋ ਗਏ ਤਾਂ ਉਨ੍ਹਾਂ ਦੇ ਪਤੀ ਨਵੀਨ, ਜੋ ਇੱਕ ਸਕੂਲ ਬਸ ਅਟੇਂਡੈਂਟ ਸਨ, ਦੀ 7000 ਰੁਪਏ ਮਹੀਨੇ ਦੀ ਨੌਕਰੀ ਚਲੀ ਗਈ ਅਤੇ ਉਨ੍ਹਾਂ ਕੋਲ਼ ਅਗਲੇ 5 ਮਹੀਨਿਆਂ ਤੱਕ ਉਨ੍ਹਾਂ ਕੋਲ਼ ਕੋਈ ਕੰਮ ਨਹੀਂ ਸੀ। ਫਿਰ ਉਹ ਇੱਕ ਲਾਂਗਰੀ ਕੋਲ਼ ਬਤੌਰ ਸਹਾਇਕ ਕੰਮ ਕਰਨ ਲੱਗੇ ਅਤੇ ਕਦੇ-ਕਦੇ ਦਿਨ ਦੇ 500 ਰੁਪਏ ਤੱਕ ਕਮਾ ਲੈਂਦੇ। (ਇਸ ਮਹੀਨੇ ਜਾ ਕੇ ਉਨ੍ਹਾਂ ਨੂੰ ਬੱਕਰਵਾਲਾ ਇਲਾਕੇ ਵਿੱਚ ਮੂਰਤੀ ਬਣਾਉਣ ਦੀ ਇੱਕ ਫ਼ੈਕਟਰੀ ਵਿੱਚ ਪ੍ਰਤੀ ਮਹੀਨੇ 5,000 ਰੁਪਏ 'ਤੇ ਨੌਕਰੀ ਮਿਲ਼ੀ ਹੈ।)
25 ਸਤੰਬਰ ਨੂੰ ਦੀਪਾ ਦੀ ਕੋਵਿਡ ਜਾਂਚ ਨੈਗੇਟਿਵ ਆਈ ਅਤੇ ਉਹ ਭਗਵਾਨ ਮਹਾਂਵੀਰ ਸਰਕਾਰੀ ਹਸਪਤਾਲ ਵਿੱਚ ਆਪਣੀ ਜਾਂਚ ਦੀ ਉਡੀਕ ਕਰਨ ਲੱਗੀ। ਇੱਕ ਰਿਸ਼ਤੇਦਾਰ ਨੇ ਆਪਣੀ ਉਨ੍ਹਾਂ ਦੀ ਐਕਸ-ਰੇ ਰਿਪੋਰਟ ਡਾਕਟਰ ਨੂੰ ਦਿਖਾਈ, ਜਿਨ੍ਹਾਂ ਨੇ (ਡਾਕਟਰ ਨੇ) ਕਿਹਾ ਕਿ ਇਸ ਹਸਪਤਾਲ ਵਿੱਚ ਕਾਪਰ-ਟੀ ਨਹੀਂ ਕੱਢੀ ਜਾ ਸਕਦੀ। ਇੱਥੇ ਆਉਣ ਦੀ ਬਜਾਇ ਉਨ੍ਹਾਂ ਨੇ ਦੀਪਾ ਨੂੰ ਦੀਨ ਦਿਆਲ ਹਸਪਤਾਲ ਵਾਪਸ ਜਾਣ ਲਈ ਕਿਹਾ, ਜਿੱਥੇ ਮਈ 2018 ਵਿੱਚ ਉਨ੍ਹਾਂ ਦੇ ਅੰਦਰ ਕਾਪਰ-ਟੀ ਰੱਖੀ ਗਈ ਸੀ।
ਦੀਪਾ ਨੇ ਡੀਡੀਯੂ ਦੇ ਜਨਾਨਾ-ਰੋਗ ਵਿਭਾਗ ਦੇ ਬਾਹਰ ਕਲੀਨਿਕ ਵਿੱਚ ਇੱਕ ਹਫ਼ਤੇ (ਅਕਤੂਬਰ 2020 ਤੱਕ) ਇੰਤਜ਼ਾਰ ਕਰਨਾ ਪਿਆ। ਉਹ ਦੱਸਦੀ ਹਨ,''ਮੈਂ ਡਾਕਟਰ ਨੂੰ ਕਾਪਰ-ਟੀ ਕਢਵਾਉਣ ਅਤੇ ਉਹਦੀ ਥਾਂ ਨਲਬੰਦੀ ਕਰਨ ਦੀ ਬੇਨਤੀ ਕੀਤੀ। ਪਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਕੋਵਿਡ ਕਾਰਨ ਉਨ੍ਹਾਂ ਦਾ ਇਹ ਹਸਪਤਾਲ ਨਲਬੰਦੀ ਦਾ ਓਪਰੇਸ਼ਨ ਨਹੀਂ ਕਰ ਰਿਹਾ।''
ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਉਨ੍ਹਾਂ ਦੀ ਇਹ ਸੇਵਾ ਬਹਾਲ ਹੋਵੇਗੀ ਤਾਂ ਉਹ ਦੀਪਾ ਦੀ ਨਲਬੰਦੀ ਕਰਨ ਦੌਰਾਨ ਹੀ ਕਾਪਰ-ਟੀ ਕੱਢ ਦੇਣਗੇ।
ਹੋਰ ਦਵਾਈਆਂ ਝਰੀਟ ਦਿੱਤੀਆਂ ਗਈਆਂ। ਦੀਪਾ ਨੇ ਪਿਛਲੇ ਸਾਲ ਅੱਧ ਅਕਤੂਬਰ ਵਿੱਚ ਮੈਨੂੰ ਦੱਸਿਆ,''ਡਾਕਟਰਾਂ ਨੇ ਕਿਹਾ ਹੈ ਕਿ ਜੇਕਰ ਕੋਈ ਸਮੱਸਿਆ ਹੋਈ ਤਾਂ ਅਸੀਂ ਦੇਖ ਲਵਾਂਗੇ; ਵੈਸੇ ਤਾਂ ਇਹ ਸਮੱਸਿਆ ਦਵਾਈਆਂ ਨਾਲ਼ ਹੱਲ ਹੋ ਜਾਣੀ ਚਾਹੀਦੀ ਹੈ।'' (ਇਸ ਪੱਤਰਕਾਰ ਨੇ ਨਵੰਬਰ 2020 ਨੂੰ ਡੀਡੀਯੂ ਹਸਪਤਾਲ ਦੇ ਜਨਾਨਾ-ਰੋਗ ਵਿਭਾਗ ਦੀ ਓਪੀਡੀ ਦਾ ਦੌਰਾ ਕੀਤਾ ਅਤੇ ਵਿਭਾਗ ਦੀ ਮੁਖੀ ਨਾਲ਼ ਦੀਪਾ ਦੇ ਮਸਲੇ ਨੂੰ ਲੈ ਕੇ ਗੱਲ ਕੀਤੀ, ਪਰ ਉਸ ਦਿਨ ਡਾਕਟਰ ਡਿਊਟੀ 'ਤੇ ਨਹੀਂ ਸਨ। ਉੱਥੇ ਮੌਜੂਦ ਦੂਸਰੀ ਡਾਕਟਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਦੀ ਆਗਿਆ ਲੈਣੀ ਪੈਣੀ ਹੈ। ਮੈਂ ਡਾਇਰੈਕਟਰ ਨੂੰ ਕਈ ਦਫ਼ਾ ਫ਼ੋਨ ਕੀਤਾ, ਪਰ ਉਨ੍ਹਾਂ ਵੱਲੋਂ ਕਈ ਜਵਾਬ ਨਾ ਆਇਆ।)
'ਮੈਂ ਨਹੀਂ ਜਾਣਦੀ ਕਿ ਉਹਨੇ ਕਿਹੜੇ ਔਜਾਰ ਨਾਲ਼ ਕਾਪਰ-ਟੀ ਕੱਢਣ ਦੀ ਕੋਸ਼ਿਸ਼ ਕੀਤੀ ਸੀ... 'ਦਾਈ ਨੇ ਮੈਨੂੰ ਬੱਸ ਇੰਨਾ ਕਿਹਾ ਕਿ ਜੇ ਮੈਂ ਕੁਝ ਹੋਰ ਮਹੀਨਿਆਂ ਤੀਕਰ ਇਹਨੂੰ ਨਾ ਕਢਵਾਇਆ ਤਾਂ ਮੇਰੀ ਜਾਨ ਨੂੰ ਖ਼ਤਰਾ ਹੋ ਸਕਦਾ'
ਪਰਿਵਾਰ ਭਲਾਈ ਡਾਇਰੈਕਟੋਰੇਟ, ਦਿੱਲੀ ਦੇ ਸੀਨੀਅਰ ਅਧਿਕਾਰੀ ਕਹਿੰਦੇ ਹਨ,''ਸਾਰੇ ਸਰਕਾਰੀ ਹਸਪਤਾਲ ਮਹਾਂਮਾਰੀ ਦੇ ਪ੍ਰਬੰਧਨ ਕਰਨ ਸਿਰ ਪਏ ਭਾਰ ਨਾਲ਼ ਜੂਝ ਰਹੇ ਹਨ, ਜਦੋਂਕਿ ਸ਼ਹਿਰ 'ਤੇ ਮਹਾਂਮਾਰੀ ਦਾ ਬਹੁਤ ਮਾੜਾ ਪ੍ਰਭਾਵ ਰਿਹਾ ਹੈ। ਅਜਿਹੇ ਸਮੇਂ ਜਦੋਂ ਕਈ ਹਸਪਤਾਲਾਂ ਨੂੰ ਕੋਵਿਡ ਹਸਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਪਰਿਵਾਰ ਨਿਯੋਜਨ ਜਿਹੀਆਂ ਨਿਯਮਤ ਸੇਵਾਵਾਂ ਪ੍ਰਭਾਵਤ ਹੋਈਆਂ ਹਨ। ਪਰ ਹਾਂ ਠੀਕ ਉਸੇ ਦੌਰਾਨ ਅਸਥਾਈ ਉਪਾਵਾਂ ਦਾ ਪ੍ਰਯੋਗ ਵੱਧ ਗਿਆ ਹੈ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰੀਆਂ ਸੇਵਾਵਾਂ ਬਹਾਲ ਰਹਿਣ।''
ਭਾਰਤ ਵਿੱਚ ਫਾਊਂਡੇਸ਼ਨ ਆਫ਼ ਰਿਪ੍ਰੋਡਕਟਿਵ ਹੈਲਥ ਸਰਵਿਸੇਜ਼ (ਐੱਫਆਰਐੱਚਐੱਸ) ਦੇ ਕਲੀਨਿਕ ਸਰਵਿਸਸ ਦੀ ਨਿਰਦੇਸ਼ਕਾ ਡਾਕਟਰ ਰਸ਼ਮੀ ਅਰਦੇ ਕਹਿੰਦੀ ਹਨ,'' ਪਿਛਲੇ ਸਾਲ ਕਾਫ਼ੀ ਲੰਬੇ ਅਰਸੇ ਤੱਕ ਪਰਿਵਾਰ ਨਿਯੋਜਨ ਸੇਵਾਵਾਂ ਅਣ-ਉਪਲਬਧ ਸਨ। ਇਸ ਦੌਰਾਨ ਕਾਫ਼ੀ ਸਾਰੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮਿਲ਼ ਨਾ ਸਕੀਆਂ। ਹੁਣ ਹਾਲਾਤ ਪਹਿਲਾਂ ਦੇ ਮੁਕਾਬਲੇ ਕੁਝ ਸੁਗਮ ਹਨ, ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਨਾਲ਼ ਹੁਣ ਇਨ੍ਹਾਂ ਸੇਵਾਵਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਹਾਲਾਂਕਿ ਬਾਵਜੂਦ ਇਹਦੇ ਇਨ੍ਹਾਂ ਸੇਵਾਵਾਂ ਦੀ ਕੋਵਿਡ ਤੋਂ ਪਹਿਲਾਂ ਵਾਲ਼ੇ ਸਮੇਂ ਵਾਂਗ ਬਹਾਲੀ ਨਹੀਂ ਹੋ ਸਕੀ ਹੈ। ਇਹਦਾ ਔਰਤਾਂ ਦੀ ਸਿਹਤ 'ਤੇ ਦੀਰਘ-ਕਾਲੀਨ ਅਸਰ ਦਿੱਸੇਗਾ।''
ਦੁਚਿੱਤੀ ਵਿੱਚ ਪਈ ਦੀਪਾ ਨੇ ਪਿਛਲੇ ਸਾਲ ਆਪਣੀ ਬਿਪਤਾ ਨੂੰ ਮਗਰੋਂ ਲਾਹੁਣ ਲਈ 10 ਅਕਤੂਬਰ ਨੂੰ ਆਪਣੇ ਇਲਾਕੇ ਦੀ ਇੱਕ ਦਾਈ ਨਾਲ਼ ਰਾਬਤਾ ਕੀਤਾ ਅਤੇ ਉਨ੍ਹਾਂ ਨੇ 300 ਅਦਾ ਕੀਤੇ ਅਤੇ ਕਾਪਰ-ਟੀ ਕਢਵਾ ਲਈ।
