5 ਅਗਸਤ ਨੂੰ ਜਾਪਾਨ ਵਿਚ ਪੋਡੀਅਮ ’ਤੇ ਖੜ੍ਹੇ ਆਪਣਾ ਓਲੰਪਿਕ ਚਾਂਦੀ ਤਗਮਾ ਪ੍ਰਾਪਤ ਕਰਦੇ ਰਵੀ ਦਹੀਆ ਨੂੰ ਦੇਖ ਕੇ ਰੁਸ਼ੀਕੇਸ਼ ਘਾਦਜੇ ਭਾਵੁਕ ਹੋ ਗਏ। ਕਿੰਨੇ ਚਿਰਾਂ ਬਾਅਦ ਉਹਨਾਂ ਨੇ ਅਜਿਹੀ ਅਕਹਿ ਖੁਸ਼ੀ ਮਹਿਸੂਸ ਕੀਤੀ ਸੀ।
ਮਾਰਚ 2020 ਵਿੱਚ ਕੋਵਿਡ-19 ਦੇ ਫੈਲਣ ਤੋਂ ਬਾਅਦ ਮਹਾਰਾਸ਼ਟਰ ਦੇ ਲਤੂਰ ਜ਼ਿਲ੍ਹੇ ਦੇ ਇੱਕ ਉਤਸ਼ਾਹੀ ਭਲਵਾਨ, 20 ਸਾਲਾ ਰੁਸ਼ੀਕੇਸ਼ ਦੇ 18 ਮਹੀਨੇ ਨਿਰਾਸ਼ਾਜਨਕ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਥਿਤੀ ਬਦਲਣ ਦੀ ਕੋਈ ਸੰਭਾਵਨਾ ਨਹੀਂ ਦਿਸਦੀ। “ਇਹ ਨਿਰਾਸ਼ਾਜਨਕ ਰਿਹਾ,” ਉਹ ਕਹਿੰਦੇ ਹਨ। "ਮੈਨੂੰ ਲੱਗਦਾ ਹੈ ਕਿ ਮੇਰਾ ਦੌਰ ਖ਼ਤਮ ਹੋ ਰਿਹਾ ਹੈ।"
ਉਦਾਸੀ ਭਰੇ ਚਿਹਰੇ 'ਤੇ ਮੁਸਕਾਨ ਖਿੰਡਾਈ ਉਹ ਪਰੇਸ਼ਾਨ ਕਰਨ ਵਾਲੀ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ: "ਤੁਸੀਂ ਇੱਕੋ ਸਮੇਂ ਕੁਸ਼ਤੀ ਦਾ ਅਭਿਆਸ ਅਤੇ ਸਰੀਰਕ ਦੂਰੀ ਕਿਵੇਂ ਰੱਖ ਸਕਦੇ ਹੋ?"
ਆਪਣੇ ਆਪ ਨੂੰ ਉਤਸ਼ਾਹਿਤ ਕਰਨ ਲਈ ਰੁਸ਼ੀਕੇਸ਼ ਨੇ ਉਸਮਾਨਾਬਾਦ ਸ਼ਹਿਰ ਦੇ ਬਾਹਰ ਵਾਰ ਸਥਿਤ ਕੁਸ਼ਤੀ ਅਕੈਡਮੀ, ਹਟਲਾਈ ਕੁਸ਼ਤੀ ਸੰਕੁਲ ਵਿਖੇ ਆਪਣੇ ਦੋਸਤਾਂ ਨਾਲ ਬੜੀ ਦਿਲਚਸਪੀ ਨਾਲ਼ ਟੋਕੀਓ 2020 ਓਲੰਪਿਕ ਖੇਡਾਂ ਦੇਖੀਆਂ। 8 ਅਗਸਤ ਨੂੰ ਜਦੋਂ ਖੇਡਾਂ ਸਮਾਪਤ ਹੋਈਆਂ ਤਾਂ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਭਾਵ ਸੱਤ ਤਗਮਿਆਂ ਨਾਲ ਆਪਣੀ ਜਿੱਤ ਦਰਜ ਕੀਤੀ - ਜਿਨ੍ਹਾਂ ਵਿੱਚੋਂ ਦੋ ਕੁਸ਼ਤੀ ਵਿੱਚ ਜਿੱਤੇ ਗਏ ਸਨ।
ਪੁਰਸ਼ਾਂ ਦੇ 57 ਕਿਲੋ ਅਤੇ 65 ਕਿਲੋ ਭਾਰ ਵਰਗ ਵਿੱਚ ਕ੍ਰਮਵਾਰ ਦਹੀਆ ਵੱਲੋਂ ਚਾਂਦੀ ਤਮਗ਼ਾ ਅਤੇ ਬਜਰੰਗ ਪੂਨੀਆ ਵੱਲੋਂ ਕਾਂਸਾ ਤਮਗ਼ਾ ਜਿੱਤਣ ਕਰਕੇ ਰੁਸ਼ੀਕੇਸ਼ ਵਰਗੇ ਭਲਵਾਨ, ਜੋ ਬਿਲਕੁਲ ਸਾਧਾਰਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਬੜੇ ਉਤਸ਼ਾਹਿਤ ਹਨ। ਆਪਣੀ ਜਿੱਤ ਤੋਂ ਬਾਅਦ ਟੋਕੀਓ ਵਿੱਚ ਪ੍ਰੈਸ ਟਰੱਸਟ ਆਫ਼ ਇੰਡੀਆ ਨਾਲ ਗੱਲਬਾਤ ਕਰਦੇ ਹੋਏ 23 ਸਾਲਾ ਦਹੀਆ, ਜੋ ਹਰਿਆਣਾ ਦੇ ਨਾਹਰੀ ਪਿੰਡ ਦੇ ਇੱਕ ਕਾਸ਼ਤਕਾਰ (ਠੇਕੇ ’ਤੇ ਜ਼ਮੀਨ ਵਾਹੁਣ ਵਾਲੇ ਕਿਸਾਨ) ਦੇ ਪੁੱਤਰ ਹਨ, ਨੇ ਕਿਹਾ ਕਿ ਉਸਨੂੰ ਸਫ਼ਲ ਬਣਾਉਣ ਮਗਰ ਉਹਦੇ ਪਰਿਵਾਰ ਨੇ ਬੜੇ ਤਿਆਗ਼ ਕੀਤੇ ਹਨ। ਪਰ ਉਨ੍ਹਾਂ ਦਾ ਪਿੰਡ, ਜਿੱਥੋਂ ਓਲੰਪਿਕ ਵਿੱਚ ਹਿੱਸਾ ਲੈਣ ਵਾਲ਼ੇ ਤਿੰਨ ਖਿਡਾਰੀ ਨਿਕਲ਼ੇ ਹਨ, ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਹੈ। ਉਨ੍ਹਾਂ ਨੇ ਕਿਹਾ,''ਇੱਥੇ ਹਰ ਸ਼ੈਅ ਦੀ ਲੋੜ ਹੈ... ਚੰਗੇ ਸਕੂਲ ਹੋਣ ਦੇ ਨਾਲ਼ ਨਾਲ਼ ਖੇਡ ਪਰੀਖਣ ਵਾਸਤੇ ਸੰਸਥਾਵਾਂ ਵੀ ਹੋਣੀਆਂ ਚਾਹੀਦੀਆਂ ਹਨ।''
ਰੁਸ਼ੀਕੇਸ਼ ਜਾਣਦੇ ਹਨ ਕਿ ਦਹੀਆ ਕਿਸ ਬਾਰੇ ਗੱਲ ਕਰ ਰਹੇ ਹਨ। ਕੁਸ਼ਤੀ ਦੇ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਤਿੰਨ ਸਾਲ ਪਹਿਲਾਂ ਉਹਨਾਂ ਨੇ ਲਤੂਰ ਦੇ ਟਕਾ ਪਿੰਡ ਵਿਖੇ ਪੈਂਦਾ ਆਪਣਾ ਘਰ ਛੱਡ ਦਿੱਤਾ ਸੀ। ਲਗਭਗ 65 ਕਿਲੋਮੀਟਰ ਦੂਰ ਉਸਮਾਨਾਬਾਦ ਜਾਣ ਦੇ ਕਾਰਨ ਨੂੰ ਬਿਆਨ ਕਰਦਿਆਂ ਉਹ ਦਸਦੇ ਹੈ, “ਪਿੱਛੇ ਘਰ ਵਿਚ ਕੋਈ ਸਹੂਲਤਾਂ ਨਹੀਂ ਹਨ। ਉਸਮਾਨਾਬਾਦ ਵਿਚ ਚੰਗੇ ਕੋਚ ਹਨ ਅਤੇ ਇੱਥੇ [ਇੱਕ ਚੰਗਾ ਭਲਵਾਨ ਬਣਨ ਲਈ] ਮੇਰੇ ਕੋਲ ਵਧੀਆ ਮੌਕਾ ਹੈ।"
ਕੋਲੀ ਭਾਈਚਾਰੇ ਨਾਲ ਤਾਅਲੁੱਕ ਰੱਖਣ ਵਾਲ਼ੇ ਰੁਸ਼ੀਕੇਸ਼ ਲਈ ਪਿੰਡ ਛੱਡਣਾ ਕੋਈ ਸੌਖੀ ਗੱਲ ਨਹੀਂ ਸੀ। ਉਹਨਾਂ ਦੇ ਪਿਤਾ ਬੇਰੋਜ਼ਗਾਰ ਸੀ ਅਤੇ ਉਹਨਾਂ ਦੇ ਮਾਂ ਸਿਲਾਈ-ਕਢਾਈ ਕਰਕੇ 7,000-8,000 ਰੁਪਏ ਪ੍ਰਤੀ ਮਹੀਨਾ ਕਮਾਈ ਨਾਲ ਘਰ ਚਲਾਉਂਦੀ ਸਨ। "ਖੁਸ਼ਕਿਸਮਤੀ ਨਾਲ ਮੈਨੂੰ ਇੱਥੇ ਇੱਕ ਕੋਚ ਮਿਲੇ ਜਿਹਨਾਂ ਨੇ ਕੁਸ਼ਤੀ ਅਕੈਡਮੀ ਦੇ ਹੋਸਟਲ ਵਿੱਚ ਮੇਰਾ ਮੁਫ਼ਤ ਰਹਿਣ ਦਾ ਬੰਦੋਬਸਤ ਕਰਾ ਦਿੱਤਾ," ਉਹ ਦਸਦੇ ਹਨ। “ਇਸ ਲਈ ਮੇਰੀ ਮਾਂ ਨੂੰ ਮੇਰੇ ਲਈ ਸਿਰਫ਼ ਉੱਕੀ-ਪੁੱਕੀ (ਮੁਢਲੀ) ਰਕਮ [2,000-3,000 ਰੁਪਏ] ਭੇਜਣੀ ਪੈਂਦੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ।”
28 ਸਾਲਾ ਕੋਚ ਕਿਰਨ ਜਵਾਲਗੇ, ਜੋ ਕਿ ਹਟਲਾਈ ਕੁਸ਼ਤੀ ਸੰਕੁਲ ਚਲਾਉਂਦੇ ਹਨ, ਦਸਦੇ ਹਨ ਕਿ ਉਸਮਾਨਾਬਾਦ ਆਉਣ ਤੋਂ ਬਾਅਦ ਰੁਸ਼ੀਕੇਸ਼ ਨੇ ਬਹੁਤ ਸਮਰਪਣ ਅਤੇ ਤਰੱਕੀ ਕੀਤੀ ਹੈ। “ਉਸ ਨੇ ਜ਼ਿਲ੍ਹਾ-ਪੱਧਰੀ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਦਿਖਾਇਆ। ਉਸਦਾ ਅਗਲਾ ਮੁਕਾਮ ਰਾਸ਼ਟਰੀ ਪੱਧਰ ਸੀ,” ਉਹ ਕਹਿੰਦੇ ਹਨ। “ਜੇ ਤੁਸੀਂ ਇਹਨਾਂ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਸਪੋਰਟਸ ਕੋਟੇ ਵਿਚ ਕੋਈ ਸਰਕਾਰੀ ਨੌਕਰੀ ਮਿਲਣ ਦੀ ਆਸ ਹੁੰਦੀ ਹੈ।”
