ਸਰਦੀਆਂ ਦੀ ਦੁਪਹਿਰੇ, ਜੋਂ ਖ਼ੇਤਾਂ ਵਿੱਚ ਕੰਮ ਮੁੱਕ ਜਾਂਦੇ ਹਨ ਅਤੇ ਘਰ ਦੇ ਨੌਜਵਾਨ ਆਪੋ-ਆਪਣੀ ਨੌਕਰੀ 'ਤੇ ਹੁੰਦੇ ਹਨ ਤਦ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸਥਿਤ ਹਰਸਾਨਾ ਕਲਾਂ ਪਿੰਡ ਦੇ ਪੁਰਸ਼ ਚੌਪਾਲ (ਸੱਥ) 'ਤੇ ਤਾਸ਼ ਖੇਡਦੇ ਜਾਂ ਅਰਾਮ ਫ਼ਰਮਾਉਂਦੇ ਦੇਖੇ ਜਾਂਦੇ ਹਨ।
ਔਰਤਾਂ ਉਸ ਥਾਂ 'ਤੇ ਕਦੇ ਨਜ਼ਰੀਂ ਨਹੀਂ ਪੈਂਦੀਆਂ।
ਸਥਾਨਕ ਵਾਸੀ ਵਿਜੈ ਮੰਡਲ ਸਵਾਲ ਦੇ ਜਵਾਬ ਵਿੱਚ ਕਹਿੰਦੇ ਹਨ,''ਦੱਸੋ, ਭਲਾ ਔਰਤਾਂ ਇੱਥੇ ਕਿਉਂ ਆਉਣ? ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਫ਼ੁਰਸਤ ਨਹੀਂ ਮਿਲ਼ਦੀ। ਵੋਹ ਕਯਾ ਕਰੇਂਗੇ ਇਨ ਬੜੇ ਆਦਮੀਓਂ ਕੇ ਸਾਥ ਬੈਠ ਕਰ?''
ਦਿੱਲੀ ਤੋਂ ਬਾਮੁਸ਼ਕਲ 35 ਕਿਲੋਮੀਟਰ ਦੂਰ ਸਥਿਤ ਰਾਸ਼ਟਰੀ ਰਾਜਧਾਨੀ ਇਲਾਕੇ ਅੰਦਰ ਆਉਂਦੇ ਇਸ 5,000 ਲੋਕਾਂ ਦੀ ਅਬਾਦੀ ਵਾਲ਼ੇ ਪਿੰਡ ਦੀਆਂ ਔਰਤਾਂ ਕੁਝ ਸਾਲ ਪਹਿਲਾਂ ਤੱਕ ਸਖ਼ਤ ਪਾਬੰਦੀਆਂ ਹੇਠ ਪਰਦਾ ਕਰਦੀਆਂ ਸਨ।
''ਔਰਤਾਂ ਨੇ ਤਾਂ ਚੌਪਾਲ ਵੱਲ ਦੇਖਿਆਂ ਤੱਕ ਨਹੀਂ ਹੋਣਾ,'' ਮੰਡਲ ਕਹਿੰਦੇ ਹਨ। ਪਿੰਡ ਦੇ ਲਗਭਗ ਕੇਂਦਰ ਵਿੱਚ ਸਥਿਤ ਇਸੇ ਸੱਥ 'ਤੇ ਹੀ ਬੈਠਕਾਂ ਹੁੰਦੀਆਂ ਹਨ, ਜਿੱਥੇ ਲੜਾਈ-ਝਗੜਿਆਂ ਦੇ ਨਿਪਟਾਰੇ ਵਾਸਤੇ ਪੰਚਾਇਤ ਬਹਿੰਦੀ ਹੈ। ਹਰਸਾਨਾ ਕਲਾਂ ਦੇ ਸਾਬਕਾ ਸਰਪੰਚ ਸਤੀਸ਼ ਕੁਮਾਰ ਕਹਿੰਦੇ ਹਨ,''ਪਹਿਲੇ ਕੀ ਔਰਤੇਂ ਸੰਸਕਾਰੀ ਥੀ।''
