ਸਵੇਰੇ ਸਾਜਰੇ ਸੁਨੀਤਾ ਸਾਹੂ ਨੇ ਕੋਸ਼ਿਸ਼ ਕਰਕੇ ਪਾਸੇ ਵੱਟਿਆ ਅਤੇ ਪੁੱਛਿਆ,''ਬੱਚੇ ਕਿੱਥੇ ਹਨ? ਉਨ੍ਹਾਂ ਦੇ ਪਤੀ ਬੋਧਰਾਮ ਨੇ ਕਿਹਾ ਕਿ ਉਹ ਤਾਂ ਸੁੱਤੇ ਹੋਏ ਸਨ। ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਪਿਛਲੀ ਰਾਤ ਉਨ੍ਹਾਂ ਨੇ ਜਾਗਦਿਆਂ ਕੱਟੀ ਅਤੇ ਇਸ ਗੱਲ ਤੋਂ ਬੋਧਰਾਮ ਪਰੇਸ਼ਾਨ ਸਨ। ਉਹ ਅਕਸਰ ਸੁਨੀਤਾ ਦੀ ਖਿੱਲੀ ਉਡਾਉਂਦੇ ਅਤੇ ਕਹਿੰਦੇ ਸਨ ਕਿ ਤੂੰ ਤਾਂ ਕਦੇ ਵੀ ਕਿਤੇ ਵੀ ਸੌਂ ਸਕਦੀ ਹੈਂ।
ਪਰ, 28 ਅਪ੍ਰੈਲ ਦੀ ਰਾਤ ਨੂੰ ਜਦੋਂ ਬੋਧਰਾਮ ਅਤੇ ਸੁਨੀਤਾ ਦੇ ਤਿੰਨੋਂ ਬੇਟਿਆਂ (ਉਮਰ 12 ਤੋਂ 20 ਦੇ ਦਰਮਿਆਨ) ਨੇ ਵਾਰੋ-ਵਾਰੀ ਆਪਣੀ ਮਾਂ ਦੇ ਹੱਥ, ਪੈਰ, ਸਿਰ ਅਤੇ ਢਿੱਡ 'ਤੇ ਕੋਸੇ ਸਰ੍ਹੋਂ ਦੇ ਤੇਲ ਨਾਲ਼ ਮਾਲ਼ਸ਼ ਕੀਤੀ, ਉਹ ਪੀੜ੍ਹ ਨਾਲ਼ ਦੂਹਰੀ ਹੁੰਦੀ ਜਾ ਰਹੀ ਸੀ। ਉਹ ਪੀੜ੍ਹ ਵਿੱਚ ਵਿਲ਼ਕਦਿਆਂ ਬੋਲੀ,''ਮੈਨੂੰ ਕੁਝ ਹੋ ਰਿਹਾ ਹੈ।'' ਬੋਧਰਾਮ ਕੋਲ਼ ਉਸ ਸਵੇਰ ਦੀਆਂ ਬੱਸ ਇਹੀ ਯਾਦਾਂ ਬਚੀਆਂ ਹਨ।
ਸਾਹੂ ਪਰਿਵਾਰ ਲਖਨਊ ਜ਼ਿਲ੍ਹੇ ਦੇ ਖਰਗਾਪੁਰ ਜਾਗੀਰ ਪਿੰਡ ਵਿੱਚ ਪੈਂਦੀ ਇੱਕ ਝੌਂਪੜੀ ਵਿੱਚ ਰਹਿੰਦਾ ਹੈ। ਤਕਰੀਬਨ ਦੋ ਦਹਾਕੇ ਪਹਿਲਾਂ ਉਹ ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ, ਮਾਰੋ ਤੋਂ ਆ ਕੇ ਚਿਨਹਟ ਬਲਾਕ ਦੇ ਇਸ ਪਿੰਡ ਵਿੱਚ ਵੱਸ ਗਏ ਸਨ। 42 ਸਾਲਾ ਬੋਧਰਾਮ ਨਿਰਮਾਣ ਸਥਲਾਂ 'ਤੇ ਰਾਜਮਿਸਤਰੀ ਦਾ ਕੰਮ ਕਰਦੇ ਹਨ ਅਤੇ 39 ਸਾਲਾ ਸੁਨੀਤਾ ਇੱਕ ਗ੍ਰਹਿਣੀ ਸਨ।