ਪਰ ਮਹਾਂਮਾਰੀ ਨੇ ਜ਼ਿੰਦਗੀ ਨੂੰ ਠੱਪ ਕਰਕੇ ਰੱਖ ਦਿੱਤਾ। ਰੁਸ਼ੀਕੇਸ਼ ਦੀ ਮਾਂ ਦਾ ਕੰਮ ਵੀ ਖੁੱਸ ਗਿਆ ਅਤੇ ਕੁਸ਼ਤੀ ਦੇ ਟੂਰਨਾਮੈਂਟ– ਜਿਸ ਨਾਲ ਉਹ ਕੁਝ ਪੈਸੇ ਕਮਾਉਂਦੇ ਸਨ– ਬੰਦ ਹੋ ਗਏ। “ਮਹਾਂਮਾਰੀ ਦੌਰਾਨ ਬਹੁਤੇ ਭਲਵਾਨਾਂ ਨੇ ਭਲਵਾਨੀ ਛੱਡ ਕੇ ਦਿਹਾੜੀ-ਧੱਪੇ ਦਾ ਰਾਹ ਫੜ੍ਹਿਆ,” ਜਵਾਲਗੇ ਦਸਦੇ ਹਨ। “ਉਹ (ਭਲਵਾਨ) ਹੁਣ ਅਭਿਆਸ ਜਾਰੀ ਰੱਖਣ ਦੀ ਸਥਿਤੀ ਵਿਚ ਵੀ ਨਹੀਂ ਰਹੇ।”
ਇਕ ਭਲਵਾਨ ਲਈ ਇਕ ਚੰਗੀ ਖ਼ੁਰਾਕ ਲੈਣੀ ਬਹੁਤ ਜ਼ਰੂਰੀ ਹੈ ਜੋ ਕਾਫ਼ੀ ਖਰਚੀਲੀ ਵੀ ਹੁੰਦੀ ਹੈ। “ਇਕ ਭਲਵਾਨ ਇਕ ਮਹੀਨੇ ਵਿਚ ਔਸਤਨ ਚਾਰ ਕਿਲੋ ਬਦਾਮ ਖਾਂਦਾ ਹੈ। ਇਸਦੇ ਨਾਲ ਉਸ ਨੂੰ ਦਿਨ ਦਾ 1.5 ਲੀਟਰ ਦੁੱਧ ਅਤੇ ਅੱਠ ਆਂਡੇ ਚਾਹੀਦੇ ਹੁੰਦੇ ਹਨ। ਸਿਰਫ਼ ਡਾਈਟ ਦਾ ਖ਼ਰਚ ਹੀ 5,000 ਰੁਪਏ ਪ੍ਰਤੀ ਮਹੀਨਾ ਪੈਂਦਾ ਹੈ। ਮੇਰੇ ਬਹੁਤ ਸਾਰੇ ਖਿਡਾਰੀਆਂ ਨੇ ਕੁਸ਼ਤੀ ਇਸ ਲਈ ਛੱਡ ਦਿੱਤੀ ਹੈ ਕਿਉਂਕਿ ਉਹ ਹੁਣ ਡਾਈਟ ਦਾ ਖ਼ਰਚਾ ਨਹੀਂ ਸਹਿ ਸਕਦੇ,” ਜਵਾਰਕੇ ਕਹਿੰਦੇ ਹਨ। ਅਕੈਡਮੀ ਦੇ 80 ਖਿਡਾਰੀਆਂ ਵਿੱਚੋਂ ਕੋਚ ਕੋਲ ਹੁਣ 20 ਖਿਡਾਰੀ ਹੀ ਬਚੇ ਹਨ।
ਰੁਸ਼ੀਕੇਸ਼ ਉਹਨਾਂ ਖਿਡਾਰੀਆਂ ਵਿੱਚੋਂ ਇਕ ਹਨ ਜਿਹਨਾਂ ਨੇ ਅਜੇ ਤੱਕ ਆਸ ਨਹੀਂ ਛੱਡੀ।
ਆਪਣੇ ਆਪ ਨੂੰ ਬਣਾਈ ਰੱਖਣ ਲਈ ਉਹ ਕੁਸ਼ਤੀ ਅਕੈਡਮੀ ਦੇ ਨੇੜੇ ਵਾਲੀ ਝੀਲ ’ਤੇ ਮੱਛੀਆਂ ਫੜ੍ਹਨ ਜਾਂਦੇ ਹਨ ਅਤੇ ਇਹਨਾਂ ਨੂੰ ਨੇੜੇ ਦੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਵੇਚ ਦਿੰਦੇ ਹਨ। “ਮੈਂ ਉਸਮਾਨਾਬਾਦ ਦੀ ਇਕ ਕੱਪੜਾ ਫੈਕਟਰੀ ਵਿਚ ਵੀ ਕੰਮ ਕਰ ਰਿਹਾ ਹਾਂ। ਇਸ ਸਭ ਤੋਂ ਮੈਂ ਮਹੀਨੇ ਦੇ ਲਗਭਗ 10,000 ਰੁਪਏ ਕਮਾਂ ਲੈਂਦਾ ਹਾਂ,” ਉਹ ਕਹਿੰਦੇ ਹਨ ਅਤੇ ਅੱਗੇ ਦਸਦੇ ਹਨ ਕਿ ਉਸ ਵਿੱਚੋਂ 5,000 ਰੁਪਏ ਉਹ ਆਪਣੇ ਕੋਲ ਰੱਖਦੇ ਹਨ ਅਤੇ ਬਾਕੀ ਘਰ ਭੇਜ ਦਿੰਦੇ ਹਨ। ਰੁਸ਼ੀਕੇਸ਼, ਉਸਮਾਨਾਬਾਦ ਦੇ ਮਕਾਨੀ ਪਿੰਡ ਦੇ ਭਾਰਤ ਵਿਦਿਆਲਾ ਕਾਲਜ ਵਿਚ ਬੀ.ਏ. ਦੂਜੇ ਸਾਲ ਦੇ ਵਿਦਿਆਰਥੀ ਵੀ ਹਨ। ਆਪਣਾ ਖ਼ੁਦ ਦਾ ਫ਼ੋਨ ਨਾ ਹੋਣ ਕਾਰਨ ਉਹ ਆਨਲਾਈਨ ਲੈਕਚਰ ਆਪਣੇ ਦੋਸਤ ਦੇ ਸਮਾਰਟਫੋਨ ’ਤੇ ਲਗਾਉਂਦੇ ਹਨ।
ਰੁਸ਼ੀਕੇਸ਼ ਦੀ ਮਾਂ ਨੂੰ ਆਪਣੇ ਪੁੱਤ ਦੀ ਇਸ ਮੁਸ਼ੱਕਤ ਬਾਰੇ ਕੁਝ ਪਤਾ ਨਹੀਂ ਹੈ। “ਟੂਰਨਾਮੈਂਟ ਨਾ ਹੋਣ ਕਰਕੇ ਮੇਰੀ ਮਾਂ ਪਹਿਲਾਂ ਹੀ ਮੇਰੇ ਭਵਿੱਖ ਬਾਰੇ ਚਿੰਤਤ ਰਹਿੰਦੀ ਹੈ, ਮੈਂ ਉਹਦੀ ਚਿੰਤਾ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ,” ਰੁਸ਼ੀਕੇਸ਼ ਕਹਿੰਦੇ ਹਨ। “ਮੈਂ ਆਪਣੇ ਸੁਪਨਿਆਂ ਨੂੰ ਜਿਉਂਦੇ ਰੱਖਣ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਮੈਂ ਹਰ ਰੋਜ਼ ਅਭਿਆਸ ਕਰਦਾ ਹਾਂ ਤਾਂ ਕਿ ਮਹਾਂਮਾਰੀ ਖ਼ਤਮ ਹੋਣ ਤਕ ਮੈਂ ਸਭ ਕੁਝ ਭੁੱਲ ਨਾ ਜਾਵਾਂ।”
