ਆਪਣੇ ਸਾਈਕਲ 'ਤੇ ਸਵਾਰ ਸਮੀਰੂਦੀਨ ਸ਼ੇਖ ਨੂੰ ਅਕਸਰ ਅਹਿਮਦਾਬਾਦ ਦੀਆਂ ਭੀੜ-ਭੜੱਕੇ ਵਾਲ਼ੀਆਂ ਪੁਰਾਣੀਆਂ ਸੜਕਾਂ 'ਤੇ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ। ਜੁਹਾਪੁਰਾ ਦੀ ਫ਼ਤਿਹਵਾੜੀ ਵਿਖੇ ਆਪਣੇ ਘਰੋਂ ਤਾਜ਼ ਇੰਵੇਲਪਸ, ਜਿੱਥੇ ਉਹ ਕੰਮ ਕਰਦੇ ਹਨ, ਦੀ 13 ਕਿਲੋਮੀਟਰ ਦੀ ਇੱਕ ਪਾਸੇ ਦੀ ਦੂਰੀ ਤੈਅ ਕਰਨ ਵਿੱਚ ਉਨ੍ਹਾਂ ਇੱਕ ਘੰਟਾ ਲੱਗ ਜਾਂਦਾ ਹੈ। ''ਮੈਂ ਆਪਣਾ ਮੋਟਰਸਾਈਕਲ ਨਹੀਂ ਚਲਾ ਸਕਦਾ ਕਿਉਂਕਿ ਮੈਂ ਪੈਟਰੋਲ ਦਾ ਖ਼ਰਚਾ ਨਹੀਂ ਚੁੱਕ ਸਕਦਾ,'' 36 ਸਾਲਾ ਸਮੀਰੂਦੀਨ ਆਪਣਾ ਸਾਈਕਲ ਖੜ੍ਹਾ ਕਰਦਿਆਂ ਆਪਣੀ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ।
ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਤੇ ਸਮਾਪਤੀ 10 x 20 ਫੁਟੇ ਇੱਕ ਕਮਰੇ ਵਿੱਚ ਕੰਮ ਕਰਦਿਆਂ ਹੁੰਦੀ ਹੈ, ਇਹ ਕਮਰਾ ਸ਼ਾਪਿੰਗ ਕੰਪਲੈਕਸ ਦੀ ਬੇਸਮੈਂਟ ਵਿੱਚ ਹੈ। ਸ਼ਹਿਰ ਦਾ ਇਹ ਇਲਾਕਾ ਖੜਿਆ ਕਹਾਉਂਦਾ ਹੈ। ਉਨ੍ਹਾਂ ਦੇ ਨਾਲ਼ ਲਿਫ਼ਾਫ਼ਾ ਬਣਾਉਣ ਵਾਲ਼ੇ ਹੋਰ 10 ਕਾਰੀਗਰ ਵੀ ਪੂਰਾ ਦਿਨ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਵੱਲ਼ੋਂ ਇਕੱਲਿਆਂ ਇੱਕ ਦਿਨ ਵਿੱਚ ਬਣਾਏ ਸਭ ਤੋਂ ਵੱਧ ਲਿਫ਼ਾਫ਼ਿਆਂ ਦੀ ਗਿਣਤੀ 6,000 ਤੋਂ 7,000 ਹੈ।
