2019 ਵਿੱਚ ਪਾਰੂ ਮਸਾਂ ਸੱਤ ਸਾਲਾਂ ਦੀ ਸੀ ਜਦੋਂ ਉਹਦੇ ਪਿਤਾ ਨੇ ਉਹਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਘਰੋਂ ਭੇਡਾਂ ਚਰਾਉਣ ਦੇ ਕੰਮ ਲਈ ਭੇਜ ਦਿੱਤਾ ਸੀ।
ਤਿੰਨ ਸਾਲਾਂ ਬਾਅਦ, 2022 ਦੇ ਅਗਸਤ ਦੇ ਅਖ਼ੀਰਲੀ ਦਿਨੀਂ, ਮਾਪਿਆਂ ਨੂੰ ਆਪਣੀ ਬੱਚੀ ਆਪਣੇ ਘਰ ਦੇ ਬਾਹਰ ਬੇਸੁੱਧ ਹਾਲਤ ਵਿੱਚ ਲੱਭੀ। ਉਹਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਛੱਡ ਦਿੱਤਾ ਗਿਆ ਸੀ ਤੇ ਉਹ ਕੰਬਲ ਵਿੱਚ ਲਿਪਟੀ ਹੋਈ ਸੀ। ਉਹਦੇ ਗਲ਼ੇ ‘ਤੇ ਸੰਘੀ ਘੁੱਟਣ ਦੇ ਨਿਸ਼ਾਨ ਸਨ।
ਪਾਰੂ ਦੀ ਮਾਂ, ਸਵਿਤਾਬਾਈ ਨੇ ਹੰਝੂ ਪੂੰਝਦਿਆਂ ਕਿਹਾ,“ਅਖ਼ੀਰਲਾ ਸਾਹ ਲੈਣ ਤੱਕ ਉਹ ਮੂੰਹੋਂ ਕੁਝ ਨਾ ਬੋਲ ਸਕੀ। ਅਸੀਂ ਲਗਾਤਾਰ ਉਹਨੂੰ ਪੁੱਛਦੇ ਰਹੇ ਕਿ ਅਖ਼ੀਰ ਹੋਇਆ ਕੀ ਸੀ, ਪਰ ਉਹ ਬੋਲ਼ ਨਾ ਸਕੀ।” ਉਹ ਅੱਗੇ ਕਹਿੰਦੀ ਹਨ,“ਸਾਨੂੰ ਲੱਗਿਆ ਕਿਸੇ ਨੇ ਕਾਲ਼ਾ ਜਾਦੂ ਕੀਤਾ ਹੋਣਾ, ਇਹੀ ਸੋਚ ਕੇ ਅਸੀਂ ਆਪਣੀ ਧੀ ਨੂੰ ਮੋਰਾ ਪਹਾੜੀਆਂ ਨੇੜਲੇ (ਮੁੰਬਈ-ਮਾਸਿਕ ਰਾਜਮਾਰਗ ਨੇੜੇ) ਮੰਦਰ ਲੈ ਗਏ। ਪੁਜਾਰੀ ਨੇ ਉਸ ‘ਤੇ ਅੰਗਾਰਾ (ਪਵਿੱਤਰ ਸੁਆਹ) ਮਲ਼ੀ। ਅਸੀਂ ਇਸੇ ਉਡੀਕ ਵਿੱਚ ਰਹੇ ਕਿ ਉਹ ਹੁਣ ਅੱਖਾਂ ਖੋਲ੍ਹੇਗੀ... ਹੁਣ ਖੋਲ੍ਹੇਗੀ, ਉਹਨੂੰ ਹੋਸ਼ ਨਾ ਆਇਆ।” ਨਾਸਿਕ ਸ਼ਹਿਰ ਦੇ ਸਰਕਾਰੀ ਹਸਪਤਾਲ ਦਾਖ਼ਲ ਪਾਰੂ ਨੇ 2 ਸਤੰਬਰ 2022 (ਲੱਭਣ ਦੇ ਪੰਜਵੇਂ ਦਿਨ) ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਤਿੰਨ ਸਾਲ ਘਰੋਂ ਬਾਹਰ ਰਹੀ ਪਾਰੂ ਸਿਰਫ਼ ਇੱਕ ਵਾਰ ਹੀ ਘਰ ਰਹਿਣ ਆਈ। ਤਕਰੀਬਨ ਡੇਢ ਸਾਲ ਪਹਿਲਾਂ ਉਹੀ ਵਿਅਕਤੀ (ਦਲਾਲ) ਉਹਨੂੰ ਘਰ ਛੱਡ ਗਿਆ ਸੀ ਜਿਸ ਨਾਲ਼ ਪਾਰੂ ਨੂੰ ਕੰਮ ਕਰਨ ਲਈ ਤੋਰਿਆ ਗਿਆ ਸੀ। ਪਾਰੂ ਦੇ ਬੇਹੋਸ਼ੀ ਦੀ ਹਾਲਤ ਵਿੱਚ ਲੱਭਣ ਤੋਂ ਬਾਅਦ ਮਾਂ ਵੱਲੋਂ ਉਸ ਵਿਅਕਤੀ ਖ਼ਿਲਾਫ਼ ਕੀਤੀ ਪੁਲਿਸ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਗਿਆ,“ਉਦੋਂ ਉਹ ਸੱਤ-ਅੱਠ ਦਿਨ ਸਾਡੇ ਨਾਲ਼ ਰਹੀ। ਅੱਠਵੇਂ ਦਿਨ ਤੋਂ ਬਾਅਦ ਉਹ ਬੰਦਾ ਆਇਆ ਤੇ ਪਾਰੂ ਨੂੰ ਆਪਣੇ ਨਾਲ਼ ਲੈ ਗਿਆ।”
ਨਾਸਿਕ ਜ਼ਿਲ੍ਹੇ ਦੇ ਘੋਤੀ ਪੁਲਿਸ ਸਟੇਸ਼ਨ ਵਿਖੇ ਉਸ ਵਿਅਕਤੀ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਾਇਰ ਕੀਤਾ ਗਿਆ। ਨਾਸਿਕ ਵਿਖੇ ਬੰਧੂਆ ਮਜ਼ਦੂਰਾਂ ਦੀ ਮੁਕਤੀ ਲਈ ਸੰਘਰਸ਼ ਕਰਨ ਵਾਲ਼ੇ, ਸ਼੍ਰਮਜੀਵੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਸ਼ਿੰਦੇ ਕਹਿੰਦੇ ਹਨ,“ਬਾਅਦ ਵਿੱਚ ਉਸ ਵਿਅਕਤੀ ਖ਼ਿਲਾਫ਼ ਕਤਲ ਦਾ ਦੋਸ਼ ਲਾਇਆ ਗਿਆ, ਉਹਦੀ ਗ੍ਰਿਫ਼ਤਾਰੀ ਹੋਈ ਤੇ ਫਿਰ ਉਹ ਜ਼ਮਾਨਤ ‘ਤੇ ਬਾਹਰ ਵੀ ਆ ਗਿਆ।” ਫਿਰ ਸਤੰਬਰ ਵਿੱਚ ਅਹਿਮਦਨਗਰ (ਉਹੀ ਜ਼ਿਲ੍ਹਾ ਜਿੱਥੇ ਪਾਰੂ ਭੇਡਾਂ ਚਰਾਉਂਦੀ ਸੀ) ਦੇ ਚਾਰ ਆਜੜੀਆਂ ਖ਼ਿਲਾਫ਼ ਬੰਧੂਆ ਮਜ਼ਦੂਰੀਪ੍ਰਣਾਲੀ (ਖ਼ਾਤਮਾ) ਐਕਟ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਸੀ।
ਸਵਿਤਾਬਾਈ ਉਸ ਦਿਨ ਨੂੰ ਚੇਤਿਆਂ ਕਰਦੀ ਹਨ, ਜਦੋਂ ਉਹ ਵਿਅਕਤੀ (ਦਲਾਲ) ਪਹਿਲੀ ਵਾਰੀਂ ਉਨ੍ਹਾਂ ਦੀ ਬਸਤੀ ਆਇਆ ਸੀ, ਜੋ ਮੁੰਬਈ-ਨਾਸਿਕ ਰਾਜਮਾਰਗ ਦੇ ਨਾਲ਼ ਕਰਕੇ ਵੱਸੀ ਕਟਕਾਰੀ ਆਦਿਵਾਸੀ ਬਸਤੀ ਹੈ। ਉਨ੍ਹਾਂ ਨੇ ਕਿਹਾ,“ਉਸ ਵਿਅਕਤੀ ਨੇ ਮੇਰੇ ਪਤੀ ਨੂੰ ਸ਼ਰਾਬ ਪਿਆਈ, 3,000 ਰੁਪਏ ਦਿੱਤੇ ਤੇ ਪਾਰੂ ਨੂੰ ਨਾਲ਼ ਲੈ ਗਿਆ।”