ਦਿਹਾਤੀ ਮਹਾਰਾਸ਼ਟਰ ਦੇ ਭਲਵਾਨ - ਉਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਬੱਚੇ ਹੁੰਦੇ ਹਨ - ਰੁਸ਼ੀਕੇਸ਼ ਦੇ ਜਨੂੰਨ ਨੂੰ ਦਰਸਾਉਂਦੇ ਹਨ। ਇਹ ਖੇਡ ਸਾਰੇ ਰਾਜ ਵਿੱਚ ਪ੍ਰਸਿੱਧ ਹੈ, ਜਿੱਥੇ ਹਜ਼ਾਰਾਂ ਜਾਂ ਕਈ ਵਾਰ ਲੱਖਾਂ ਲੋਕ ਭਲਵਾਨਾਂ ਨੂੰ ਅਖਾੜੇ ਵਿੱਚ ਘੁਲਦਿਆਂ ਦੇਖਣ ਲਈ ਇਕੱਠੇ ਹੁੰਦੇ ਹਨ।
ਅਖਾੜੇ ਆਮ ਤੌਰ 'ਤੇ ਹਰ ਸਾਲ ਨਵੰਬਰ ਤੋਂ ਮਾਰਚ ਤੱਕ ਵੱਖ-ਵੱਖ ਉਮਰ-ਵਰਗਾਂ ਲਈ ਕੁਸ਼ਤੀ ਟੂਰਨਾਮੈਂਟ ਕਰਾਉਂਦੇ ਹਨ। "ਜੇਕਰ ਤੁਸੀਂ ਉਨ੍ਹਾਂ ਛੇ ਮਹੀਨਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋ, ਤਾਂ ਤੁਸੀਂ ਇਨਾਮ ਵਿੱਚ ਇੱਕ ਲੱਖ ਰੁਪਏ ਤੱਕ ਰਾਸ਼ੀ ਕਮਾ ਸਕਦੇ ਹੋ," ਜਵਾਲਗੇ ਕਹਿੰਦੇ ਹਨ। "ਇਹ ਪੈਸਾ ਡਾਈਟ ਦੇ ਖਰਚੇ ਨੂੰ ਝੱਲਣ ’ਚ ਸਹਾਈ ਹੁੰਦਾ ਹੈ।" ਪਰ ਕੋਵਿਡ-19 ਤੋਂ ਬਾਅਦ, ਭਲਵਾਨਾਂ ਲਈ ਆਮਦਨ ਦਾ ਇਹ ਵੱਡਾ ਸਰੋਤ ਵੀ ਸੁੱਕ ਗਿਆ। “ਸਮੱਸਿਆ ਇਹ ਹੈ ਕਿ ਸਾਨੂੰ ਸਿਰਫ ਕ੍ਰਿਕਟ ਅਤੇ ਕੁਝ ਹੱਦ ਤੱਕ ਹਾਕੀ ਦੀ ਹੀ ਫ਼ਿਕਰ ਹੈ। ਪਰ ਕੁਸ਼ਤੀ ਅਤੇ ਖੋ-ਖੋ ਵਰਗੀਆਂ ਕੁਝ ਰਵਾਇਤੀ ਖੇਡਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ,” ਕੋਚ ਅੱਗੇ ਕਹਿੰਦੇ ਹਨ।
ਨੈਸ਼ਨਲ ਖੋ-ਖੋ ਟੀਮ ਵਿਚ ਚੁਣੇ ਜਾਣ ਤੋਂ ਪਹਿਲਾਂ, ਉਸਮਾਨਾਬਾਦ ਸ਼ਹਿਰ ਦੀ 29 ਸਾਲਾ ਸਾਰਿਕਾ ਕਾਲੇ ਨੂੰ ਇੰਟਰ-ਸਟੇਟ ਮੈਚ ਖੇਡਣ ਜਾਣ ਲਈ ਬਿਨਾਂ ਰਿਜ਼ਰਵੇਸ਼ਨ ਰੇਲਗੱਡੀਆਂ 'ਚ ਸਫਰ ਕਰਨਾ ਪੈਂਦਾ ਸੀ ਅਤੇ ਧਰਮਸ਼ਾਲਾਵਾਂ ਵਿਚ ਰਹਿਣਾ ਪੈਂਦਾ ਸੀ। “ਅਸੀਂ ਸਫ਼ਰ ਕਰਦੇ ਸਮੇਂ ਆਪਣਾ ਭੋਜਨ ਲੈ ਕੇ ਜਾਂਦੇ ਹੁੰਦੇ। ਕਦੇ-ਕਦੇ ਤਾਂ ਸਾਨੂੰ ਰੇਲਗੱਡੀ ਦੇ ਟਾਇਲਟ ਵਾਲ਼ੀ ਥਾਂ ਕੋਲ਼ ਬੈਠਣਾ ਪੈਂਦਾ ਕਿਉਂਕਿ ਸਾਡੇ ਕੋਲ ਟਿਕਟ ਨਹੀਂ ਹੁੰਦੀ ਸੀ, ”ਉਹ ਕਹਿੰਦੀ ਹਨ।
ਮਹਾਰਾਸ਼ਟਰ ਵਿੱਚ ਜਨਮੀ ਖੋ-ਖੋ ਖੇਡ ਭਾਰਤੀ ਦੀਆਂ ਰਵਾਇਤੀ ਖੇਡਾਂ ਵਿੱਚੋਂ ਸਭ ਤੋਂ ਪ੍ਰਸਿੱਧ ਹੈ। ਸਾਰਿਕਾ ਨੇ ਗੁਵਹਾਟੀ, ਅਸਾਮ ਵਿੱਚ 2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਭਾਰਤੀ ਖੋ-ਖੋ ਟੀਮ ਦੀ ਕਪਤਾਨੀ ਕੀਤੀ। ਉਹ 2018 ਵਿੱਚ ਲੰਡਨ ਵਿਖੇ ਹੋਏ ਇੱਕ ਦੁਵੱਲੇ ਟੂਰਨਾਮੈਂਟ ਵਿੱਚ ਇੰਗਲੈਂਡ ਦੇ ਖਿਲਾਫ ਭਾਰਤੀ ਟੀਮ ਵਿੱਚ ਖੇਡੀ। ਅਗਸਤ 2020 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਗੌਰਵਮਈ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। “ਪਿਛਲੇ ਦਹਾਕੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੁੜੀਆਂ ਖੋ-ਖੋ ਵੱਲ ਆਉਣ ਲੱਗੀਆਂ ਹਨ,” ਸਾਰਿਕਾ ਕਹਿੰਦੀ ਹਨ।
ਹੁਣ ਉਸਮਾਨਾਬਾਦ ਦੇ ਤੁਲਜਾਪੁਰ ਤਾਲੁਕਾ ਵਿਖੇ ਬਤੌਰ ਤਾਲੁਕਾ ਖੇਡ ਅਧਿਕਾਰੀ ਸਾਰਿਕਾ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਸਲਾਹ ਦਿੰਦੀ ਹਨ। ਕੋਵਿਡ -19 ਦੇ ਫੈਲਣ ਤੋਂ ਬਾਅਦ ਉਹਨਾਂ ਨੇ ਖਿਡਾਰੀਆਂ ਨੂੰ ਹੌਲੀ-ਹੌਲੀ ਸਿਖਲਾਈ ਛੱਡਦੇ ਹੋਏ ਦੇਖਿਆ। “ਉਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਹਨ ਜੋ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ। ਪਿੰਡਾਂ ਵਿੱਚ ਤਾਂ ਪਹਿਲਾਂ ਹੀ ਕੁੜੀਆਂ ਨੂੰ ਖੇਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਮਹਾਂਮਾਰੀ ਨੇ ਕਾਰਨ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਨੂੰ ਖੇਡਾਂ ਤੋਂ ਲਾਂਭੇ ਰੱਖ ਸਕਣ ਦਾ ਹੋਰ ਬਹਾਨਾ ਮਿਲ਼ ਗਿਆ,” ਉਹ ਦੱਸਦੀ ਹਨ।
ਸਾਰਿਕਾ ਕਹਿੰਦੀ ਹਨ ਕਿ ਮਹਾਂਮਾਰੀ ਦੌਰਾਨ ਸਿਖਲਾਈ ਤੋਂ ਖੁੰਝ ਜਾਣਾ ਇੱਕ ਨੌਜਵਾਨ ਖਿਡਾਰੀ ਦੇ ਵਿਕਾਸ ਲਈ ਗੰਭੀਰ ਨੁਕਸਾਨ ਹੈ। “ਮਾਰਚ 2020 ਤੋਂ ਬਾਅਦ ਲਗਭਗ ਪੰਜ ਮਹੀਨਿਆਂ ਲਈ ਅਭਿਆਸ ਪੂਰੀ ਤਰ੍ਹਾਂ ਬੰਦ ਹੋ ਗਿਆ,” ਉਹ ਕਹਿੰਦੀ ਹਨ। “ਜਦੋਂ ਕੁਝ ਖਿਡਾਰੀ ਵਾਪਸ ਆਏ ਤਾਂ ਉਹਨਾਂ ਦੀ ਫਿਟਨੈਸ ਦਾ ਡਿੱਗਿਆ ਪੱਧਰ ਸਪਸ਼ਟ ਦਿਖਾਈ ਦੇ ਰਿਹਾ ਸੀ। ਅਜੇ ਅਸੀਂ ਜ਼ੀਰੋ ਤੋਂ ਸਿਖਲਾਈ ਕੀਤੀ ਹੀ ਸੀ ਕਿ ਦੂਜੀ ਲਹਿਰ ਆ ਗਈ। ਦੁਬਾਰਾ ਫਿਰ ਅਸੀਂ ਕੁਝ ਮਹੀਨਿਆਂ ਲਈ ਅਭਿਆਸ ਨਾ ਕਰ ਸਕੇ। ਅਸੀਂ ਜੁਲਾਈ [2021] ਵਿੱਚ ਮੁੜ ਸ਼ੁਰੂ ਕੀਤਾ। ਇਸ ਤਰ੍ਹਾਂ ਅਭਿਆਸ ਸੈਸ਼ਨਾਂ ਨੂੰ ਬੰਦ ਕਰਨਾ ਅਤੇ ਮੁੜ ਚਲਾਉਣਾ ਚੰਗੀ ਗੱਲ ਨਹੀਂ।”
ਲੋੜੀਂਦੇ ਅਭਿਆਸ ਦੇ ਬਿਨਾਂ ਉਮਰ-ਵਰਗ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਹਾਰ ਜਾਂਦੇ ਹਨ। “ਇੱਕ ਅੰਡਰ-14 ਖਿਡਾਰੀ ਬਿਨਾਂ ਮੈਚ ਖੇਡਿਆਂ ਹੀ ਅੰਡਰ-17 ਸ਼੍ਰੇਣੀ ਵਿੱਚ ਚਲਾ ਜਾਵੇਗਾ,” ਸਾਰਿਕਾ ਦੱਸਦੀ ਹਨ। “ਇਹ ਬਹੁਤ ਕੀਮਤੀ ਸਾਲ ਹਨ ਜੋ ਉਹ ਗੁਆ ਰਹੇ ਹਨ। ਇਕ ਖੋ-ਖੋ ਖਿਡਾਰੀ ਦਾ ਪ੍ਰਦਰਸ਼ਨ 21 ਅਤੇ 25 ਸਾਲ ਦੀ ਉਮਰ ਦੇ ਵਿਚਕਾਰ ਸਿਖ਼ਰ 'ਤੇ ਹੁੰਦਾ ਹੈ ਅਤੇ ਇਸੇ ਉਮਰ-ਵਰਗ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਨੂੰ ਉੱਚੇ ਪੱਧਰ [ਰਾਸ਼ਟਰੀ] ਲਈ ਚੁਣਿਆ ਜਾਂਦਾ ਹੈ।"
