"ਆਉਣ ਵਾਲ਼ੇ ਦਿਨਾਂ ਵਿੱਚ ਕੋਈ ਐੱਮਐੱਸਪੀ ਨਹੀਂ ਹੋਵੇਗੀ, ਉਹ ਹੌਲ਼ੀ-ਹੌਲ਼ੀ ਏਪੀਐੱਮਸੀ ਵੀ ਬੰਦ ਕਰ ਦੇਣਗੇ ਅਤੇ ਬਿਜਲੀ ਦਾ ਨਿੱਜੀਕਰਨ ਕਰ ਦੇਣਗੇ। ਇਸਲਈ ਅਸੀਂ ਚਿੰਤਤ ਹਾਂ," ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਇੱਕ ਕਿਸਾਨ, ਡੀ ਮਲਿਕਾਰਜੁਨੱਪਾ ਨੇ ਕਿਹਾ।
ਮਲਿਕਾਰਜੁਨੱਪਾ, ਉਮਰ 61 ਸਾਲ, ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ, ਆਪਣੇ ਪਿੰਡੋਂ ਹੁਲੁਗਿਨਕੋਪਾ ਤੋਂ 25 ਜਨਵਰੀ ਨੂੰ ਬੈਂਗਲੁਰੂ ਆਏ ਸਨ। ਉਹ ਸ਼ਿਕਾਰਪੁਰ ਤਾਲੁਕਾ ਵਿੱਚ ਆਪਣੇ ਪਿੰਡ ਤੋਂ ਕਰੀਬ 350 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੱਥੇ ਅੱਪੜੇ ਸਨ। "ਵੱਡੀਆਂ ਕੰਪਨੀਆਂ ਦੀ ਗੱਲ ਸੁਣਨ ਦੀ ਬਜਾਇ, ਉਨ੍ਹਾਂ (ਕੇਂਦਰ ਸਰਕਾਰ) ਨੂੰ ਏਪੀਐੱਮਸੀ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਤਾਂਕਿ ਸਾਨੂੰ ਸਹੀ ਮੁੱਲ ਮਿਲ਼ੇ," ਉਨ੍ਹਾਂ ਨੇ ਕਿਹਾ।
ਨਵੇਂ ਖੇਤੀ ਕਨੂੰਨਾਂ ਨੇ ਉਨ੍ਹਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ- ਉਹ ਘੱਟੋਘੱਟ ਸਮਰਥਨ ਮੁੱਲ (MSP) ਅਤੇ ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC) ਨੂੰ ਕਮਜ਼ੋਰ ਕਰ ਦੇਣਗੇ, ਜੋ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਖਰੀਦ ਦੀ ਗਰੰਟੀ ਦਿੰਦੀਆਂ ਰਹੀਆਂ ਹਨ।
ਮਲਿਕਾਰਜੁਨੱਪਾ ਆਪਣੀ 12 ਏਕੜ ਜ਼ਮੀਨ ਵਿੱਚੋਂ 3-4 ਏਕੜ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਨ। ਬਾਕੀ ਜ਼ਮੀਨ 'ਤੇ ਸੁਪਾਰੀ ਉਗਾਉਂਦੇ ਹਨ। "ਬੀਤੇ ਵਰ੍ਹੇ ਸੁਪਾਰੀ ਦਾ ਝਾੜ ਵੀ ਖ਼ਰਾਬ ਰਿਹਾ ਅਤੇ ਮੈਨੂੰ ਝੋਨਾ ਦਾ ਵੀ ਲੋੜੀਂਦਾ ਝਾੜ ਨਹੀਂ ਮਿਲ਼ਿਆ," ਉਨ੍ਹਾਂ ਨੇ ਦੱਸਿਆ। "ਮੈਨੂੰ ਬੈਂਕ ਦਾ 12 ਲੱਖ ਰੁਪਏ ਦਾ ਕਰਜ਼ਾ ਵੀ ਚੁਕਾਉਣਾ ਪੈਣਾ ਹੈ। ਉਨ੍ਹਾਂ (ਰਾਜ ਸਰਕਾਰ) ਨੇ ਕਿਹਾ ਸੀ ਕਿ ਉਹ ਕਰਜ਼ਾ ਮੁਆਫ਼ ਕਰ ਦੇਣਗੇ। ਪਰ ਬੈਂਕ ਹਾਲੇ ਵੀ ਮੈਨੂੰ ਲਗਾਤਾਰ ਨੋਟਿਸ ਭੇਜ ਰਹੇ ਹਨ ਅਤੇ ਮੈਨੂੰ ਹਰਜਾਨੇ ਦੀ ਚੇਤਾਵਨੀ ਵੀ ਦੇ ਰਹੇ ਹਨ। ਮੈਂ ਇਸ ਬਾਰੇ ਚਿੰਤਤ ਹਾਂ," ਉਨ੍ਹਾਂ ਨੇ ਗੁੱਸੇ ਨਾਲ਼ ਕਿਹਾ।
ਮਲਿਕਾਰਜੁਨੱਪਾ ਜਿਹੇ ਕਿਸਾਨ, ਕਰਨਾਟਕ ਦੇ ਦੂਰ-ਦੁਰੇਡੇ ਦੇ ਜ਼ਿਲ੍ਹਿਆ ਤੋਂ, ਪਰੇਡ ਤੋਂ ਇੱਕ ਦਿਨ ਪਹਿਲਾਂ ਬੈਗਲੁਰੂ ਪਹੁੰਚੇ ਸਨ। ਪਰ ਮਾਂਡਯਾ, ਰਾਮਨਗਰ, ਤੁਮਕੁਰ ਅਤੇ ਆਸਪਾਸ ਦੇ ਹੋਰਨਾਂ ਜ਼ਿਲ੍ਹਿਆਂ ਦੇ ਕਿਸਾਨ 26 ਜਨਵਰੀ ਨੂੰ ਟਰੈਕਟਰਾਂ, ਕਾਰਾਂ ਅਤੇ ਬੱਸਾਂ ਰਾਹੀਂ ਬੈਂਗਲੁਰੂ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਵੇਰੇ 9 ਵਜੇ ਤੋਂ ਹੀ ਇਕੱਠੇ ਹੋਣ ਲੱਗੇ। ਉਨ੍ਹਾਂ ਨੇ ਦੁਪਹਿਰ ਨੂੰ ਮੱਧ ਬੈਂਗਲੁਰੂ ਦੇ ਗਾਂਧੀ ਨਗਰ ਇਲਾਕੇ ਵਿੱਚ ਸਥਿਤ ਫ੍ਰੀਡਮ ਪਾਰਕ ਪਹੁੰਚਣਾ ਸੀ ਅਤੇ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਹਮਾਇਤ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਾ ਸੀ। ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਪਰੇਡ, 26 ਨਵੰਬਰ ਤੋਂ ਦਿੱਲੀ ਦੀਆਂ ਸੀਮਾਵਾਂ 'ਤੇ ਤਿੰਨ ਨਵੇਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੁਆਰਾ ਅਯੋਜਿਤ ਕੀਤੀ ਗਈ ਸੀ।