ਬੜੇ ਹਿਰਖ਼ੇ ਮਨ ਨਾਲ਼ ਸਵਿਤਾਬਾਈ ਨੇ ਕਿਹਾ,“ਉਹਦੀ ਉਮਰ ਪੈਨਸਿਲ ਨਾਲ਼ ਲਿਖਣਾ ਸਿੱਖਣ ਦੀ ਸੀ ਜਦੋਂ ਉਹ ਲੂੰਹ ਸੁੱਟਣ ਵਾਲ਼ੀ ਧੁੱਪੇ ਬੀਆਬਾਨ ਚਰਾਂਦਾਂ ਵਿੱਚ ਡੰਗਰ ਚਰਾਉਂਦੀ ਫਿਰਦੀ ਰਹੀ ਤੇ ਲੰਬਾ ਪੈਂਡਾ ਮਾਰਦੀ ਰਹੀ। ਉਹਨੇ ਤਿੰਨ ਸਾਲਾਂ ਤੱਕ ਬੰਧੂਆ ਮਜ਼ਦੂਰੀ ਦਾ ਤਸ਼ੱਦਦ ਝੱਲਿਆ।”
ਪਾਰੂ ਦਾ ਭਰਾ, ਮੋਹਨ ਜਦੋਂ ਸੱਤ ਸਾਲਾਂ ਦਾ ਹੋਇਆ ਤਾਂ ਉਹਨੂੰ ਵੀ ਕੰਮ ਕਰਨ ਭੇਜ ਦਿੱਤਾ ਗਿਆ। ਉਹਦੇ ਪਿਤਾ ਨੇ 3,000 ਰੁਪਏ ਲਏ ਤੇ ਉਹਨੂੰ ਵੀ ਦਲਾਲ ਦੇ ਹਵਾਲੇ ਕਰ ਦਿੱਤਾ। ਹੁਣ ਮੋਹਨ 10 ਸਾਲਾਂ ਦਾ ਹੈ ਤੇ ਉਹਨੇ ਉਸ ਆਜੜੀ ਦੇ ਨਾਲ਼ ਆਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਸਾਂਝਿਆ ਕੀਤਾ ਜਿਹਨੇ ਉਹਨੂੰ ਕੰਮੇ ਰੱਖਿਆ ਸੀ। ਉਹਨੇ ਕਿਹਾ,“ਮੈਂ ਭੇਡਾਂ ਤੇ ਬੱਕਰੀਆਂ ਚਰਾਉਣ ਲਈ ਇੱਕ ਪਿੰਡ ਤੋਂ ਦੂਜੇ ਪਿੰਡ ਜਾਇਆ ਕਰਦਾ। ਉਸ ਆਦਮੀ ਕੋਲ਼ 50-60 ਭੇਡਾਂ, 5-6 ਬੱਕਰੀਆਂ ਤੇ ਹੋਰ ਕਈ ਡੰਗਰ ਸਨ।” ਉਹ ਆਜੜੀ ਮੋਹਨ ਨੂੰ ਸਾਲ ਵਿੱਚ ਇੱਕ ਕਮੀਜ਼, ਇੱਕ ਪੈਂਟ, ਇੱਕ ਨਿੱਕਰ, ਰੁਮਾਲ ਤੇ ਬੂਟ ਹੀ ਲੈ ਕੇ ਦਿੰਦਾ। ਇਸ ਤੋਂ ਇਲਾਵਾ ਹੋਰ ਕੁਝ ਨਾ ਦਿੰਦਾ। ਕਈ ਵਾਰੀਂ ਇਸ ਮੋਹਨ ਨੂੰ ਕੁਝ ਖਾਣ ਲਈ 5 ਜਾਂ 10 ਰੁਪਏ ਫੜ੍ਹਾ ਦਿੱਤੇ ਜਾਂਦੇ। “ਜੇ ਕਦੇ ਮੈਂ ਕੰਮ ਕਰਨ ਤੋਂ ਮਨ੍ਹਾ ਕਰ ਦਿੰਦਾ ਤਾਂ ਸੇਠ (ਭੇਡਾਂ ਦਾ ਮਾਲਕ) ਮੈਨੂੰ ਕੁੱਟਿਆ ਕਰਦਾ। ਮੈਂ ਕਈ ਵਾਰੀਂ ਉਹਨੂੰ ਕਿਹਾ ਕਿ ਮੈਨੂੰ ਘਰ ਵਾਪਸ ਭੇਜ ਦੇਵੇ। ਪਰ ਉਹ ਅੱਗਿਓਂ ਸਿਰਫ਼ ਇੰਨਾ ਹੀ ਕਹਿ ਛੱਡਿਆ ਕਰਦਾ ‘ਮੈਂ ਤੇਰੇ ਪਾਪਾ ਨੂੰ ਬੁਲਾਵਾਂਗਾ,’ ਪਰ ਉਹਨੇ ਕਦੇ ਬੁਲਾਇਆ ਨਹੀਂ।”