ਮਹਾਂਮਾਰੀ ਦੇ ਕਾਲ਼ੇ ਪਰਛਾਵੇਂ ਕਾਰਨ ਕਈ ਯੋਗ ਖਿਡਾਰੀਆਂ ਦਾ ਭਵਿੱਖ ਅੱਧਵਾਟੇ ਲਮਕ ਗਿਆ ਹੈ, ਜਿਸ ਕਾਰਨ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਤੋਂ ਆਉਣ ਵਾਲ਼ੇ ਖਿਡਾਰੀਆਂ ਦੀ ਮਿਹਨਤ ਕਿਸੇ ਲੇਖੇ ਨਹੀਂ ਲੱਗ ਰਹੀ।
ਕਰੀਬ ਦੋ ਦਹਾਕੇ ਪਹਿਲਾਂ ਜਦੋਂ ਸਾਰਿਕਾ ਨੇ ਖੋ-ਖੋ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਹਨਾਂ ਨੂੰ ਇਹ ਗੱਲ ਆਪਣੇ ਮਾਪਿਆਂ ਤੋਂ ਲੁਕਾਉਣੀ ਪਈ ਕਿਉਂਕਿ ਉਨ੍ਹਾਂ ਨੇ ਖੇਡਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। "ਇਨ੍ਹਾਂ ਪੇਂਡੂ ਇਲਾਕਿਆਂ ਅੰਦਰ ਸੰਸਥਾਗਤ ਸੁਵਿਧਾਵਾਂ ਦੀ ਬਹੁਤ ਘਾਟ ਹੈ ਅਤੇ ਕਿਸੇ ਕਿਸਮ ਦੀ ਸਹਾਇਤਾ (ਸਰਕਾਰੀ) ਵੀ ਨਹੀਂ ਹੀ ਹੈ। ਪਰਿਵਾਰ ਆਪਣੇ ਬੱਚਿਆਂ ਲਈ ਸੁਰੱਖਿਅਤ ਭਵਿੱਖ ਚਾਹੁੰਦੇ ਹਨ - ਮੇਰੇ ਪਿਤਾ ਵੀ ਮੇਰੇ ਲਈ ਇਹੀ ਚਾਹੁੰਦੇ ਸੀ। ਜਦੋਂ ਮੈਂ ਵੱਡੀ ਹੋ ਰਹੀ ਸੀ ਉਦੋਂ ਸਾਡੇ ਪਰਿਵਾਰ ਕੋਲ ਖਾਣ ਲਈ ਲੋੜੀਂਦਾ ਭੋਜਨ ਵੀ ਨਹੀਂ ਹੁੰਦਾ ਸੀ," ਉਹ ਕਹਿੰਦੀ ਹਨ। ਉਹਨਾਂ ਦੇ ਪਿਤਾ ਇੱਕ ਖੇਤ-ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਮਾਂ ਘਰਾਂ ਦਾ ਕੰਮ ਕਰਦੀ।
ਸਾਰਿਕਾ ਕਹਿੰਦੀ ਹਨ ਕਿ ਕੁੜੀਆਂ ਲਈ ਖੇਡਾਂ ਵਿਚ ਆਉਣਾ ਵਧੇਰੇ ਮੁਸ਼ਕਲ ਹੁੰਦਾ ਹੈ। “ਲੋਕਾਂ ਦੀ ਮਾਨਸਿਕਤਾ ਇਹ ਹੈ ਕਿ ਇੱਕ ਕੁੜੀ ਨੂੰ ਸਿਰਫ਼ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਰਸੋਈ ਸਾਂਭਣੀ ਚਾਹੀਦੀ ਹੈ। ਪਰਿਵਾਰ ਲਈ ਇਹ ਵਿਚਾਰ ਹਜ਼ਮ ਕਰਨਾ ਬਹੁਤ ਔਖਾ ਹੈ ਕਿ ਕੁੜੀ ਛੋਟੇ ਕੱਪੜਿਆਂ ਵਿੱਚ ਖੇਡੇਗੀ।" ਪਰ ਸਾਰਿਕਾ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਖੋ-ਖੋ ਖੇਡਣ ਤੋਂ ਨਾ ਰੋਕ ਸਕੀ। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸਕੂਲ ਵਿੱਚ ਇਹ ਖੇਡ ਦੇਖੀ ਤਾਂ ਉਹ 10 ਸਾਲਾਂ ਦੀ ਸਨ। “ਮੈਨੂੰ ਯਾਦ ਹੈ ਕਿਸ ਤਰ੍ਹਾਂ ਮੈਂ ਇਸ ਖੇਡ 'ਤੇ ਮੋਹਿਤ ਹੋ ਗਈ। ਵਢਭਾਗੀਂ ਮੈਨੂੰ ਇੱਕ ਚੰਗੇ ਕੋਚ ਮਿਲ਼ ਗਏ ਜਿਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ।”