ਉਹ ਕਹਿੰਦੀ ਹਨ,''ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਕਾਪਰ-ਟੀ ਨੂੰ ਬਾਹਰ ਕੱਢਣ ਲਈ ਕੋਈ ਔਜਾਰ ਵਰਤਿਆ ਜਾਂ ਨਹੀਂ। ਹੋ ਸਕਦਾ ਵਰਤਿਆ ਹੋਵੇ। ਉਹਨੇ ਮੈਡੀਸੀਨ ਦੀ ਪੜ੍ਹਾਈ ਕਰ ਰਹੀ ਆਪਣੀ ਧੀ ਪਾਸੋਂ ਮਦਦ ਲਈ ਉਨ੍ਹਾਂ ਨੂੰ ਕਾਪਰ-ਟੀ ਨੂੰ ਕੱਢਣ ਵਿੱਚ 45 ਮਿੰਟ ਲੱਗੇ। ਦਾਈ ਨੇ ਕਿਹਾ ਜੇ ਮੈਂ ਉਹਨੂੰ ਬਾਹਰ ਕਢਵਾਉਣ ਵਿੱਚ ਕੁਝ ਮਹੀਨਿਆਂ ਦੀ ਦੇਰੀ ਕੀਤੀ ਤਾਂ ਮੇਰੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।''
ਕਾਪਰ-ਟੀ ਦੇ ਬਾਹਰ ਆਉਣ ਤੋਂ ਬਾਅਦ ਦੀਪਾ ਨੂੰ ਬੇਨਿਯਮੀ ਮਾਹਵਾਰੀ ਅਤੇ ਪੀੜ੍ਹ ਦੀ ਸਮੱਸਿਆ ਤੋਂ ਛੁਟਕਾਰਾ ਮਿਲ਼ ਗਿਆ।
ਵੱਖੋ-ਵੱਖ ਹਸਪਤਾਲਾਂ ਅਤੇ ਕਲੀਨਿਕ ਦੇ ਪ੍ਰਿਸਕ੍ਰਿਪਸ਼ਨ ਅਤੇ ਰਿਪੋਰਟਾਂ ਨੂੰ ਕਰੀਨੇ ਨਾਲ਼ ਆਪਣੇ ਬਿਸਤਰੇ 'ਤੇ ਟਿਕਾਉਂਦਿਆਂ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਮੈਨੂੰ ਦੱਸਿਆ ਸੀ,''ਇੰਨ੍ਹਾਂ ਪੰਜ ਮਹੀਨਿਆਂ ਵਿੱਚ ਮੈਂ ਕੁੱਲ ਸੱਤ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਚੱਕਰ ਲਾਏ ਹਨ।'' ਇੰਨਾ ਹੀ ਨਹੀਂ ਇਸ ਦੌਰਾਨ ਮੈਂ ਕਾਫ਼ੀ ਪੈਸਾ ਵੀ ਖ਼ਰਚ ਕੀਤਾ, ਜਦੋਂ ਕਿ ਦੀਪਾ ਅਤੇ ਨਵੀਨ ਦੋਵਾਂ ਕੋਲ਼ ਕੋਈ ਕੰਮ ਨਹੀਂ ਸੀ।
ਦੀਪਾ ਇਸ ਗੱਲ 'ਤੇ ਪੱਕੀ ਹਨ ਕਿ ਉਨ੍ਹਾਂ ਨੂੰ ਹੋਰ ਬੱਚਾ ਨਹੀਂ ਚਾਹੀਦਾ ਅਤੇ ਉਹ ਨਲ਼ਬੰਦੀ/ਨਸਬੰਦੀ ਕਰਾਉਣਾ ਚਾਹੁੰਦੀ ਹਨ। ਉਹ ਸਿਵਿਲ ਸੇਵਾ ਪ੍ਰੀਖਿਆ ਦੇਣਾ ਚਾਹੁੰਦੀ ਹਨ। ਉਹ ਕਹਿੰਦੀ ਹਨ,''ਮੈਂ ਐਪਲੀਕੇਸ਼ਨ ਫ਼ਾਰਮ ਲੈ ਲਿਆ ਹੈ'' ਇਸ ਉਮੀਦ ਦੇ ਨਾਲ਼ ਕਿ ਉਹ ਅੱਗੇ ਵੱਧ ਕੇ ਆਪਣੇ ਪਰਿਵਾਰ ਦਾ ਕੁਝ ਸਹਿਯੋਗ ਕਰ ਪਾਵੇਗੀ ਜੋ ਉਹ ਮਹਾਂਮਾਰੀ ਅਤੇ ਕਾਪਰ-ਟੀਪ ਦੇ ਸਿਆਪੇ ਦੇ ਚੱਲਦਿਆਂ ਨਹੀਂ ਕਰ ਪਾ ਰਹੀ ਸਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