ਅਪ੍ਰੈਲ ਦੇ ਮਹੀਨੇ ਵਿੱਚ ਹੀ ਕੋਵਿਡ-19 ਦੀ ਦੂਸਰੀ ਲਹਿਰ ਨੇ ਉੱਤਰ ਪ੍ਰਦੇਸ਼ ਵਿੱਚ ਤਬਾਹੀ ਮਚਾਈ ਸੀ। 24 ਅਪ੍ਰੈਲ ਦੇ ਇੱਕੋ ਦਿਨ ਸੂਬੇ ਅੰਦਰ ਸੰਕ੍ਰਮਿਤ ਹੋਏ ਲੋਕਾਂ ਦੀ ਗਿਣਤੀ 38,055 ਸੀ। ਇਹ ਅੰਕੜਾ ਇੱਕ ਦਿਨ ਵਿੱਚ ਆਏ ਅੰਕੜਿਆਂ ਵਿੱਚ ਸਭ ਤੋਂ ਵੱਡਾ ਹੈ, ਇਸ ਸਭ ਦੇ ਬਾਵਜੂਦ ਵੀ ਚਿੰਤਾ ਇਸ ਗੱਲ ਦੀ ਬਣੀ ਹੋਈ ਸੀ ਕਿ ਉੱਤਰ ਪ੍ਰਦੇਸ਼ ਵਿਚਲੇ ਸਹੀ ਅੰਕੜੇ ਅਜੇ ਤੱਕ ਉਜਾਗਰ ਨਹੀਂ ਹੋਏ ਸਨ।
''ਕੋਵਿਡ ਮਾਮਲਿਆਂ ਦੇ ਅਸਲ ਅੰਕੜੇ ਚਾਰ ਤੋਂ ਪੰਜ ਗੁਣਾ ਵੱਧ ਹੋ ਸਕਦੇ ਹਨ। ਇੱਥੇ ਗ਼ਲਤ-ਬਿਆਨੀ ਦੀ ਹਾਲਤ ਬਣੀ ਹੋਈ ਹੈ, ਕਿਉਂਕਿ ਕਲੰਕਿਤ ਹੋਣ ਦੇ ਡਰੋਂ ਲੋਕ ਕੋਵਿਡ ਜਾਂਚ ਲਈ ਨਿੱਤਰ ਕੇ ਅੱਗੇ ਨਹੀਂ ਆ ਰਹੇ। ਅਸਲੀ ਤਸਵੀਰ ਤੱਕ ਪਹੁੰਚਣਾ ਬੇਹੱਦ ਮੁਸ਼ਕਲ ਬਣਿਆ ਹੋਇਆ ਹੈ, ਰਸ਼ਮੀ ਕੁਮਾਰੀ ਕਹਿੰਦੀ ਹਨ ਜੋ ਲਖਨਊ ਸਥਿਤ ਰਾਮਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (RMLIMS) ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਿਨ ਦੀ ਐਸਿਸਟੈਂਟ ਪ੍ਰੋਫੈਸਰ ਹਨ।
ਸਾਹੂ ਪਰਿਵਾਰ ਵਿੱਚ ਇਸ ਗੱਲ ਦੀ ਬੇਫਿਕਰੀ ਹੈ ਕਿ ਸੁਨੀਤਾ ਨੂੰ ਕੋਵਿਡ-19 ਦਾ ਸੰਕਰਮਣ ਨਹੀਂ ਸੀ, ਕਿਉਂਕਿ ਪੂਰੇ ਪਰਿਵਾਰ ਵਿੱਚ ਇਹ ਕਿਸੇ ਨੂੰ ਵੀ ਨਹੀਂ ਸੀ। ਹਾਲਾਂਕਿ, ਸੁਨੀਤਾ ਨੂੰ ਬੁਖਾਰ, ਸਰੀਰ ਪੀੜ੍ਹ ਅਤੇ ਡਾਇਰੀਆ ਦੀ ਦਿੱਕਤ ਸੀ ਅਤੇ ਇਹ ਉਹ ਲੱਛਣ ਹਨ ਜੋ ਕੋਵਿਡ ਦੇ ਵੀ ਸੂਚਕ ਹਨ।