ਆਪਣੀ ਭੈਣ ਵਾਂਗਰ ਮੋਹਨ ਵੀ ਤਿੰਨ ਸਾਲਾਂ ਵਿੱਚ ਸਿਰਫ਼ ਇੱਕੋ ਵਾਰੀ ਘਰ ਆਇਆ। ਬੱਚਿਆਂ ਦੀ ਮਾਂ ਸਵਿਤਾਬਾਈ ਨੇ ਕਿਹਾ,“ਉਹਦਾ ਸੇਠ ਉਹਨੂੰ ਘਰ ਲਿਆਇਆ ਤੇ ਅਗਲੇ ਹੀ ਦਿਨ ਵਾਪਸ ਵੀ ਲੈ ਗਿਆ।” ਅਗਲੀ ਵਾਰੀਂ ਜਦੋਂ ਮਾਂ ਆਪਣੇ ਬੱਚੇ ਨੂੰ ਮਿਲ਼ੀ ਤਾਂ ਉਹ ਉਨ੍ਹਾਂ ਦੀ ਭਾਸ਼ਾ ਹੀ ਭੁੱਲ ਚੁੱਕਿਆ ਸੀ। “ਉਹਨੇ ਸਾਨੂੰ ਪਛਾਣਿਆ ਹੀ ਨਹੀਂ।”
ਕਟਕਾਰੀ ਬਸਤੀ ਵਿਖੇ ਰਹਿਣ ਵਾਲ਼ੀ ਰੀਮਾਬਾਈ ਬੱਚਿਆਂ ਨੂੰ ਭੇਜਣ ਮਗਰਲਾ ਕਾਰਨ ਦੱਸਦਿਆਂ ਕਹਿੰਦੀ ਹਨ,"ਮੇਰੇ ਪਰਿਵਾਰ ਵਿੱਚ ਕਿਸੇ ਕੋਲ਼ ਕੋਈ ਕੰਮ ਨਹੀਂ ਸੀ ਤੇ ਅਸੀਂ ਫ਼ਾਕੇ ਕੱਟ ਰਹੇ ਸਾਂ। ਇਸੇ ਕਾਰਨ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਭੇਜ ਦਿੱਤਾ।" ਰੀਮਾਬਾਈ ਦੇ ਦੋ ਬੇਟਿਆਂ ਨੂੰ ਵੀ ਭੇਡਾਂ ਚਰਾਉਣ ਦੇ ਕੰਮ ਲਈ ਲਿਜਾਇਆ ਗਿਆ ਸੀ। "ਅਸੀਂ ਸੋਚਿਆ ਉਨ੍ਹਾਂ ਨੂੰ ਕੰਮ ਦੇ ਨਾਲ਼ ਘੱਟੋ-ਘੱਟ ਰੱਜਵੀਂ ਰੋਟੀ ਤਾਂ ਮਿਲ਼ੇਗੀ।"
ਇੱਕ ਵਿਅਕਤੀ (ਦਲਾਲ) ਨੇ ਰੀਮਾਬਾਈ ਦੇ ਘਰੋਂ ਬੱਚਿਆਂ ਨੂੰ ਆਪਣੇ ਨਾਲ਼ ਲਿਆ ਤੇ ਅਹਿਮਦਨਗਰ ਜ਼ਿਲ੍ਹੇ ਦੇ ਪਰਨੇਰ ਬਲਾਕ ਦੇ ਆਜੜੀਆਂ ਦੇ ਹਵਾਲੇ ਕਰ ਦਿੱਤਾ। ਬਦਲੇ ਵਿੱਚ ਦੋਵਾਂ ਧਿਰਾਂ ਨੂੰ ਕੁਝ ਨਾ ਕੁਝ ਮਿਲ਼ਿਆ- ਦਲਾਲ ਵਿਅਕਤੀ ਨੇ ਬੱਚਿਆਂ ਬਦਲੇ ਮਾਪਿਆਂ ਨੂੰ ਪੈਸੇ ਦਿੱਤੇ ਤੇ ਫਿਰ ਆਜੜੀਆਂ ਨੇ ਇਨ੍ਹਾਂ ਕਾਮਿਆਂ ਬਦਲੇ ਦਲਾਲ ਨੂੰ ਪੈਸੇ ਦਿੱਤੇ। ਕੁਝ ਮਾਮਲਿਆਂ ਵਿੱਚ ਭੇਡ ਜਾਂ ਬੱਕਰੀ ਦੇਣ 'ਤੇ ਵੀ ਸਹਿਮਤੀ ਹੁੰਦੀ ਸੀ।
ਰੀਮਾਬਾਈ ਦੇ ਬੇਟੇ ਵੀ ਅਗਲੇ ਤਿੰਨ ਸਾਲ ਪਰਨੇਰ ਵਿਖੇ ਹੀ ਕੰਮ ਕਰਦੇ ਰਹੇ। ਭੇਡਾਂ ਨੂੰ ਚਰਾਉਣ ਤੇ ਉਨ੍ਹਾਂ ਨੂੰ ਚਾਰਾ ਵਗੈਰਾ ਪਾਉਣ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੇ ਖੂਹ ਤੋਂ ਪਾਣੀ ਭਰਨ, ਕੱਪੜੇ ਧੋਣ ਤੇ ਵਾੜੇ ਸਾਫ਼ ਕਰਨ ਦਾ ਕੰਮ ਕੀਤਾ। ਉਨ੍ਹਾਂ ਨੂੰ ਸਿਰਫ਼ ਇੱਕੋ ਵਾਰੀ ਘਰ ਆਉਣ ਦਿੱਤਾ ਗਿਆ।
