ਸੁਖਰਾਣੀ ਸਿੰਘ ਨੂੰ ਅਜਿਹਾ ਕੋਈ ਇੱਕ ਸਾਲ ਵੀ ਚੇਤਾ ਨਹੀਂ ਜਦੋਂ ਉਨ੍ਹਾਂ ਨੇ ਜੰਗਲ ਵਿੱਚੋਂ ਮਹੂਏ ਦੇ ਫੁੱਲ ਚੁਗੇ ਨਾ ਹੋਣ। ''ਜਦੋਂ ਮੈਂ ਛੋਟੀ ਸਾਂ ਉਦੋਂ ਵੀ ਮੈਂ ਆਪਣੀ ਮਾਂ ਦੇ ਨਾਲ਼ ਜੰਗਲ ਜਾਇਆ ਕਰਦੀ ਸਾਂ। ਹੁਣ ਮੈਂ ਆਪਣੇ ਬੱਚਿਆਂ ਨੂੰ ਨਾਲ਼ ਲਿਜਾਂਦੀ ਹਾਂ,'' 45 ਸਾਲਾ ਸੁਖਰਾਣੀ ਕਹਿੰਦੀ ਹਨ। ਉਹ ਸਵੇਰੇ 5 ਵਜੇ ਹੀ ਘਰੋਂ ਨਿਕਲ਼ ਜਾਂਦੀ ਹਨ ਤਾਂ ਕਿ ਮਹੂਏ ਦੇ ਫੁੱਲ ਚੁਗ ਸਕੇ। ਮਹੂਆ ਸਵੇਰੇ-ਸਾਝਰੇ ਹੀ ਬੂਟਿਆਂ ਤੋਂ ਕਿਰਦੇ ਹਨ। ਉਹ ਦੁਪਹਿਰ ਤੱਕ ਉੱਥੇ ਹੀ ਰਹਿੰਦੀ ਸਨ ਅਤੇ ਵੱਧਦੀ ਤਪਸ਼ ਹੇਠ ਕਿਰੇ ਫੁੱਲਾਂ ਨੂੰ ਇਕੱਠਿਆਂ ਕਰਦੀ ਰਹਿੰਦੀ ਹਨ। ਘਰ ਮੁੜਨ 'ਤੇ ਉਹ ਉਨ੍ਹਾਂ ਨੂੰ ਧੁੱਪੇ ਸੁਕਾਉਣ ਵਾਸਤੇ ਭੁੰਜੇ ਖਲਾਰ ਦਿੰਦੀ ਹਨ।
ਮੱਧ ਪ੍ਰਦੇਸ਼ ਦੇ ਉਮਰੀਆ ਜਿਲ੍ਹੇ ਵਿੱਚ ਬਾਂਧਵਗੜ੍ਹ ਟਾਈਗਰ ਦੇ ਬੇਹੱਦ ਨੇੜੇ ਰਹਿਣ ਵਾਲ਼ੇ ਛੋਟੇ ਕਿਸਾਨਾਂ ਜਿਵੇਂ ਸੁਖਰਾਣੀ ਵਾਸਤੇ, ਮਹੂਆ ਦੇ ਫੁੱਲ ਹੀ ਆਮਦਨੀ ਦਾ ਇੱਕ ਪੱਕਾ ਜ਼ਰੀਆ ਹਨ। ਮਾਨਪੁਰ ਬਲਾਕ ਸਥਿਤ ਉਨ੍ਹਾਂ ਦੇ ਪਿੰਡ ਪਰਾਸੀ ਤੋਂ ਤਕਰੀਬਨ 30 ਕਿਲੋਮੀਟਰ ਦੂਰ ਸਥਿਤ ਉਮਰੀਆ ਬਜ਼ਾਰ ਵਿੱਚ ਇੱਕ ਕਿੱਲੋ ਸੁੱਕਾ ਮਹੂਆ ਵੇਚਣ ਨਾਲ਼ ਸੁਖਰਾਣੀ ਦੀ 40 ਰੁਪਏ ਦੀ ਕਮਾਈ ਹੁੰਦੀ ਹੈ। ਇੱਕ ਸੀਜ਼ਨ ਵਿੱਚ ਉਹ ਲਗਭਗ 200 ਕਿੱਲੋ ਤੱਕ ਮਹੂਆ ਇਕੱਠਾ ਕਰ ਲੈਂਦੀ ਹਨ। ਮਹੂਆ ਦਾ ਇਹ ਸੀਜ਼ਨ ਅਪ੍ਰੈਲ ਮਹੀਨਿਆਂ ਵਿੱਚ 2-3 ਹਫਤਿਆਂ ਲਈ ਹੁੰਦਾ ਹੈ। ਸੁਖਰਾਣੀ ਕਹਿੰਦੀ ਹਨ,''ਮਹੂਆ ਦੇ ਰੁੱਖ ਸਾਡੇ ਲਈ ਬੇਸ਼ਕੀਮਤੀ ਹਨ।'' ਮਹੂਏ ਦੇ ਫੁੱਲਾਂ ਤੋਂ ਇਲਾਵਾ ਇਹਦੇ ਫਲ ਅਤੇ ਰੁੱਖ ਦੀਆਂ ਛਿੱਲੜਾਂ ਵੀ ਪੋਸ਼ਕ ਤੱਤਾਂ ਅਤੇ ਦਵਾ ਦਾ ਖਜ਼ਾਨਾ ਹੁੰਦੀਆਂ ਹਨ।
ਮਹੂਏ ਦੇ ਸੀਜ਼ਨ ਵਿੱਚ ਸੁਖਰਾਣੀ ਦੁਪਹਿਰ ਵੇਲ਼ੇ 1 ਵਜੇ ਦੇ ਆਸਪਾਸ ਘਰ ਮੁੜਦੀ ਹਨ ਅਤੇ ਖਾਣਾ ਪਕਾਉਂਦੀ ਹਨ, ਜਿਸ ਨਾਲ਼ ਉਨ੍ਹਾਂ ਦੇ ਪਤੀ ਸਣੇ ਉਨ੍ਹਾਂ ਦੇ 5 ਬੱਚਿਆਂ ਦਾ ਢਿੱਡ ਪਲ਼ਦਾ ਹੈ। ਫਿਰ 3 ਵਜੇ ਦੇ ਕਰੀਬ ਉਹ ਆਪਣੇ ਪਤੀ ਦੇ ਨਾਲ਼ ਕਣਕ ਦੀ ਵਾਢੀ ਕਰਨ ਅਤੇ ਭਰੀਆ ਬੰਨ੍ਹਣ ਜਾਂਦੀ ਹਨ। ਸੁਖਰਾਣੀ ਅਤੇ ਉਨ੍ਹਾਂ ਦੇ ਪਤੀ, ਜੋ ਗੋਂਡ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਦੇ ਨਾਮ 'ਤੇ ਚਾਰ ਵਿਘਾ (ਕਰੀਬ ਇੱਕ ਏਕੜ) ਜ਼ਮੀਨ ਹੈ, ਜਿੱਥੇ ਉਹ ਮੀਂਹ ਦੇ ਪਾਣੀ ਦੇ ਆਸਰੇ ਕਣਕ ਦੀ ਕਾਸ਼ਤ ਕਰਦੇ ਹਨ, ਦਰਅਸਲ ਇਹ ਅਨਾਜ ਆਪਣੇ ਹੀ ਗੁਜ਼ਾਰੇ ਲਾਇਕ ਹੁੰਦਾ ਹੈ।











