ਸ਼ਕੀਲਾ ਨਿਜ਼ਾਮੂਦੀਨ ਕਹਿੰਦੀ ਹਨ, “ਮੇਰੀ ਪੰਜ ਸਾਲ ਦੀ ਧੀ ਨੂੰ ਬਹੁਤ ਜ਼ਿਆਦਾ ਤਾਪ ਚੜ੍ਹਿਆ ਹੋਇਆ ਹੈ, ਪਰ ਪੁਲਿਸ ਨੇ ਮੇਰੇ ਪਤੀ ਨੂੰ (ਮੇਰੀ ਧੀ ਨੂੰ ਡਾਕਟਰ ਕੋਲ ਲਿਜਾਣ ਤੋਂ) ਰੋਕ ਦਿੱਤਾ। ਉਹ ਡਰ ਗਿਆ ਅਤੇ ਵਾਪਸ ਆ ਗਿਆ। ਸਾਨੂੰ ਆਪਣੀ ਕਾਲੋਨੀ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ, ਇੱਥੋਂ ਤੱਕ ਕਿ ਹਸਪਤਾਲ ਵੀ ਨਹੀਂ ਜਾਣ ਦਿੱਤਾ ਜਾਂਦਾ।”
30 ਸਾਲਾ ਸ਼ਕੀਲਾ ਅਹਿਮਦਾਬਾਦ ਸ਼ਹਿਰ ਦੀ ਸਿਟੀਜ਼ਨ ਨਗਰ ਰਾਹਤ ਕਾਲੋਨੀ ਵਿਚ ਰਹਿੰਦੀ ਹਨ। ਉਹ ਘਰ ਵਿਚ ਪਤੰਗ ਬਣਾ ਕੇ ਰੋਜ਼ੀ-ਰੋਟੀ ਕਮਾਉਂਦੀ ਹਨ। ਉਹ ਅਤੇ ਉਨ੍ਹਾਂ ਦੇ ਪਤੀ, ਜੋ ਇਕ ਦਿਹਾੜੀਦਾਰ ਮਜ਼ਦੂਰ ਹਨ, ਤਾਲਾਬੰਦੀ ਵਿਚ ਆਪਣੀ ਆਮਦਨੀ ਦੇ ਨਾਲ-ਨਾਲ ਆਪਣੀਆਂ ਉਮੀਦਾਂ ਨੂੰ ਵੀ ਢਹਿ-ਢੇਰੀ ਹੁੰਦੇ ਦੇਖ ਰਹੇ ਹਨ। ਉਨ੍ਹਾਂ ਨੇ ਮੈਨੂੰ ਵੀਡਿਓ ਕਾੱਲ ’ਤੇ ਦੱਸਿਆ, “ਕਲੀਨਿਕ ਬੰਦ ਹੈ। ਉਹ ਸਾਨੂੰ ਕਹਿੰਦੇ ਹਨ ਕਿ ‘ਘਰ ਜਾਓ, ਕੁਝ ਘਰੇਲੂ ਨੁਸਖ਼ੇ ਅਪਣਾਓ।’ ਜੇਕਰ ਹਸਪਤਾਲ ਜਾਣਾ ਹੈ, ਤਾਂ ਪੁਲਿਸ ਫਾਈਲਾਂ ਅਤੇ ਦਸਤਾਵੇਜ਼ ਮੰਗਦੀ ਹੈ। ਇਹ ਸਭ ਅਸੀਂ ਕਿੱਥੋਂ ਲਿਆਈਏ।”
2004 ਵਿਚ ਦਾਨੀ ਸੰਗਠਨਾਂ ਦੁਆਰਾ ਗੁਜਰਾਤ ਵਿਚ 2002 ਦੀ ਵਿਨਾਸ਼ਕਾਰੀ ਫਿਰਕੂ ਹਿੰਸਾ ਦੁਆਰਾ ਉਜਾੜੇ ਗਏ 50,000 ਤੋਂ ਵੱਧ ਲੋਕਾਂ ਦੇ ਵਸੇਬੇ ਲਈ ਸਥਾਪਤ ਕੀਤੀਆਂ ਗਈਆਂ 81 ਕਲੋਨੀਆਂ ਵਿਚੋਂ ਇਕ ਇਸ ਕਾਲੋਨੀ ਦੇ ਲੋਕ ਤਾਲਾਬੰਦੀ ਵਿਚ ਭਿਆਨਕ ਸਮਾਂ ਬਤੀਤ ਕਰ ਰਹੇ ਹਨ।