ਛੋਟੇ ਬੇਟੇ, ਏਕਨਾਥ ਨੇ ਕਿਹਾ ਕਿ ਉਹਨੂੰ ਇਸਲਈ ਕੁੱਟਿਆ ਜਾਂਦਾ ਸੀ ਕਿਉਂਕਿ ਉਹ ਸਵੇਰੇ 5 ਵਜੇ ਉੱਠ ਕੇ ਕੰਮੇ ਨਹੀਂ ਲੱਗਦਾ ਸੀ। ਉਹਨੇ ਪਾਰੀ ਨੂੰ ਦੱਸਿਆ," ਸੇਠ ਮੇਰੀ ਪਿੱਠ ਅਤੇ ਪੈਰਾਂ 'ਤੇ ਮਾਰਿਆ ਕਰਦਾ ਤੇ ਗਾਲ਼੍ਹਾਂ ਵੀ ਕੱਢਿਆ ਕਰਦਾ। ਉਹ ਸਾਨੂੰ ਭੁੱਖਿਆਂ ਰੱਖਦਾ। ਜਿਨ੍ਹਾਂ ਭੇਡਾਂ ਨੂੰ ਅਸੀਂ ਚਰਾਉਂਦੇ ਸਾਂ, ਜੇਕਰ ਉਹ ਕਿਸੇ ਦੇ ਖੇਤ ਵਿੱਚ ਵੜ੍ਹ ਜਾਂਦੀਆਂ ਤਾਂ ਸਾਨੂੰ ਦੋਹਰਾ ਕੁਟਾਪਾ ਚੜ੍ਹਦਾ। ਕਿਸਾਨ ਵੀ ਸਾਨੂੰ ਮਾਰਦਾ ਤੇ ਭੇਡਾਂ ਦਾ ਮਾਲਕ ਵੀ। ਸਾਨੂੰ ਦੇਰ ਰਾਤ ਤੱਕ ਕੰਮ ਕਰਨਾ ਪੈਂਦਾ।" ਏਕਨਾਥ ਦੱਸਦਾ ਹੈ ਕਿ ਇੱਕ ਵਾਰੀਂ ਜਦੋਂ ਕੁੱਤੇ ਨੇ ਉਹਦੀ ਖੱਬੀ ਬਾਂਹ ਤੇ ਲੱਤ ਵੱਢ ਦਿੱਤੀ ਸੀ ਤਾਂ ਵੀ ਉਹਨੂੰ ਕੋਈ ਦਵਾਈ ਨਾ ਦਿੱਤੀ ਗਈ। ਉਹਨੂੰ ਦੁਖਦੇ ਜ਼ਖ਼ਮਾਂ ਨਾਲ਼ ਹੀ ਡੰਗਰ ਚਾਰਨੇ ਪਏ ਸਨ।
ਰੀਮਾਬਾਈ ਤੇ ਸਵਿਤਾਬਾਈ ਦੋਵਾਂ ਦੇ ਪਰਿਵਾਰ ਕਟਕਾਰੀ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਮਹਾਰਾਸ਼ਟਰ ਅੰਦਰ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਆਪਣੀ ਕੋਈ ਜ਼ਮੀਨ ਨਹੀਂ ਤੇ ਪੈਸੇ-ਧੇਲੇ ਵਾਸਤੇ ਉਨ੍ਹਾਂ ਨੂੰ ਖੇਤ ਮਜ਼ਦੂਰੀ ਵੱਲ ਟੇਕ ਲਾਉਣੀ ਪੈਂਦੀ ਹੈ। ਕੰਮ ਦੀ ਭਾਲ਼ ਵਿੱਚ ਉਹ ਇੱਟ-ਭੱਠਿਆਂ ਤੇ ਨਿਰਮਾਣ-ਥਾਵਾਂ ਵੱਲ ਪ੍ਰਵਾਸ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਕਮਾਈ ਇੰਨੀ ਵੀ ਨਹੀਂ ਹੁੰਦੀ ਕਿ ਉਹ ਪੂਰੇ ਪਰਿਵਾਰ ਦਾ ਢਿੱਡ ਸਕਣ, ਇਸਲਈ ਉਨ੍ਹਾਂ ਵਿੱਚੋਂ ਕਈ ਪਰਿਵਾਰ ਆਪਣੀਆਂ ਔਲਾਦਾਂ ਨੂੰ ਢਾਂਗਰ ਭਾਈਚਾਰੇ ਦੇ ਇਨ੍ਹਾਂ ਆਜੜੀਆਂ ਕੋਲ਼ ਕੰਮ ਕਰਨ ਲਈ ਭੇਜ ਦਿੰਦੇ ਹਨ।
