ਜਿਓਂ ਹੀ ਸੂਰਜ ਪੂਰਬੀ ਘਾਟ ਦੀਆਂ ਟੇਢੀਆਂ-ਮੇਢੀਆਂ ਪਹਾੜੀਆਂ ਮਗਰ ਛਿਪਣ ਲੱਗਦਾ ਹੈ, ਨਾਲ਼ ਲੱਗਦੇ ਜੰਗਲ ਵਿੱਚ ਪਹਾੜੀ ਮੈਨਾ ਦੀਆਂ ਉੱਚੀਆਂ ਕੂਕਾਂ ਅਰਧ ਸੈਨਿਕ ਬਲਾਂ ਦੇ ਬੂਟਾਂ ਦੀਆਂ ਭਾਰੀ ਅਵਾਜ਼ਾਂ ਹੇਠ ਦੱਬ ਕੇ ਰਹਿ ਜਾਂਦੀਆਂ ਹਨ। ਉਹ ਇੱਕ ਵਾਰ ਫਿਰ ਪਿੰਡ ਦੀ ਗਸ਼ਤ ਲਾ ਰਹੇ ਹਨ। ਇਹੀ ਉਹ ਸ਼ਾਮ ਹੈ ਜਿਸ ਤੋਂ ਉਹ ਬੜਾ ਡਰਦੀ ਹੈ।
ਉਹ ਨਹੀਂ ਜਾਣਦੀ ਕਿ ਉਨ੍ਹਾਂ ਦਾ ਨਾਮ ਦੇਮਥੀ ਕਿਉਂ ਰੱਖਿਆ ਗਿਆ। ''ਉਹ ਸਾਡੇ ਪਿੰਡ ਦੀ ਇੱਕ ਨਿਡਰ ਔਰਤ ਸੀ, ਜਿਹਨੇ ਇਕੱਲਿਆਂ ਹੀ ਅੰਗਰੇਜ਼ੀ ਸੈਨਿਕਾਂ ਨੂੰ ਮਾਰ ਮਾਰ ਭਜਾਇਆ ਸੀ,'' ਮਾਂ ਉਤਸਾਹ ਨਾਲ਼ ਕਹਾਣੀ ਸੁਣਾਉਂਦੀ। ਪਰ ਉਹ ਦੇਮਾਥੀ ਜਿਹੀ ਨਿਡਰ ਨਹੀਂ- ਸਗੋਂ ਡਰਪੋਕ ਸਨ।
ਉਹਨੇ ਢਿੱਡ-ਪੀੜ੍ਹ, ਭੁੱਖ, ਬਿਨਾਂ ਪਾਣੀ, ਬਿਨਾ ਪੈਸੇ ਘਰ ਵਿੱਚ ਰਹਿਣਾ ਸਿੱਖ ਲਿਆ ਸੀ ਇੰਨਾ ਹੀ ਨਹੀਂ ਉਹਨੇ ਸ਼ੱਕੀ ਨਜ਼ਰਾਂ, ਧਮਕੀ ਦਿੰਦੀਆਂ ਅੱਖਾਂ, ਬੇਰੋਕ ਗ੍ਰਿਫ਼ਤਾਰੀਆਂ, ਤਸ਼ੱਦਦ, ਮਰਦੇ ਲੋਕਾਂ ਦਰਮਿਆਨ ਰਹਿਣਾ ਵੀ ਸਿੱਖ ਲਿਆ ਸੀ। ਪਰ ਇਸ ਸਭ ਦੇ ਨਾਲ਼, ਉਹਦੇ ਕੋਲ਼ ਜੰਗਲ, ਰੁੱਖ ਅਤੇ ਝਰਨਾ ਸੀ। ਉਹ ਆਪਣੀ ਮਾਂ ਨੂੰ 'ਸਾਲ' ਦੇ ਫੁੱਲਾਂ ਵਿੱਚ ਸੁੰਘ ਸਕਦੀ ਸੀ, ਜੰਗਲਾਂ ਵਿੱਚ ਆਪਣੀ ਦਾਦੀ ਦੇ ਗਾਣਿਆਂ ਨੂੰ ਸੁਣ ਸਕਦੀ ਸੀ। ਜਦੋਂ ਤੱਕ ਇਹ ਸਾਰੀਆਂ ਚੀਜਾਂ ਉਹਦੇ ਕੋਲ਼਼ ਸਨ, ਉਹ ਜਾਣਦੀ ਸੀ ਕਿ ਆਪਣੀਆਂ ਪਰੇਸ਼ਾਨੀਆਂ ਝੱਲ ਲਵੇਗੀ।