ਜਿਵੇਂ ਕਿ ਉਨ੍ਹਾਂ ਵਿਚੋਂ ਇਕ ਨੇ ਮੈਨੂੰ ਦੱਸਿਆ, ਇਹ ਲੋਕ ਆਪਣੇ ਟੈਲੀਵਿਜ਼ਨ ਉੱਤੇ ਅਮਿਤਾਭ ਬੱਚਨ ਨੂੰ ਵੀ ਦੇਖ ਰਹੇ ਹਨ ਜੋ ਸਾਰਿਆਂ ਨੂੰ ਇਕੱਠੇ ਹੋਣ ਅਤੇ ਕੋਰੋਨਾ ਵਾਇਰਸ ਨੂੰ ਪੂਰੇ ਭਾਰਤ ਵਿਚ ਫੈਲਣ ਤੋਂ ਰੋਕਣ ਦੀ ਅਪੀਲ ਕਰ ਰਹੇ ਹਨ।
ਸਿਟੀਜ਼ਨ ਨਗਰ ਵਿਚ ਰਹਿਣ ਵਾਲੀ ਬਰਾਦਰੀ ਦੀ ਇਕ ਆਗੂ ਰੇਸ਼ਮਾ ਸਾਈਦ, ਜਿਨ੍ਹਾਂ ਨੂੰ ਪਿਆਰ ਨਾਲ ਰੇਸ਼ਮਾ ਆਪਾ ਕਿਹਾ ਜਾਂਦਾ ਹੈ, ਕਹਿੰਦੀ ਹਨ, “ਜੇ ਅਸੀਂ ਸਿਰਫ਼ ਹੱਥ ’ਤੇ ਹੱਥ ਧਰ ਕੇ ਆਪਣੇ ਘਰਾਂ ਦੇ ਅੰਦਰ ਬੈਠਣਾ ਹੈ, ਤਾਂ ਸਾਨੂੰ ਆਪਣੇ ਹੱਥ ਕਾਹਦੇ ਲਈ ਧੋਣੇ ਚਾਹੀਦੇ ਹਨ?” ਇਹ 2002 ਦੇ ਨਰੋਦਾ ਪਾਟੀਆ ਦੇ ਦੰਗਾ ਪੀੜਤਾਂ ਲਈ ਵਸਾਈਆਂ ਗਈਆਂ ਅਹਿਮਦਾਬਾਦ ਦੀਆਂ 15 ਮੁੜ-ਵਸੇਬਾ ਕਾਲੋਨੀਆਂ ਵਿਚੋਂ ਇਕ ਹੈ। ਕਾਲੋਨੀ ਦੇ ਗੇਟ 'ਤੇ ਲੱਗੀ ਪੱਥਰ ਦੀ ਸਿਲ ਉੱਤੇ ਲਿਖਿਆ ਹੈ ਕਿ ਇਹ ਕਾਲੋਨੀ ਕੇਰਲ ਰਾਜ ਮੁਸਲਿਮ ਰਾਹਤ ਕਮੇਟੀ ਦੀ ਮਦਦ ਨਾਲ 2004 ਵਿੱਚ ਬਣਾਈ ਗਈ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਇੱਥੇ ਸਭ ਤੋਂ ਪਹਿਲਾਂ 40 ਪਰਿਵਾਰ ਆਏ ਸਨ, ਉਹ ਦੰਗਾ ਪੀੜਤ ਪਰਿਵਾਰ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਆਪਣਾ ਸਾਰਾ ਸਮਾਨ ਸੜ ਕੇ ਸੁਆਹ ਹੁੰਦਾ ਦੇਖਿਆ ਸੀ।