''ਉਨ੍ਹਾਂ ਅੰਦਰ ਥੋੜ੍ਹੀ ਸ਼ਰਮ-ਹਯਾ ਹੋਇਆ ਕਰਦੀ ਸੀ,'' ਮੰਡਲ ਕਹਿੰਦੇ ਹਨ,''ਜੇ ਉਨ੍ਹਾਂ ਨੂੰ ਕਦੇ ਚੌਪਾਲ ਦੇ ਅੱਗੋਂ ਦੀ ਲੰਘਣਾ ਵੀ ਪੈਂਦਾ ਸੀ ਤਾਂ ਉਹ ਘੁੰਡ ਕੱਢ ਲਿਆ ਕਰਦੀਆਂ ਸਨ,'' ਇਹ ਗੱਲ ਕਰਦਿਆਂ ਇੱਕ ਮੁਸਕਾਨ ਉਨ੍ਹਾਂ ਦੇ ਚਿਹਰੇ 'ਤੇ ਪਸਰ ਜਾਂਦੀ ਹੈ।
36 ਸਾਲਾ ਸਾਇਰਾ (ਬਦਲਿਆ ਨਾਮ) ਲਈ ਇਹ ਸਾਰਾ ਕੁਝ ਕਿਸੇ ਵੀ ਤਰ੍ਹਾਂ ਨਵਾਂ ਨਹੀਂ ਹੈ। ਉਹ ਪਿਛਲੇ ਸੋਲ੍ਹਾਂ ਸਾਲਾਂ ਤੋਂ ਅਜਿਹੇ ਮਾਹੌਲ ਵਿੱਚ ਰਹਿੰਦੀ ਆਈ ਹਨ ਅਤੇ ਅਜਿਹੇ ਫ਼ੁਰਮਾਨਾਂ ਨੂੰ ਵੀ ਮੰਨਦੀ ਆਈ ਹਨ। ਉਹ ਇਹ ਸਾਰਾ ਕੁਝ ਆਪਣੀ 20 ਸਾਲਾਂ ਦੀ ਉਮਰ ਤੋਂ ਕਰਦੀ ਆਈ ਹਨ, ਜਦੋਂ ਉਹ ਆਪਣੇ ਵਿਆਹ ਤੋਂ ਬਾਅਦ ਦਿੱਲੀ ਸਥਿਤ ਆਪਣੇ ਪਿੰਡ 'ਮਾਜਰਾ ਡਬਾਸ' ਤੋਂ ਇੱਥੇ ਰਹਿਣ ਆਈ ਸਨ। ਪੁਰਸ਼ਾਂ ਤੋਂ ਉਲਟ, ਉਨ੍ਹਾਂ (ਸਾਇਰਾ) ਨੂੰ ਸਿਰਫ਼ ਉਨ੍ਹਾਂ ਦੇ ਪਹਿਲੇ ਨਾਮ ਤੋਂ ਮੁਖ਼ਾਤਿਬ ਕੀਤਾ ਜਾਂਦਾ ਹੈ।
''ਜੇ ਮੈਂ ਵਿਆਹ ਤੋਂ ਪਹਿਲਾਂ ਇੱਕ ਵਾਰ ਵੀ ਆਪਣੇ ਪਤੀ ਨੂੰ ਮਿਲ਼ ਲੈਂਦੀ ਤਾਂ ਯਕੀਨਨ ਇਸ ਵਿਆਹ ਲਈ ਰਾਜ਼ੀ ਨਾ ਹੁੰਦੀ। ਇਸ ਗਾਓਂ ਮੇਂ ਤੋ ਕਤਈ ਨਾ ਆਈ,'' ਸਾਇਰਾ ਕਹਿੰਦੀ ਹਨ, ਗੱਲ ਕਰਦੇ ਵੇਲੇ ਉਨ੍ਹਾਂ ਦੀਆਂ ਉਂਗਲਾਂ ਬੜੇ ਹੀ ਸੁਚੱਜੇ ਢੰਗ ਨਾਲ਼ ਸਿਲਾਈ ਮਸ਼ੀਨ ਦੀ ਸੂਈ ਅਤੇ ਉਸ ਜਾਮਣੀ ਕੱਪੜੇ ਦੇ ਨਾਲ਼-ਨਾਲ਼ ਚੱਲ ਰਹੀਆਂ ਸਨ, ਜਿਸ ਕੱਪੜੇ ਦਾ ਉਹ ਕੁਝ ਸਿਊਂ ਰਹੀ ਸਨ। (ਸਟੋਰੀ ਅੰਦਰ ਉਨ੍ਹਾਂ ਦਾ ਨਾਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਭ ਨਾਮ ਬਦਲ ਦਿੱਤੇ ਗਏ ਹਨ। )