ਇਹ 10 ਸਾਲਾ ਪਾਰੂ ਦੀ ਦੁਖਦਾਈ ਮੌਤ ਹੀ ਸੀ ਜਿਹਨੇ ਉਸ ਇਲਾਕੇ ਦੇ ਬੰਧੂਆ ਮਜ਼ਦੂਰੀ ਵਿੱਚ ਫਸੇ ਬੱਚਿਆਂ ਦੇ ਮਾਮਲੇ 'ਤੇ ਚਾਨਣਾ ਪਾਇਆ ਤੇ ਸਤੰਬਰ 2022 ਵਿੱਚ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਬਲਾਕ ਦੇ ਸੰਗਮਨੇਰ ਪਿੰਡ ਅਤੇ ਅਹਿਮਦਨਗਰ ਜ਼ਿਲ੍ਹੇ ਦੇ ਪਰਨੇਰ ਇਲਾਕੇ ਤੋਂ 42 ਬੱਚਿਆਂ ਨੂੰ ਛੁਡਾਇਆ। ਬਚਾਅ ਦਾ ਇਹ ਕੰਮ ਸ਼੍ਰਮਜੀਵੀ ਸੰਗਠਨ ਵੱਲੋਂ ਨੇਪਰੇ ਚਾੜ੍ਹਿਆ ਗਿਆ।
ਇਹ ਬੱਚੇ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਤੇ ਤ੍ਰਿੰਬਾਕੇਸ਼ਵਰ ਬਲਾਕਾਂ ਅਤੇ ਅਹਿਮਦਨਗਰ ਜ਼ਿਲ੍ਹੇ ਦੇ ਅਕੋਲਾ ਬਲਾਕ ਦੇ ਰਹਿਣ ਵਾਲ਼ੇ ਸਨ। ਸੰਜੇ ਸ਼ਿੰਦੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਥੋੜ੍ਹੇ ਜਿਹੇ ਪੈਸਿਆਂ ਲਈ ਭੇਡਾਂ ਚਰਾਉਣ ਲਈ ਲਿਜਾਇਆ ਗਿਆ ਸੀ। ਇਨ੍ਹਾਂ ਵਿੱਚ ਪਾਰੂ ਦਾ ਭਰਾ ਮੋਹਨ ਅਤੇ ਗੁਆਂਢੀ ਏਕਨਾਥ ਸ਼ਾਮਲ ਹਨ। ਇਹ ਦੋਨੋਂ ਆਪਣੀ ਬਸਤੀ ਵਿੱਚੋਂ ਬਚਾਏ ਗਏ 13 ਬੱਚਿਆਂ ਵਿੱਚੋਂ ਹਨ।
ਘੋਤੀ ਖੇਤਰ ਦੇ ਨਾਲ਼ ਲੱਗਦੀ ਇਸ ਬਸਤੀ ਦੇ 26 ਕਟਕਾਰੀ ਪਰਿਵਾਰ ਪਿਛਲੇ 30 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦੀਆਂ ਝੌਂਪੜੀਆਂ ਨਿੱਜੀ ਜ਼ਮੀਨ 'ਤੇ ਬਣੀਆਂ ਹੋਈਆਂ ਹਨ। ਇੱਕ ਘਾਹ ਜਾਂ ਪਲਾਸਟਿਕ ਦੀ ਛੱਤ ਵਾਲਾ ਘਰ ਆਮ ਤੌਰ 'ਤੇ ਦੋ ਜਾਂ ਵੱਧ ਪਰਿਵਾਰਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ। ਸਵਿਤਾਬਾਈ ਦੀ ਝੌਂਪੜੀ ਦਾ ਕੋਈ ਦਰਵਾਜ਼ਾ ਅਤੇ ਬਿਜਲੀ ਨਹੀਂ ਹੈ।
