ਕੋਲੋਸ਼ੀ ਦੇ ਵਾਸੀ ਗਣੇਸ਼ ਤੇ ਅਰੁਣ ਮੁਕਨੇ ਨੂੰ ਸਕੂਲ ਹੋਣਾ ਚਾਹੀਦਾ ਹੈ ਪਰ ਉਹ ਆਪਣੇ ਘਰ ਦੇ ਫ਼ਾਲਤੂ ਕੰਮਾਂ ਵਿੱਚ ਆਪਣਾ ਸਮਾਂ ਅਜਾਈਂ ਗੁਆ ਰਹੇ ਹਨ। ਉਮਰ ਦੇ ਹਿਸਾਬ ਨਾਲ਼ ਗਣੇਸ਼ ਨੂੰ 9ਵੀਂ ਤੇ ਅਰੁਣ ਮੁਕਨੇ ਨੂੰ 7ਵੀਂ ਜਮਾਤ ਵਿੱਚ ਹੋਣਾ ਚਾਹੀਦਾ ਸੀ। ਕੋਲੋਸ਼ੀ ਇੱਕ ਬਸਤੀ ਹੈ ਜੋ ਮੁੰਬਈ ਦੇ ਠਾਣੇ ਜ਼ਿਲ੍ਹੇ ਦਾ ਬਾਹਰਵਾਰ ਵੱਸੀ ਹੋਈ ਹੈ। ਉਹ ਦੋਵੇਂ ਆਪਣੇ ਦੁਆਲ਼ੇ ਪਏ ਕਬਾੜ ਦੇ ਸਮਾਨ ਨੂੰ ਇਕੱਠਾ ਕਰਕੇ ਕਦੇ ਕਾਰ ਤੇ ਕਦੇ ਹੋਰ ਚੀਜ਼ਾਂ ਬਣਾ-ਬਣਾ ਖੇਡਦੇ ਰਹਿੰਦੇ ਹਨ ਜਾਂ ਐਵੇਂ ਹੀ ਇੱਧਰ-ਉੱਧਰ ਬਹਿ ਕੇ ਆਪਣਾ ਸਮਾਂ ਟਪਾਉਂਦੇ ਰਹਿੰਦੇ ਹਨ। ਦੋਵਾਂ ਦੇ ਮਾਪੇ ਇੱਟ-ਭੱਠੇ ‘ਤੇ ਕੰਮ ਕਰਦੇ ਹਨ।
ਉਨ੍ਹਾਂ ਦੀ ਮਾਂ, ਨੀਰਾ ਮੁਕਨੇ ਨੇ ਕਿਹਾ,“ਹੁਣ ਦੋਵਾਂ ਦਾ ਕਿਤਾਬਾਂ ਨਾਲ਼ ਕੋਈ ਵਾਹ-ਵਾਸਤਾ ਨਹੀਂ। ਛੋਟਾ ਮੁੰਡਾ (ਅਰੁਣ) ਕਬਾੜ ਤੇ ਲੱਕੜ ਦੇ ਫ਼ਾਲਤੂ ਸਮਾਨ ਤੋਂ ਖਿਡੌਣਾ ਬਣਾਉਣ ‘ਚ ਮਸ਼ਰੂਫ਼ ਰਹਿੰਦਾ ਹੈ। ਉਹ ਪੂਰਾ-ਪੂਰਾ ਦਿਨ ਖੇਡਦਾ ਹੀ ਰਹਿੰਦਾ ਹੈ।” ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿ ਪਾਉਂਦੀ ਅਰੁਣ ਨੇ ਮਾਂ ਦੀ ਗੱਲ ਕੱਟਦਿਆਂ ਕਿਹਾ,“ਮੈਂ ਤੁਹਾਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਸਕੂਲ ਜਾਣਾ ਬੜਾ ਉਬਾਊ ਕੰਮ ਲੱਗਦੈ?” ਦੋਵਾਂ ਦੀ ਬਹਿਸ ਬੇਸਿੱਟਾ ਰਹਿੰਦੀ ਹੈ ਤੇ ਅਰੁਣ ਚੁਫ਼ੇਰਿਓਂ ਕਬਾੜ ਇਕੱਠਾ ਕਰਕੇ ਬਣਾਈ ਕਾਰ ਚੁੱਕੀ ਖੇਡਣ ਲਈ ਬਾਹਰ ਨਿਕਲ਼ ਜਾਂਦਾ ਹੈ।
26 ਸਾਲਾ ਨੀਰਾ 7ਵੀਂ ਤੱਕ ਪੜ੍ਹੀ ਹਨ ਪਰ ਉਨ੍ਹਾਂ ਦੇ ਪਤੀ, 35 ਸਾਲਾ ਵਿਸ਼ਣੂ ਨੇ ਦੂਸਰੀ ਜਮਾਤ ਵਿੱਚ ਹੀ ਸਕੂਲ ਛੱਡ ਦਿੱਤਾ ਸੀ। ਮੁਕਨੇ ਪਰਿਵਾਰ ਕਿਸੇ ਵੀ ਹਾਲ ਵਿੱਚ ਆਪਣੇ ਮੁੰਡਿਆਂ ਨੂੰ ਪੜ੍ਹਾਈ ਕਰਵਾਉਣਾ ਚਾਹੁੰਦਾ ਹੈ, ਤਾਂਕਿ ਉਹ ਦੋਵੇਂ ਵੀ ਆਪਣੇ ਮਾਪਿਆਂ ਵਾਂਗਰ ਮੱਛੀ ਫੜ੍ਹਨ ਤੇ ਇੱਟ-ਭੱਠਿਆਂ ‘ਤੇ ਕੰਮ ਕਰਕੇ ਆਪਣੀ ਜੂਨ ਨਾ ਗਾਲਣ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕੋਈ ਢੰਗ ਦਾ ਕੰਮ ਕਰਨ। ਬਹੁਤ ਸਾਰੇ ਆਦਿਵਾਸੀ ਪਰਿਵਾਰ ਇੱਟ-ਭੱਠਿਆਂ ‘ਤੇ ਕੰਮ ਕਰਨ ਲਈ ਸ਼ਹਾਪੁਰ-ਕਲਿਆਣ ਦੇ ਇਲਾਕੇ ਵੱਲ ਨੂੰ ਪ੍ਰਵਾਸ ਕਰ ਗਏ ਹਨ।
ਕਾਤਕਾਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਵਿਸ਼ਣੂ ਨੇ ਕਿਹਾ,“ਮੈਂ ਆਪ ਨਹੀਂ ਪੜ੍ਹ ਸਕਿਆ। ਪਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ।” ਕਾਤਕਾਰੀ ਆਦਿਵਾਸੀ ਭਾਈਚਾਰਾ ਮਹਾਰਾਸ਼ਟਰ ਦੇ ਤਿੰਨ ਖ਼ਾਸ ਅਸੁਰੱਖਿਅਤ ਕਬੀਲਾ ਸਮੂਹ (ਪੀਵੀਟੀਜੀ) ਵਿੱਚੋਂ ਇੱਕ ਹੈ। ਕਬੀਲਾਈ ਮਾਮਲਿਆਂ ਦੇ ਮੰਤਰਾਲੇ ਵੱਲ਼ੋਂ ਜਾਰੀ 2013 ਦੀ ਇੱਕ ਰਿਪੋਰਟ ਮੁਤਾਬਕ ਰਾਜ ਵਿੱਚ ਕਾਤਕਾਰੀ ਭਾਈਚਾਰੇ ਦੀ ਸਾਖਰਤਾ ਦਰ 41 ਫ਼ੀਸਦ ਹੈ।
ਕੋਈ ਚਾਰ ਸਾਲ ਪਹਿਲਾਂ ਸਕੂਲ ਅੰਦਰ ਲੋੜੀਂਦੇ (ਬਹੁਤੇ) ਬੱਚੇ ਨਾ ਹੋਣ ਕਾਰਨ ਉਹਨੂੰ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ, ਉਦੋਂ ਹੀ ਵਿਸ਼ਣੂ ਤੇ ਉਨ੍ਹਾਂ ਦੀ ਪਤਨੀ ਨੇ ਬੇਟਿਆਂ ਦਾ ਦਾਖ਼ਲਾ ਮਢ ਪਿੰਡ ਦੇ ਸਰਕਾਰੀ ਸੈਕੰਡਰੀ ਆਸ਼ਰਮ ਸਕੂਲ ਵਿਖੇ ਕਰਵਾ ਦਿੱਤਾ, ਜਿਹਨੂੰ ਮੁਕਾਮੀ ਲੋਕੀਂ ਮਢ ਆਸ਼ਰਮਸ਼ਾਲਾ ਕਹਿੰਦੇ ਹਨ। ਜੋ ਰਾਜ ਵੱਲੋਂ ਸੰਚਾਲਤ ਰਹਾਇਸ਼ੀ ਸਕੂਲ ਹੈ ਜਿੱਥੇ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਇਹ ਠਾਣੇ ਜ਼ਿਲ੍ਹੇ ਦੇ ਮੁਰਬਾਡ ਤੋਂ 30 ਕਿਲੋਮੀਟਰ ਦੂਰ ਸਥਿਤ ਹੈ। ਕੁੱਲ 379 ਬੱਚਿਆਂ ਵਿੱਚੋਂ 125 ਬੱਚੇ ਉੱਥੇ ਰਹਿੰਦੇ ਵੀ ਹਨ ਜਿਨ੍ਹਾਂ ਵਿੱਚ ਗਣੇਸ਼ ਤੇ ਅਰੁਣ ਵੀ ਸ਼ਾਮਲ ਸਨ। ਵਿਸ਼ਣੂ ਕਹਿੰਦੇ ਹਨ,“ਮੈਂ ਬੜਾ ਖ਼ੁਸ਼ ਸਾਂ, ਕਿਉਂਕਿ ਸਕੂਲ ਵਿੱਚ ਉਨ੍ਹਾਂ ਦੀ ਸਿੱਖਿਆ ਅਤੇ ਭੋਜਨ ਦੋਵਾਂ ਦਾ ਹੀ ਬੰਦੋਬਸਤ ਸੀ। ਪਰ ਸਾਨੂੰ ਆਪਣੇ ਬੱਚਿਆਂ ਦੀ ਬੜੀ ਯਾਦ ਆਉਂਦੀ।”