ਉਨ੍ਹਾਂ ਦੇ ਕੋਚ ਚੰਦਰਜੀਤ ਜਾਧਵ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਹਨ। ਉਸਮਾਨਾਬਾਦ ਦੇ ਚੰਦਰਜੀਤ ਜਾਧਵ ਨੇ ਉੱਥੇ ਖੇਡ ਦਾ ਪ੍ਰਸਾਰ ਕਰਨ ਵਿੱਚ ਅਤੇ ਇਸ ਥਾਂ ਨੂੰ ਖੋ-ਖੋ ਦੇ ਹੱਬ ਵਜੋਂ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸਮਾਨਾਬਾਦ ਸ਼ਹਿਰ ਵਿੱਚ ਦੋ ਕੋਚਿੰਗ ਸੈਂਟਰ ਹਨ ਅਤੇ ਜ਼ਿਲ੍ਹੇ ਭਰ ਵਿੱਚ ਲਗਭਗ 100 ਸਕੂਲ ਇਸ ਖੇਡ ਨੂੰ ਉਤਸ਼ਾਹਿਤ ਕਰਦੇ ਹਨ। ਜਾਧਵ ਦੱਸਦੇ ਹਨ: “ਪਿਛਲੇ ਦੋ ਦਹਾਕਿਆਂ ਵਿੱਚ ਓਸਮਾਨਾਬਾਦ ਦੇ ਹਰ ਉਮਰ-ਵਰਗ ਦੇ 10 ਖਿਡਾਰੀਆਂ ਨੇ ਰਾਸ਼ਟਰੀ ਪੱਧਰ 'ਤੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ। ਚਾਰ ਔਰਤਾਂ ਨੇ ਰਾਜ ਸਰਕਾਰ ਦਾ ਸ਼ਿਵ ਛਤਰਪਤੀ ਪੁਰਸਕਾਰ ਜਿੱਤਿਆ ਹੈ ਅਤੇ ਮੈਨੂੰ ਇਹ ਪੁਰਸਕਾਰ ਖੇਡ ਕੋਚ ਵਜੋਂ ਮਿਲਿਆ ਹੈ। ਸਾਡੇ ਇਕ ਖਿਡਾਰੀ ਨੂੰ ਅਰਜੁਨ ਐਵਾਰਡ ਵੀ ਮਿਲਿਆ ਹੋਇਆ ਹੈ।”
ਸਾਰਿਕਾ ਨੇ ਪਿੰਡਾਂ ਅੰਦਰ ਖੇਡਾਂ (ਕ੍ਰਿਕੇਟ ਜਾਂ ਹਾਕੀ ਤੋਂ ਇਲਾਵਾ) ਨੂੰ ਲੈ ਕੇ ਲੋਕ-ਮਨਾਂ ਅੰਦਰ ਮਹੱਤਵਪੂਰਨ ਬਦਲਾਅ ਦੇਖਿਆ ਹੈ। “ਹੁਣ ਬਹੁਤ ਘੱਟ ਲੋਕ ਇਸ ਨੂੰ ਸਮੇਂ ਦੀ ਬਰਬਾਦੀ ਸਮਝਦੇ ਹਨ,” ਉਹ ਕਹਿੰਦੀ ਹੈ।
ਇਸ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਇੱਥੋਂ 600 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਆਦਿਵਾਸੀ (ਬਹੁ-ਗਿਣਤੀ) ਜ਼ਿਲ੍ਹੇ ਨੰਦੁਰਬਾਰ ਤੋਂ 19 ਨੌਜਵਾਨ ਖਿਡਾਰੀ ਖੋ-ਖੋ ਦੀ ਸਿਖਲਾਈ ਲੈਣ ਲਈ ਓਸਮਾਨਾਬਾਦ ਆਏ। 15 ਸਾਲਾ ਰਵੀ ਵਸਵੇ ਉਹਨਾਂ ਵਿਚੋਂ ਇਕ ਹੈ ਜੋ ਭੀਲ ਆਦਿਵਾਸੀ ਕਬੀਲੇ ਨਾਲ ਸਬੰਧ ਰਖਦਾ ਹੈ। “ਘਰ ਦਾ ਮਾਹੌਲ ਖੇਡਾਂ ਦੇ ਅਨੁਕੂਲ ਨਹੀਂ ਹੈ,” ਉਹ ਕਹਿੰਦਾ ਹੈ। “ਉਸਮਾਨਾਬਾਦ ਨੇ ਕਈ ਖੋ-ਖੋ ਚੈਂਪੀਅਨ ਪੈਦਾ ਕੀਤੇ ਹਨ। ਮੈਂ ਵੀ ਉਹਨਾਂ ਵਿੱਚੋਂ ਇਕ ਬਣਨਾ ਚਾਹੁੰਦਾ ਹਾਂ।”
ਸਾਰਿਕਾ ਨੂੰ ਕੋਈ ਸ਼ੱਕ ਨਹੀਂ ਹੈ ਕਿ ਰਵੀ 2020 ਵਿੱਚ ਰਾਸ਼ਟਰੀ ਪੱਧਰ ’ਤੇ ਖੇਡ ਸਕਦਾ ਸੀ ਜੇਕਰ ਇਹ ਮਹਾਂਮਾਰੀ ਨਾ ਹੁੰਦੀ। “ਮੇਰੇ ਕੋਲ ਆਪਣੇ ਆਪ ਨੂੰ ਸਾਬਤ ਕਰਨ ਲਈ ਬਹੁਤਾ ਸਮਾਂ ਨਹੀਂ,” ਉਹ ਕਹਿੰਦਾ ਹੈ। “ਮੇਰੇ ਮਾਪਿਆਂ ਕੋਲ ਪੰਜ ਏਕੜ ਜ਼ਮੀਨ ਹੈ, ਜੋ ਬੰਜਰ ਹੈ। ਉਹ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਉਨ੍ਹਾਂ ਨੇ ਮੈਨੂੰ ਆਪਣੇ ਜਨੂੰਨ ਨੂੰ ਹਾਸਲ ਦੀ ਇਜਾਜ਼ਤ ਦੇ ਕੇ ਇੱਕ ਵੱਡਾ ਜੋਖਮ ਲਿਆ ਹੈ।"