ਮੁੰਬਈ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਡਾ. ਨੀਰਜ ਹਟੇਕਰ ਕਹਿੰਦੇ ਹਨ,“ਕਟਕਾਰੀਆਂ ਦੇ ਲਗਭਗ 98% ਪਰਿਵਾਰ ਬੇਜ਼ਮੀਨੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਕੋਲ਼ ਜਾਤੀ ਪਛਾਣ ਸਰਟੀਫਿਕੇਟ ਜਾਂ ਅਜਿਹੇ ਕੋਈ ਉਪਯੋਗੀ ਦਸਤਾਵੇਜ਼ ਨਹੀਂ ਹਨ।” ਉਹ ਅੱਗੇ ਦੱਸਦੇ ਹਨ,"ਇੱਥੇ ਲਗਭਗ ਕਿਸੇ ਨੌਕਰੀ ਦੇ ਮੌਕੇ ਨਹੀਂ ਹਨ, ਇਸ ਲਈ ਪੂਰੇ ਪਰਿਵਾਰ ਨੂੰ ਮਜ਼ਦੂਰੀ ਦੀ ਭਾਲ ਵਿੱਚ ਬਾਹਰ ਜਾਣਾ ਪੈਂਦਾ ਹੈ - ਇੱਟਾਂ ਬਣਾਉਣਾ, ਮੱਛੀਆਂ ਫੜਨਾ, ਕਾਗਜ਼ ਚੁੱਕਣਾ, ਆਦਿ।"
2021 ਵਿੱਚ ਡਾ. ਹਾਤੇਕਰ ਨੂੰ ਮਹਾਰਾਸ਼ਟਰ ਵਿਖੇ ਕਤਕਾਰੀ ਵਸੋਂ ਦੇ ਸਮਾਜਿਕ-ਆਰਥਿਕ ਹਾਲਾਤਾਂ ਦਾ ਅਧਿਐਨ ਕਰਨ ਲਈ ਕਬਾਇਲੀ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੀ ਮਦਦ ਨਾਲ਼ ਕੀਤੇ ਗਏ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਕੁੱਲ ਵਿਅਕਤੀਆਂ ਵਿੱਚੋਂ ਸਿਰਫ਼ 3 ਫ਼ੀਸਦੀ ਕੋਲ਼ ਜਾਤੀ ਪਛਾਣ ਪੱਤਰ ਹਨ ਅਤੇ ਕਈਆਂ ਕੋਲ਼ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਨਹੀਂ ਹਨ। “ਕਟਕਾਰੀਆਂ ਨੂੰ [ਸਰਕਾਰੀ] ਆਵਾਸ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ। ਸਰਕਾਰ ਨੂੰ ਉਨ੍ਹਾਂ ਖੇਤਰਾਂ ਵਿੱਚ ਨੌਕਰੀਆਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਉਹ ਰਹਿੰਦੇ ਹਨ,” ਹਾਤੇਕਰ ਕਹਿੰਦੇ ਹਨ।