ਪਰ, ਹੁਣ ਉਹ ਉਹਨੂੰ ਬਾਹਰ ਕੱਢਣਾ ਚਾਹੁੰਦੇ ਸਨ, ਉਹਦੀ ਝੌਂਪੜੀ ਉਹਦੇ ਪਿੰਡ ਵਿੱਚੋਂ, ਉਹਦੀ ਜ਼ਮੀਨ ਤੋਂ ਖਦੇੜਣਾ ਚਾਹੁੰਦੇ ਸਨ -ਜਦੋਂ ਤੱਕ ਕਿ ਉਹ ਕੋਈ ਅਜਿਹਾ ਕਾਗ਼ਜ਼ ਨਾ ਦਿਖਾ ਦੇਵੇ, ਜੋ ਇਹ ਸਾਬਤ ਕਰਦਾ ਹੋਵੇ ਕਿ ਉਹ ਇਹ ਸਭ ਜਾਣਦੀ ਹੈ। ਉਨ੍ਹਾਂ ਲਈ ਇਹ ਕਾਫੀ ਨਹੀਂ ਸੀ ਕਿ ਉਹਦੇ ਪਿਤਾ ਨੇ ਉਹਨੂੰ ਅੱਡ-ਅੱਡ ਰੁੱਖਾਂ ਅਤੇ ਝਾੜੀਆਂ, ਛਿੱਲਾਂ ਅਤੇ ਪੱਤਿਆਂ ਦੇ ਨਾਮ ਸਿਖਾਏ ਸਨ, ਜਿਨ੍ਹਾਂ ਵਿੱਚ ਇਲਾਜ ਕਰਨ ਦੀ ਤਾਕਤ ਸੀ। ਉਹ ਜਿੰਨੀ ਵਾਰ ਆਪਣੀ ਮਾਂ ਦੇ ਨਾਲ਼ ਫਲ, ਅਖ਼ਰੋਟ ਅਤੇ ਬਾਲਣ ਇਕੱਠਾ ਕਰਨ ਜਾਂਦੀ, ਉਹਦੀ ਮਾਂ ਉਹਨੂੰ ਉਹ ਰੁੱਖ ਦਿਖਾਉਂਦੀ, ਜਿਹਦੇ ਹੇਠਾਂ ਉਹ ਪੈਦਾ ਹੋਈ ਸੀ। ਉਹਦੀ ਦਾਦੀ ਨੇ ਉਹਨੂੰ ਜੰਗਲਾਂ ਬਾਰੇ ਗਾਣਾ ਸਿਖਾਇਆ ਸੀ। ਉਹ ਆਪਣੇ ਭਰਾ ਦੇ ਨਾਲ਼ ਪੰਛੀਆਂ ਨੂੰ ਦੇਖਦਿਆਂ ਹੋਇਆਂ, ਉਨ੍ਹਾਂ ਦੀਆਂ ਅਵਾਜਾਂ ਦੀ ਨਕਲ਼ ਕਰਦਿਆਂ ਇਨ੍ਹਾਂ ਥਾਵਾਂ 'ਤੇ ਦੌੜਾਂ ਲਾ ਚੁੱਕੀ ਸੀ।
ਪਰ ਅਜਿਹਾ ਗਿਆਨ, ਇਹ ਕਹਾਣੀਆਂ, ਗੀਤ ਅਤੇ ਬਚਪਨ ਦੀਆਂ ਖੇਡਾਂ, ਕਿਸੇ ਵੀ ਚੀਜ਼ ਦੇ ਪ੍ਰਮਾਣ ਹੋ ਸਕਦੇ ਹਨ? ਉਹ ਉੱਥੇ ਬਹਿ ਕੇ ਆਪਣੇ ਨਾਮ ਦਾ ਅਰਥ ਅਤੇ ਉਸ ਔਰਤ ਬਾਰੇ ਸੋਚਣ ਲੱਗੀ, ਜਿਹਦੇ ਨਾਮ 'ਤੇ ਉਹਦਾ ਨਾਮ ਰੱਖਿਆ ਗਿਆ ਸੀ। ਦੇਮਾਥੀ ਨੇ ਕਿਵੇਂ ਸਾਬਤ ਕੀਤਾ ਹੋਵੇਗਾ ਕਿ ਉਹਦਾ ਸਬੰਧ ਜੰਗਲ ਨਾਲ਼ ਹੈ?