ਉਸਮਾਨਾਬਾਦ ਦੇ ਡਾਈਟ ਕਾਲਜ ਕਲੱਬ ਵਿੱਚ ਸਿਖਲਾਈ ਲੈ ਰਹੇ ਰਵੀ ਦਾ ਕਹਿਣਾ ਹੈ ਕਿ ਉਸਦੇ ਮਾਪੇ ਉਸਦੇ ਲਈ ਸਭ ਕੁਝ ਵਧੀਆ ਚਾਹੁੰਦੇ ਹਨ, ਪਰ ਉਹਨਾਂ ਨੂੰ ਚਿੰਤਾ ਹੈ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਕਿਤੇ ਵੀ ਨਹੀਂ ਪਹੁੰਚ ਸਕੇਗਾ। "ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਂ ਟੂਰਨਾਮੈਂਟ ਵਿੱਚ ਹਿੱਸਾ ਹੀ ਨਹੀਂ ਲੈ ਸਕਦਾ ਤਾਂ ਮੇਰਾ ਦੂਰ ਰਹਿਣਾ ਫਜ਼ੂਲ ਹੈ," ਉਹ ਕਹਿੰਦਾ ਹੈ। “ਮੇਰੇ ਕੋਚਾਂ ਨੇ ਫਿਲਹਾਲ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਪਰ ਮੈਂ ਜਾਣਦਾ ਹਾਂ ਕਿ ਜੇਕਰ ਟੂਰਨਾਮੈਂਟ ਜਲਦੀ ਸ਼ੁਰੂ ਨਾ ਹੋਏ ਤਾਂ ਉਹ ਹੋਰ ਚਿੰਤਤ ਹੋਣਗੇ। ਮੈਂ ਖੋ-ਖੋ ਵਿੱਚ ਅੱਗੇ ਜਾਣਾ ਚਾਹੁੰਦਾ ਹਾਂ, MPSC [ਸਟੇਟ ਸਿਵਲ ਸਰਵਿਸ] ਦੀਆਂ ਪ੍ਰੀਖਿਆਵਾਂ ਵਿੱਚ ਬੈਠਣਾ ਚਾਹੁੰਦਾ ਹਾਂ ਅਤੇ ਸਪੋਰਟਸ ਕੋਟੇ ਵਿੱਚ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ।”
ਰਵੀ, ਸਾਰਿਕਾ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਚਾਹੁੰਦਾ ਹੈ, ਜੋ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਦੇ ਨੌਜਵਾਨ ਖੋ-ਖੋ ਖਿਡਾਰੀਆਂ ਲਈ ਰੋਲ ਮਾਡਲ ਹਨ। ਚੰਗੀ ਤਰ੍ਹਾਂ ਜਾਣਦੇ ਹੋਏ ਕਿ ਉਹਨਾਂ ਨੇ ਖੋ-ਖੋ ਖਿਡਾਰੀਆਂ ਦੀ ਇੱਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ, ਸਾਰਿਕਾ ਨੂੰ ਖੇਡ ’ਤੇ ਮਹਾਂਮਾਰੀ ਦੇ ਪੈਣ ਵਾਲ਼ੇ ਪ੍ਰਭਾਵ ਦਾ ਡਰ ਹੈ। “ਜ਼ਿਆਦਾਤਰ ਬੱਚਿਆਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਵਿਹਲੇ ਬਹਿ ਕੇ ਮਹਾਂਮਾਰੀ ਦੇ ਮੁੱਕਣ ਦੀ ਉਡੀਕ ਕਰਨ,”ਉਹ ਅੱਗੇ ਕਹਿੰਦੀ ਹਨ। “ਇਸ ਲਈ ਮੈਂ ਪ੍ਰਤਿਭਾਸ਼ਾਲੀ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਵਿੱਤੀ ਸਹਾਇਤਾ ਕਰਦੀ ਹਾਂ, ਮਨ ਵਿੱਚ ਇਹ ਆਸ ਪਾਲ਼ੀ ਕਿ ਮੇਰਾ ਇਹ ਕਦਮ ਉਹਨਾਂ ਨੂੰ ਖੇਡਾਂ ਦੇ ਨਾਲ ਜੁੜੇ ਰਹਿਣ ਵਿੱਚ ਮਦਦ ਕਰੇਗਾ।”
ਇਹ ਕਹਾਣੀ ਰਿਪੋਰਟਰ ਨੂੰ Pulitzer Center ਦੁਆਰਾ ਸੁਤੰਤਰ ਪੱਤਰਕਾਰੀ ਗਰਾਂਟ ਰਾਹੀਂ ਸਮਰਥਿਤ ਲੜੀ ਦਾ ਹਿੱਸਾ ਹੈ।
ਤਰਜਮਾ: ਇੰਦਰਜੀਤ ਸਿੰਘ