*****
ਮੁੰਡੇ ਵਾਪਸ ਆ ਗਏ ਹਨ, ਹੁਣ ਰੀਮਾਬਾਈ ਚਾਹੁੰਦੀ ਹੈ ਕਿ ਉਹ ਸਕੂਲ ਜਾਣ। “ਪਹਿਲਾਂ ਸਾਡੇ ਕੋਲ਼ ਰਾਸ਼ਨ ਕਾਰਡ ਵੀ ਨਹੀਂ ਸਨ। ਸਾਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਪਰ ਇਹ ਮੁੰਡੇ ਪੜ੍ਹਨਾ ਜਾਣਦੇ ਹਨ, ਉਨ੍ਹਾਂ ਨੇ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ,” ਰੀਮਾਬਾਈ ਨੇ ਸ਼੍ਰਮਜੀਵੀ ਸੰਗਠਨ ਦੇ ਜ਼ਿਲ੍ਹਾ ਸਕੱਤਰ ਸੁਨੀਲ ਵਾਘ ਵੱਲ ਇਸ਼ਾਰਾ ਕਰਦਿਆਂ ਕਿਹਾ। ਸੁਨੀਲ ਉਨ੍ਹਾਂ ਬੱਚਿਆਂ ਦੀ ਬਚਾਅ ਟੀਮ ਦੇ ਨਾਲ਼ ਸਨ। ਸੁਨੀਲ, ਜੋ ਕਿ ਕਟਕਾਰੀ ਭਾਈਚਾਰੇ ਦੇ ਮੈਂਬਰ ਹਨ, ਆਪਣੇ ਭਾਈਚਾਰੇ ਦੇ ਮੈਂਬਰਾਂ ਲਈ ਕੁਝ ਕਰਨਾ ਚਾਹੁੰਦੇ ਹਨ।
“ਮੈਨੂੰ ਪਾਰੂ ਦੀ ਯਾਦ ਵਿੱਚ ਬੱਚਿਆਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ… ਖਾਣਾ ਬਣਾਉਣਾ ਚਾਹੀਦਾ ਹੈ,” ਸਵਿਤਾਬਾਈ ਨੇ ਕਿਹਾ, ਜਦੋਂ ਮੈਂ ਪਾਰੂ ਦੀ ਮੌਤ ਤੋਂ ਅਗਲੇ ਦਿਨ ਉਨ੍ਹਾਂ ਨੂੰ ਮਿਲਣ ਗਈ ਸਾਂ। ਉਹ ਝੌਂਪੜੀ ਦੇ ਨੇੜੇ ਪੱਥਰਾਂ ਨਾਲ਼ ਇੱਕ ਅਸਥਾਈ ਚੱਲ੍ਹਾ ਬਣਾ ਰਿਹਾ ਸੀ। ਉਨ੍ਹਾਂ ਨੇ ਇੱਕ ਕਟੋਰੇ ਵਿੱਚ ਦੋ ਮੁੱਠੀਚੌਲ਼ ਲਏ, ਇੱਕ ਮੁੱਠੀ ਆਪਣੀ ਮਰੀ ਹੋਈ ਬੱਚੀ ਲਈ ਅਤੇ ਬਾਕੀ ਆਪਣੇ ਪਤੀ ਅਤੇ ਹੋਰ ਬੱਚਿਆਂ ਲਈ। ਉਸ ਦਿਨ ਘਰ ਵਿੱਚ ਚੌਲ਼ ਹੀ ਸਨ। ਸਵਿਤਾਬਾਈ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪਤੀ, ਜੋ 200 ਰੁਪਏ ਦੀ ਦਿਹਾੜੀ 'ਤੇ ਦੂਜੇ ਲੋਕਾਂ ਦੀ ਜ਼ਮੀਨ 'ਤੇ ਕੰਮ ਕਰਦਾ ਸੀ, ਸ਼ਾਇਦ ਚੌਲਾਂ ਦੇ ਨਾਲ਼ ਖਾਣ ਲਈ ਕੁਝ ਹੋਰ ਲੈ ਹੀ ਆਵੇ।
ਗੁਪਤਤਾ ਬਰਕਰਾਰ ਰੱਖਣ ਦੇ ਮੱਦੇਨਜ਼ਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਮ ਬਦਲ ਦਿੱਤੇ ਗਏ ਹਨ।
ਤਰਜਮਾ: ਕਮਲਜੀਤ ਕੌਰ