ਸਮੀਰੂਦੀਨ ਦੱਸਦੇ ਹਨ ਕਿ ਲਿਫ਼ਾਫ਼ਾ ਬਣਾਉਣਾ ਓਨਾ ਵੀ ਸੁਖ਼ਾਲਾ ਕੰਮ ਨਹੀਂ ਹੈ ਜਿੰਨਾ ਕਿ ਜਾਪਦਾ ਹੈ। ''ਇਸ ਕੰਮ ਦੀ ਬਾਰੀਕੀ ਨੂੰ ਸਿੱਖਣ ਵਿੱਚ ਸਾਲ ਤੋਂ ਦੋ ਸਾਲ ਦਾ ਸਮਾਂ ਲੱਗ ਹੀ ਜਾਂਦਾ ਹੈ,'' ਉਹ ਕਹਿੰਦੇ ਹਨ,''ਤੁਸੀਂ ਆਪਣਾ ਮਿਹਨਤਾਨਾ ਆਪ ਤੈਅ ਕਰਨ ਵਾਲ਼ੇ ਇੱਕ ਸੁਤੰਤਰ ਕਾਰੀਗਰ ਓਦੋਂ ਤੀਕਰ ਨਹੀਂ ਬਣ ਸਕਦੇ, ਜਦੋਂ ਤੱਕ ਕਿ ਤੁਹਾਡਾ ਉਸਤਾਦ (ਕੋਈ ਬਜ਼ੁਰਗ ਤੇ ਅਨੁਭਵੀ ਕਾਰੀਗਰ) ਤੁਹਾਡੇ ਕੰਮ ਦੀ ਗੁਣਵੱਤਾ ਨੂੰ ਪ੍ਰਵਾਨ ਨਹੀਂ ਕਰ ਲੈਂਦਾ ਤੇ ਉਸ ਕੰਮ 'ਤੇ ਆਪਣੀ ਮੋਹਰ ਨਹੀਂ ਲਾ ਦਿੰਦਾ।''
ਕੰਮ ਦੀ ਗੁਣਵੱਤਾ ਹੋਰ ਕੁਝ ਨਹੀਂ ਕੰਮ ਦੀ ਤੇਜ਼ੀ, ਸਫ਼ਾਈ, ਮੁਹਾਰਤ ਤੇ ਸਹੀ ਸੰਦਾਂ ਦੇ ਇਸਤੇਮਾਲ ਦੇ ਸੰਤੁਲਨ ਨੂੰ ਬਣਾਈ ਰੱਖਣਾ ਹੈ। ਕਟਿੰਗ ਤੇ ਪੰਚਿੰਗ ਕਰਨ ਵਾਲ਼ੀਆਂ ਦੋ ਮਸ਼ੀਨਾਂ ਨੂੰ ਛੱਡ ਕੇ ਵਰਕਸ਼ਾਪ ਵਿੱਚ ਬਾਕੀ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਹਨ।
ਇਹ ਮਸ਼ੀਨਾਂ ਜ਼ਿਆਦਾਤਰ ਕਰਕੇ ਵਰਕਸ਼ਾਪ ਮਾਲਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਕਾਗ਼ਜ਼ ਦੀਆਂ ਵੱਡੀਆਂ ਚਾਦਰਾਂ ਨਿਰਧਾਰਤ ਛੋਟੇ ਟੁਕੜਿਆਂ 'ਚ ਕੱਟੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਖ਼ਾਸ ਤਰੀਕੇ ਨਾਲ਼ ਬਣੇ ਠੱਪੇ (ਸਾਂਚੇ) ਦੀ ਮਦਦ ਨਾਲ਼ ਕਾਗ਼ਜ਼ ਦੇ ਉਨ੍ਹਾਂ ਟੁਕੜਿਆਂ ਨੂੰ ਅੱਡ-ਅੱਡ ਅਕਾਰਾਂ ਵਿੱਚ ਮੋੜਿਆ ਜਾਂਦਾ ਹੈ। ਕਾਰੀਗਰ ਉਨ੍ਹਾਂ ਟੁਕੜਿਆਂ ਨੂੰ ਗਿਣਦੇ ਹਨ ਤੇ ਇੱਕੋ ਹੀਲੇ ਸੌ ਕਾਗ਼ਜ਼ਾਂ ਦੇ ਟੁਕੜਿਆਂ ਨੂੰ ਮੋੜਨ, ਚਿਪਕਾਉਣ, ਸੀਲ ਕਰਨ ਤੇ ਫਿਰ ਪੈਕ ਕਰਨ ਦਾ ਕੰਮ ਕਰਦੇ ਹਨ।
































